19 Views
ਵਿਜੀਲੈਂਸ ਨੇ ਸਵਾਲਾਂ ਦਾ ਲੰਮਾ ਚੌੜਾ ਖਾਕਾ ਕੀਤਾ ਤਿਆਰ
ਸੁਖਜਿੰਦਰ ਮਾਨ
ਬਠਿੰਡਾ, 31 ਅਕਤੂਬਰ: ਮਾਡਲ ਟਾਉਨ ਇਲਾਕੇ ਚ ਇੱਕ ਪਲਾਟ ਖਰੀਦ ਮਾਮਲੇ ਵਿੱਚ ਵਿਜੀਲੈਂਸ ਦੇ ਕੇਸ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੰਗਲਵਾਰ ਨੂੰ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋ ਗਏ। ਆਪਣੇ ਵਕੀਲ ਸੁਖਦੀਪ ਸਿੰਘ ਭਿੰਡਰ ਦੇ ਰਾਹੀਂ ਬਠਿੰਡਾ ਦੇ ਮਿੰਨੀ ਸਕੱਤਰੇਤ ਵਿੱਚ ਸਥਿਤ ਵਿਜੀਲੈਂਸ ਦਫਤਰ ‘ਚ ਪੁੱਜੇ ਸ: ਬਾਦਲ ਤੋਂ ਪੁੱਛਗਿੱਛ ਲਈ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਸਵਾਲਾਂ ਦਾ ਇੱਕ ਲੰਮਾ ਚੌੜਾ ਖਾਕਾ ਤਿਆਰ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਵੱਲੋਂ ਪੁੱਛਗਿਸ਼ ਦੌਰਾਨ ਪਲਾਟ ਕੇਸ ਵਿੱਚ ਹੋਏ ਅਸਲੀ ਐਗਰੀਮੈਂਟ ਦੀਆਂ ਕਾਪੀਆਂ ਤੋਂ ਇਲਾਵਾ ਉਹਨਾਂ ਵੱਲੋਂ ਗੁੜਗਾਉਂ ਵਿੱਚ ਸਥਿਤ ਵੇਚੇ ਗਏ ਇੱਕ ਪਲਾਟ ਦੇ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਸਹਿਤ ਅੱਧੀ ਦਰਜਨ ਵਿਅਕਤੀਆਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਲੰਘੀ 24 ਸਤੰਬਰ ਨੂੰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਨੂੰ ਕਾਬੂ ਕਰਨ ਲਈ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਗਈ ਸੀ। ਪ੍ਰੰਤੂ ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚੋਂ 16 ਅਕਤੂਬਰ ਨੂੰ ਸਾਬਕਾ ਮੰਤਰੀ ਨੂੰ ਅੰਤਿਮ ਜਮਾਨਤ ਮਿਲ ਗਈ ਸੀ। ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਲੰਘੀ 23 ਅਕਤੂਬਰ ਨੂੰ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪੁੱਛਗਿਛ ਲਈ ਬੁਲਾਇਆ ਗਿਆ ਸੀ ਪਰੰਤੂ ਉਹਨਾਂ ਆਪਣੀ ਪਿੱਠ ਵਿੱਚ ਦਰਦ ਦਾ ਹਵਾਲਾ ਦਿੰਦਿਆਂ ਪੇਸ਼ ਹੋਣ ਲਈ ਹੋਰ ਸਮਾਂ ਮੰਗ ਲਿਆ ਸੀ।
ਜਿਸ ਤੋਂ ਬਾਅਦ ਅੱਜ ਉਹਨਾਂ ਨੂੰ ਦੁਬਾਰਾ ਵਿਜੀਲੈਂਸ ਵੱਲੋਂ ਬੁਲਾਇਆ ਗਿਆ ਸੀ। ਇਸ ਕੇਸ ਵਿੱਚ ਪੀਸੀਐਸ ਅਧਿਕਾਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਸੁਪਰਡੈਂਟ ਪੰਕਜ ਕਾਲੀਆ ਹਾਲੇ ਤੱਕ ਫਰਾਰ ਹਨ ਅਤੇ ਉਹਨਾਂ ਦੀ ਬਠਿੰਡਾ ਦੀ ਸੈਸ਼ਨ ਅਦਾਲਤ ਵਿੱਚੋਂ ਜਮਾਨਤ ਅਰਜੀ ਵੀ ਰੱਦ ਹੋ ਚੁੱਕੀ ਹੈ ਅਤੇ ਹੁਣ ਉਹਨਾਂ ਵੱਲੋਂ ਹਾਈਕੋਰਟ ਵਿੱਚ ਜਮਾਨਤਰਜੀ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ। ਜਦੋਂ ਕਿ ਇਸ ਮਾਮਲੇ ਵਿੱਚ ਮੁਜਰਮ ਬਣੇ ਬਾਕੀ ਤਿੰਨ ਪ੍ਰਾਈਵੇਟ ਵਿਅਕਤੀ ਹੋਟਲ ਕਾਰੋਬਾਰੀ ਰਾਜੀਵ ਕੁਮਾਰ, ਵਪਾਰੀ ਵਿਕਾਸ ਅਰੋੜਾ ਅਤੇ ਠੇਕੇਦਾਰ ਦੇ ਮੁਲਾਜ਼ਮ ਅਮਨਦੀਪ ਸਿੰਘ ਨੂੰ ਪਹਿਲਾਂ ਹੀ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਮੌਜੂਦਾ ਸਮੇਂ ਉਹ ਜੇਲ ਵਿੱਚ ਬੰਦ ਹਨ।