11 Views
ਹਾਈਕੋਰਟ ਵੱਲੋਂ ਗਿਰਫਤਾਰੀ ਵਿਚ ਨਾਕਾਮ ਰਹਿਣ ‘ਤੇ ਸ਼ੈਲਰ ਅਟੈਚ ਕਰਨ ਦੇ ਆਦੇਸ਼
ਚੰਡੀਗੜ੍ਹ, 16 ਜਨਵਰੀ: ਪਿਛਲੇ ਦਹਾਕੇ ਵਿੱਚ ਪੂਰੀ ‘ਚਰਚਾ’ ਵਿੱਚ ਰਹੇ ਵੱਡੇ ਪੁਲਿਸ ‘ਜਰਨੈਲਾਂ’ ਦੇ ਚਹੇਤੇ ਮੰਨੇ ਜਾਂਦੇ ‘ਦਲਾਲ’ ਅਮਨ ਸਕੋਡਾ ਦੇ ਕੇਸ ਵਿੱਚ ਕਈ ਥਾਣਾ ਮੁਖੀ ਬੁਰੀ ਤਰ੍ਹਾਂ ਫਸ ਗਏ ਹਨ। ਦਰਜਨਾਂ ਮੁਕੱਦਮੇ ਦਰਜ਼ ਹੋਣ ਦੇ ਬਾਵਜੂਦ ਉਸਨੂੰ ਗ੍ਰਿਫ਼ਤਾਰ ਕਰਨ ਵਿਚ ਨਾਕਾਮ ਰਹਿਣ ਦੇ ਚੱਲਦੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਐਸਐਚਓਜ ਦੀ ਸੈਲਰੀ ਅਟੈਚ ਕਰਨ ਦੇ ਹੁਕਮ ਦਿੱਤੇ ਹਨ।
100 ਕਰੋੜ ਤੋਂ ਵੱਧ ਠੱਗੀਆਂ ਦੇ ਮਾਮਲੇ ਵਿਚ ਠੱਗ ਅਮਨ ਸਕੋਡਾ ਵਿਰੁੱਧ ਪੰਜਾਬ ਦੇ ਵੱਖ ਵੱਖ ਅੱਧੀ ਦਰਜਨ ਜ਼ਿਲਿਆਂ ਦੇ ਵਿੱਚ 34 ਮੁਕੱਦਮੇ ਦਰਜ ਹਨ। ਇੰਨਾਂ ਵਿਚੋਂ 19 ਮੁਕੱਦਮਿਆਂ ਦੇ ਵਿੱਚ ਅਦਾਲਤ ਨੇ ਉਸਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ। ਪ੍ਰੰਤੂ ਪੁਲੀਸ ਦੇ ਵਿੱਚ ਵੱਡੀ ਪਹੁੰਚ ਰੱਖਣ ਵਾਲਾ ਸਕੋਡਾ ਹਾਲੇ ਤੱਕ ਪੁਲਿਸ ਦੇ ਹੱਥ ਨਹੀਂ ਆ ਸਕਿਆ ਹੈ। ਜਿਸਦੇ ਚੱਲਦੇ ਕੁਝ ਪੀੜਤਾਂ ਨੇ ਉਚ ਅਦਾਲਤ ਤੱਕ ਪਹੁੰਚ ਕਰਕੇ ਪੁਲਿਸ ਦੇ ਅਮਨ ਸਕੋਡਾ ਨਾਲ ਨਰਮਗੋਸਾ ਰੱਖਣ ਦੇ ਦੋਸ਼ ਲਗਾਏ ਹਨ।
ਗੌਰਤਲਬ ਹੈ ਕਿ ਪੁਲਿਸ ਵਿਭਾਗ ਵਿੱਚ ਕਾਂਸਟੇਬਲ ਤੋਂ ਲੈ ਕੇ ਡੀਐਸਪੀ ਤੱਕ ਭਰਤੀ ਕਰਵਾਉਣ ਤੋਂ ਇਲਾਵਾ ਮਨਪਸੰਦ ਪੋਸਟਾਂ ‘ਤੇ ਬਦਲੀਆਂ ਕਰਵਾਉਣ ਦੇ ਵਿੱਚ ਅਮਨ ਸਕੌਡਾ ਵੱਡੀ ਭੂਮਿਕਾ ਅਦਾ ਕਰਦਾ ਰਿਹਾ ਹੈ। ਸੂਤਰਾਂ ਦੇ ਮੁਤਾਬਕ ਉਸਦੇ ਵੱਲੋਂ ਤੋਂ ਤਬਾਦਲੇ ਕਰਵਾ ਕੇ ਕਈ ਪੁਲਿਸ ਅਧਿਕਾਰੀਆਂ ਨੂੰ ਸੈਟ ਕੀਤਾ ਗਿਆ ਸੀ। ਜਿਸ ਦੇ ਚਲਦੇ ਹਾਲੇ ਵੀ ਪੁਲਿਸ ਵਿਭਾਗ ਵਿੱਚ ਉਸ ਦੇ ਨਾਲ ਡੂੰਘੀ ਹਮਦਰਦੀ ਰੱਖਣ ਵਾਲੇ ਮੌਜੂਦ ਦੱਸੇ ਜਾ ਰਹੇ ਹਨ।ਇਸ ਮਾਮਲੇ ਵਿਚ ਪੀੜਤ ਲੋਕ ਉਚ ਅਦਾਲਤ ਵਿੱਚ ਵੀ ਪੁੱਜ ਰਹੇ ਹਨ। ਜਿਸਦੇ ਚੱਲਦੇ ਹਾਈਕੋਰਟ ਸਖਤ ਹੋਈ ਹੈ।