28 Views
ਦੱਖਣੀ ਅਫਰੀਕਾ ਦੀ ਟੀਮ ਨੂੰ ਰੋਮਾਂਚਿਕ ਮੁਕਾਬਲੇ ਚ ਸੱਤ ਰਨਾਂ ਨਾਲ ਹਰਾਇਆ
ਨਵੀਂ ਦਿੱਲੀ, 30 ਜੂਨ (ਅਸ਼ੀਸ਼ ਮਿੱਤਲ): ਬੀਤੀ ਰਾਤ ਬਾਰਬਾਡੋਸ ਦੇ ਮੈਦਾਨ ‘ਚ ਹੋਏ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਇੱਕ ਰੋਮਾਂਚਿਕ ਮੁਕਾਬਲੇ ਦੌਰਾਨ ਸੱਤ ਰਨਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਵੱਲੋਂ ਇਸ ਵਿਸ਼ਵ ਕੱਪ ਉਪਰ 17 ਸਾਲਾਂ ਬਾਅਦ ਮੁੜ ਕਬਜ਼ਾ ਕੀਤਾ ਗਿਆ ਹੈ। ਭਾਰਤ ਦੀ ਜਿੱਤ ਤੋਂ ਬਾਅਦ ਜਿੱਥੇ ਟੀਮ ਵਿੱਚ ਜਸ਼ਨ ਦਾ ਮਾਹੌਲ ਹੈ, ਉਥੇ ਪੂਰੇ ਭਾਰਤ ਦੇ ਕਰੋੜਾਂ ਕ੍ਰਿਕਟ ਪ੍ਰੇਮੀਆਂ ਵਿੱਚ ਵੀ ਵੱਡੀ ਖੁਸ਼ੀ ਪਾਈ ਜਾ ਰਹੀ ਹੈ । ਭਾਰਤ ਦੇ ਰਾਸ਼ਟਰਪਤੀ ਦਰੋਪਤੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹਿਤ ਸਾਰਿਆਂ ਨੇ ਭਾਰਤੀ ਟੀਮ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਦੌਰਾਨ ਵੱਡੀ ਗੱਲ ਇਹ ਵੀ ਰਹੀ ਕਿ ਭਾਰਤ ਦੀ ਟੀਮ ਇਸ ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਹੀ ਅਤੇ ਇੱਕ ਵੀ ਮੈਚ ਨਹੀਂ ਹਾਰੀ।
ਉਧਰ ਇਸ ਜਿੱਤ ਦੇ ਨਾਲ ਹੀ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਟੀ20 ਵਿਸ਼ ਮੈਚਾ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਉਸਦਾ ਆਖਰੀ ਮੈਚ ਸੀ। ਭਾਰਤੀ ਟੀਮ ਨੇ ਟਾਸ ਜਿੱਤਦਿਆਂ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ 20 ਓਵਰਾਂ ਦੇ ਵਿੱਚ 6 ਵਿਕਟਾਂ ਗੁਆ ਕੇ 176 ਰਨ ਬਣਾਏ। ਇਸ ਦੇ ਜਵਾਬ ਵਿੱਚ ਦੱਖਣੀ ਅਫਰੀਕਾ ਦੀ ਟੀਮ ਅੱਠ ਵਿਕਟਾਂ ਗੁਆ ਕੇ ਸਿਰਫ 169 ਰਣ ਹੀ ਬਣਾ ਸਕੀ। ਮੈਚ ਦੇ 16ਵੇਂ ਓਵਰ ਤੱਕ ਦੱਖਣੀ ਅਫਰੀਕਾ ਦੀ ਟੀਮ ਜੇਤੂ ਲੱਗ ਰਹੀ ਸੀ ਪਰੰਤੂ 17ਵੇਂ ਓਵਰ ਦੌਰਾਨ ਭਾਰਤੀ ਖਿਡਾਰੀਆਂ ਨੇ ਅਚਾਨਕ ਵੱਡਾ ਉਲਟਫੇਰ ਕਰ ਦਿੱਤਾ।
16 ਓਵਰਾਂ ਵਿੱਚ ਦੱਖਣੀ ਅਫਰੀਕਾ ਦੀ ਟੀਮ ਸਿਰਫ਼ ਚਾਰ ਵਿਕਟਾਂ ਗੁਆ ਕੇ 151 ਦੌੜਾਂ ਬਣਾ ਚੁੱਕੀ ਸੀ ਅਤੇ ਉਸਨੂੰ ਹੁਣ ਸਿਰਫ਼ 24 ਗੇਂਦਾਂ ‘ਤੇ 26 ਦੌੜਾਂ ਦੀ ਜ਼ਰੂਰਤ ਸੀ। ਉਸ ਸਮੇਂ ਦੱਖਣੀ ਅਫਰੀਕਾ ਦੇ ਵੱਲੋਂ ਮਿਲਰ ਅਤੇ ਕਲਾਸੇਨ ਮੈਦਾਨ ਵਿੱਚ ਡਟੇ ਹੋਏ ਸਨ ਪ੍ਰੰਤੂ17ਵੇਂ ਓਵਰ ਵਿੱਚ ਭਾਰਤ ਦੇ ਸਟਾਰ ਗੇਂਦਬਾਜ਼ ਹਾਰਦਿਕ ਪਾਂਡਿਆਂ ਨੇ ਕਲਾਸੇਨ ਨੂੰ ਆਊਟ ਕਰ ਦਿੱਤਾ ਤੇ ਇਸ ਪੂਰੇ ਓਵਰ ਦੌਰਾਨ ਸਿਰਫ਼ ਚਾਰ ਦੌੜਾਂ ਦਿੱਤੀਆਂ। ਇਸੇ ਤਰ੍ਹਾਂ 18ਵੇਂ ਓਵਰ ਵਿੱਚ ਬੁਮਰਾਹ ਨੇ ਇਕ ਹੋਰ ਅਫ਼ਰੀਕੀ ਖਿਡਾਰੀ ਯਾਨਸੇਨ ਨੂੰ ਆਊਟ ਕਰਕੇ ਇਸ ਓਵਰ ਵਿੱਚ ਸਿਰਫ਼ ਦੋ ਦੌੜਾਂ ਦਿੱਤੀਆਂ। 19ਵਾਂ ਓਵਰ ਭਾਰਤੀ ਟੀਮ ਦੇ ਸਟਾਰ ਗੇਂਦਬਾਜ਼ ਅਰਸ਼ਦੀਪ ਦੇ ਹਿੱਸੇ ਆਇਆ ਅਤੇ ਉਸਨੇ ਵੀ ਸਿਰਫ ਚਾਰ ਦੌੜਾਂ ਦਿੱਤੀਆਂ।
ਜਿਸ ਤੋਂ ਬਾਅਦ ਆਖਰੀ ਓਵਰ ਵਿੱਚ ਦੱਖਣੀ ਅਫਰੀਕਾ ਦੀ ਟੀਮ ਨੂੰ 16 ਰਨਾਂ ਦੀ ਜ਼ਰੂਰਤ ਸੀ ਅਤੇ ਇਹ ਆਖਰੀ ਓਵਰ ਵੀ ਹਾਰਦਿਕ ਪਾਂਡਿਆਂ ਨੂੰ ਦਿੱਤਾ ਗਿਆ ਅਤੇ ਉਸਨੇ ਆਪਣੀ ਪਹਿਲੀ ਹੀ ਗੇਂਦ ‘ਤੇ ਮਿਲਰ ਨੂੰ ਆਊਟ ਕਰ ਦਿੱਤਾ ਅਤੇ ਆਪਣੀ ਪੰਜਵੀਂ ਗੇਂਦ ‘ਤੇ ਰਬਾਡਾ ਨੂੰ ਬਾਹਰ ਭੇਜ ਦਿੱਤਾ। ਇਸ ਆਖਰੀ ਓਵਰ ਦੌਰਾਨ ਦੱਖਣੀ ਅਫਰੀਕਾ ਦੀ ਟੀਮ ਨੂੰ 9 ਦੌੜਾਂ ਹੀ ਬਣਾਉਣ ਦਿੱਤੀਆਂ ਅਤੇ ਇਸ ਤਰ੍ਹਾਂ ਭਾਰਤੀ ਟੀਮ ਸੱਤ ਰਨਾਂ ‘ਤੇ ਇਹ ਮੈਚ ਜਿੱਤਣ ਵਿੱਚ ਸਫਲ ਹੋ ਗਈ। ਇਸ ਫਾਈਨਲ ਮੈਚ ਵਿਚ ਜਿੱਤ ਦੇ ਨਾਲ ਹੀ ਭਾਰਤ ਮੁੜ 11 ਸਾਲਾਂ ਬਾਅਦ ਅੰਤਰਰਾਸ਼ਟਰੀ ਟਰਾਫੀ ਦੀ ਹੱਕਦਾਰ ਬਣ ਗਈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 2013 ‘ਚ ਚੈਂਪੀਅਨਸ ਟਰਾਫੀ ਜਿੱਤੀ ਸੀ ਅਤੇ ਇਸਤੋਂ ਪਹਿਲਾਂ 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ।