ਚੰਡੀਗੜ੍ਹ, 23 ਅਕਤੂਬਰ: ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਬੀਤੇ ਕੱਲ ਕਰਤਾਰਪੁਰ ਲਾਂਘੇ ’ਤੇ ਵੱਡਾ ਫੈਸਲਾ ਲੈਂਦਿਆਂ ਇਸਨੂੰ ਅਗਲੇ ਪੰਜ ਸਾਲਾਂ ਲਈ ਜਾਰੀ ਰੱਖਣ ਦਾ ਸਮਝੋਤਾ ਕੀਤਾ ਹੈ। ਇਸ ਸਮਝੋਤੇ ਦੀ ਮਿਆਦ ਪੰਜ ਸਾਲ ਹੋਰ ਵਧਾਉਣ ਦੀ ਪੁਸ਼ਟੀ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਇੱਕ ਟਵੀਟ ਜਰੀਏ ਵੀ ਕੀਤੀ ਹੈ। ਉਨ੍ਹਾਂ ਸਿੱਖ ਕੌਮ ਨੂੰ ਵਧਾਈ ਦਿੰਦਿਆਂ ਭਰੋਸਾ ਦਿਵਾਇਆ ਹੈ ਕਿ ਮੋਦੀ ਸਰਕਾਰ ਸਿੱਖ ਭੈਣ-ਭਰਾਵਾਂ ਲਈ ਅਪਣੀ ਪਵਿੱਤਰ ਜਗਾਵਾਂ ਤੱਕ ਪਹੁੰਚਣ ਦੀ ਸਹੂਲਤ ਬਰਕਰਾਰ ਰੱਖੇਗੀ।
ਇਹ ਵੀ ਪੜ੍ਹੋ:ਜ਼ਿਮਨੀ ਚੋਣਾਂ: AAP ਤੇ BJP ਤੋਂ ਬਾਅਦ Congress ਵੱਲੋਂ ਵੀ ਉਮੀਦਵਾਰਾਂ ਦਾ ਐਲਾਨ
ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਵੀਜ਼ਾ ਮੁਕਤ ਇਸ ਲਾਂਘੇ ਨੂੰ 9 ਨਵੰਬਰ 2019 ਨੂੰ ਚਾਲੂ ਕੀਤਾ ਸੀ। ਇਸ ਸਮਝੋਤੇ ਦੇ ਤਹਿਤ ਭਾਰਤੀ ਲੋਕ ਪਾਕਿਸਤਾਨ ਦੇ ਜਿਲ੍ਹਾ ਨਾਰੋਵਾਲ ਵਿਚ ਪੈਂਦੇ ਬਾਬੇ ਨਾਨਕ ਦੀ ਜੰਮਣ ਭੋਇੰ ਸ਼੍ਰੀ ਕਰਤਾਰਪੁਰ ਸਾਹਿਬ ਤੱਕ ਪੈਦਲ ਜਾ ਕੇ ਸ਼ਾਮ ਨੂੰ ਵਾਪਸ ਮੁੜ ਆ ਸਕਦੇ ਹਨ। ਹਾਲਾਂਕਿ ਇਸਦੇ ਲਈ ਪਾਕਿਸਤਾਨ ਸਰਕਾਰ ਵਲੋਂ ਸ਼ਰਧਾਲੂਆਂ ਤੋਂ 20 ਅਮਰੀਕੀ ਡਾਲਰ ਦੀ ਫ਼ੀਸ ਵੀ ਲਈ ਜਾਂਦੀ ਹੈ, ਜਿਸਨੂੰ ਰੱਦ ਕਰਨ ਲਈ ਸਿੱਖ ਸੰਸਥਾਵਾਂ ਤੋਂ ਇਲਾਵਾ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਲਗਾਤਾਰ ਪਾਕਿਸਤਾਨ ਸਰਕਾਰਾਂ ਨੂੰ ਅਪੀਲਾਂ ਕੀਤੀਆਂ ਜਾਂਦੀਆਂ ਰਹੀਆਂ ਹਨ।
ਇਹ ਵੀ ਪੜ੍ਹੋ:ਸੁਖਬੀਰ ਨੂੰ ਗਿੱਦੜਬਾਹਾ ਦੀ ਚੋਣ ਲੜਾਉਣ ਲਈ ਰਾਹ ਪੱਧਰਾ ਕਰਨ ਵਾਸਤੇ ਅਕਾਲੀ ਦਲ ਦਾ ਵਫ਼ਦ ਜਥੇਦਾਰ ਨੂੰ ਮਿਲਿਆ
ਇਸ ਰਾਸਤੇ ਰਾਹੀਂ ਭਾਰਤੀ ਸ਼ਰਧਾਲੂ ਇੱਕ ਦਿਨ ਵਿਚ ਘੱਟ ਤੋਂ ਘੱਟ 35 ਅਤੇ ਵੱਧ ਤੋਂ ਵੱਧ 5000 ਦੀ ਗਿਣਤੀ ਵਿਚ ਜਾ ਸਕਦੇ ਹਨ। ਪਾਕਿਸਤਾਨੀ ਸਰਹੱਦ ‘ਤੇ ਇੰਨ੍ਹਾਂ ਸਰਧਾਲੂਆਂ ਨੂੰ ਗੁਰਦੂਆਰਾ ਸਾਹਿਬ ਤੱਕ ਲਿਜਾਣ ਦੇ ਲਈ ਸਪੈਸ਼ਲ ਬੱਸਾਂ ਤੇ ਬੈਟਰੀ ਵਾਲੀਆਂ ਕਾਰਾਾਂ ਵੀ ਉਪਲਬਧ ਕਰਵਾਈਆਂ ਹੋਈਆਂ ਹਨ। ਪਾਕਿਸਤਾਨ ਦੀ ਤਤਕਾਲੀ ਇਮਰਾਨ ਸਰਕਾਰ ਨੇ ਸਿੱਖ ਕੌਮ ਦੇ ਇਸ ਪਵਿੱਤਰ ਸਥਾਨ ਤੱਕ ਬਾਰਡਰ ਤੋਂ ਇੱਕ ਵਿਸੇਸ ਕੋਰੀਡੋਰ ਬਣਾਇਆ ਹੋਇਆ ਹੈ, ਜੋ ਸਿੱਧਾ ਗੁਰਦੂਆਰਾ ’ਤੇ ਜਾ ਕੇ ਖੁੱਲਦਾ ਹੈ।