ਚੰਡੀਗੜ੍ਹ, 23 ਅਕਤੂਬਰ: ਆਗਾਮੀ 13 ਨਵੰਬਰ ਨੂੰ ਹੋਣ ਜਾ ਰਹੀਆਂ ਚਾਰ ਜਿਮਨੀ ਚੋਣਾਂ ਦੇ ਲਈ ਬੀਤੀ ਦੇਰ ਰਾਤ ਕਾਂਗਰਸ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਆਪ ਅਤੇ ਬੀਜੇਪੀ ਪਹਿਲਾਂ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਹੁਣ ਸੂਬੇ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਹਾਲੇ ਫਾਡੀ ਦਿਖਾਈ ਦੇ ਰਿਹਾ ਹੈ। ਕਾਂਗਰਸ ਪਾਰਟੀ ਵੱਲੋਂ ਜਾਰੀ ਲਿਸਟ ਦੇ ਵਿੱਚ ਪੰਜਾਬ ਦੇ ਚਰਚਿਤ ਵਿਧਾਨ ਸਭਾ ਹਲਕੇ ਤੋਂ ਗਿੱਦੜਬਾਹਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਕੌਰ ਵੜਿੰਗ ਨੂੰ ਟਿਕਟ ਦਿੱਤੀ ਗਈ ਹੈ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਹਲਕੇ ਤੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੇ ਧਰਮ ਪਤਨੀ ਸ਼੍ਰੀਮਤੀ ਜਤਿੰਦਰ ਕੌਰ ਰੰਧਾਵਾ ਤੋਂ ਇਲਾਵਾ ਬਰਨਾਲਾ ਹਲਕੇ ਲਈ ਪਾਰਟੀ ਦੇ ਜ਼ਿਲ੍ਹਾ ਆਗੂ ਕੁਲਦੀਪ ਸਿੰਘ ਕਾਲਾ ਢਿੱਲੋ ਤੇ ਵਿਸ਼ਵਾਸ ਦਾਇਆ ਗਿਆ ਹੈ।
ਇਹ ਵੀ ਪੜ੍ਹੋ: ਸੁਖਬੀਰ ਨੂੰ ਗਿੱਦੜਬਾਹਾ ਦੀ ਚੋਣ ਲੜਾਉਣ ਲਈ ਰਾਹ ਪੱਧਰਾ ਕਰਨ ਵਾਸਤੇ ਅਕਾਲੀ ਦਲ ਦਾ ਵਫ਼ਦ ਜਥੇਦਾਰ ਨੂੰ ਮਿਲਿਆ
ਇਸ ਤੋਂ ਇਲਾਵਾ ਚੱਬੇਵਾਲ ਹਲਕੇ ਵਿੱਚ ਪਾਰਟੀ ਨੇ ਆਪਣੇ ਆਗੂ ਰਣਜੀਤ ਕੁਮਾਰ ਨੂੰ ਟਿਕਟ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਚਾਰੇ ਵਿਧਾਨ ਸਭਾ ਹਲਕੇ ਇਥੋਂ ਦੇ ਵਿਧਾਇਕਾਂ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਕਾਰਨ ਖਾਲੀ ਹੋਏ ਹਨ। ਦੱਸਣਾ ਬਣਦਾ ਹੈ ਕਿ ਆਪ ਵੱਲੋਂ ਜਾਰੀ ਲਿਸਟ ਦੇ ਵਿੱਚ ਚੱਬੇਵਾਲ ਹਲਕੇ ਲਈ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਡਾਕਟਰ ਰਾਜ ਕੁਮਾਰ ਚੱਬੇਵਾਲ ਤੇ ਪੁੱਤਰ ਡਾ ਇਸਾਨ ਚੱਬੇਵਾਲ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਨਜ਼ਦੀਕੀ ਮੰਨੇ ਜਾਂਦੇ ਹਰਿੰਦਰ ਸਿੰਘ ਧਾਲੀਵਾਲ ਨੂੰ ਬਰਨਾਲਾ ਹਲਕੇ ਅਤੇ ਕੁਝ ਮਹੀਨੇ ਪਹਿਲਾਂ ਅਕਾਲੀ ਦਲ ਛੱਡ ਕੇ ਆਪ ਵਿੱਚ ਆਏ ਡਿੰਪੀ ਢਿੱਲੋਂ ਨੂੰ ਗਿੱਦੜਬਾਹਾ ਅਤੇ ਗੁਰਦੀਪ ਸਿੰਘ ਰੰਧਾਵਾ ਨੂੰ ਡੇਰਾ ਬਾਬਾ ਨਾਨਕਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਸੀ।ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਗਿੱਦੜਬਾਹਾ ਹਲਕੇ ਤੋਂ ਮਨਪ੍ਰੀਤ ਸਿੰਘ ਬਾਦਲ, ਬਰਨਾਲਾ ਤੋਂ ਕੇਵਲ ਸਿੰਘ ਢਿੱਲੋ ਅਤੇ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋ ‘ਤੇ ਦਾਅ ਖੇਡਿਆ ਗਿਆ ਹੈ। ਜਦੋਂ ਕਿ ਚੱਬੇਵਾਲ ਹਲਕੇ ਦਾ ਐਲਾਨ ਕਰਨਾ ਹਾਲੇ ਬਾਕੀ ਹੈ।
ਇਹ ਵੀ ਪੜ੍ਹੋ: ਭਾਜਪਾ ਵੱਲੋਂ ਪੰਜਾਬ ’ਚ ਜਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੇਸ਼ੱਕ ਹਾਲੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਪ੍ਰੰਤੂ ਸਿਆਸੀ ਗਲਿਆਰਿਆਂ ਵਿੱਚ ਚੱਲ ਰਹੀ ਚਰਚਾ ਮੁਤਾਬਕ ਗਿੱਦੜਬਾਹਾ ਹਲਕੇ ਤੋਂ ਖੁਦ ਸੁਖਬੀਰ ਸਿੰਘ ਬਾਦਲ ਚੋਣ ਲੜਨ ਦੇ ਇਛੁਕ ਹਨ। ਜਿਸ ਦੇ ਚਲਦੇ ਉਹਨਾਂ ਨੂੰ ਚੋਣ ਸਰਗਰਮੀਆਂ ਤੋਂ ਛੋਟ ਦੇਣ ਲਈ ਬੀਤੀ ਸ਼ਾਮ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਮਿਲਿਆ ਸੀ ਤਾਂ ਕਿ ਉਹ 25 ਅਕਤੂਬਰ ਤੱਕ ਆਪਣੇ ਨਾਮਜਦਗੀ ਪੇਪਰ ਦਾਖਲ ਕਰਾ ਸਕਣ। ਇਸੇ ਤਰ੍ਹਾਂ ਬਰਨਾਲਾ ਹਲਕੇ ਤੋਂ ਮਰਹੂਮ ਅਕਾਲੀ ਆਗੂ ਮਲਕੀਤ ਸਿੰਘ ਕੀਤੂ ਦੇ ਪੁੱਤਰ ਕੁਲਵੰਤ ਸਿੰਘ ਕੰਤਾ ਦਾ ਨਾਮ ਸਾਹਮਣੇ ਆ ਰਿਹਾ। ਜਦੋਂ ਕਿ ਡੇਰਾ ਬਾਬਾ ਨਾਨਕ ਤੋਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਸੋਨੂ ਲੰਗਾਹ ਦੀ ਚਰਚਾ ਹੈ।ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਪੰਜਾਬ ਦੀਆਂ ਇਹਨਾਂ ਜਿਮਨੀ ਚੋਣਾਂ ਦੇ ਲਈ ਨਾਮਜ਼ਦਗੀ ਭਰਨ ਦੀ ਆਖਰੀ ਮਿਤੀ 25 ਅਕਤੂਬਰ ਹੈ।
Share the post "ਜ਼ਿਮਨੀ ਚੋਣਾਂ: AAP ਤੇ BJP ਤੋਂ ਬਾਅਦ Congress ਵੱਲੋਂ ਵੀ ਉਮੀਦਵਾਰਾਂ ਦਾ ਐਲਾਨ"