ਜੰਡਿਆਲਾ ਗੁਰੂ, 2 ਸਤੰਬਰ: ਬੀਤੀ ਰਾਤ ਇਲਾਕੇ ਦੇ ਪਿੰਡ ਨੰਗਲ ਗੁਰੂ ਦੇ ਇੱਕ ਘਰ ਵਿਚ ਚੱਲ ਰਹੀ ਗੈਰ ਕਾਨੂੰਨੀ ਪਟਾਕੇ ਬਣਾਉਣ ਵਾਲੀ ਫੈਕਟਰੀ ਵਿਚ ਧਮਾਕਾ ਹੋਣ ਕਾਰਨ ਘਰ ਦੀ ਛੱਤ ਤੇ ਕੰਧ ਡਿੱਗ ਪਈ, ਜਿਸ ਕਾਰਨ ਘਰ ਦੀ ਮਾਲਕਣ ਸਹਿਤ 7 ਜਣੇ ਜਖ਼ਮੀ ਹੋ ਗਏ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁੂਰੂ ਕਰ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਨੇ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਇਹ ਘਰ ਕੁਲਦੀਪ ਕੌਰ ਵਿਧਵਾ ਅਮਰਜੀਤ ਸਿੰਘ ਦਾ ਹੈ ਤੇ ਉਸਨੇ ਕਰੀਬ ਦੋ ਮਹੀਨੇ ਪਹਿਲਾਂ ਕੁੱਝ ਲੋਕਾਂ ਨੂੰ ਆਪਣਾ ਮਕਾਨ ਕਿਰਾਏ ‘ਤੇ ਰਹਿਣ ਲਈ ਦਿੱਤਾ ਸੀ, ਜੋਕਿ ਪਿੰਡ ਭਿੰਡਰ ਦੇ ਰਹਿਣ ਵਾਲੇ ਹਨ। ਕੁਲਦੀਪ ਕੌਰ ਜੋਕਿ ਪਹਿਲਾਂ ਜੰਡਿਆਲਾ ਗੁਰੂ ਵਿਚ ਰਹਿੰਦੀ ਰਹੀ ਸੀ ਤੇ ਹੁਣ ਉਸਨੇ ਆਪਣੇ ਪਿੰਡ ਵਾਲੇ ਮਕਾਨ ਵਿਚ ਹੀ ਰਹਿਣਾ ਸ਼ੁਰੂ ਕਰ ਦਿੱਤਾ ਸੀ।
AAP MLA ਦੇ ਘਰ ਤੜਕਸਾਰ ED ਦੀ ਛਾਪੇਮਾਰੀ, ਵਿਧਾਇਕ ਨੇ ਜਤਾਇਆ ਗ੍ਰਿਫਤਾਰੀ ਦਾ ਡਰ
ਪੁਲਿਸ ਅਧਿਕਾਰੀਆਂ ਮੁਤਾਬਕ ਪਿੰਡ ਦੇ ਲੋਕਾਂ ਨੂੰ ਇਸ ਫੈਕਟਰੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪ੍ਰੰਤੂ ਹੁਣ ਰਾਤ ਨੂੰ ਹੋਏ ਧਮਾਕੇ ਤੋਂ ਬਾਅਦ ਪਿੰਡ ਦੇ ਲੋਕਾਂ ਵਿਚ ਸਹਿਮ ਹੈ। ਇਹ ਘਟਨਾ ਪੋਟਾਸ਼ ਨੂੰ ਅੱਗ ਲੱਗਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਪਿੰਡ ਦੀ ਸਾਬਕਾ ਸਰਪੰਚ ਅਮਰਜੀਤ ਕੌਰ ਨੇ ਦਸਿਆ ਕਿ ਧਮਾਕੇ ਦੌਰਾਨ ਪਹਿਲਾਂ ਪਿੰਡ ਵਾਲਿਆਂ ਨੂੰ ਸ਼ੱਕ ਸੀ ਕਿ ਇਹ ਧਮਾਕਾ ਸਿਲੰਡਰ ਫਟਣ ਕਾਰਨ ਹੋਇਆ ਹੈ ਪ੍ਰੰਤੂ ਮੌਕੇ ’ਤੇ ਪੁੱਜ ਕੇ ਪਤਾ ਲੱਗਿਆ ਕਿ ਇਹ ਘਟਨਾ ਪਟਾਕੇ ਬਣਾਉਣ ਵਾਲੇ ਬਾਰੂਦ ਨੂੰ ਅੱਗ ਲੱਗਣ ਕਾਰਨ ਵਾਪਰੀ ਹੈ। ਜਖਮੀਆਂ ਵਿਚ ਘਰ ਦੀ ਮਾਲਕਣ ਕੁਲਦੀਪ ਕੌਰ ਦੀ ਹਾਲਾਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ। ਇਸਤੋਂ ਪਿੰਡ ਦਾ ਇੱਕ ਹੋਰ ਨੌਜਵਾਨ ਸੋਨੂੰ ਵੀ ਜਖਮੀ ਹੈ ਜਦਕਿ ਬਾਕੀ ਪੰਜ ਕਿਰਾਏਦਾਰ ਦੱਸੇ ਜਾ ਰਹੇ ਹਨ, ਜਿੰਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ।
Share the post "ਘਰ ’ਚ ਚੱਲ ਰਹੀ ਸੀ ਪਟਾਕੇ ਬਣਾਉਣ ਵਾਲੀ ਗੈਰਕਾਨੂੰਨੀ ਫੈਕਟਰੀ, ਧਮਾਕੇ ਨਾਲ ਅੱਧੀ ਦਰਜ਼ਨ ਜਖ਼ਮੀ"