ਨਵੀਂ ਦਿੱਲੀ, 2 ਸਤੰਬਰ: ਪਿਛਲੇ ਕੁੱਝ ਸਮੇਂ ਤੋਂ ED ਦੇ ਛਾਪਿਆਂ ਤੋਂ ਪ੍ਰੇਸ਼ਾਨ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦੇ ਘਰ ਸੋਮਵਾਰ ਤੜਕਸਾਰ ਉਕਤ ਏਜੰਸੀ ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਗਈ। ਦਿੱਲੀ ਦੇ ਵਿਧਾਇਕ ਅਮਾਨਤੁੱਲਾ ਖ਼ਾਨ ਨੇ ਆਪਣੇ ਘਰ ਸਵੇਰ ਸਮੇਂ ED ਵੱਲੋਂ ਦਿੱਤੀ ਦਸਤਕ ਦੀ ਜਾਣਕਾਰੀ ਖ਼ੁਦ ਆਪਣੇ ਸ਼ੋਸਲ ਮੀਡੀਆ ਅਕਾਂਉਟ ਉਪਰ ਦਿੱਤੀ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਹੈ ਕਿ ED ਦੇ ਅਧਿਕਾਰੀ ਉਸਨੂੰ ਗ੍ਰਿਫਤਾਰ ਕਰਨ ਲਈ ਆਏ ਹਨ। ਇਸਤੋਂ ਬਾਅਦ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਵਿਧਾਇਕ ਦੇ ਘਰ ਦੇ ਅੰਦਰਲੇ ਪਾਸੇ ਤੋਂ ਬਣਾਈ ਵੀਡੀਓ ਨੂੰ ਆਪਣੇ ਸੋਸਲ ਮੀਡੀਆ ’ਤੇ ਜਾਰੀ ਕੀਤਾ ਹੈ,
ਜਿਸਦੇ ਵਿਚ ਵਿਧਾਇਕ ਖ਼ਾਨ ਦੇ ਘਰ ਦੇ ਗੇਟ ਨੂੰ ਜਿੰਦਰਾ ਲੱਗਿਆ ਹੋਇਆ ਹੈ ਤੇ ED ਦੇ ਅਧਿਕਾਰੀ ਗੇਟ ਬਾਹਰ ਖੜੇ ਹਨ ਤੇ ਅੰਦਰ ਵਿਧਾਇਕ ਅਮਾਨਤੁੱਲਾ ਉਨ੍ਹਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਵਿਧਾਇਕ ਦੇ ਮੁਤਾਬਕ ਉਸਦੀ ਸੱਸ ਨੂੰ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਹੈ, ਜਿਸਦੇ ਚੱਲਦੇ ਕੇਂਦਰ ਦੇ ਇਸ਼ਾਰੇ ’ਤੇ ED ਦੇ ਅਧਿਕਾਰੀ ਉਸਨੂੰ ਤੰਗ ਪ੍ਰੇਸ਼ਾਨ ਕਰਨ ਲਈ ਆਏ ਹਨ। ਉਨ੍ਹਾਂ ਸਵਾਲ ਉਠਾਇਆ ਹੈ ਕਿ ਇਹ ਤਾਨਾਸ਼ਾਹੀ ਆਖ਼ਰ ਕਦ ਤੱਕ ਚੱਲੇਗੀ? ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਵੀ ED ਵੱਲੋਂ ਉਕਤ ਵਿਧਾਇਕ ਦੇ ਘਰ ਛਾਪੇਮਾਰੀ ਕੀਤੀ ਗਈ ਸੀ।