👉ਜਦੌ ਤੱਕ ਪੰਜਾਬ ਸੁਰੱਖਿਅਤ ਹੈ, ਦੇਸ਼ ਸੁਰੱਖਿਅਤ ਹੈ: ਖੜਗੇ
👉ਮੋਦੀ ਨੂੰ ਕਿਸਾਨਾਂ ਦੀ “ਮੌਤ ਦੇ ਵਾਰੰਟ” ਉਪਰ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਗਿਆ: ਰਾਹੁਲ
Barnala News: ਕਾਂਗਰਸ ਵੱਲੋਂ ਅੱਜ ਇੱਥੇ ਭਾਰਤ–ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਅਤੇ ਮਨਰੇਗਾ ਨੂੰ ਉਸਦੇ ਮੂਲ ਰੂਪ ‘ਚ ਬਹਾਲ ਕਰਨ ਦੀ ਮੰਗ ਕਰਦਿਆਂ, ਆਯੋਜਿਤ ਵਿਸ਼ਾਲ ਰੈਲੀ ‘ਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ।ਰੈਲੀ ਨੂੰ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਲੋਕ ਸਭਾ ‘ਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ, ਏਆਈਸੀਸੀ ਦੇ ਸੰਗਠਨ ਦੇ ਇੰਚਾਰਜ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ, ਏਆਈਸੀਸੀ ਜਨਰਲ ਸਕੱਤਰ ਪੰਜਾਬ ਕਾਂਗਰਸ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀਆਂ ਬੀਬੀ ਰਜਿੰਦਰ ਕੌਰ ਭੱਠਲ ਅਤੇ ਚਰਨਜੀਤ ਸਿੰਘ ਚੰਨੀ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਜੇ ਇੰਦਰ ਸਿੰਗਲਾ ਸਮੇਤ ਕਈ ਆਗੁਆਂ ਨੇ ਸੰਬੋਧਨ ਕੀਤਾ।ਖੜਗੇ ਅਤੇ ਗਾਂਧੀ ਨੇ ਕਿਹਾ ਕਿ ਪੰਜਾਬ ਸਿਰਫ਼ ਕਾਂਗਰਸ ਦੀ ਹੀ ਨਹੀਂ, ਸਗੋਂ ਪੂਰੇ ਦੇਸ਼ ਦੀ ਤਾਕਤ ਹੈ। ਰੈਲੀ ਨੂੰ ਸੰਬੋਧਨ ਕਰਦਿਆਂ, ਖੜਗੇ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸੁਰੱਖਿਅਤ ਹੈ, ਦੇਸ਼ ਸੁਰੱਖਿਅਤ ਹੈ। ਉਨ੍ਹਾਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਹੱਕਾਂ ਦੀ ਰਾਖੀ ਲਈ ਇੱਕ ਵਾਰ ਫਿਰ ਤੋਂ ਇਕਜੁੱਟ ਹੋ ਕੇ ਨਿਰਣਾਇਕ ਸੰਘਰਸ਼ ਸ਼ੁਰੂ ਕਰਨ, ਕਿਉਂਕਿ ਕੇਂਦਰ ਸਰਕਾਰ ਦੀਆਂ ਤਾਜ਼ਾ ਨੀਤੀਆਂ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰਾਂ ਦੀ ਰੋਜ਼ੀ-ਰੋਟੀ ਲਈ ਖ਼ਤਰਾ ਬਣ ਰਹੀਆਂ ਹਨ।ਖੜਗੇ ਨੇ ਭਾਰਤ–ਅਮਰੀਕਾ ਵਪਾਰ ਸਮਝੌਤੇ ਦੀ ਆਲੋਚਨਾ ਕਰਦਿਆਂ, ਦੋਸ਼ ਲਗਾਇਆ ਕਿ ਕੇਂਦਰ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅੱਗੇ ਰਾਸ਼ਟਰੀ ਹਿਤਾਂ ਨੂੰ “ਸਰੰਡਰ” ਕਰ ਦਿੱਤਾ ਹੈ ਅਤੇ ਅਮਰੀਕੀ ਖੇਤੀ ਉਤਪਾਦਾਂ ਲਈ ਭਾਰਤੀ ਬਜਾਰ ਖੋਲ੍ਹ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ, ਵਪਾਰੀਆਂ, ਐਮ.ਐਸ.ਐਮ.ਈਜ਼ ਅਤੇ ਕਪੜਾ, ਚਮੜਾ, ਪਲਾਸਟਿਕ ਤੇ ਮਸ਼ੀਨਰੀ ਵਰਗੇ ਖੇਤਰ ਪ੍ਰਭਾਵਿਤ ਹੋਣਗੇ। ਉਨ੍ਹਾਂ ਨੇ ਪੰਜਾਬ ‘ਚ ਕਾਨੂੰਨ-ਵਿਵਸਥਾ ‘ਤੇ ਵੀ ਚਿੰਤਾ ਜ਼ਾਹਰ ਕਰਦਿਆਂ, ਜਬਰਨ ਵਸੂਲੀ, ਧਮਕੀਆਂ, ਨਸ਼ਾ ਤਸਕਰੀ ਅਤੇ ਸਰਹੱਦ ਤੇ ਹਥਿਆਰਾਂ ਦੀ ਸਮੱਗਲਿੰਗ ਦੇ ਵਾਧੇ ਦਾ ਹਵਾਲਾ ਦਿੱਤਾ।ਇਸੇ ਤਰ੍ਹਾਂ, ਉਨ੍ਹਾਂ ਨੇ ਕੇਂਦਰ ਉੱਪਰ ਮਨਰੇਗਾ ਨੂੰ ਕਮਜ਼ੋਰ ਕਰਨ ਦੇ ਦੋਸ਼ ਲਗਾਉਂਦੇ ਹੋਏ, ਕਿਹਾ ਕਿ ਪੰਜਾਬ ਅੰਦਰ ਰੋਜ਼ਗਾਰ ਮੌਕੇ ਘਟੇ ਹਨ, ਜਿਸ ਨਾਲ ਲੱਖਾਂ ਮਜ਼ਦੂਰ ਪ੍ਰਭਾਵਿਤ ਹੋ ਰਹੇ ਹਨ।
ਇਹ ਵੀ ਪੜ੍ਹੋ Big News: Rahul Gandhi ਦਾ ਪੰਜਾਬ ਦੇ ਆਗੂਆਂ ਨੂੰ ਸਖ਼ਤ ਸੁਨੇਹਾ;‘‘ਟੀਮ ਪਲੇਅਰ ਬਣੋਂ, ਨਹੀਂ ਰਿਜ਼ਰਵ ਵਿਚ ਬਿਠਾ ਦੇਵਾਂਗੇ”, ਦੇਖੋ ਵੀਡੀਓ
ਰੈਲੀ ਨੂੰ ਸੰਬੋਧਨ ਕਰਦਿਆਂ, ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਤਿੱਖਾ ਹਮਲਾ ਬੋਲਦੇ ਹੋਏ, ਕਿਹਾ ਕਿ ਐਪਸਟਿਨ ਫ਼ਾਈਲਜ ਅਤੇ ਅਮਰੀਕਾ ‘ਚ ਗੌਤਮ ਅਡਾਨੀ ਨਾਲ ਜੁੜੇ ਕੇਸ ਦੇ ਡਰ ਹੇਠ ਮੋਦੀ ਨੂੰ ਅਮਰੀਕਾ ਅੱਗੇ ਝੁਕਣਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀ ਇੱਕ ਦੇਸ਼ ਦੀ ਅਰਥ ਵਿਵਸਥਾ ਦੀ ਨੀਂਹ ਹੁੰਦੀ ਹੈ ਅਤੇ ਪਹਿਲਾਂ ਕਦੇ ਵੀ ਕਿਸੇ ਪ੍ਰਧਾਨ ਮੰਤਰੀ ਨੇ ਵਿਦੇਸ਼ੀਆਂ ਲਈ ਖੇਤੀ ਦੇ ਬਜਾਰ ਨਹੀਂ ਖੋਲ੍ਹੇ ਸਨ, ਫਿਰ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਰਹੇ ਹੋਣ। ਉਨ੍ਹਾਂ ਨੇ ਕਿਹਾ ਕਿ ਮੋਦੀ ਨੂੰ ਐਪਸਟਿਨ ਫਾਇਲਜ਼ ਅਤੇ ਅਡਾਨੀ ਦੇ ਨਾਂਮ ਦੀਆਂ ਧਮਕੀਆਂ ਦੇ ਕੇ ਸਰੰਡਰ ਕਰਨ ਲਈ ਮਜਬੂਰ ਕੀਤਾ ਗਿਆ। ਉਹਨਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਹਾਲੇ ਹੋਰ 30 ਲੱਖ ਐਪਸਟਿਨ ਫਾਈਲਾਂ ਖੁਲ੍ਹਣੀਆਂ ਬਾਕੀ ਹਨ, ਜਿਨਾਂ ਵਿੱਚ ਮੋਦੀ ਦਾ ਨਾਮ ਹੈ। ਉਹਨਾਂ ਨੇ ਕਿਹਾ ਕਿ ਹਰਦੀਪ ਪੁਰੀ ਅਤੇ ਅਨਿਲ ਅੰਬਾਨੀ ਦੇ ਨਾਮਾਂ ਦਾ ਇਸਤੇਮਾਲ ਸਿਰਫ ਮੋਦੀ ਨੂੰ ਧਮਕਾਉਣ ਲਈ ਕੀਤਾ ਗਿਆ, ਤਾਂ ਜੋ ਉਹ ਸਰੰਡਰ ਕਰ ਦੇਣ ਅਤੇ ਅਜਿਹਾ ਇਹਨਾਂ ਨੇ ਕਰਦੇ ਹੋਏ, ਕਿਸਾਨਾਂ ਅਤੇ ਛੋਟੇ-ਦਰਮਿਆਨੇ ਉਦਯੋਗਾਂ ਦੀ ਮੌਤ ਦੇ ਵਾਰੰਟ” ਸਾਈਨ ਕਰ ਦਿੱਤੇ।ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਨੇ ਭਾਰਤ-ਅਮਰੀਕਾ ਸਮਝੌਤੇ ਦੇ ਪਿੱਛੇ ਕਾਰਨਾਂ ਬਾਰੇ ਖੁਲਾਸਾ ਕਰਦਿਆਂ, ਕਿਹਾ ਕਿ ਚਾਰ ਮਹੀਨਿਆਂ ਪਹਿਲਾਂ ਅਜਿਹਾ ਕੁਝ ਨਹੀਂ ਹੋਇਆ ਸੀ ਅਤੇ ਭਾਰਤ ਸਰਕਾਰ ਅਮਰੀਕੀ ਕੰਪਨੀਆਂ ਵਾਸਤੇ ਦੇਸ਼ ਦੇ ਖੇਤੀ ਬਾਜ਼ਾਰ ਨੂੰ ਖੋਲਣ ਲਈ ਰਜ਼ਾਮੰਦ ਨਹੀਂ ਸੀ। ਲੇਕਿਨ ਐਪਸਟਿਨ ਅਤੇ ਅਡਾਨੀ ਕਰਕੇ ਮੋਦੀ ਨੂੰ ਅਚਾਨਕ ਸਮਝੌਤੇ ਲਈ ਰਜ਼ਾਮੰਦ ਹੋਣਾ ਪੈ ਗਿਆ।ਉਨ੍ਹਾਂ ਨੇ ਅਮਰੀਕਾ ਵਿੱਚ ਅਡਾਨੀ ਦੇ ਕੇਸ ਬਾਰੇ ਮੋਦੀ ਦੀ ਕਮਜ਼ੋਰੀ ਦਾ ਹਵਾਲਾ ਦਿੰਦੇ ਹੋਏ, ਕਿਹਾ ਕਿ ਭਾਜਪਾ ਨੇ ਪਿਛਲੇ 10-15 ਸਾਲਾਂ ਦੌਰਾਨ ਪੂਰੀ ਵਿੱਤੀ ਪ੍ਰਣਾਲੀ ਅਡਾਨੀ ਦੀ ਕੰਪਨੀ ਵਿੱਚ ਪਾ ਦਿੱਤੀ ਹੈ। ਅਡਾਨੀ ਭਾਜਪਾ ਦਾ ਇੱਕ ਵਿਸ਼ੇਸ਼ ਉਦੇਸ਼ ਵਾਹਨ ਹੈ ਅਤੇ ਜਿਹੜਾ ਵੀ ਪੈਸਾ ਬਣਾਇਆ ਜਾਂਦਾ ਹੈ, ਉਹ ਅਡਾਨੀ ਕੋਲ ਜਾਂਦਾ ਹੈ। ਉਹ ਪੈਸਾ ਹਜ਼ਾਰਾਂ ਸ਼ੈੱਲ ਕੰਪਨੀਆਂ ਰਾਹੀਂ ਸਿਆਸਤ ਵਿੱਚ ਵਰਤਿਆ ਜਾਂਦਾ ਹੈ। ਅਮਰੀਕੀਆਂ ਨੇ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਹੈ ਅਤੇ ਮੋਦੀ ਨੂੰ ਉਸਦੀ ਗਰਦਨ ਤੋਂ ਫੜ ਕੇ ਉਸਦਾ ਸਾਹ ਘੁੱਟ ਦਿੱਤਾ ਹੈ।ਉਨ੍ਹਾਂ ਨੇ ਸਮਝੌਤੇ ਬਾਰੇ ਕਿਹਾ ਕਿ ਇਹ ਦੇਸ਼ ਦੇ ਕਿਸਾਨਾਂ ਲਈ “ਮੌਤ ਦੇ ਵਾਰੰਟ” ‘ਤੇ ਦਸਤਖਤ ਕਰਨ ਦੇ ਬਰਾਬਰ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਅਮਰੀਕੀ ਸੋਇਆਬੀਨ, ਦਾਲਾਂ, ਕਪਾਹ, ਫਲ, ਬਦਾਮ, ਅਖਰੋਟ ਅਤੇ ਸਭ ਕੁਝ ਅਮਰੀਕਾ ਤੋਂ ਆਵੇਗਾ ਅਤੇ ਭਾਰਤੀ ਕਿਸਾਨਾਂ ਨੂੰ ਤਬਾਹ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਅਮਰੀਕੀ ਕਿਸਾਨਾਂ ਕੋਲ ਸੈਂਕੜੇ ਅਤੇ ਹਜ਼ਾਰਾਂ ਏਕੜ ਦੀਆਂ ਵੱਡੀਆਂ ਜਮੀਨਾਂ ਹਨ। ਜਦੋਂ ਕਿ ਸਾਡੇ ਕਿਸਾਨਾਂ ਕੋਲ ਛੋਟੀਆਂ ਜਮੀਨਾਂ ਹਨ।
ਇਹ ਵੀ ਪੜ੍ਹੋ Punjab ਦੇ ਸਕੂਲਾਂ ਦਾ ਸਮਾਂ ਬਦਲਿਆਂ, ਸੋਮਵਾਰ ਤੋਂ ਇਸ Time ‘ਤੇ ਲੱਗਣਗੇ ਸਕੂਲ
ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਅਮਰੀਕੀ ਕਿਸਾਨਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ ਅਤੇ ਮੋਦੀ ਨੇ ਉਨ੍ਹਾਂ ਨੂੰ ਇੱਕ ਅਨੁਚਿਤ ਅਤੇ ਅਸਮਾਨ ਮੁਕਾਬਲੇ ਵਿੱਚ ਪਾ ਦਿੱਤਾ ਹੈ ਅਤੇ ਅੰਤ ਵਿੱਚ ਉਹ ਬਰਬਾਦ ਹੋ ਜਾਣਗੇ।ਉਨ੍ਹਾਂ ਕਿਹਾ ਕਿ ਮੋਦੀ ਨੇ ਨਾ ਸਿਰਫ਼ ਅਮਰੀਕੀਆਂ ਲਈ ਖੇਤੀਬਾੜੀ ਬਾਜ਼ਾਰ ਖੋਲ੍ਹਿਆ ਹੈ, ਸਗੋਂ ਉਨ੍ਹਾਂ ਨੂੰ ਸਾਡੇ ਕੋਲ ਮੌਜੂਦ ਵਿਸ਼ਾਲ ਡੇਟਾ ਵੀ ਸੌਂਪਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਕੋਲ ਦੁਨੀਆ ਦਾ ਸਭ ਤੋਂ ਵੱਡਾ ਡੇਟਾ ਹੈ ਅਤੇ ਅਮਰੀਕਾ ਸਾਡੇ ਡੇਟਾ ਤੋਂ ਬਿਨਾਂ ਚੀਨ ਨਾਲ ਮੁਕਾਬਲਾ ਨਹੀਂ ਕਰ ਸਕਦਾ, ਜੋ ਕਿ ਮੋਦੀ ਨੇ ਨਿਮਰਤਾ ਨਾਲ ਟਰੰਪ ਨੂੰ ਸੌਂਪਿਆ ਹੈ।ਉਨ੍ਹਾਂ ਨੇ ਅੰਕੜਿਆਂ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ, ਕਿਹਾ ਕਿ ਜਿਹੜਾ ਵੀਹਵੀਂ ਸਦੀ ਲਈ ਤੇਲ ਸੀ, ਉਹ ਡੇਟਾ ਇੱਕੀਵੀਂ ਸਦੀ ਲਈ ਹੈ। ਮੋਦੀ ਦਾ ਅਮਰੀਕਾ ਨੂੰ ਡੇਟਾ ਸੌਂਪਣਾ ਸਾਊਦੀ ਅਰਬ ਵਾਂਗ ਹੈ, ਜਿਹੜਾ ਆਪਣਾ ਤੇਲ ਅਮਰੀਕਾ ਨੂੰ ਸੌਂਪਦਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਮੋਦੀ ਨੇ ਟਰੰਪ ਨੂੰ ਗਰੰਟੀ ਦਿੱਤੀ ਹੈ ਕਿ ਹਰ ਸਾਲ, ਭਾਰਤ ਅਮਰੀਕਾ ਤੋਂ 9 ਲੱਖ ਕਰੋੜ ਰੁਪਏ ਦੇ ਉਤਪਾਦ ਖਰੀਦੇਗਾ। ਅਜਿਹੇ ਵਿੱਚ ਕਲਪਨਾ ਕਰੋ ਕਿ ਸਾਡੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਦਾ ਕੀ ਹੋਵੇਗਾ? ਜਦੋਂ ਸਾਡਾ ਛੋਟਾ ਅਤੇ ਦਰਮਿਆਨਾ ਉਦਯੋਗ, ਜਿਹੜਾ ਖੇਤੀਬਾੜੀ ਦੇ ਨਾਲ-ਨਾਲ ਪੰਜਾਬ ਦੀ ਆਰਥਿਕਤਾ ਦੀ ਨੀਂਹ ਹੈ, ਤਬਾਹ ਹੋ ਜਾਵੇਗਾ।ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਨੇ ਰੂਸ ਅਤੇ ਈਰਾਨ ਤੋਂ ਤੇਲ ਨਾ ਖਰੀਦਣ ਦੇ ਅਮਰੀਕੀ ਹੁਕਮਾਂ ਨੂੰ ਮੰਨ ਕੇ ਦੇਸ਼ ਦੀ ਊਰਜਾ ਸੁਰੱਖਿਆ ਨੂੰ ਵੀ ਅਮਰੀਕਾ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਭਾਰਤ ਨੂੰ ਬਦਲੇ ਵਿੱਚ ਕੀ ਮਿਲਿਆ ਹੈ?ਇਸ ਮੌਕੇ ਹਜ਼ਾਰਾਂ ਲੋਕਾਂ ਦੀਆਂ ਤਾੜੀਆਂ ਦੇ ਸ਼ੋਰ ਸ਼ਰਾਬੇ ਅਤੇ ਠਹਾਕਿਆਂ ਵਿਚਾਲੇ, ਪੰਜਾਬ ਦੇ ਲੋਕਾਂ ਲਈ ਖ਼ਾਸ ਸੰਦੇਸ਼ ‘ਚ ਗਾਂਧੀ ਨੇ ਕਿਹਾ ਕਿ ਪੰਜਾਬ ਸਾਡੀ ਤਾਕਤ ਹੈ। ਇੱਥੇ ਮੈਨੂੰ ਭਾਰਤ ਦੀ ਤਾਕਤ ਦਿਸਦੀ ਹੈ। ਤੁਸੀਂ ਸਾਡੇ ਰੱਖਿਅਕ ਹੋ ਅਤੇ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਨਾ ਭੁੱਲੋ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦਾ ਹਾਂ। ਸਿਆਸਤ ਨੂੰ ਇੱਕ ਪਾਸੇ ਰੱਖ ਕੇ, ਤੁਹਾਡੇ ਭਵਿੱਖ, ਕਿਸਾਨਾਂ ਦੇ ਭਵਿੱਖ, ਨੌਜਵਾਨਾਂ ਦੇ ਭਵਿੱਖ ਨੂੰ ਉਜਵਲ ਬਣਾਉਣਾ ਹੈ। ਪੰਜਾਬ ਨੂੰ ਸਫਲ ਬਣਾਉਣਾ ਹੈ।ਇਸ ਦੌਰਾਨ ਕਾਂਗਰਸ ਆਗੂ ਨੇ ਪਾਰਟੀ ਵਿੱਚ ਟੀਮ ਵਰਕ ‘ਤੇ ਜ਼ੋਰ ਦਿੰਦੇ ਹੋਏ, ਭਰੋਸਾ ਦਿੱਤਾ ਕਿ ਵਰਕਰ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹਨ। ਉਨ੍ਹਾਂ ਕਿਹਾ ਕਿ ਸਾਡੀ ਅਸਲ ਤਾਕਤ ਸਾਡੇ ਵਰਕਰ ਹਨ। ਪੰਜਾਬ ਵਿੱਚ ਜੋ ਕੁਝ ਵੀ ਹੁੰਦਾ ਹੈ, ਉਹ ਉਨ੍ਹਾਂ ਦੀ ਸਹਿਮਤੀ ਨਾਲ ਹੋਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।