ਜ਼ਿਲ੍ਹਾ ਹੁਨਰ ਕਮੇਟੀ ਦੀ ਹੋਈ ਵਿਸ਼ੇਸ਼ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 13 ਮਾਰਚ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਹੁਨਰ ਕਮੇਟੀ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਉਨ੍ਹਾਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ , ਆਰਸੇਟੀ, ਨੈਸ਼ਨਲ ਅਰਬਨ ਲਾਇਵਲੀਹੁੱਡ ਮਿਸ਼ਨ , ਪੰਜਾਬ ਸਟੇਟ ਰੂਰਲ ਲਾਇਵਲੀਹੁੱਡ ਮਿਸ਼ਨ, ਨੈਸ਼ਨਲ ਇਸਟੀਚਿਊਟ ਆਫ਼ ਫੂਡ ਟੈਕਨਾਲੋਜ਼ੀ ਐਂਨਟਰੀਪਿਊਰਨਸ਼ਿਪ ਤੇ ਮੈਨੇਜ਼ਮੈਟ, ਮੱਛੀ ਪਾਲਣ ਤੇ ਪਸ਼ੂ ਪਾਲਣ ਵਿਭਾਗ ਦੁਆਰਾ ਚਲਾਈਆਂ ਗਈਆਂ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਸਬੰਧੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਵਿੱਤੀ ਸਾਲ 2022-23 ਵਿੱਚ ਉਨ੍ਹਾਂ ਦੀ ਸਿਖਲਾਈ ਅਤੇ ਪ੍ਰਗਤੀ ਦੀ ਗਿਣਤੀ ਨੂੰ ਉਜਾਗਰ ਕਰਨ ਵਾਲੇ ਹੋਰ ਵਿਭਾਗਾਂ ਦੁਆਰਾ ਕੀਤੇ ਕਾਰਜਾਂ ਦੀ ਸਮੀਖਿਆ ਕੀਤੀ। ਇਸ ਮੌਕੇ ਆਰਸੇਟੀ, ਪੰਜਾਬ ਸਟੇਟ ਰੂਰਲ ਲਾਇਵਲੀਹੁੱਡ ਮਿਸ਼ਨ, ਨੈਸ਼ਨਲ ਅਰਬਨ ਲਾਇਵਲੀਹੁੱਡ ਮਿਸ਼ਨ, ਮੱਛੀ ਪਾਲਣ ਤੇ ਡੇਅਰੀ ਵਿਭਾਗ ਤੋਂ ਇਲਾਵਾ ਸਕੂਲਾਂ ਵਿੱਚ ਐਨਐਸਕਿਊਐਫ਼ ਅਲਾਈਨਡ ਵੋਕੇਸ਼ਨਲ ਕੋਰਸਾਂ ਦੀ ਸਥਿਤੀ ਤੇ ਯੋਜਨਾਬੱਧ ਨਵੀਆਂ ਪਹਿਲਕਦਮੀਆਂ ਅਤੇ ਵਿਦਿਆਰਥੀਆਂ ਲਈ ਉਦਯੋਗ ਦੇ ਗੈਸਟ ਲੈਕਚਰ ਦੀ ਯੋਜਨਾ ਬਣਾਉਣ ਸਬੰਧੀ ਹਦਾਇਤ ਕੀਤੀ। ਇਸ ਦੌਰਾਨ ਉਨ੍ਹਾਂ ਰਾਸ਼ਟਰੀ ਅਪ੍ਰੈਂਟਿਸਸ਼ਿਪ ਪ੍ਰੋਤਸਾਹਨ ਸਕੀਮਾਂ ਦੀ ਸਥਿਤੀ ਤੇ ਜ਼ਿਲ੍ਹੇ ਵਿੱਚ ਇਸ ਨੂੰ ਮਜ਼ਬੂਤ ਕਰਨ ਦੇ ਤਰੀਕੇ ਅਤੇ ਡੀਬੀਈਈ ਅਤੇ ਪੀਐਸਡੀਐਮ ਤੇ ਜ਼ਿਲ੍ਹਾ ਉਦਯੋਗ ਸੈਂਟਰ ਚ ਸ਼ਮੂਲੀਅਤ ਤੇ ਉਨ੍ਹਾਂ ਨਾਲ ਸੰਯੁਕਤ ਤਾਲਮੇਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਐਨਆਰਐਲਐਮ ਤੇ ਨੈਸ਼ਨਲ ਅਰਬਨ ਲਾਇਵਲੀਹੁੱਡ ਮਿਸ਼ਨ ਵਿਭਾਗ ਦੇ ਆਈਆਈਐਫ਼ਪੀ ਦੇ ਨਾਲ ਸਹਿਯੋਗ ਲਈ ਜ਼ਰੂਰੀ ਸਿਖਲਾਈ, ਸਹਾਇਤਾ ਅਤੇ ਨਵੇਂ ਪ੍ਰੋਜੈਕਟ ਦੇ ਤਹਿਤ ਇਨਕਿਊਬੇਸ਼ਨ ਸਹਾਇਤਾ ਪ੍ਰਦਾਨ ਕਰਨਾ ਹੈ।ਪੀ.ਐੱਸ.ਆਰ.ਐੱਲ.ਐੱਮ ਨੂੰ ਦਿੱਤੇ ਜਾਣ ਵਾਲੇ ਸਰਕਾਰੀ ਸਕੂਲਾਂ ਦੀ ਵਰਦੀ ਦੇ ਹੁਕਮਾਂ ਨੂੰ ਲਾਗੂ ਕਰਨ ਦੀ ਯੋਜਨਾ ਸਬੰਧੀ, ਟਰੇਨਿੰਗ ਪਾਰਟਨਰ ਬਣਨ ਲਈ ਉਦਯੋਗ ਦੀ ਤਿਆਰੀ ਦੀ ਜਾਂਚ ਕਰਨ ਅਤੇ ਖਾਸ ਤੌਰ ’ਤੇ ਉਦਯੋਗ ਦੀ ਅਗਵਾਈ ਵਾਲੀ ਮੰਗ ਵਿੱਚ ਉਮੀਦਵਾਰਾਂ ਨੂੰ ਸਿਖਲਾਈ ਦੇਣ ਲਈ ਜਨਰਲ ਮੈਨੇਜ਼ਰ ਜ਼ਿਲ੍ਹਾ ਉਦਯੋਗ ਸੈਂਟਰ ਤੋਂ ਇਲਾਵਾ ਪੀ.ਐੱਸ.ਡੀ.ਐੱਮ. ਅਧੀਨ ਚਲਾਏ ਜਾਣ ਵਾਲੇ ਵੱਖ-ਵੱਖ ਹੁਨਰ ਕੋਰਸਾਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਸਰਕਾਰੀ ਸਕੂਲਾਂ ਅਤੇ ਸਕਿੱਲ ਸੈਂਟਰਾਂ ਦੀ ਇਕਸਾਰ ਖਰੀਦ ਨੂੰ ਸਵੈ ਸਹਾਇਤਾ ਸਮੂਹਾਂ ਦੁਆਰਾ ਚਲਾਉਣ ਲਈ ਹੋਰ ਮਹੱਤਵਪੂਰਨ ਫੈਸਲੇ ਲਏ ਗਏ ਅਤੇ ਨਾਲ ਹੀ ਕਈ ਵਿਭਾਗਾਂ ਨੂੰ ਜ਼ਿਲ੍ਹਾ ਪੱਧਰ ’ਤੇ ਵਿਸ਼ੇਸ਼ ਪਹਿਲਕਦਮੀਆਂ ਕਰਨ ਲਈ ਇਕ ਦੂਜੇ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਮੈਡਮ ਸ਼ਰੂਤੀ ਦੀਵਾਨ, ਸ੍ਰੀਮਤੀ ਗਗਨ ਸ਼ਰਮਾ ਤੋਂ ਇਲਾਵਾ ਹੋਰ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
ਅਧਿਕਾਰੀ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਮਾਰਨ ਹੰਭਲੇ : ਡਿਪਟੀ ਕਮਿਸ਼ਨਰ
ਕਿਸਾਨ ਆਗੂਆਂ ਦੇ ਘਰਾਂ ’ਚ ਸੀਬੀਆਈ ਛਾਪਿਆਂ ਦੇ ਰੋਸ਼ ’ਚ ਕਿਸਾਨਾਂ ਨੇ ਦਿੱਤੇ ਧਰਨੇ
ਕੇਂਦਰ ਸਰਕਾਰ ਦੀ ਫ਼ੂਕੀ ਅਰਥੀ
ਸੁਖਜਿੰਦਰ ਮਾਨ
ਬਠਿੰਡਾ,13ਮਾਰਚ: ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ ਕਿਸਾਨ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ’ਚ ਪਿਛਲੇ ਦਿਨੀਂ ਸੀਬੀਆਈ ਵਲੋਂ ਕੀਤੀ ਛਾਪੇਮਾਰੀ ਦੇ ਵਿਰੋਧ ਵਿਚ ਅੱਜ ਮੋਰਚੇ ਦੇ ਸੱਦੇ ਹੇਠ ਕਿਸਾਨ ਜਥੇਬੰਦੀਆਂ ਵਲੋਂ ਜ਼ਿਲ੍ਹਾ ਕੰਪਲੈਕਸਾਂ ਅੱਗੇ ਧਰਨੇ ਦਿੰਦਿਆਂ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ। 32 ਜਥੈਬੰਦੀਆਂ ਦੇ ਨੁਮਾਇੰਦਿਆਂ ਦੀ ਅਗਵਾਈ ਹੇਠ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਮਾਰਚ ਫੌਜੀ ਚੌਕ ਤੱਕ ਮਾਰਚ ਕਰਦਿਆਂ ਪੁਤਲਾ ਫ਼ੂਕਿਆ ਗਿਆ। ਇਸ ਮੌਕੇ ਕਿਸਾਨ ਆਗੂਆਂ ਵਲੋਂ ਰਾਸਟਰਪਤੀ ਦੇ ਨਾਮ ਹੇਠ ਜ਼ਿਲ੍ਹਾ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਵੀ ਸੋਪਿਆ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ,ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ,ਬੀਕੇਯੂ ਏਕਤਾ ਮਾਲਵਾ ਦੇ ਸੂਬਾ ਮੀਤ ਪ੍ਰਧਾਨ ਗੁਰਵਿੰਦਰ ਬੱਲੇ,ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਗਰਤੇਜ ਸਿੰਘ ,ਕਿਸਾਨ ਮੋਰਚਾ ਬਠਿੰਡਾ ਦੇ ਆਗੂ ਅਮਰਜੀਤ ਹਨੀ, ਕੁਲ ਹਿੰਦ ਕਿਸਾਨ ਸਭਾ ਸੂਬਾ ਪ੍ਰਧਾਨ ਕਾਮਰੇਡ ਬਲਕਰਨ ਸਿੰਘ ਬਰਾੜ ਅਤੇ ਬੀ. ਕੇ ਯੂ ਬੀਕੇਯੂ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੀਬੀਆਈ ਦੀਆਂ ਟੀਮਾਂ ਵਲੋਂ ਮੋਰਚੇ ਦੇ ਆਗੂਆਂ ਹਰਿੰਦਰ ਸਿੰਘ ਲੱਖੋਵਾਲ ਅਤੇ ਸਤਿਨਾਮ ਸਿੰਘ ਬਹਿਰੂ ਦੇ ਘਰਾਂ /ਕਾਰੋਬਾਰੀ ਥਾਵਾਂ ਤੇ ਛਾਪੇਮਾਰੀ ਕੀਤੀ ਗਈ,ਪਰ ਛਾਪੇਮਾਰੀ ਦੌਰਾਨ ਇਸ ਏਜੰਸੀ ਦੇ ਅਧਿਕਾਰੀਆਂ ਵਲੋਂ ਨਿਯਮਾਂ ਅਨੁਸਾਰ ਨਾ ਤਾਂ ਸਹੀ ਢੰਗ ਨਾਲ ਜਾਣਕਾਰੀ ਦਿੱਤੀ ਗਈ,ਨਾ ਹੀ ਕੋਈ ਸ਼ਰਚ ਵਾਰੰਟ ਅਤੇ ਨਾ ਹੀ ਕੋਈ ਐੱਫ ਆਈ ਆਰ ਮੁਹੱਈਆ ਕਰਵਾਈ ਗਈ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਅਜਿਹਾ ਦਿੱਲੀ ਮੋਰਚੇ ਦੌਰਾਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਨਿਭਾਈ ਭੂਮਿਕਾ ਦੇ ਕਾਰਨ ਸਬਕ ਸਿਖਾਉਣ ਦੇ ਇਰਾਦੇ ਨਾਲ ਕੀਤਾ ਗਿਆ ਹੈ, ਜਿਸਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ।
ਬਾਕਸ
ਡਕੌਂਦਾ ਜਥੇਬੰਦੀ ਵਿਚੋਂ ਵੱਖ ਹੋਏ ਧੜੇ ਨੇ ਅਲੱਗ ਤੋਂ ਦਿਖ਼ਾਈ ਤਾਕਤ
ਬਠਿੰਡਾ: ਉਧਰ ਜ਼ਿਲ੍ਹਾ ਕੰਪਲੈਕਸ ਦੇ ਸਾਹਮਣੇ ਇੱਕ ਹੀ ਮੁੱਦੇ ਨੂੰ ਲੈ ਕੇ ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਡਕੌਦਾ ਜਥੇਬੰਦੀ ਤੋਂ ਵੱਖ ਹੋਏ ਗਰੁੱਪ ਵਲੋਂ ਅਪਣੀ ਤਾਕਤ ਦਾ ਅਲੱਗ ਤੋਂ ਮੁਜ਼ਾਹਰਾ ਕੀਤਾ ਗਿਆ। ਨਵੀਂ ਬਣੀ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਦੀ ਅਗਵਾਈ ਹੇਠ ਧਰਨਾ ਦੇਣ ਤੋਂ ਇਲਾਵਾ ਬੱਸ ਅੱਡੇ ਤੱਕ ਮਾਰਚ ਕੱਢਦਿਆਂ ਕੇਂਦਰ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ। ਇਸ ਮੌਕੇ ਗੁਰਦੀਪ ਸਿੰਘ ਰਾਮਪੁਰਾ ਨੇ ਦਾਅਵਾ ਕੀਤਾ ਕਿ ਪਿਛਲੇ ਸਮੇਂ ਦੌਰਾਨ ਵੀ ਕੁੱਝ ਆਗੂਆਂ ਵਲੋਂ ਕਿਸਾਨ ਸੰਘਰਸ਼ ਨੂੰ ਫ਼ੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸਦੇ ਚੱਲਦੇ ਉਨ੍ਹਾਂ ਅਪਣਾ ਵੱਖਰਾ ਪ੍ਰੋਗਰਾਮ ਉਲੀਕਿਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਜੇਠੂਕੇ,ਜਨਰਲ ਸਕੱਤਰ ਹਰਵਿੰਦਰ ਕੋਟਲੀ, ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ, ਖ਼ਜ਼ਾਨਚੀ ਤਰਸੇਮ ਸਿੰਘ ਬੁਰਜ ਮਾਨਸਾਹੀਆ, ਜਗਦੇਵ ਸਿੰਘ ਲਹਿਰਾਮੁਹੱਬਤ,ਮਹਿੰਦਰ ਸਿੰਘ ਬਾਲਿਆਂਵਾਲੀ, ਇਕਬਾਲ ਸਿੰਘ ਪਥਰਾਲਾ ਅਤੇ ਸੁਰਜੀਤ ਸਿੰਘ ਮੰਡੀਕਲਾਂ ਤੇ ਔਰਤ ਆਗੂਆਂ ਬਲਜੀਤ ਕੌਰ ਰਾਮਪੁਰਾ ਤੇ ਗੁਰਮੇਲ ਕੌਰ ਕਰਾੜਵਾਲਾ ਨੇ ਵੀ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਦਿੱਲੀ ਮੋਰਚੇ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਹਿਤ 20 ਮਾਰਚ ਨੂੰ ਸੰਸਦ ਵੱਲ ਕੀਤੇ ਜਾ ਰਹੇ ਮਾਰਚ ਚ ਸ਼ਾਮਲ ਹੋਣ ਲਈ 19 ਮਾਰਚ ਨੂੰ ਦਿੱਲੀ ਪੁੱਜ ਜਾਣ।
ਸੂਬਾ ਸਰਕਾਰ ਦਾ ਮੰਤਵ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਕਾਬਿਲ ਬਣਾਉਣਾ : ਇੰਦਰਜੀਤ ਸਿੰਘ ਮਾਨ
ਨੌਜਵਾਨ ਵਰਕ ਕਲਚਰ ਵੱਲ ਮੁੜ ਕੇ ਸਵੈ ਰੋਜ਼ਗਾਰ ਸਕੀਮਾਂ ਦਾ ਲੈਣ ਲਾਹਾ : ਜਗਰੂਪ ਗਿੱਲ
ਸਵੈ ਰੋਜ਼ਗਾਰ ਰਾਹੀਂ ਨੌਜਵਾਨ ਸੂਬੇ ਦੀ ਤਰੱਕੀ ਵਿੱਚ ਪਾ ਸਕਦੇ ਹਨ ਯੋਗਦਾਨ : ਸੁਖਬੀਰ ਮਾਈਸਰਖ਼ਾਨਾ
ਸੁਖਜਿੰਦਰ ਮਾਨ
ਬਠਿੰਡਾ, 13 ਮਾਰਚ : ਸੂਬਾ ਸਰਕਾਰ ਵਲੋਂ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਅੱਜ ਇੱਥੇ ਸਥਿਤ ਇੰਡੀਅਨ ਹੋਟਲ ਮੈਨੇਜ਼ਮੈਂਟ (ਆਈਐਚਐਮ) ਵਿਖੇ ਸ਼ਹਿਰਾਂ ਤੇ ਪਿੰਡਾਂ ਦੇ ਬੇਰੋਜ਼ਗਾਰ ਉੱਦਮੀ ਲੜਕੇ ਅਤੇ ਲੜਕੀਆਂ ਲਈ ਸਵੈ ਰੋਜ਼ਗਾਰ ਪ੍ਰਾਪਤ ਕਰਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਯੋਜਨਾ ਤਹਿਤ ਇੱਕ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਮੰਤਵ ਬੇਰੋਜ਼ਗਾਰ ਨੌਜਵਾਨ ਲੜਕੇ ਲੜਕੀਆਂ ਲਈ ਵੱਧ ਤੋਂ ਵੱਧ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੇ ਹੋਰ ਸੈਮੀਨਾਰ ਭਵਿੱਖ ਵਿੱਚ ਪੰਜਾਬ ਦੇ 117 ਹਲਕਿਆਂ ਵਿੱਚ ਕਰਵਾਏ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਮੰਤਵ ਘਰ-ਘਰ ਰੋਜ਼ਗਾਰ ਪਹੁੰਚਾਉਣਾ ਤੇ ਨੌਜਵਾਨਾਂ ਨੂੰ ਸਵੈ ਰੋਜਗਾਰ ਦੇ ਕਾਬਿਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਨੇ ਸਵੈ ਰੋਜ਼ਾਗਰ ਨੂੰ ਲੈ ਕੇ ਆਪਣਾ 85 ਫ਼ੀਸਦੀ ਮਿੱਥਿਆ ਨਿਸ਼ਾਨਾ ਪੂਰਾ ਕਰ ਲਿਆ ਹੈ। ਇਸ ਤੋਂ ਪਹਿਲਾਂ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਵਿਅਕਤੀ ਦਾ ਪ੍ਰਮਾਤਮਾ ਵੀ ਹਮੇਸ਼ਾ ਸਾਥ ਦਿੰਦਾ ਹੈ। ਇਸ ਦੌਰਾਨ ਵਿਧਾਇਕ ਮੌੜ ਸੁਖਬੀਰ ਸਿੰਘ ਮਾਈਸਰਖ਼ਾਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ, ਦੇਸ਼ ਉਦੋਂ ਤੱਕ ਤਰੱਕੀ ਦੀਆਂ ਬੁਲੰਦੀਆਂ ਨੂੰ ਨਹੀਂ ਛੂੰਹਦਾ ਜਦ ਤੱਕ ਦੇਸ਼ ਦੇ ਨੌਜਵਾਨ ਆਪਣੇ ਮੁਕਾਮ ਨੂੰ ਹਾਸਲ ਨਹੀਂ ਕਰਦੇ। ਇਸ ਮੌਕੇ ਚੇਅਰਮੈਨ ਸ਼ੂਗਰਫੈਡ ਪੰਜਾਬ ਨਵਦੀਪ ਜੀਦਾ, ਚੇਅਰਮੈਨ ਨੀਲ ਗਰਗ, ਚੇਅਰਮੈਨ ਰਾਕੇਸ਼ ਪੁਰੀ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਵਧੀਕ ਡਾਇਰੈਕਟਰ ਪੰਜਾਬ ਖਾਦੀ ਬੋਰਡ ਡੀਐਸ ਸਿੱਧੂ ਅਤੇ ਖਾਦੀ ਬੋਰਡ ਦੇ ਨੁਮਾਇੰਦੇ ਸ. ਨਰਿੰਦਰ ਸਿੰਘ , ਲੀਡ ਬੈਂਕ ਮੈਨੇਜ਼ਰ ਸ਼੍ਰੀਮਤੀ ਮੰਜੂ ਮਲਹੋਤਰਾ, ਜਨਰਲ ਮੈਨੇਜਰ ਪ੍ਰੀਤ ਮਹਿੰਦਰ ਸਿੰਘ ਬਰਾੜ , ਮੈਡਮ ਬਲਜਿੰਦਰ ਕੌਰ, ਮੈਡਮ ਸਤਵੀਰ ਕੌਰ, ਜ਼ਿਲ੍ਹਾ ਪ੍ਰਧਾਨ ਦਿਹਾਤੀ ਸਤਪਾਲ ਸਿੰਘ, ਯੂਥ ਪ੍ਰਧਾਨ ਅਮਰਦੀਪ ਰਾਜਨ, ਬੱਲੀ ਬਲਜੀ, ਰਾਮ ਪ੍ਰਕਾਸ਼ ਜਿੰਦਲ, ਮਨਦੀਪ ਕੌਰ ਰਾਮਗੜ੍ਹੀਆ, ਮੈਡਮ ਰੀਤੂ ਗਰਗ,ਬਲਜਿੰਦਰ ਸਿੰਘ ਬਰਾੜ, ਡਾ. ਤਰਸੇਮ ਅਤੇ ਜਗਦੀਸ਼ ਸਿੰਘ ਵੜੈਚ ਆਦਿ ਤੋਂ ਇਲਾਵਾ ਸਵੈ ਰੋਜ਼ਗਾਰ ਚਲਾ ਰਹੇ ਉਦਮੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਭਾਜਪਾ ਯੁਵਾ ਮੋਰਚਾ ਬਠਿੰਡਾ ਸ਼ਹਿਰੀ ਦੀ ਕਾਰਜ਼ਕਾਰਨੀ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 13 ਮਾਰਚ: ਭਾਜਪਾ ਜ਼ਿਲ੍ਹਾ ਸ਼ਹਿਰੀ ਬਠਿੰਡਾ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਯੁਵਾ ਮੋਰਚਾ ਦੇ ਪ੍ਰਭਾਰੀ ਉਮੇਸ਼ ਸ਼ਰਮਾ ਦੀ ਮੌਜੂਦਗੀ ਵਿੱਚ ਅੱਜ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਨਿਧਾਨੀਆ ਨੇ ਆਪਣੀ ਕਾਰਜ਼ਕਾਰਨੀ ਕਮੇਟੀ ਦਾ ਐਲਾਨ ਕੀਤਾ। ਇਸ ਦੌਰਾਨ ਸਰੂਪ ਸਿੰਗਲਾ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੁਵਾ ਮੋਰਚਾ ਹਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ, ਇਸ ਲਈ ਇਸ ਟੀਮ ਵਿੱਚ ਭਾਜਪਾ ਦਾ ਭਵਿੱਖ ਛੁਪਿਆ ਹੋਇਆ ਹੈ, ਇਸ ਵਿੱਚੋਂ ਹੀ ਭਾਜਪਾ ਦੇ ਭਵਿੱਖ ਦੇ ਆਗੂ ਪੈਦਾ ਹੋਣਗੇ। ਇਸ ਦੌਰਾਨ ਜ਼ਿਲ੍ਹਾ ਜਨਰਲ ਸਕੱਤਰ ਉਮੇਸ਼ ਸ਼ਰਮਾ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਜ਼ਿਲ੍ਹਾ ਬਠਿੰਡਾ ਸ਼ਹਿਰੀ ਯੁਵਾ ਮੋਰਚਾ ਭਾਜਪਾ ਦੇ ਸਾਰੇ ਪ੍ਰੋਗ੍ਰਾਮਾਂ ਵਿਚ ਪੂਰੀ ਤਾਕਤ ਨਾਲ ਭਾਗ ਲਵੇਗਾ ਅਤੇ ਜ਼ਿਲ੍ਹਾ ਪ੍ਰਧਾਨ ਦੀ ਅਗੁਵਾਈ ਵਿਚ ਪ੍ਰਧਾਨ ਗੌਰਵ ਨਿਧਾਨੀਆ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨਗੇ।
ਮਾਮਲਾ ਦਵਾਈਆਂ ਦੀ ਆਨ-ਲਾਈਨ ਵਿੱਕਰੀ ਦਾ
ਕੈਮਿਸਟ ਐਸੋਸੀਏਸ਼ਨ ਨੇ ਜਤਾਇਆ ਰੋਸ਼ ਕਿ ਡਰੱਗ ਕੰਟਰੋਲਰ ਦੇ ਹੁਕਮਾਂ ਬਾਵਜੂਦ ਨਹੀਂ ਹੋ ਰਹੀ ਕਾਰਵਾਈ
ਸੁਖਜਿੰਦਰ ਮਾਨ
ਬਠਿੰਡਾ, 13 ਮਾਰਚ : ਦਵਾਈਆਂ ਦੀ ਆਨ-ਲਾਈਨ ਵਿੱਕਰੀ ਕਾਰਨ ਕੈਮਿਸਟਾਂ ਨੂੰ ਹੋ ਰਹੇ ਨੁਕਸਾਨ ਅਤੇ ਇਸਦੀ ਆੜ ’ਚ ਨਸ਼ੀਲੀਆਂ ਦਵਾਈਆਂ ਦੀ ਵਿੱਕਰੀ ਦਾ ਦੋਸ਼ ਲਗਾਉਂਦਿਆਂ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਦੋਸ਼ ਲਗਾਇਆ ਹੈ ਕਿ ਕੇਂਦਰ ਦੇ ਡਰੱਗ ਕੰਟਰੋਲਰ ਵੱਲੋਂ ਆਨਲਾਈਨ ਫਾਰਮੇਸੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਐਸੋਸੀੲੈਸ਼ਨ ਦੇ ਅਹੁੱਦੇਦਰਾਂ ਦੀ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਪ੍ਰਧਾਨ ਸੁਰਿੰਦਰ ਦੁੱਗਲ ਨੇ ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰਾਂ ਨੂੰ ਜਲਦੀ ਤੋਂ ਜਲਦੀ ਕੈਮਿਸਟਾਂ ਦੇ ਹੱਕ ਵਿੱਚ ਫੈਸਲਾ ਲੈਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਆਨਲਾਈਨ ਫਾਰਮੇਸੀ ਵਿਰੁੱਧ ਕੋਈ ਕਾਰਵਾਈ ਨਾ ਕਰਨ ਦੇ ਚੱਲਦੇ ਛੋਟੇ ਦੁਕਾਨਦਾਰ ਬੇਰੁਜ਼ਗਾਰ ਹੋਣ ਦੀ ਕਗਾਰ ’ਤੇ ਪਹੁੰਚ ਗਏ ਹਨ। ਇਸ ਮੌਕੇ ਪੀਸੀਏ ਦੇ ਜਨਰਲ ਸਕੱਤਰ ਜੀਐਸ ਚਾਵਲਾ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਫਰੀ ਹੈਂਡ ਦੇਣ ਦਾ ਮਤਲਬ ਦੇਸ਼ ਭਰ ਦੇ ਲੱਖਾਂ ਲੋਕਾਂ ਨੂੰ ਬੇਰੁਜ਼ਗਾਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ 11 ਲੱਖ ਦੇ ਕਰੀਬ ਕੈਮਿਸਟ ਹਨ, ਜਦਕਿ ਪੰਜਾਬ ਵਿੱਚ 23 ਹਜ਼ਾਰ ਕੈਮਿਸਟ ਦਵਾਈਆਂ ਦਾ ਕਾਰੋਬਾਰ ਕਰ ਰਹੇ ਹਨ, ਜਿਨ੍ਹਾਂ ਨਾਲ ਲੱਖਾਂ ਲੋਕ ਜੁੜੇ ਹੋਏ ਹਨ, ਜਿਨ੍ਹਾਂ ਦੀ ਆਰਥਿਕਤਾ ਇਸ ਕੰਮ ’ਤੇ ਹੀ ਨਿਰਭਰ ਹੈ। ਇਸ ਦੌਰਾਨ ਵਿੱਤ ਸਕੱਤਰ ਅਮਰਦੀਪ ਸਿੰਘ ਨੇ ਕੇਮਿਸਟਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਾਫ਼-ਸੁਥਰੀ ਦੁਕਾਨਦਾਰੀ ਕਰਨ ਅਤੇ ਅਜਿਹੀ ਕੋਈ ਵੀ ਵਸਤੂ ਨਾ ਵੇਚਣ, ਜਿਸ ਨਾਲ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਲੱਗੇ। ਇਸ ਦੌਰਾਨ ਟੀਬੀਡੀਸੀਏ ਦੇ ਜ਼ਿਲ੍ਹਾ ਪ੍ਰਧਾਨ ਅਤੇ ਏਆਈਓਸੀਡੀ ਦੇ ਕਾਰਜਕਾਰੀ ਮੈਂਬਰ ਅਸ਼ੋਕ ਬਾਲਿਆਂਵਾਲੀ ਨੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਸੋਸੀਏਸ਼ਨ, ਕੈਮਿਸਟਾਂ ਦੇ ਹੱਕਾਂ ਲਈ ਹਮੇਸ਼ਾ ਲੜਦੀ ਰਹੇਗੀ।ਜ਼ਿਲ੍ਹਾ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਕਹੀਆਂ। ਇਸ ਦੌਰਾਨ ਉਨ੍ਹਾਂ ਨਾਲ ਪੀਸੀਏ ਦੇ ਜਨਰਲ ਸਕੱਤਰ ਜੀਐਸ ਚਾਵਲਾ, ਵਿੱਤ ਸਕੱਤਰ ਅਮਰਦੀਪ ਸਿੰਘ, ਏਆਈਓਸੀਡੀ ਦੇ ਕਾਰਜਕਾਰੀ ਮੈਂਬਰ ਤੇ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਕਪੂਰ, ਰਾਜੀਵ ਜੈਨ, ਅਸ਼ੋਕ ਛਾਬੜਾ, ਸੰਗਰੂਰ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ, ਮੁਹਾਲੀ ਦੇ ਜਨਰਲ ਸਕੱਤਰ ਵਿਕ੍ਰਮ ਠਾਕੁਰ, ਫਾਜ਼ਿਲਕਾ ਦੇ ਜਨਰਲ ਸਕੱਤਰ ਬਾਲਕ੍ਰਿਸ਼ਨ ਕਟਾਰੀਆ, ਜਨਰਲ ਸਕੱਤਰ ਲੁਧਿਆਣਾ ਅਗਰਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਉਕਤ ਮੀਟਿੰਗ ਟੀਬੀਡੀਸੀਏ ਦੇ ਜ਼ਿਲ੍ਹਾ ਪ੍ਰਧਾਨ ਅਤੇ ਏਆਈਓਸੀਡੀ ਦੇ ਕਾਰਜਕਾਰੀ ਮੈਂਬਰ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ, ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਮਿੱਤਰਪਾਲ ਸਿੰਘ ਕੁੱਕੂ, ਜ਼ਿਲ੍ਹਾ ਸੰਗਠਨ ਸਕੱਤਰ ਵੇਦ ਪ੍ਰਕਾਸ਼ ਬੇਦੀ, ਸਕੱਤਰ ਅਨਿਲ ਕੁਮਾਰ, ਮੀਤ ਪ੍ਰਧਾਨ ਵਿਜੇ ਪਾਲ ਸਿੰਘ ਚੌਧਰੀ, ਹੋਲਸੇਲ ਯੂਨਿਟ ਪ੍ਰਧਾਨ ਦਰਸ਼ਨ ਜੌੜਾ, ਜਨਰਲ ਸਕੱਤਰ ਰੇਵਤੀ ਕਾਂਸਲ, ਭੁੱਚੋ ਯੂਨਿਟ ਪ੍ਰਧਾਨ ਕ੍ਰਿਸ਼ਨ ਲਾਲ, ਸਕੱਤਰ ਰਤਨ ਕੁਮਾਰ, ਭਗਤਾ ਯੂਨਿਟ ਪ੍ਰਧਾਨ ਰਾਕੇਸ਼ ਗੋਇਲ, ਸਕੱਤਰ ਰਾਜਨ ਅਰੋੜਾ, ਗੋਨਿਆਣਾ ਯੂਨਿਟ ਪ੍ਰਧਾਨ ਪਵਨ ਕੁਮਾਰ ਗਰਗ, ਸਕੱਤਰ ਵਿਨੋਦ ਮਿੱਤਲ, ਮੌੜ ਯੂਨਿਟ ਪ੍ਰਧਾਨ ਅੰਮ੍ਰਿਤਪਾਲ ਸਿੰਘ ਧਾਲੀਵਾਲ, ਤਰਸੇਮ ਕੁਮਾਰ, ਤਲਵੰਡੀ ਸਾਬੋ ਯੂਨਿਟ ਪ੍ਰਧਾਨ ਨਾਨਕ ਸਿੰਘ, ਸਕੱਤਰ ਰਾਜਨ ਗੋਇਲ, ਰਾਮਪੁਰਾ ਯੂਨਿਟ ਦੇ ਪ੍ਰਧਾਨ ਛਿੰਦਰਪਾਲ, ਅਜੀਤ ਅਗਰਵਾਲ, ਰਾਜਨ ਰਾਮਪੁਰਾ, ਤਾਂਗੜੀ, ਸੰਗਤ ਯੂਨਿਟ ਦੇ ਪ੍ਰਧਾਨ ਗੁਰਮੇਲ ਸਿੰਘ, ਸਕੱਤਰ ਰਾਮਸਰੂਪ, ਨਥਾਣਾ ਯੂਨਿਟ ਦੇ ਪ੍ਰਧਾਨ ਵਜਿੰਦਰ ਸ਼ਰਮਾ, ਸਕੱਤਰ ਪੰਕਜ ਕੁਮਾਰ, ਰਾਮਾਂ ਯੂਨਿਟ ਦੇ ਪ੍ਰਧਾਨ ਹਰਬੰਸ ਲਾਲ (ਤੇਲੂ ਰਾਮ), ਆਸ਼ੂ ਲਹਿਰੀ, ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਪ੍ਰੀਤਮ ਸਿੰਘ ਵਿਰਕ, ਗੁਰਵਿੰਦਰ ਸਿੰਘ ਬਖਸ਼ੀ, ਹੋਲਸੇਲ ਦੇ ਹਰੀਸ਼ ਟਿੰਕੂ, ਕ੍ਰਿਸ਼ਨ ਕੁਮਾਰ, ਅੰਮ੍ਰਿਤਪਾਲ ਸਿੰਗਲਾ, ਵਰਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਆਰਸੀਏ ਦੇ ਪੋਰੇਂਦਰ ਕੁਮਾਰ, ਸੁਰੇਸ਼ ਤਾਇਲ, ਹਰਮੇਲ ਸਿੰਘ, ਪਾਇਲਟ ਕੁਮਾਰ, ਪ੍ਰਿੰਸ ਕੁਮਾਰ ਆਦਿ ਹਾਜ਼ਰ ਸਨ।
ਚਿੱਟੀ ਮੱਖੀ ਦੇ ਖ਼ਾਤਮੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਵਿੱਢੀ ਮੁਹਿੰਮ, ਡੀਸੀ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੱਗ
ਸੁਖਜਿੰਦਰ ਮਾਨ
ਬਠਿੰਡਾ, 13 ਮਾਰਚ : ਪਿਛਲੇ ਸਾਲਾਂ ਦੌਰਾਨ ਚਿੱਟੀ ਮੱਖੀ ਕਾਰਨ ਕਿਸਾਨਾਂ ਦੇ ਚਿੱਟੇ ਸੋਨੇ(ਨਰਮੇ) ਦੀ ਫ਼ਸਲ ਦੇ ਹੋਏ ਨੁਕਸਾਨ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਵਾਰ ਇਸਦੇ ਖ਼ਾਤਮੇ ਲਈ ਅਗੇਤੀ ਮੁਹਿੰਮ ਵਿੱਢ ਦਿੱਤੀ ਹੈ। ਅੱੱਜ ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਰਮੇ ਦੀ ਫਸਲ ਦੀ ਬਿਜਾਈ ਤੋਂ ਪਹਿਲਾਂ 31 ਮਾਰਚ ਤੱਕ ਆਪੋਂ-ਆਪਣੇ ਵਿਭਾਗ ਅਧੀਨ ਆਉਂਦੇ ਏਰੀਏ ਵਿੱਚ ਚਿੱਟੀ ਮੱਖੀ ਦੇ ਪਨਾਹਗਾਰ ਨਦੀਨਾਂ ਨੂੰ ਨਸ਼ਟ ਕਰਨ ਬਾਰੇ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਚਿੱਟੀ ਮੱਖੀ ਦੀ ਰੋਕਥਾਮ ਸਬੰਧੀ ਕੈਂਪ ਲਗਾਏ ਜਾਣ। ਉਨ੍ਹਾਂ ਸਮੂਹ ਬੀਡੀਪੀਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੀ ਰੋਕਥਾਮ ਵੱਧ ਤੋਂ ਵੱਧ ਪਿੰਡਾਂ ਵਿੱਚ ਮੁਨਿਆਦੀ ਕਰਵਾ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਮੀਟਿੰਗ ਦੌਰਾਨ ਦਸਿਆ ਗਿਆ ਕਿ ਨਰਮੇ ਦੀ ਫ਼ਸਲ ’ਤੇ ਚਿੱਟੀ ਮੱਖੀ ਨਾਲ ਹੋਣ ਵਾਲੇ ਸੰਭਾਵੀ ਹਮਲੇ ਦੀ ਰੋਕਥਾਮ ਲਈ ਚਿੱਟੀ ਮੱਖੀ ਦੇ ਪਨਾਹਗਾਰ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ, ਗਾਜਰ ਘਾਹ, ਮਕੋਹ, ਗੁੱਤ ਪੱਟਣਾ ਤੇ ਜੰਗਲੀ ਸੂਰਜਮੁਖੀ ਨੂੰ ਨਸ਼ਟ ਕਰਨਾ ਜਰੂਰੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਇਸ ਸਾਲ ਨਰਮੇ/ਕਪਾਹ ਦੇ ਬੀਜ ਦੀਆਂ ਪੀ.ਏ.ਯੂ. ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਦੇ ਬੀਜ ਹੀ ਬੀਜੇ ਜਾਣ ਤੇ ਇਹ ਬੀਜ ਸਿਰਫ਼ ਸਰਕਾਰੀ ਅਦਾਰਿਆਂ ਜਾਂ ਰਜਿਸਟਰਡ ਡੀਲਰਾਂ ਪਾਸੋਂ ਹੀ ਖਰੀਦਿਆ ਜਾਵੇ ਕਿਉਂਕਿ ਇਨ੍ਹਾਂ ਅਣ-ਅਧਿਕਾਰਤ ਬੀਜਾਂ ਤੇ ਵੀ ਚਿੱਟੀ ਮੱਖੀ ਪਨਾਹ ਲੈਂਦੀ ਹੈ ਅਤੇ ਨਰਮੇ ਦੇ ਝਾੜ ਤੇ ਅਸਰ ਪੈਂਦਾ ਹੈ।ਮੀਟਿੰਗ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਬਾਬਾ ਫ਼ਰੀਦ ਕਾਲਜ ਨੇ ਬਿਜ਼ਨਸ ਆਈਡੀਆ ਪੇਸ਼ ਕਰਨ ਲਈ ’ਆਈਡੀਆ ਫੈਸਟ’ ਮੁਕਾਬਲੇ ਦਾ ਕੀਤਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 13 ਮਾਰਚ: ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਆਰਟਸ ਦੇ ਰਿਸਰਚ ਐਂਡ ਇਨੋਵੇਸ਼ਨ ਸੈੱਲ ਵੱਲੋਂ ਬਿਜ਼ਨਸ ਆਈਡੀਆ ਪੈਦਾ ਕਰਨ ਵਾਲੀ ਪ੍ਰਤੀਯੋਗਤਾ ’ਆਈਡੀਆ ਫੈਸਟ’ ਦਾ ਆਯੋਜਨ ਕੀਤਾ। ਇਸ ਗਤੀਵਿਧੀ ਨੇ ਵਿਦਿਆਰਥੀਆਂ ਨੂੰ ਆਪਣੇ ਇਨੋਵੇਟਿਵ ਬਿਜ਼ਨਸ ਆਈਡੀਆ ਨੂੰ ਲੈ ਕੇ ਅੱਗੇ ਆਉਣ ਦਾ ਮੌਕਾ ਪ੍ਰਦਾਨ ਕੀਤਾ। ਇਸ ਮੁਕਾਬਲੇ ਵਿੱਚ 12 ਟੀਮਾਂ ਨੇ ਪੈਨਲ ਅੱਗੇ ਆਪਣੇ ਬਿਜ਼ਨਸ ਆਈਡੀਆ ਪੇਸ਼ ਕੀਤੇ ਅਤੇ ਉਨ੍ਹਾਂ ਨੂੰ ਲਾਗੂ ਕਰਨ ਅਤੇ ਮਾਰਕੀਟਿੰਗ ਤਕਨੀਕਾਂ ਬਾਰੇ ਵੀ ਦੱਸਿਆ। ਡਾ. ਜਗਮਿੰਦਰ ਕੌਰ (ਐਚ.ਓ.ਡੀ.-ਯੂ.ਜੀ.) ਨੇ ਨੌਜਵਾਨਾਂ ਨੂੰ ਹਰ ਮੌਕੇ ਦਾ ਲਾਭ ਲੈਣ ਅਤੇ ਦਾਇਰੇ ਤੋਂ ਬਾਹਰ ਵੀ ਸੋਚਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਜੱਜਾਂ ਅਤੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਅਤੇ ਸਾਰੇ ਨੌਜਵਾਨ ਉੱਦਮੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਰਫ਼ ਨੌਕਰੀ ਲੱਭਣ ਵਾਲੇ ਬਣਨ ਦੀ ਬਜਾਏ ਨੌਕਰੀ ਪ੍ਰਦਾਨ ਕਰਨ ਵਾਲੇ ਬਣਨ ਦਾ ਸਬਕ ਦਿੱਤਾ। ਇਸ ਮੁਕਾਬਲੇ ਦੇ ਨਤੀਜੇ ਅਨੁਸਾਰ ਐਮ.ਏ. ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਸੰਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਜਿਸ ਨੇ ਕੰਮ ਕਰਨ ਵਾਲੇ ਮਾਪਿਆਂ ਦੇ ਬੱਚਿਆਂ ਲਈ ਡੇਅ ਕੇਅਰ ਸੈਂਟਰ ਖੋਲ੍ਹਣ ਦਾ ਵਿਚਾਰ ਪੇਸ਼ ਕੀਤਾ। ਬੀ.ਏ. ਪਹਿਲਾ ਸਾਲ ਦੀ ਹਰਮਨਪ੍ਰੀਤ ਕੌਰ ਅਤੇ ਤਰਨਪ੍ਰੀਤ ਕੌਰ ਨੇ ਆਰਗੈਨਿਕ ਫੂਡ ਦੀ ਮਾਰਕੀਟਿੰਗ ਦੇ ਵਿਚਾਰ ਨੂੰ ਸਿੱਧਾ ਖਪਤਕਾਰਾਂ ਨਾਲ ਜੋੜ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਐਪ ਬਣਾਉਣ ਦੀ ਇੱਕ ਵਧੀਆ ਯੋਜਨਾ ਦੇ ਨਾਲ ਬੀ.ਏ ਤੀਸਰਾ ਸਾਲ ਦੀ ਸੁਨਿਧੀ ਗਰਗ ਨੇ ਅਤੇ ਬੀ.ਏ. ਪਹਿਲਾ ਸਾਲ ਦੀ ਅਮਨਦੀਪ ਕੌਰ ਤੇ ਕੋਮਲਪ੍ਰੀਤ ਕੌਰ ਨੇ ਇੱਕ ਬੁਟੀਕ ਖੋਲ੍ਹਣ ਦਾ ਇੱਕ ਸ਼ਾਨਦਾਰ ਵਿਚਾਰ ਪੇਸ਼ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਜੇਤੂਆਂ ਅਤੇ ਭਾਗ ਲੈਣ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਨਜਾਇਜ਼ ਖਣਨ ਖਿਲਾਫ ਵੱਡੀ ਕਾਰਵਾਈ, ਰੂਪਨਗਰ ਜ਼ਿਲੇ ਵਿੱਚ 4 ਪੋਕਲੇਨ ਮਸ਼ੀਨਾਂ ਤੇ 5 ਟਿੱਪਰ ਜ਼ਬਤ ਕੀਤੇ: ਮੀਤ ਹੇਅਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਮਾਰਚ:ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬਾ ਵਾਸੀਆਂ ਨੂੰ ਵਾਜਬ ਕੀਮਤਾਂ ਉਤੇ ਲੋੜੀਂਦਾ ਰੇਤਾ ਮੁਹੱਈਆ ਕਰਵਾਉਣਾ ਅਤੇ ਗੈਰ ਕਾਨੂੰਨੀ ਖਣਨ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ਾਂ ‘ਤੇ ਚੱਲਦਿਆਂ ਖਣਨ ਵਿਭਾਗ ਵੱਲੋਂ ਬੀਤੀ ਰਾਤ ਵੱਡੀ ਕਾਰਵਾਈ ਕਰਦਿਆਂ ਰੂਪਨਗਰ ਜ਼ਿਲੇ ਦੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਸਵਾ ਨਦੀ ਵਿੱਚੋਂ 4 ਪੋਕਲੇਨ ਮਸ਼ੀਨਾਂ ਅਤੇ 5 ਟਿੱਪਰ ਜ਼ਬਤ ਕੀਤੇ ਗਏ ਹਨ।ਅੱਜ ਇਥੇ ਜਾਣਕਾਰੀ ਦਿੰਦਿਆਂ ਖਣਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਖਣਨ ਵਿਭਾਗ ਅਤੇ ਪੁਲਿਸ ਵਿਭਾਗ ਨੇ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਵਾ ਨਦੀ ਦੇ ਨਾਲ ਲੱਗਦੇ ਪਿੰਡਾਂ ਵਿੱਚ ਛਾਪਾ ਮਾਰਿਆ ਗਿਆ। ਇਸ ਛਾਪੇਮਾਰੀ ਦੌਰਾਨ ਗੈਰ ਕਾਨੂੰਨੀ ਖਣਨ ਕਰ ਰਹੀਆਂ 4 ਪੋਕਲੇਨ ਮਸ਼ੀਨਾਂ ਅਤੇ 5 ਟਿੱਪਰ ਜ਼ਬਤ ਕੀਤੇ ਗਏ।ਮੀਤ ਹੇਅਰ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਿਸੇ ਵੀ ਤਰ੍ਹਾਂ ਦੇ ਮਾਫੀਏ ਦੇ ਖਿਲਾਫ ਹੈ ਅਤੇ ਗੈਰ ਕਾਨੂੰਨੀ ਕਾਰਵਾਈਆਂ ਨੂੰ ਕਤਈ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਜਿੱਥੇ ਆਮ ਲੋਕਾਂ ਨੂੰ 32 ਜਨਤਕ ਖੱਡਾਂ ਤੋਂ 5.50 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਰੇਤਾ ਮੁਹੱਈਆ ਕਰਵਾਇਆ ਗਿਆ ਹੈ ਉਥੇ ਗੈਰ ਕਾਨੂੰਨੀ ਖਣਨ ਵਾਲਿਆਂ ਖਿਲਾਫ ਸਿਕੰਜਾ ਕਸਿਆ ਜਾ ਰਿਹਾ ਹੈ।
ਜਨ ਸੰਵਾਦ ਪ੍ਰੋਗ੍ਰਾਮਾਂ ਵਿਚ ਆਉਣ ਵਾਲੀ ਸ਼ਿਕਾਇਤਾਂ ਦੀ ਚੰਡੀਗੜ੍ਹ ਮੁੱਖ ਦਫਤਰ ’ਤੇ ਹੋਵੇਗੀ ਮੋਨੀਟਰਿੰਗ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਹਿਸਾਰ ਵਿਚ ਜਨ ਸੰਵਾਦ ਪ੍ਰੋਗ੍ਰਾਮ ਵਿਚ ਸੁਣੀਆਂ ਲੋਕਾਂ ਦੀਆਂ ਸਮਸਿਆਵਾਂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਮਾਰਚ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਲੋਕਾਂ ਨੂੰ ਸਮਸਿਆਵਾਂ ਦੇ ਹੱਲ ਨੂੰ ਲੈ ਕੇ ਚੰਡੀਗੜ੍ਹ ਤਕ ਨਾ ਆਉਣਾ ਪਵੇ, ਇਸ ਦੇ ਲਈ ਸਰਕਾਰ ਨੇ ਸੀਐਮ ਵਿੰਡੋਂ ਸਥਾਪਿਤ ਕੀਤਾ ਹੈ, ਜਿਸ ਦੇ ਤਹਿਤ ਹੁਣ ਤਕ ਕਰੀਬ ਸਾਢੇ 10 ਲੱਖ ਸ਼ਿਕਾਇਤਾਂ ਦਾ ਹੱਲ ਕੀਤਾ ਜਾ ਚੁੱਕਾ ਹੈ। ਲੋਕਾਂ ਨਾਲ ਰੁਬਰੂ ਹੋ ਕੇ ਸਮਸਿਆਵਾਂ ਦੇ ਹੱਲ ਲਈ ਹਰ ਜਿਲ੍ਹਾ ਪੱਧਰ ’ਤੇ ਜਨ ਸੰਵਾਦ ਪ੍ਰੋਗ੍ਰਾਮ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਨ ਸੰਵਾਦ ਪ੍ਰੋਗ੍ਰਾਮਾਂ ਵਿਚ ਆਉਣ ਵਾਲੀ ਸ਼ਿਕਾਇਤਾਂ ਚੰਡੀਗੜ੍ਹ ਮੁੱਖ ਦਫਤਰ ’ਤੇ ਜਨ ਸੰਵਾਦ ਪੋਰਟਲ ’ਤੇ ਦਰਜ ਹੋਣਗੀਆਂ ਅਤੇ ਰਾਜ ਪੱਧਰ ’ਤੇ ਮੋਨੀਟਰਿੰਗ ਕੀਤੀ ਜਾਵੇਗੀ। ਸੂਬੇ ਵਿਚ ਹੁਣ ਤਕ 4 ਜਨ ਸੰਵਾਦ ਪ੍ਰੋਗ੍ਰਾਮ ਪ੍ਰਬੰਧਿਤ ਕਰ ਲੋਕਾਂ ਦੀ ਸ਼ਿਕਾਇਤਾਂ ਦਾ ਹੱਲ ਕੀਤਾ ਜਾ ਚੁੱਕਾ ਹੈ। ਹਿਸਾਰ ਵਿਚ ਇਹ 5ਵਾਂ ਪ੍ਰੋਗ੍ਰਾਮ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਆਮਜਨਤਾ ਦੀ ਸਮਸਿਆਵਾਂ ਦੇ ਹੱਲ ਲਈ ਵਚਨਬੱਧ ਹੈ।ਮੁੱਖ ਮੰਤਰੀ ਐਤਵਾਰ ਨੂੰ ਹਿਸਾਰ ਦੇ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਦੇ ਚੌਧਰੀ ਰਣਬੀਰ ਸਿੰਘ ਓਡੀਟੋਰਿਅਮ ਵਿਚ ਪ੍ਰਬੰਧਿਤ ਜਨ ਸੰਵਾਦ ਪ੍ਰੋਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ। ਪ੍ਰੋਗ੍ਰਾਮ ਵਿਚ ਕੁੱਲ 428 ਸਮਸਿਆਵਾਂ ਰੱਖੀਆਂ ਗਈਆਂ, ਜੋ ਸਿੰਚਾਈ ਵਿਭਾਗ, ਵਿਕਾਸ ਅਤੇ ਪੰਚਾਇਤ, ਪੁਲਿਸ, ਸਿਹਤ, ਸ਼ਹਿਰੀ ਸਥਾਨਕ ਨਿਗਮ, ਜਨ ਸਿਹਤ , ਬਿਜਲੀ ਨਿਗਮ ਅਤੇ ਪਰਿਵਾਰ ਪਹਿਚਾਣ ਪੱਤਰ ਆਦਿ ਨਾਲ ਸਬੰਧਿਤ ਰਹੀ। ਮੁੱਖ ਮੰਤਰੀ ਨੇ ਸ਼ਿਕਾਇਤਕਰਤਾਵਾਂ ਦੀ ਸ਼ਿਕਾਇਤਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਹੱਲ ਲਈ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਸਿੱਧੇ ਸੰਵਾਦ ਲਈ ਬਹੁਤ ਸਾਰੇ ਵਿਵਸਥਾਵਾਂ ਬਣਾਈਆਂ ਹਨ, ਜਨ ਸੰਵਾਦ ਵੀ ਉਸੀ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਨਿਆਂ ਮਿਲਨਾ ਜਰੂਰੀ ਹੈ ਅਤੇ ਇਹੀ ਸਰਕਾਰ ਦਾ ਮਕਸਦ ਹੈ। ਇਸ ਦੇ ਲਈ ਤਿੰਨ ਏਮਿਨੇਂਟ ਪਰਸਨ ਵੀ ਲਗਾਏ ਗਏ ਹਨ, ਤਾਂ ਜੋ ਪੀੜਤ ਦੇ ਨਾਲ ਅਨਿਆਂ ਨਾ ਹੋਵੇ। ਸ੍ਰੀ ਮਨੋਹਰ ਲਾਲ ਨੇ ਸਿੰਚਾਈ ਵਿਭਾਗ ਨਾਲ ਸਬੰਧਿਤ ਸ਼ਿਕਾਇਤ ਸੁਣਦੇ ਹੋਏ ਕਿਹਾ ਕਿ ਸਾਨੂੰ ਜਲ ਸਰੰਖਣ ’ਤੇ ਵੀ ਧਿਆਨ ਦੇਣਾ ਹੈ। ਸੂਖਮ ਸਿੰਚਾਈ ਯੋਜਨਾ ਨਾਲ ਪਾਣੀ ਦੀ ਵੀ ਬਚੱਤ ਹੁੰਦੀ ਹੈ। ਲੋਕ ਸਰਕਾਰ ਦੀ ਭਲਾਈਕਾਰੀ ਯੋਜਨਾਵਾਂ ਦਾ ਲਾਭ ਚੁੱਕਣ। ਸਰਕਾਰ ਨੇ ਆਮਜਨਭ ਦੇ ਹਿੱਤ ਲਈ ਅਨੇਕ ਯੋਜਨਾਵਾਂ ਲਾਗੂ ਕੀਤੀਆਂ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਧਿਕਾਰੀ ਬਿਨ੍ਹਾ ਕਿਸੇ ਦੇਰੀ ਦੇ ਲੋਕਾਂ ਦੀ ਸਮਸਿਆਵਾਂ ਦਾ ਹੱਲ ਕਰਨ। ਯੋਗ ਲੋਕਾਂ ਨੂੰ ਸਮੇਂ ਬੱਧ ਢੰਗ ਨਾਲ ਯੋਜਨਾਵਾਂ ਦਾ ਲਾਭ ਮਿਲਣਾ ਚਾਹੀਦਾ ਹੈ।ਇਸ ਮੌਕੇ ’ਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ, ਵਿਧਾਨਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ, ਸਾਂਸਦ ਬ੍ਰਜੇਂਦਰ ਸਿੰਘ, ਵਿਧਾਇਕ ਜੋਗੀਰਾਮ ਸਿਹਾਗ, ਵਿਧਾਇਕ ਵਿਨੋਦ ਭਿਯਾਨਾ, ਮੇਅਰ ਗੌਤਮ ਸਰਦਾਨਾ, ਜਿਲ੍ਹਾ ਪਰਿਸ਼ਦ ਚੇਅਰਮੈਨ ਸੋਨੂ ਹਿਸਾਗ, ਹਿਸਾਰ ਡਿਵੀਜਨਲ ਕਮਿਸ਼ਨਰ ਗੀਤਾ ਭਾਰਤੀ, ਹਿਸਾਰ ਰੇਂਜ ਦੇ ਏਡੀਜੀਪੀ ਸ੍ਰੀਕਾਂਤ ਜਾਧਵ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਸ਼ਿਕਾਇਤਕਰਤਾ ਮੋਜੂਦ ਰਹੇ। ਜਨ ਸੰਵਾਦ ਪ੍ਰੋਗ੍ਰਾਰਮ ਵਿਚ ਪਹੁੰਚਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਮਹਾਰਾਜਾ ਅਗਰਸੇਨ ਹਵਾਈ ਅੱਡੇ ਦਾ ਹਵਾਈ ਸਰਵੇ ਕੀਤਾ। ਮੁੱਖ ਮੰਤਰੀ ਨੇ ਸ਼ਹਿਰ ਵਿਚ ਲੇਫਟੀਨੈਂਟ ਕਰਨਲ ਸੁੰਦਰ ਸਿੰਘ ਮਾਰਗ ਦਾ ਵੀ ਉਦਘਾਟਨ ਕੀਤਾ।
ਜੀ 20 ਸੰਮੇਲਨ ਖ਼ਿਲਾਫ ਰੋਸ ਮੁਜ਼ਾਹਰਾ ਕਰੇਗੀ ਬੀਕੇਯੂ (ਏਕਤਾ-ਉਗਰਾਹਾਂ)
ਪੰਜਾਬ ਦੀ ਸਨਅਤ ਤੇ ਖੇਤੀ ਨੂੰ ਸਾਮਰਾਜੀ ਸੰਸਥਾਵਾਂ ਦੇ ਪ੍ਰਛਾਵੇਂ ਤੋਂ ਦੂਰ ਰੱਖਣ ਦੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਮਾਰਚ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) 15 ਮਾਰਚ ਨੂੰ ਹੋ ਰਹੇ ਜੀ-20 ਸੰਮੇਲਨ ਦਾ ਵਿਰੋਧ ਕਰਦਿਆਂ ਅੰਮ੍ਰਿਤਸਰ ’ਚ ਰੋਸ ਮੁਜ਼ਾਹਰਾ ਕਰੇਗੀ ਤੇ ਮੰਗ ਕਰੇਗੀ ਕਿ ਦੇਸ਼ ਤੇ ਪੰਜਾਬ ਦੀ ਖੇਤੀ ਤੇ ਸਨਅਤ ਨੂੰ ਇਹਨਾਂ ਸਾਮਰਾਜੀ ਲੁਟੇਰੇ ਮੰਤਵਾਂ ਦੇ ਪ੍ਰਛਾਵੇਂ ਤੋਂ ਦੂਰ ਰੱਖਿਆ ਜਾਵੇ ਤੇ ਸੰਸਾਰ ਵਪਾਰ ਸੰਸਥਾ ਵਰਗੇ ਸਾਮਰਾਜੀ ਅਦਾਰਿਆਂ ਨਾਲ ਕੀਤੀਆਂ ਲੋਕ-ਧ੍ਰੋਹੀ ਸੰਧੀਆਂ ਰੱਦ ਕੀਤੀਆਂ ਜਾਣ। ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਦੇਸ਼ ਅੰਦਰ ਜੀ-20 ਦੀਆਂ ਮੀਟਿੰਗਾਂ ਹੋ ਰਹੀਆਂ ਹਨ ਤੇ ਇਹਨਾਂ ਦੇ ਏਜੰਡਿਆਂ ’ਚੋਂ ਸਿੱਖਿਆ ਅਤੇ ਲੇਬਰ ਮੁੱਦਿਆਂ ਤੇ ਹੋਣ ਵਾਲੀਆਂ ਮੀਟਿੰਗਾਂ ਪੰਜਾਬ ਅੰਦਰ ਅੰਮ੍ਰਿਤਸਰ ਵਿੱਚ ਕਰਵਾਈਆਂ ਜਾਣੀਆਂ ਹਨ। ਉਹਨਾਂ ਕਿਹਾ ਕਿ ਦੁਨੀਆਂ ਦੇ ਵੱਡੇ ਸਾਮਰਾਜੀ ਮੁਲਕਾਂ ਦੀ ਸ਼ਮੂਲੀਅਤ ਤੇ ਮੋਹਰੀ ਭੂਮਿਕਾ ਵਾਲਾ ਇਹ 20 ਦੇਸ਼ਾਂ ਦਾ ਗਰੁੱਪ ਸਾਮਰਾਜੀ ਮੁਲਕਾਂ ਦੇ ਲੁਟੇਰੇ ਮੰਤਵਾਂ ਨੂੰ ਅੱਗੇ ਵਧਾਉਣ ਲਈ ਬਣਾਇਆ ਗਿਆ ਹੈ। ਇਸ ਮੰਚ ਰਾਹੀਂ ਸੰਸਾਰ ਸਾਮਰਾਜੀ ਸੰਸਥਾਵਾਂ ਜਿਵੇਂ ਸੰਸਾਰ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਕੋਸ਼ ਤੇ ਸੰਸਾਰ ਬੈਂਕ ਆਦਿ ਦੇ ਲੁਟੇਰੇ ਏਜੰਡਿਆਂ ਨੂੰ ਪਛੜੇ ਮੁਲਕਾਂ ’ਤੇ ਮੜ੍ਹਿਆ ਜਾਂਦਾ ਹੈ। ਭਾਰਤ ਵਰਗੇ ਮੁਲਕਾਂ ਦੀ ਖੇਤੀ, ਸਨਅਤ ਤੇ ਵਪਾਰ ’ਚ ਸਾਮਰਾਜੀ ਕੰਪਨੀਆਂ ਤੇ ਮੁਲਕਾਂ ਦੀ ਪੁੱਗਤ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਦੀਆਂ ਸੰਧੀਆਂ ਕੀਤੀਆਂ ਜਾਂਦੀਆਂ ਹਨ। ਦੇਸ਼ ਦੇ ਕੁਦਰਤੀ ਸੋਮਿਆਂ ਤੇ ਕਿਰਤ ਸ਼ਕਤੀ ਨੂੰ ਸਾਮਰਾਜੀਆਂ ਵੱਲੋਂ ਲੁੱਟਣ ਦੀਆਂ ਵਿਉਤਾਂ ਇਹਨਾਂ ਮੰਚਾਂ ਰਾਹੀਂ ਘੜੀਆਂ ਤੇ ਲਾਗੂ ਕੀਤੀਆਂ ਜਾਂਦੀਆਂ ਹਨ। ਇਹ ਦੇਸ਼ ਨੂੰ ਸਾਮਰਾਜੀਆਂ ਕੋਲ ਗਹਿਣੇ ਧਰਨ ਦਾ ਪਲੇਟਫਾਰਮ ਹੈ।ਆਗੂਆਂ ਨੇ ਕਿਹਾ ਕਿ ਪੰਜਾਬ ਦੀ ਤਬਾਹ ਹੋ ਰਹੀ ਸਨਅਤ ਤੇ ਸੰਕਟਾਂ ’ਚ ਘਿਰੀ ਖੇਤੀ ਉਹਨਾਂ ਮੰਚਾਂ ਰਾਹੀਂ ਹੋਈਆਂ ਸੰਧੀਆਂ ਤਹਿਤ ਲਾਗੂ ਕੀਤੀਆਂ ਗਈਆਂ ਨਵੀਆਂ ਆਰਥਿਕ ਤੇ ਸਨਅਤੀ ਨੀਤੀਆਂ ਦਾ ਹੀ ਕਹਿਰ ਹੰਢਾ ਰਹੀ ਹੈ। ਫ਼ਸਲਾਂ ਲੁੱਟਣ ਤੇ ਜ਼ਮੀਨ ਹੜੱਪਣ ਦੀ ਨੀਅਤ ਨਾਲ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਖੇਤੀ ਕਾਨੂੰਨ ਸੰਸਾਰ ਵਪਾਰ ਸੰਸਥਾਵਾਂ ਦੀਆਂ ਹਦਾਇਤਾਂ ’ਤੇ ਅਜਿਹੇ ਮੰਚਾਂ ਰਾਹੀਂ ਹੀ ਆਏ ਸਨ। ਉਹਨਾਂ ਸਭਨਾਂ ਦੇਸ਼ ਭਗਤ ਤੇ ਸਾਮਰਾਜੀ ਜਮਹੂਰੀ ਤਾਕਤਾਂ ਨੂੰ ਸੱਦਾ ਦਿੱਤਾ ਕਿ ਉਹ ਜੱਥੇਬੰਦੀ ਵੱਲੋਂ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਦੀ ਹਿਮਾਇਤ ਕਰਨ ਤੇ ਸਾਮਰਾਜੀ ਲੁਟੇਰੇ ਹਿੱਤਾਂ ਲਈ ਕਰਵਾਏ ਜਾ ਰਹੇ ਇਸ ਸੰਮੇਲਨ ਦਾ ਵਿਰੋਧ ਕਰਨ ਲਈ ਸ਼ਹੀਦ ਭਗਤ ਸਿੰਘ ਦਾ ਸਾਮਰਾਜਵਾਦ-ਮੁਰਦਾਬਾਦ ਦਾ ਨਾਅਰਾ ਬੁਲੰਦ ਕਰਨ।





