ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 12 ਮਾਰਚ : ਬੀਤੇ ਕੱਲ ਤੋਂ ਘਰੋਂ ਗਾਇਬ ਇੱਕ ਚਾਰ ਸਾਲਾਂ ਬੱਚੇ ਦੀ ਲਾਸ਼ ਅੱਜ ਸਥਾਨਕ ਸ਼ਹਿਰ ਦੇ ਮਾਡਲ ਟਾਊਨ ਦੇ ਫੇਜ਼ ਇੱਕ ਦੀ ਵਾਟਰ ਵਰਕਸ ਦੀ ਟੈਂਕੀ ਵਿਚੋਂ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ਦਾ ਪਤਾ ਲੱਗਣ ’ਤੇ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ ’ਤੇ ਪੁੱਜੇ, ਜਿੰਨ੍ਹਾਂ ਬੱਚੇ ਦੀ ਲਾਸ਼ ਨੂੰ ਪਾਣੀ ਵਿਚੋਂ ਬਾਹਰ ਕੱਢਿਆ। ਇਸ ਦੌਰਾਨ ਬੱਚੇ ਦੀ ਪਹਿਚਾਣ ਵੀ ਹੋ ਗਈ। ਮ੍ਰਿਤਕ ਜਸ਼ਨਦੀਪ ਸਿੰਘ (4 ਸਾਲ) ਪੁੱਤਰ ਲਖਵਿੰਦਰ ਸਿੰਘ ਵਾਸੀ ਭਾਗੂ ਰੋਡ ਦਾ ਰਹਿਣ ਵਾਲਾ ਸੀ, ਜੋਕਿ ਪਹਿਲੀ ਜਮਾਤ ਵਿਚ ਪੜ੍ਹਦਾ ਸੀ। ਪਤਾ ਲੱਗਿਆ ਹੈ ਕਿ ਮ੍ਰਿਤਕ ਦਾ ਪਿਤਾ ਜੇਸੀਬੀ ਮਸ਼ੀਨ ਚਲਾਉਂਦਾ ਹੈ। ਸਹਾਰਾ ਟੀਮ ਨੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਮੁਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਬੀਤੇ ਕੱਲ ਬੱਚਾ ਖੇਡਦਾ ਹੋਇਆ ਪਾਣੀ ਦੀ ਡਿੱਗੀ ਨੇੜੇ ਪੁੱਜ ਗਿਆ ਤੇ ਇਸ ਦੌਰਾਨ ਅਚਾਨਕ ਉਹ ਪਾਣੀ ਦੀ ਡਿੱਗੀ ਵਿਚ ਡਿੱਗ ਪਿਆ, ਜਿਸ ਕਰਨ ਉਸਦੀ ਡੁੱਬਣ ਕਾਰਨ ਮੌਤ ਹੋ ਗਈ। ਅੱਜ ਉਕਤ ਬੱਚੇ ਦੀ ਲਾਸ਼ ਵਿੱਚ ਪਾਣੀ ਭਰਨ ਤੋਂ ਬਾਅਦ ਉਪਰ ਉੱਪਰ ਆ ਗਈ ਤੇ ਜਿਸਤੋਂ ਬਾਅਦ ਸਾਰੀ ਘਟਨਾ ਦਾ ਪਤਾ ਲੱਗਿਆ।ਉਧਰ ਮਾਡਲ ਟਾਊਨ ਪੁਲਿਸ ਚੌਕੀ ਦੇ ਅਧਿਕਾਰੀਆਂ ਨੇ ਦਸਿਆ ਕਿ ਕਾਨੂੰਨੀ ਕਾਰਵਾਈ ਤੋਂ ਬਾਅਦ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸਨੂੰ ਵਾਰਿਸਾਂ ਨੂੰ ਸੌਂਪ ਦਿੱਤੀ ਹੈ। ਇਸ ਘਟਨਾ ਕਾਰਨ ਬੱਚੇ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।
ਬੀਤੇ ਕੱਲ ਤੋਂ ਗਾਇਬ ਚਾਰ ਸਾਲਾਂ ਬੱਚੇ ਦੀ ਲਾਸ਼ ਪਾਣੀ ਦੀ ਡਿੱਗੀ ਵਿਚੋਂ ਬਰਾਮਦ
ਭਾਜਪਾ ਪੰਜਾਬ ’ਚ ‘ਗਵਰਨਰੀ’ ਰਾਜ ਦੇ ਹੱਕ ਵਿਚ ਨਹੀਂ, ਪਰ ਜੇ ਪਾਣੀ ਸਿਰ ਤੋਂ ਟੱਪਣ ਲੱਗਿਆ ਤਾਂ ਕੇਂਦਰ ਦੇ ਸਕਦਾ ਹੈ ਦਖ਼ਲ: ਡਾ ਵੇਰਕਾ
ਅਮਨ ਤੇ ਕਾਨੂੰਨ ਦੀ ਸਥਿਤੀ ’ਤੇ ਭਾਜਪਾ ਮੁੱਖ ਮੰਤਰੀ ਤੇ ਮੰਤਰੀਆਂ ਸਹਿਤ ਵਿਧਾਇਕਾਂ ਦੀਆਂ ਰਿਹਾਇਸ਼ਾਂ ਦਾ ਕਰੇਗੀ ਘਿਰਾਓ
ਸੁਖਜਿੰਦਰ ਮਾਨ
ਬਠਿੰਡਾ, 12 ਮਾਰਚ : ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣ ਲਈ ਕੇਂਦਰ ਉਪਰ ਦਖਲਅੰਦਾਜ਼ੀ ਦੇ ਲੱਗ ਰਹੇ ਦੋਸ਼ਾਂ ਨੂੰ ਰੱਦ ਕਰਦਿਆਂ ਭਾਜਪਾ ਨੇ ਐਲਾਨ ਕੀਤਾ ਹੈ ਕਿ ‘‘ ਪਾਰਟੀ ਪੰਜਾਬ ’ਚ ‘ਗਵਰਨਰੀ’ ਰਾਜ ਦੇ ਹੱਕ ਵਿਚ ਨਹੀਂ ਪ੍ਰੰੰਤੂ ਜੇਕਰ ਪਾਣੀ ਸਿਰ ਉੱਪਰੋ ਟੱਪਣ ਲੱਗਿਆ ਤਾਂ ਕੇਂਦਰ ਦਖਲ ਦੇ ਸਕਦਾ ਹੈ। ’’ ਇਹ ਦਾਅਵਾ ਅੱਜ ਇੱਥੇ ਪੰਜਾਬ ਦੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਦੇ ਸੂਬਾਈ ਉਪ ਪ੍ਰਧਾਨ ਡਾ ਰਾਜ ਕੁਮਾਰ ਵੇਰਕਾ ਨੇ ਕੀਤਾ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਅਤੇ ਮੀਡੀਆ ਇੰਚਾਰਜ਼ ਸੁਨੀਲ ਸਿੰਗਲਾ ਦੀ ਹਾਜ਼ਰੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਵੇਰਕਾ ਨੇ ਪੰਜਾਬ ਸਰਕਾਰ ’ਤੇ ਦੋਸ਼ ਲਗਾਇਆ ਕਿ ‘‘ ਸੂਬੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨਿੱਤ ਦਿਨ ਵਿਗੜ ਰਹੀ ਹੈ, ਥਾਣਿਆਂ ‘ਤੇ ਕਬਜ਼ੇ ਹੋ ਰਹੇ ਹਨ ਤੇ ਨਸ਼ਿਆਂ ਕਾਰਨ ਨਿੱਤ ਦਿਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਪ੍ਰੰਤੂ ਆਪ ਸਰਕਾਰ ਇਸਨੂੰ ਰੋਕਣ ਲਈ ਕੁੱਝ ਨਹੀਂ ਕਰ ਰਹੀ ਹੈ। ’’ ਹਾਲਾਂਕਿ ਇਸ ਮੌਕੇ ਉਨ੍ਹਾਂ ਪੱਤਰਕਾਰਾਂ ਵਲੋਂ ਇਹ ਪੁੱਛਣ ਕਿ ਸਰਹੱਦਾਂ ਦੀ ਸੁਰੱਖਿਆ ਦਾ ਜਿੰਮਾ ਕੇਂਦਰ ਦੇ ਕੋਲ ਹੈ, ਇਸਦੇ ਬਾਵਜੂਦ ਹਰ ਰੋਜ਼ ਭਾਰੀ ਤਾਦਾਦ ਵਿਚ ਨਸ਼ੇ ਪੁੱਜ ਰਹੇ ਹਨ ਤਾਂ ਡਾ ਵੇਰਕਾ ਨੇ ਕਿਹਾ ਕਿ ਕੇਂਦਰ ਅਪਣਾ ਕੰਮ ਕਰ ਰਹੀ ਹੈ ਪ੍ਰੰਤੂ ਪੰਜਾਬ ਸਰਕਾਰ ਸੂਬੇ ’ਚ ਬਣ ਰਹੇ ਸੈਥੰਟਿਕ ਨਸ਼ਿਆਂ ’ਤੇ ਲਗਾਮ ਨਹੀਂ ਲਗਾ ਸਕੀ ਹੈ। ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਸਰਕਾਰ ਦੀ ਮਿਲੀਭੁਗਤ ਹੈ, ਜਿਸਦੇ ਚੱਲਦੇ ਹਾਲੇ ਤੱਕ ਉਸਦੇ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸੇ ਤਰ੍ਹਾਂ ਜੇਲ੍ਹਾਂ ’ਚ ਹੋ ਰਹੀ ਗੈਗਵਾਰ ਦੇ ਮਾਮਲੇ ਵਿਚ ਵੀ ਊਨ੍ਹਾਂ ਸਰਕਾਰ ’ਤੇ ਸਵਾਲ ਖੜੇ ਕੀਤੇ। ਡਾ ਵੇਰਕਾ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਸਥਿਤੀ ਵਿਚ ਸੁਧਾਰ ਨਹੀਂ ਕਰ ਪਾਈ ਤਾਂ ਭਾਜਪਾ ਸੂਬੇ ਭਰ ਵਿੱਚ ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰੇਗੀ। ਇਸਦੇ ਨਾਲ ਹੀ ਉਨ੍ਹਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੈਦਾਰ ਨੂੰ ਵੀ ਸਵਾਲ ਪੁਛਦਿਆਂ ਕਿਹਾ ਕਿ ‘‘ ਅਜਨਾਲਾ ਘਟਨਾ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਲਿਜਾਣ ਦੇ ਮਾਮਲੇ ਵਿਚ ਉਨ੍ਹਾਂ ਵਲੋਂ ਵੀ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸ ਘਟਨਾ ’ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਮੁੱਚੀ ਸਿੱਖ ਸੰਗਤ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ। ਪੰਜਾਬ ਬਜਟ ਬਾਰੇ ਬੋਲਦਿਆਂ ਡਾ ਵੇਰਕਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਪ ਨੇ ਹਰੇਕ ਔਰਤ ਨੂੰ 1000-1000 ਰੁਪਏ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਇੱਕ ਸਾਲ ਬਾਅਦ ਵੀ ਬਜ਼ਟ ਵਿਚ ਕੋਈ ਤਜਵੀਜ ਨਹੀਂ ਰੱਖੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਪੰਜਾਬ ਸਿਰ ਸਿਰਫ਼ ਇੱਕ ਸਾਲ ਵਿਚ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ ਚਾੜ ਦਿੱਤਾ ਹੈ ਜਦੋਂਕਿ ਵਿਕਾਸ ਕਿਧਰੇ ਨਜ਼ਰ ਨਹੀਂ ਆ ਰਿਹਾ।
ਬਠਿੰਡਾ ’ਚ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਮੈਦਾਨ ਭਖਿਆ, ਸੂਬਾਈ ਅਹੁੱਦੇਦਾਰੀਆਂ ਲਈ ਵੀ ਮੈਦਾਨ ’ਚ
ਬਠਿੰਡਾ ਸ਼ਹਿਰੀ ’ਚ ਸਭ ਤੋਂ ਵੱਧ ਤੇ ਤਲਵੰਡੀ ਸਾਬੋ ’ਚ ਇਕਲੌਤਾ ਉਮੀਦਵਾਰ
ਦਿਹਾਤੀ ਪ੍ਰਧਾਨਗੀ ਲਈ ਮੌਜੂਦਾ ਪ੍ਰਧਾਨ ਲਖਵਿੰਦਰ ਲੱਖੀ ਸਹਿਤ ਤਿੰਨ ਉਮੀਦਵਾਰ ਹੋਏ ਆਹਮੋ-ਸਾਹਮਣੇ
ਵਿਧਾਨ ਸਭਾ ਹਲਕਿਆਂ ਦੀ ਪ੍ਰਧਾਨਗੀ ਲਈ ਗਹਿਗੱਚ ਮੁਕਾਬਲੇ ਹੋਣ ਦੀ ਸੰਭਾਵਨਾ
ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ : ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਆਮ ਘਰਾਂ ਦੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਣ ਲਈ ਕੁੱਝ ਸਾਲ ਪਹਿਲਾਂ ਯੂਥ ਵਿੰਗ ’ਚ ਚਲਾਈ ਚੋਣ ਮੁਹਿੰਮ ਤਹਿਤ ਹੁਣ ਮੁੜ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਮੈਦਾਨ ਭਖਣ ਲੱਗਿਆ ਹੈ। ਅਗਲੇ ਤਿੰਨ ਸਾਲ ਲਈ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਪ੍ਰਧਾਨਾਂ ਦੀਆਂ ਹੋ ਰਹੀਆਂ ਇੰਨ੍ਹਾਂ ਚੋਣਾਂ ਲਈ ਵੱਡੀ ਗਿਣਤੀ ਵਿਚ ਨੌਜਵਾਨ ਚੋਣ ਮੈਦਾਨ ਵਿਚ ਆਉਣ ਲੱਗੇ ਹਨ। ਇਹ ਚੋਣ ਪ੍ਰਕ੍ਰਿਆ ਬੀਤੇ ਕੱਲ 10 ਮਾਰਚ ਤੋਂ ਸ਼ੁਰੂ ਹੋ ਗਈ ਹੈ ਤੇ ਆਗਾਮੀ 10 ਅਪ੍ਰੈਲ ਤੱਕ ਚੱਲਣੀ ਹੈ। ਸੂਚਨਾ ਮੁਤਾਬਕ ਜਿੱਥੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਲਈ ਤਿਕੌਣੀ ਟੱਕਰ ਹੋਣ ਜਾ ਰਹੀ ਹੈ, ਉਥੇ ਬਠਿੰਡਾ ਸ਼ਹਿਰੀ ਹਲਕੇ ਲਈ ਸਭ ਤੋਂ ਵੱਧ ਪੰਜ ਉਮੀਦਵਾਰ ਮੈਦਾਨ ਵਿਚ ਹਨ ਜਦੋਂਕਿ ਜ਼ਿਲ੍ਹੇ ਵਿਚ ਤਲਵੰਡੀ ਸਾਬੋ ਅਜਿਹਾ ਇਕਲੌਤਾ ਵਿਧਾਨ ਸਭਾ ਹਲਕਾ ਹੈ, ਜਿੱਥੇ ਪ੍ਰਧਾਨ ਦੇ ਅਹੁੱਦੇ ਲਈ ਸਿਰਫ਼ ਇਕ ਹੀ ਉਮੀਦਵਾਰ ਮੈਦਾਨ ਵਿਚ ਹੈ। ਇਸਤੋਂ ਇਲਾਵਾ ਜ਼ਿਲ੍ਹੇ ਨਾਲ ਸਬੰਧਤ ਯੂਥ ਕਾਂਗਰਸ ਦਾ ਇੱਕ ਵੱਡਾ ਆਗੂ ਰਣਜੀਤ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਦੇ ਅਹੁੱਦੇ ਲਈ ਵੀ ਚੋਣ ਲੜ ਰਿਹਾ ਹੈ। ਯੂਥ ਆਗੂ ਰਣਜੀਤ ਸਿੰਘ ਸੰਧੂ ਜਿੱਥੇ ਜ਼ਿਲ੍ਹਾ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਦਾ ਨਜਦੀਕੀ ਮੰਨਿਆਂ ਜਾਂਦਾ ਹੈ, ਉਥੇ ਸੂਬੇ ਵਿਚ ਉਸਨੂੰ ਹੋਰਨਾਂ ਆਗੂਆਂ ਦਾ ਵੀ ਸਮਰਥਨ ਹਾਸਲ ਦਸਿਆ ਜਾ ਰਿਹਾ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨਗੀ ਲਈ ਮੌਜੂਦਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਮੁੜ ਮੈਦਾਨ ਵਿਚ ਨਿੱਤਰਿਆਂ ਹੋਇਆ ਹੈ, ਜਿਸਨੂੰ ਜ਼ਿਲ੍ਹੇ ਦੇ ਕਈ ਹੋਰ ਵੱਡੇ ਲੀਡਰਾਂ ਦਾ ਅਸੀਰਵਾਦ ਮਿਲਿਆ ਹੋਇਆ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਮੁਕਾਬਲੇ ਅਵਤਾਰ ਸਿੰਘ ਸਿੱਧੂ ਨਾਂ ਦੇ ਨੌਜਵਾਨ ਨੂੰ ਬਠਿੰਡਾ ਦਿਹਾਤੀ ਹਲਕੇ ਨਾਲ ਸਬੰਧਤ ਹਰਵਿੰਦਰ ਸਿੰਘ ਲਾਡੀ ਦੀ ਥਾਪੀ ਮਿਲੀ ਹੋਈ ਹੈ। ਇਸਤੋਂ ਇਲਾਵਾ ਇਕੱਤਰ ਸਿੰਘ ਬਰਾੜ ਨਾਂ ਦਾ ਵੀ ਉਮੀਦਵਾਰ ਮਿਹਨਤ ਕਰ ਰਿਹਾ ਹੈ। ਜੇਕਰ ਗੱਲ ਬਠਿੰਡਾ ਸ਼ਹਿਰੀ ਦੀ ਕੀਤੀ ਜਾਵੇ ਤਾਂ ਇਸ ਹਲਕੇ ਵਿਚ ਕੁੱਲ ਪੰਜ ਉਮੀਦਵਾਰ ਮੈਦਾਨ ਵਿਚ ਹਨ। ਜਿੰਨ੍ਹਾਂ ਵਿਚੋਂ ਕਰਮਵੀਰ ਸਿੰਘ ਗਰੇਵਾਲ, ਜੋਨੀ ਰਾਣਾ, ਹਿਤੈਸ ਕੁਮਾਰ, ਪ੍ਰਭਜਿੰਦਰ ਸਿੰਘ ਡਿੰਪੀ ਅਤੇ ਰਾਜਨਦੀਪ ਸਿੰਘ ਦਾ ਨਾਮ ਸ਼ਾਮਲ ਹੈ। ਚਰਚਾ ਮੁਤਾਬਕ ਇੱਥੇ ਵੀ ਤਿਕੌਣੀ ਟੱਕਰ ਬਣਨ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਬਠਿੰਡਾ ਦਿਹਾਤੀ ਹਲਕੇ ਵਿਚ ਰਾਜਕੰਵਰ ਸਿੱਧੂ, ਗੁਰਪੰਥ ਸਿੰਘ ਗੋਲਡੀ, ਗੁਰਪ੍ਰੀਤ ਸਿੰਘ ਅਤੇ ਚਰਨਜੀਤ ਸਿੰਘ ਪ੍ਰਧਾਨ ਬਣਨ ਲਈ ਭੱਜ ਦੋੜ ਕਰ ਰਹੇ ਹਨ। ਰਾਮਪੁਰਾ ਫ਼ੂਲ ਹਲਕੇ ਵਿਚ ਟਕਸਾਲੀ ਕਾਂਗਰਸੀ ਪ੍ਰਵਾਰ ਵਿਚੋਂ ਐਡਵੋਕੇਟ ਸਿਮਰਪ੍ਰੀਤ ਸਿੱਧੂ ਤਂੋ ਇਲਾਵਾ ਦਿਵੇਸ ਗਰਗ ਅਤੇ ਮਨੋਜ ਕੁਮਾਰ ਵੀ ਚੋਣ ਮੈਦਾਨ ਵਿਚ ਨਿੱਤਰੇ ਹੋਏ ਹਨ। ਜਦੋਂਕਿ ਭੁੱਚੋਂ ਮੰਡੀ ਹਲਕੇ ਵਿਚੋਂ ਜਗਦੀਪ ਸਿੰਘ ਤੇ ਮਨਪ੍ਰੀਤ ਸਿੰਘ ਨਾਂ ਦੇ ਨੌਜਵਾਨ ਪ੍ਰਧਾਨਗੀ ਲਈ ਆਹਮੋ-ਸਾਹਮਣੇ ਦਾ ਮੁਕਾਬਲਾ ਕਰ ਰਹੇ ਹਨ। ਇਸੇ ਤਰ੍ਹਾਂ ਮੋੜ ਹਲਕੇ ਵਿਚ ਮੌਜੂਦਾ ਪ੍ਰਧਾਨ ਗੁਰਕੀਰਤ ਸਿੰਘ ਤੇ ਲਖਵੀਰ ਸਿੰਘ ਨਾਜ਼ੀ ਵਿਚਕਾਰ ਕਾਂਟੇ ਦੀ ਟੱਕਰ ਬਣਨ ਦੀ ਸੰਭਾਵਨਾ ਹੈ। ਇੱਥੇ ਕੋਈ ਹਲਕਾ ਇੰਚਾਰਜ਼ ਨਾ ਹੋਣ ਦੇ ਬਾਵਜੂਦ ਵੀ ਵੱਡੇ ਲੀਡਰਾਂ ਦੀ ਕਾਫ਼ੀ ਦਖ਼ਲਅੰਦਾਜ਼ੀ ਦੱਸੀ ਜਾ ਰਹੀ ਹੈ। ਦੂਜੇ ਪਾਸੇ ਤਲਵੰਡੀ ਸਾਬੋ ਹਲਕੇ ਵਿਚ ਹਲਕਾ ਇੰਚਾਰਜ਼ ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਖੁਸਬਾਜ ਸਿੰਘ ਜਟਾਣਾ ਦੇ ਨਜਦੀਕੀ ਸੁਖਵਿੰਦਰ ਸਿੰਘ ਦੇ ਮੁਕਾਬਲੇ ਕੋਈ ਹੋਰ ਨੌਜਵਾਨ ਚੋਣ ਮੈਦਾਨ ਵਿਚ ਨਹੀਂ ਨਿੱਤਰਿਆਂ ਹੈ, ਜਿਸਦੇ ਚੱਲਦੇ ਉਸਦਾ ਨਿਰਵਿਰੋਧ ਪ੍ਰਧਾਨ ਬਣਨਾ ਤੈਅ ਹੈ। ਗੌਰਤਲਬ ਹੈ ਕਿ ਮੌਜੂਦਾ ਅਹੁੱਦੇਦਾਰਾਂ ਦੀ ਮਿਆਦ ਦਸੰਬਰ 2022 ਵਿਚ ਖ਼ਤਮ ਹੋ ਗਈ ਸੀ, ਜਿਸਤੋਂ ਬਾਅਦ ਇਹ ਚੋਣ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਸੀ ਤੇ ਇਸ ਪ੍ਰੀਕ੍ਰਿਆ ਤਹਿਤ 19 ਤੋਂ 28 ਫ਼ਰਵਰੀ ਤੱਕ ਨਾਮਜਦਗੀਆਂ ਦਾ ਕੰਮ ਚੱਲਿਆ ਸੀ।
ਬਾਕਸ
ਮੈਂਬਰਸ਼ਿਪ ਤੇ ਵੋਟਿੰਗ ਦਾ ਕੰਮ ਚੱਲੇਗਾ ਨਾਲੋ-ਨਾਲ
ਬਠਿੰਡਾ: ਇਸ ਵਾਰ ਯੂਥ ਕਾਂਗਰਸ ਦੇ ਅਹੁੱਦੇਦਾਰਾਂ ਦੀ ਹੋ ਰਹੀ ਚੋਣ ਵਿਚ ਇਹ ਨਵੀਂ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਯੂਥ ਕਾਂਗਰਸ ਦੀ ਮੈਂਬਰਸ਼ਿਪ ਤੇ ਵੋਟਿੰਗ ਦਾ ਕੰਮ ਨਾਲੋਂ-ਨਾਲ ਚੱਲ ਰਿਹਾ ਹੈ। ਚੋਣ ਅਧਿਕਾਰੀਆਂ ਨੇ ਦਸਿਆ ਕਿ ਆਨ-ਲਾਈਨ ਹੀ ਮੈਂਬਰਸ਼ਿਪ ਬਣਾਏ ਜਾ ਰਹੇ ਹਨ ਤੇ ਮੈਂਬਰ ਬਣਨ ਤੋਂ ਬਾਅਦ 18 ਤੋਂ 35 ਸਾਲਾਂ ਦਾ ਨੌਜਵਾਨ ਅਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ।
ਆਮ ਆਦਮੀ ਪਾਰਟੀ ਸਰਕਾਰ ਦੇ ਪਹਿਲੇ ਬਜਟ ਵਿੱਚ ਆਮ ਆਦਮੀ ਲਈ ਕੁਝ ਨਹੀਂ- ਬਲਬੀਰ ਸਿੱਧੂ
ਆਪ ਸਰਕਾਰ ਦੀ ਵਾਦਾਖਿਲਾਫੀ – ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਕੋਈ ਜ਼ਿਕਰ ਨਹੀਂ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ. ਨਗਰ, 11 ਮਾਰਚ: ਪੰਜਾਬ ਸੂਬਾ ਮੀਤ ਪ੍ਰਧਾਨ ਭਾਜਪਾ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਪਹਿਲਾ ਬਜਟ ਲੋਕਾਂ ਦੀਆਂ ਉਮੀਦਾਂ ਉੱਤੇ ਖਰਾ ਸਾਬਤ ਨਹੀਂ ਹੋਇਆ ਹੈ। ਉਨ੍ਹਾਂ ਨੇ ਇਸ ਬਜਟ ਨੂੰ ਸਰਕਾਰ ਦੀ ਫ਼ੌਕੀ ਲਿਫ਼ਾਫ਼ੇਬਾਜ਼ੀ ਕਰਾਰ ਦਿੱਤਾ ਹੈ। ਸਰਕਾਰ ਨੂੰ ਇਸ ਬਜਟ ਵਿੱਚ ਆਪਣੇ ਚੋਣ ਮਨੋਰਥ ਪੱਤਰ ਮੁਤਾਬਕ ਮਹਿਲਾਵਾਂ ਲਈ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਜੋ ਵਾਅਦਾ ਕੀਤਾ ਸੀ, ਉਸਦਾ ਕੋਈ ਜ਼ਿਕਰ ਵੀ ਨਹੀਂ ਕੀਤਾ । ਮਾਨ ਸਰਕਾਰ ਦਾ ਇਹ ਬਜਟ ਪਿਛਲੇ ਸਰਕਾਰਾਂ ਦੌਰਾਨ ਪੇਸ਼ ਕੀਤੇ ਬਜਟ ਦਾ ਸਿਰਫ ਦਹਰਾਉ ਅਤੇ ਆਂਕੜਿਆਂ ਦਾ ਫੇਰਬਦਲ ਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਬਜਟ ਵਿੱਚ ਆਪ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਵੱਲੋਂ ਸੱਤਾ ਪ੍ਰਾਪਤੀ ਲਈ ਪੰਜਾਬ ਵਾਸੀਆਂ ਨੂੰ ਦਿੱਤੀਆਂ ਵੱਡੀਆਂ-ਗਰੰਟੀਆਂ ਦਾ ਕੋਈ ਜਿ?ਕਰ ਤੱਕ ਨਹੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੀ ਮਾਲੀ ਹਾਲਤ ਸੁਧਰਣ ਦੀ ਦਿਸ਼ਾ ਵਿੱਚ ਵੀ ਕੋਈ ਢੁਕਵਾਂ ਕਦਮ ਨਹੀ ਚੁੱਕਿਆ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਰੇਤ ਮਾਫ਼ੀਆ ਖਤਮ ਕਰਕੇ 20 ਹਜ਼ਾਰ ਕਰੋੜ ਰੁਪਏ ਸੂਬੇ ਦੇ ਵਿਕਾਸ `ਤੇ ਲਾਉਣ, ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ਼ ਅਤੇ ਦਵਾਈਆਂ ਦੇਣ ਵਰਗੇ ਕੀਤੇ ਗਏ ਵਾਅਦੇ ਪੂਰੇ ਕਰਨੇ ਚਾਹੀਦੇ ਸਨ ਪਰ ਮਾਨ ਸਰਕਾਰ ਨੇ ਅਜਿਹਾ ਨਾ ਕਰਕੇ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ।ਮਾਨ ਸਰਕਾਰ ਦੀ ਇੱਕ ਸਾਲ ਦੀ ਕਾਰਗੁਜ਼ਾਰੀ `ਤੇ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਜੋ ਮੁੱਦੇ ਪਹਿਲਾਂ ਸਨ, ਉਹੀ ਮੁੱਦੇ ਅਤੇ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ ਅਤੇ ਮਾਨ ਸਰਕਾਰ ਸਿਰਫ ਬਿਆਨਬਾਜ਼ੀ ਨਾਲ ਹੀ ਲੋਕਾਂ ਦੇ ਢਿੱਡ ਭਰਨ ਦਾ ਯਤਨ ਕਰ ਰਹੀ ਹੈ ਜਦੋਂ ਕਿ ਅਸਲੀਅਤ ਵਿੱਚ ਸਰਕਾਰ ਕੋਲੇ ਸੂਬੇ ਨੂੰ ਵਿਕਾਸ ਦੇ ਰਾਹ ਤੇ ਤੋਰਨ ਦੀ ਕੋਈ ਕੁਝ ਪੁਖਤਾ ਨੀਤੀ ਹੀ ਨਹੀ ਹੈ। ਮੌਜ਼ੂਦਾ ਸਰਕਾਰ ਦਾ ਕੰਮ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਬਣ ਚੁੱਕਾ ਹੈ ।ਸਿੱਧੂ ਨੇ ਕਿਹਾ ਸਰਕਾਰ ਦਾ ਬਜਟ ’ਮੁੰਗੇਰੀ ਲਾਲ ਕੇ ਹਸੀਨ ਸਪਨੇ’ ਤੋਂ ਸਿਵਾ ਕੁਝ ਵੀ ਨਹੀਂ ਹੈ, ਜਿਸ ਕਾਰਨ ਲੋਕਾਂ ਦੀਆਂ ਉਮੀਦਾਂ ਚਕਨਾਚੂਰ ਹੋਈਆਂ ਹਨ ੍ਟ ਕਰਜ਼ਾ ਵੱਧ ਰਿਹਾ ਹੈ ਤੇ ਸਾਰੇ ਪੈਮਾਨਿਆਂ ’ਤੇ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਮਾੜੀ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸੂਬਾ ਆਰਥਿਕ ਕੰਗਾਲੀ ਵੱਲ ਵੱਧ ਰਿਹਾ ਹੈ ੍ਟ ਬਜਟ ਵਿਚ ਕਿਸੇ ਵੀ ਵਰਗ ਲਈ ਕੁਝ ਨਹੀਂ ਹੈ ੍ਟ ਬਜਟ ’ਚ ਨਾ ਤਾਂ ਖੇਤੀ ਅਤੇ ਨਾ ਹੀ ਸਹਾਇਕ ਧੰਦਿਆਂ ਲਈ ਕੋਈ ਗੱਲ ਕੀਤੀ ਗਈ, ਬਸ ਕੇਵਲ ਇਹ ਬਜਟ ਇਕ ਤਰ੍ਹਾਂ ਨਾਲ ਝੂਠ ਦੀ ਪੰਡ ਸਾਬਤ ਹੋਇਆ ਹੈ੍ਟ ਪੰਜਾਬ ਨੂੰ ਵਿੱਤੀ ਦੀਵਾਲੀਆਪਨ ਦੇ ਕੰਢੇ ’ਤੇ ਪਹੁੰਚਾਉਂਦੇ ਹੋਏ 3.47 ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਨਵੀਂ ਸਿਖਰ ’ਤੇ ਪਹੁੰਚਾ ਦਿੱਤਾ ਹੈ। ਉਹਨਾਂ ਕਿਹਾ ਕਿ ਬੇਹੱਦ ਦੁੱਖ ਵਾਲੀ ਗੱਲ ਹੈ ਕਿ ਮਾਨ ਸਰਕਾਰ 1.96 ਲੱਖ ਕਰੋੜ ਰੁਪਏ ਦੀ ਕੁੱਲ ਬਜਟ ਰਾਸ਼ੀ ਵਿੱਚੋਂ 94410 ਕਰੋੜ ਰੁਪਏ ਕਰਜ਼ਿਆਂ ਤੋਂ ਜੁਟਾ ਰਹੀ ਹੈ। ਇਸ ਤਰ੍ਹਾਂ, ’ਆਪ’ ਦੇ ਸਰਕਾਰੀ ਬਜਟ ਦਾ ਅੱਧਾ ਹਿੱਸਾ ਕਰਜ਼ੇ ਲਹਾਉਣ ਤੇ ਹੀ ਲੱਗ ਰਿਹਾ ਹੈ।
ਖ਼ਜ਼ਾਨਾ ਮੰਤਰੀ ਨੇ ਲੋਕਾਂ ਦੀ ਭਾਸ਼ਾ ‘ਚ ਸ਼ਾਨਦਾਰ ‘ਆਮ ਲੋਕਾਂ ਦਾ ਬਜਟ’ ਪੇਸ਼ ਕੀਤਾ – ਮੁੱਖ ਮੰਤਰੀ
ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ ਵਰਗੀਆਂ ਸਹੂਲਤਾਂ ਦੇਣ ਤੋਂ ਬਾਅਦ ਵੀ ਅਸੀਂ ਪਹਿਲੇ ਸਾਲ ‘ਚ ਹੀ 36000 ਕਰੋੜ ਰੁਪਏ ਦਾ ਕਰਜ਼ਾ ਲਾਹ ਦਿੱਤਾਃ ਮੁੱਖ ਮੰਤਰੀ
ਚੰਗੇ ਸਕੂਲ ਤੇ ਹਸਪਤਾਲਾਂ ਦਾ ਫਾਇਦਾ ਪੰਜਾਬ ਦੇ ਗਰੀਬਾਂ ਨੂੰ ਮਿਲੇਗਾ
ਕਿਸੇ ਵੀ ਯੂਨੀਵਰਸਿਟੀ ਨੂੰ ਕੋਈ ਘਾਟਾ ਨਹੀਂ ਪੈਣ ਦਿਆਂਗੇ
ਸਾਡੀ ਸਰਕਾਰ ਨੇ ਪਹਿਲੇ ਸਾਲ ਹੀ ਆਰਥਿਕਤਾ ਵਾਲੀ ਗੱਡੀ ਲੀਹਾਂ ‘ਤੇ ਚੜ੍ਹਾਈ
ਪੰਜਾਬ ਪ੍ਰਤੀ ਪ੍ਰੇਮ ਵਾਲੇ ਬਿਆਨ ‘ਤੇ ਰਗੜੇ ਭਾਜਪਾਈ, ਜੇ ਏਨਾ ਹੀ ਪਿਆਰ ਹੈ ਤਾਂ 26 ਜਨਵਰੀ ਨੂੰ ਸਾਡੀ ਝਾਕੀ ਨੂੰ ਇਜਾਜ਼ਤ ਕਿਉਂ ਨਹੀਂ ਦਿੱਤੀ
ਕੇਂਦਰ ਤੋਂ ਫੰਡ ਲੈਣਾ ਕੋਈ ਭੀਖ ਨਹੀਂ, ਅਸੀਂ ਆਪਣਾ ਹੱਕ ਮੰਗਦੇ ਹਾਂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਆਮ ਲੋਕਾਂ ਦੀ ਭਾਸ਼ਾ ਵਿਚ ਆਮ ਲੋਕਾਂ ਦਾ ਬਜਟ ਪੇਸ਼ ਕਰਨ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਬਜਟ ਨਾਲ ਪੰਜਾਬ ਵਾਸੀਆਂ ਖਾਸ ਤੌਰ ਉਤੇ ਆਰਥਿਕ ਤੌਰ ਉਤੇ ਕਮਜ਼ੋਰ ਲੋਕਾਂ ਨੂੰ ਮਿਆਰੀ ਸਿੱਖਿਆ ਤੇ ਸਿਹਤ ਵਰਗੇ ਬਰਾਬਰ ਦੇ ਮੌਕੇ ਹਾਸਲ ਹੋਣਗੇ।
ਅੱਜ ਇੱਥੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਬਜਟ ਉਤੇ ਬਹਿਸ ਵਿਚ ਹਿੱਸਾ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਵਿੱਤ ਮੰਤਰੀ ਨੇ ਸਧਾਰਨ ਭਾਸ਼ਾ ਵਿਚ ਆਮ ਲੋਕਾਂ ਲਈ ਬਜਟ ਪੇਸ਼ ਕਰਦੇ ਹੋਏ ਸਮਾਜ ਦੇ ਹਰੇਕ ਵਰਗ ਦੀ ਗੱਲ ਕੀਤੀ ਹੈ ਅਤੇ ਪੰਜਾਬ ਵਾਸੀਆਂ ਸਾਹਮਣੇ ਬੜੀ ਸਪੱਸ਼ਟਤਾ ਨਾਲ ਅੰਕੜੇ ਰੱਖੇ ਹਨ। ਇਸ ਬਜਟ ਵਿਚ ਪੇਸ਼ ਕੀਤੇ ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਨ੍ਹਾਂ ਦੀ ਸਰਕਾਰ ਦੇ ਪਹਿਲੇ ਸਾਲ ਹੀ ਆਰਥਿਕਤਾ ਦੀ ਲੀਹ ਉਤੇ ਚੜ੍ਹ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਇਕ ਸਾਲ ਦੇ ਅੰਦਰ 117 ਸਕੂਲ ਆਫ ਐਮੀਨੈਂਸ ਦੀ ਸਥਾਪਨਾ, 500 ਤੋਂ ਵੱਧ ਆਮ ਆਦਮੀ ਕਲੀਨਿਕ, ਹਰੇਕ ਬਿੱਲ ਉਤੇ 600 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਅਤੇ 26000 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਇਸ ਸਭ ਦੇ ਬਾਵਜੂਦ ਸਾਡੀ ਸਰਕਾਰ ਨੇ ਪੰਜਾਬ ਸਿਰ ਚੜ੍ਹਿਆ 36000 ਕਰੋੜ ਰੁਪਏ ਦਾ ਕਰਜ਼ਾ ਇਕ ਸਾਲ ਵਿਚ ਵਾਪਸ ਕਰ ਦਿੱਤਾ ਹੈ।
ਸਦਨ ਨੂੰ ਭਰੋਸਾ ਦਿਵਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਇਹ ਬਜਟ ਸਾਡੀ ਪੰਜਾਬ ਪ੍ਰਤੀ ਸੰਜੀਦਗੀ, ਲਗਨ ਅਤੇ ਸਮਰਪਿਤ ਭਾਵਨਾ ਦਾ ਪ੍ਰਗਟਾਵਾ ਕਰਦਾ ਹੈ ਕਿਉਂਕਿ ਅਸੀਂ ਖਜ਼ਾਨੇ ਦਾ ਇਕ-ਇਕ ਪੈਸਾ ਲੋਕਾਂ ਦੀ ਭਲਾਈ ਉਤੇ ਖਰਚਣ ਦੀ ਮੁਕੰਮਲ ਵਿਉਂਤਬੰਦੀ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਹੈ।” ਬਜਟ ਦੀ ਬਹਿਸ ਦੌਰਾਨ ਉਸਾਰੂ ਸੁਝਾਅ ਪੇਸ਼ ਕਰਨ ਲਈ ਮੁੱਖ ਮੰਤਰੀ ਨੇ ਸਦਨ ਦਾ ਸਾਰੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ।
ਪਿਛਲੀ ਸਰਕਾਰ ਦੇ ਸਾਬਕਾ ਵਿੱਤ ਮੰਤਰੀ ਉਤੇ ਤੰਜ ਕੱਸਦੇ ਹੋਏ ਭਗਵੰਤ ਮਾਨ ਨੇ ਕਿਹਾ, “ਇਸ ਤੋਂ ਪਹਿਲਾਂ ਬਜਟ ਦੀ ਭਾਸ਼ਾ ਸਾਦੀ ਨਹੀਂ ਸੀ ਹੁੰਦੀ ਸਗੋਂ ਸ਼ੇਅਰੋ-ਸ਼ਾਇਰੀ ਨਾਲ ਦੂਜੇ ਮੁਲਕਾਂ ਦਾ ਹਵਾਲਾ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਸੀ। ਅਕਾਲੀ ਅਤੇ ਕਾਂਗਰਸ ਦੀਆਂ ਸਰਕਾਰਾਂ ਵਿਚ ਡੈਪੂਟੇਸ਼ਨ ਉਤੇ ਇਕੋ ਵਿੱਤ ਮੰਤਰੀ 9 ਸਾਲ ਬਜਟ ਪੇਸ਼ ਕਰਦਾ ਰਿਹਾ ਹੈ ਅਤੇ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ। ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਗਿਰਗਿਟ ਵਾਂਗ ਪਾਰਟੀਆਂ ਬਦਲਣ ਵਾਲੇ ਸਾਬਕਾ ਵਿੱਤ ਮੰਤਰੀ ਹੁਣ ਸਾਨੂੰ ਬਜਟ ਬਾਰੇ ਨਸੀਹਤਾਂ ਦੇ ਰਹੇ ਹਨ।”
ਬਜਟ ਵਿਚ ਸਿੱਖਿਆ ਅਤੇ ਸਿਹਤ ਨੂੰ ਤਰਜੀਹੀ ਖੇਤਰ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਪਹਿਲੇ ਪੜਾਅ ਵਿਚ 117 ਸਕੂਲ ਆਫ ਐਮੀਨੈਂਸ ਸਥਾਪਤ ਕੀਤੇ ਜਾ ਰਹੇ ਹਨ ਜਿੱਥੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਗਰੀਬ ਘਰਾਂ ਦੇ ਬੱਚਿਆਂ ਨੂੰ ਸਿਵਲ ਤੇ ਪ੍ਰਸ਼ਾਸਨਿਕ ਪੱਧਰ ਦੇ ਉਚੇ ਅਹੁਦਿਆਂ ਲਈ ਤਿਆਰੀ ਕਰਵਾਈ ਜਾਵੇਗੀ ਤਾਂ ਕਿ ਇਹ ਬੱਚੇ ਵੀ ਆਪਣੇ ਮਾਪਿਆਂ ਦੇ ਸੁਪਨੇ ਸਾਕਾਰ ਕਰ ਸਕਣ।
ਆਮ ਆਦਮੀ ਕਲੀਨਿਕਾਂ ਨੂੰ ਗਰੀਬ ਲੋਕਾਂ ਲਈ ਵੱਡੀ ਸਹੂਲਤ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ 500 ਤੋਂ ਵੱਧ ਕਲੀਨਿਕ ਸਥਾਪਤ ਕੀਤੇ ਹਨ ਜਿੱਥੋਂ ਹੁਣ ਤੱਕ 12 ਲੱਖ ਲੋਕ ਇਲਾਜ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਬਜਟ ਵਿਚ ਇਨ੍ਹਾਂ ਦੋਵਾਂ ਖੇਤਰਾਂ ਲਈ ਬਜਟ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ ਤਾਂ ਕਿ ਸਿਹਤਮੰਦ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ।
ਯੂਨੀਵਰਸਿਟੀਆਂ ਲਈ ਫੰਡਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਯੂਨੀਵਰਸਿਟੀ ਨੂੰ ਕੋਈ ਘਾਟਾ ਨਹੀਂ ਪੈਣ ਦੇਵੇਗੀ। ਉਨ੍ਹਾਂ ਨੇ ਸਦਨ ਨੂੰ ਭਰੋਸਾ ਦਿਵਾਉਂਦਿਆਂ ਦੁਹਰਾਇਆ ਕਿ ਵਿਦਿਆ ਕਦੇ ਵੀ ਕਰਜ਼ੇ ਥੱਲੇ ਨਹੀਂ ਹੋਣੀ ਚਾਹੀਦੀ ਅਤੇ ਅਸੀਂ ਯੂਨੀਵਰਸਿਟੀ ਦੀ ਬਿਹਤਰੀ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਆਪਣੀ ਨਿੱਜੀ ਤੇ ਭਾਵੁਕ ਸਾਂਝ ਦਾ ਵੀ ਸਦਨ ਵਿਚ ਜ਼ਿਕਰ ਕੀਤਾ।
ਭਾਜਪਾ ਵੱਲੋਂ ਪੰਜਾਬ ਨਾਲ ਪਿਆਰ ਹੋਣ ਦੇ ਦਾਅਵੇ ਦੀ ਖਿੱਲੀ ਉਡਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਭਾਜਪਾ ਨੂੰ ਪੰਜਾਬ ਨਾਲ ਸੱਚਮੁੱਚ ਹੀ ਮੁਹੱਬਤ ਸੀ ਤਾਂ ਫੇਰ ਕੇਂਦਰੀ ਬਜਟ ਵਿਚ ਪੰਜਾਬ ਦਾ ਜ਼ਿਕਰ ਤੱਕ ਵੀ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ 26 ਜਨਵਰੀ ਦੇ ਗਣਤੰਤਰ ਪਰੇਡ ਵਿੱਚੋਂ ਪੰਜਾਬ ਦੀ ਝਾਕੀ ਨੂੰ ਬਾਹਰ ਕੱਢ ਕੇ ਪੰਜਾਬ ਦੇ ਬਹਾਦਰ ਯੋਧਿਆਂ ਦੀਆਂ ਪ੍ਰਤੀ ਕੁਰਬਾਨੀਆਂ ਦੀ ਤੌਹੀਨ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੂਜੇ ਸੂਬੇ ਤੋਂ ਆਪਣਾ ਕੋਲਾ ਵਾਇਆ ਸ਼੍ਰੀਲੰਕਾ ਹੋ ਕੇ ਲਿਆਉਣ ਦੀਆਂ ਸ਼ਰਤਾਂ ਥੋਪਣ ਵਾਲੀ ਪਾਰਟੀ ਪੰਜਾਬ ਹਿਤੈਸ਼ੀ ਕਿਸ ਤਰ੍ਹਾਂ ਹੋ ਸਕਦੀ ਹੈ।
ਮੁੱਖ ਮੰਤਰੀ ਨੇ ਕਿਹਾ, “ਭਾਜਪਾ ਵਾਲੇ ਕਹਿੰਦੇ ਹਨ ਕਿ ਕੇਂਦਰ ਪੰਜਾਬ ਨੂੰ ਫੰਡ ਦੇ ਕੇ ਮਦਦ ਕਰਦੀ ਹੈ। ਅਸੀਂ ਕੇਂਦਰ ਤੋਂ ਭੀਖ ਨਹੀਂ ਮੰਗਦੇ ਸਗੋਂ ਆਪਣਾ ਹੱਕ ਮੰਗਦੇ ਹਾਂ। ਅਸੀਂ ਜੀ.ਐਸ.ਟੀ. ਇਕੱਠੀ ਕਰਕੇ ਕੇਂਦਰ ਕੋਲ ਜਮ੍ਹਾਂ ਕਰਵਾਉਂਦੇ ਹਾਂ ਅਤੇ ਉਸ ਵਿੱਚੋਂ ਆਪਣਾ ਹਿੱਸਾ ਮੰਗਦੇ ਹਨ ਜਿਸ ਕਰਕੇ ਕੇਂਦਰ ਸਾਡੇ ਉਤੇ ਕੋਈ ਅਹਿਸਾਨ ਨਹੀਂ ਕਰਦਾ।” ਮੁੱਖ ਮੰਤਰੀ ਨੇ ਜੀ.ਐਸ.ਟੀ. ਨੂੰ ਗੁੰਝਲਦਾਰ ਪ੍ਰਕਿਰਿਆ ਦੱਸਦੇ ਹੋਏ ਕਿਹਾ ਕਿ ਇਹ ਪ੍ਰਣਾਲੀ ਤਾਂ ਅਜੇ ਤੱਕ ਵਪਾਰੀਆਂ ਦੇ ਵੀ ਸਮਝ ਨਹੀਂ ਆਈ।
ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਵੱਲੋਂ ਦਿੱਲੀ ਤੇ ਪੰਜਾਬ ਵਿਚ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਉਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਲੋਕਾਂ ਦੀ ਮਦਦ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਹਾਕਮ ਸਾਡੀਆਂ ਸਹੂਲਤਾਂ ਨੂੰ ਰਿਊੜੀਆਂ ਦੱਸਦੇ ਹਨ ਜਦਕਿ ਹਰੇਕ ਪਰਿਵਾਰ ਨੂੰ 15 ਲੱਖ ਰੁਪਏ ਦੇਣ ਅਤੇ ਹਰੇਕ ਸਾਲ 2 ਕਰੋੜ ਨੌਕਰੀਆਂ ਦੇਣ ਦਾ ਸ਼ਗੂਫਾ ਕਿਸ ਨੇ ਛੱਡਿਆ ਸੀ।
ਸਿੰਗਾਪੁਰ ਵਿਚ ਸਿਖਲਾਈ ਲਈ ਪ੍ਰਿੰਸੀਪਲਾਂ ਦੇ ਬੈਚ ਭੇਜਣ ਬਾਰੇ ਸਵਾਲ ਚੁੱਕਣ ਵਾਲਿਆਂ ਨੂੰ ਮੁੱਖ ਮੰਤਰੀ ਨੇ ਕਿਹਾ, “ਚੰਗੀ ਸਿੱਖਿਆ ਅਤੇ ਬਰਾਬਰ ਦੇ ਮੌਕਿਆਂ ਨਾਲ ਹੀ ਕਿਸੇ ਪਰਿਵਾਰ ਦੀ ਗੁਰਬਤ ਦੂਰ ਕੀਤੀ ਜਾ ਸਕਦੀ ਹੈ ਅਤੇ ਅਸੀਂ ਵੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਸ਼ਵ ਪੱਧਰ ਦੀ ਸਿਖਲਾਈ ਦਿਵਾ ਰਹੇ ਹਾਂ ਤਾਂ ਕਿ ਸਾਡੇ ਬੱਚੇ ਮਿਆਰੀ ਸਿੱਖਿਆ ਹਾਸਲ ਕਰ ਸਕਣ।”
ਸਾਬਕਾ ਮੁੱਖ ਮੰਤਰੀ ਵੱਲੋਂ ਅਮਰੀਕਾ ਦੌਰਾ ਰੱਦ ਕਰਨ ਦੇ ਕੀਤੇ ਦਾਅਵੇ ਉਤੇ ਤੰਜ ਕੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਕਾਂਗਰਸ ਦੀ ਬੇੜੀ ਡੋਬਣ ਵਾਲੇ ਹੀ ਅਮਰੀਕਾ ਵਿਚ ਜਾ ਕੇ ਕਾਂਗਰਸ ਪਾਰਟੀ ਦੇ ਉਥਾਨ ਤੇ ਪਤਨ ਉਤੇ ਪੀਐਚ.ਡੀ ਕਰਨ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਸਿਆਸਤਦਾਨਾਂ ਨੇ ਸ਼ਰਾਫ਼ਤ ਦਾ ਮੁਖੌਟਾ ਪਾ ਕੇ ਪੰਜਾਬ ਨੂੰ ਲੁੱਟਿਆ।
ਸਦਨ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਨਸੀਹਤ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਦੇ ਲੋਕਾਂ ਨੇ ਸਾਨੂੰ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੌਕੇ ਨੂੰ ਲੋਕਾਂ ਲਈ ਵਰਤਿਆ ਜਾਵੇ ਨਾ ਕਿ ਲੋਕਾਂ ਉਤੇ ਵਰਤਿਆ ਜਾਵੇ। ਸਾਨੂੰ ਕਿਸੇ ਵੀ ਕੀਮਤ ਉਤੇ ਹਲੀਮੀ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਇੱਥੋਂ ਤੱਕ ਕਿ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਦੀ ਗੱਲ ਵੀ ਸੁਣਨੀ ਚਾਹੀਦੀ ਹੈ ਕਿਉਂਕਿ ਉਹ ਵੀ ਆਪਣੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ।”
ਮਹਿੰਗੇ ਵਿਆਹ ਸਮਾਗਮਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਸਦਨ ਵਿਚ ਕਿਹਾ ਕਿ ਸਰਕਾਰ ਪਿੰਡਾਂ ਵਿਚ ਦੁੱਖ-ਸੁਖ ਦੇ ਸਮਾਗਮਾਂ ਲਈ ਕਮਿਊਨਿਟੀ ਹਾਲ ਵਰਗੀ ਸਾਂਝੀ ਇਮਾਰਤ ਸਥਾਪਤ ਕਰਨ ਬਾਰੇ ਵਿਚਾਰ ਕਰ ਰਹੀ ਹੈ ਤਾਂ ਕਿ ਲੋਕਾਂ ਉਤੇ ਆਰਥਿਕ ਬੋਝ ਨਾ ਪਵੇ।
ਅਖੀਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਨੀਅਤ ਸਾਫ ਹੋਵੇ ਤਾਂ ਮੰਜ਼ਲ ਬਹੁਤੀ ਦੂਰ ਨਹੀਂ ਹੁੰਦੀ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਛੇਤੀ ਹੀ ਪੰਜਾਬ ਮੁੜ ਰੰਗਲਾ ਪੰਜਾਬ ਬਣ ਕੇ ਉਭਰੇਗਾ।
ਬਠਿੰਡਾ ’ਚ ਪੁੱਜੀਆਂ ਕੇਂਦਰੀ ਸੁਰੱਖਿਆ ਬਲਾਂ ਦੀਆਂ ਤਿੰਨ ਕੰਪਨੀਆਂ, ਸ਼ਹਿਰ ’ਚ ਕੱਢਿਆ ਫਲੈਗ ਮਾਰਚ
ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ : ਪਿਛਲੇ ਦਿਨੀਂ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਦੀ ਮੰਗ ’ਤੇ ਸੂਬੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਕੇਂਦਰੀ ਸੁਰੱਖਿਆ ਬਲਾਂ ਦੀਆਂ ਭੇਜੀਆਂ 18 ਕੰਪਨੀਆਂ ਵਿਚੋਂ ਬਠਿੰਡਾ ਜ਼ਿਲ੍ਹੇ ਵਿਚ ਵੀ ਬੀਐਸਐਫ਼ ਦੀਆਂ ਤਿੰਨ ਕੰਪਨੀਆਂ ਪੁੱਜ ਗਈਆਂ ਹਨ। ਇੰਨ੍ਹਾਂ ਕੰਪਨੀਆਂ ਦੇ ਜਵਾਨਾਂ ਵਲੋਂ ਅੱਜ ਪੰਜਾਬ ਪੁਲਿਸ ਨਾਲ ਮਿਲਕੇ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ, ਜਿਸਦੀ ਅਗਵਾਈ ਪੁਲਿਸ ਦੇ ਉਚ ਅਧਿਕਾਰੀਆਂ ਵਲੋਂ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਹੌਲ ਨੂੰ ਸ਼ਾਂਤੀਪੂਰਵਕ ਬਣਾਈ ਰੱਖਣ ਲਈ ਇੰਨ੍ਹਾਂ ਕੰਪਨੀਆਂ ਦੇ ਜਵਾਨ ਪੰਜਾਬ ਪੁਲਿਸ ਦੇ ਜਵਾਨਾਂ ਨਾਲ ਮਿਲਕੇ ਨਾਕਾਬੰਦੀ, ਫਲੈਗ ਮਾਰਚ ਤੇ ਸਰਚ ਮੁਹਿੰਮ ਚਲਾਉਣਗੇ ਤਾਂ ਕਿ ਗੈਰ ਸਮਾਜੀ ਅਨਸਰਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਚੰਡੀਗੜ੍ਹ ਆਦਿ ਥਾਵਾਂ ’ਤੇ ਜੀ-20 ਸੈਮੀਨਾਰ ਹੋ ਰਿਹਾ ਹੈ, ਜਿਸ ਵਿਚ ਵਿਦੇਸ਼ਾਂ ਮੁਲਕਾਂ ਤੋਂ ਵੱਡੀ ਗਿਣਤੀ ਵਿਚ ਮਹਿਮਾਨ ਅਤੇ ਉਚ ਅਧਿਕਾਰੀ ਪੁੱਜ ਰਹੇ ਹਨ। ਜਿਸਦੇ ਚੱਲਦੇ ਪੰਜਾਬ ਤੇ ਕੇਂਦਰ ਸਰਕਾਰ ਵਲੌਂ ਮਿਲਕੇ ਸੁਰੱਖਿਆ ਪ੍ਰਬੰਧਾਂ ਨੂੰ ਚਾਕ ਆਉਟ ਕੀਤਾ ਗਿਆ ਸੀ ਤੇ ਇਸ ਸਬੰਧ ਵਿਚ ਪੰਜਾਬ ਨੂੰ ਵਧੀਕ ਤੌਰ ’ਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ ਇਹ 18 ਕੰਪਨੀਆਂ ਦਿੱਤੀਆਂ ਗਈਆਂ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਕੇਂਦਰੀ ਸੁਰੱਖਿਆ ਬਲ ਸੈਮੀਨਾਰ ਤੋਂ ਬਾਅਦ ਵਾਪਸ ਚਲੇ ਜਾਣਗੇ। ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਨੂੰ ਕੇਂਦਰੀ ਸੁਰੱਖਿਆ ਬਲਾਂ ਦੀਆਂ ਤਿੰਨ ਕੰਪਨੀਆਂ ਮਿਲੀਆਂ ਹਨ, ਜਿੰਨ੍ਹਾਂ ਨੂੰ ਸੁਰੱਖਿਆ ਪ੍ਰਬੰਧਾਂ ਲਈ ਤੈਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਜਵਾਨਾਂ ਦੀ ਦੀ ਮੱਦਦ ਨਾਲ ਜ਼ਿਲ੍ਹਾ ਪੁਲਿਸ ਵਲੋਂ ਗੈਰ ਸਮਾਜੀ ਅਨਸਰਾਂ ‘ਤੇ ਨੱਥ ਪਾਉਣ ਲਈ ਜਿੱਥੇ ਵਿਸੇਸ ਸਰਚ ਮੁਹਿੰਮਾਂ ਚਲਾਈਆਂ ਜਾਣਗੀਆਂ, ੁਉਥੇ ਨਾਕਾਬੰਦੀ ਤੇ ਗਸ਼ਤ ਡਿਊਟੀਆਂ ਵੀ ਵਧਾਈਆਂ ਜਾਣਗੀਆਂ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਪੁਲਿਸ ਨੂੰ ਸਹਿਯੋਗ ਦੇਣ ਤਾਂ ਕਿ ਜ਼ਿਲ੍ਹੇ ਵਿਚ ਅਮਨ ਤੇ ਸ਼ਾਂਤੀ ਬਰਕਰਾਰ ਰੱਖੀ ਜਾ ਸਕੇ।
ਤੰਦਰੁਸਤੀ ਦਾ ਸੰਦੇਸ਼ ਦੇਣ ਲਈ ਰਵਾਨਾ ਹੋਈ ਜਾਗਰੂਕਤਾ ਵੈਨ
ਰੋਜਾਨਾ ਪੰਜ ਵੱਖ ਵੱਖ ਪਿੰਡਾਂ ਚ ਜਾਗਰੂਕ ਕਰੇਗੀ ਵੈਨ
ਪੰਜਾਬੀ ਖ਼ਬਰਸਾਰ ਬਿਉਰੋ
ਨਥਾਣਾ, 11 ਮਾਰਚ: ਸਿਵਲ ਸਰਜਨ ਡਾ ਤੇਜਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾ ’ਤੇ ਏਡਜ ਜਾਗਰੂਕਤਾ ਤੇ ਟੈਸਟਿੰਗ ਵੈਨ ਨੂੰ ਅੱਜ ਸੀ ਐਚ ਸੀ ਨਥਾਣਾ ਤੋਂ ਡਾਕਟਰ ਮਨਜੋਤ ਕੌਰ ਵੱਲੋਂ ਹਰੀ ਝੰਡੀ ਦਿਖਾ ਕੇ ਕੀਤੀ ਗਈ। ਇਹ ਜਾਗਰੂਕਤਾ ਵੈਨ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਏਡਜ ਫੈਲਣ ਦੇ ਕਾਰਣ ਅਤੇ ਸਰਕਾਰੀ ਹਸਪਤਾਲਾਂ ਚ ਕੀਤੇ ਜਾ ਰਹੇ ਮੁਫ਼ਤ ਇਲਾਜ ਦੀ ਸਹੂਲਤ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਤੇ ਲੋਕਾਂ ਨੇ ਮੌਕੇ ਤੇ ਹੀ ਏਡਜ ਦੀ ਟੈਸਟਿੰਗ ਵੀ ਕਰਵਾਈ। ਇਹ ਵੈਨ ਨੇ ਅੱਜ ਪਿੰਡ ਲਹਿਰਾ ਧੂਰਕੋਟ, ਲਹਿਰਾ ਸੌਂਧਾ, ਲਹਿਰਾ ਖਾਨਾ, ਚੱਕ ਫਤਿਹ ਸਿੰਘ ਵਾਲਾ ਅਤੇ ਲਹਿਰਾ ਮੁਹੱਬਤ ਵਿਖੇ ਏਡਜ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਤੋਂ ਇਲਾਵਾ ਟੈਸਟ ਵੀ ਕੀਤੇ ਗਏ । ਇਸ ਜਾਗਰੂਕਤਾ ਵੈਨ ਦਾ ਸੰਚਾਲਨ ਬਲਾਕ ਐਜੂਕੇਟਰ ਰੋਹਿਤ ਜਿੰਦਲ, ਹੈਲਥ ਸੁਪਰਵਾਈਜਰ ਸਰਬਜੀਤ ਸਿੰਘ ਬਾਹੀਆ, ਬਲਵੀਰ ਸਿੰਘ, ਤਜਿੰਦਰ ਸਿੰਘ, ਅਜੇ ਕੁਮਾਰ ਅਤੇ ਕ੍ਰਿਸ਼ਨ ਲਾਲ ਵੱਲੋਂ ਕੀਤਾ ਗਿਆ । ਡਾਕਟਰ ਮਨਜੋਤ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਨੁੱਕੜ ਨਾਟਕ ਦੀ ਟੀਮ ਵੱਲੋਂ ਲੋਕਾਂ ਨੂੰ ਐਚ.ਆਈ.ਵੀ./ ਏਡਜ਼ ਸੰਬੰਧੀ ਜਾਣਕਾਰੀ ਦਿਤੀ ਗਈ ਕਿ ਇਹ ਕਿਸ ਤਰ੍ਹਾਂ ਫੈਲਦਾ ਅਤੇ ਇਸ ਬਿਮਾਰੀ ਪ੍ਰਤੀ ਸਮਾਜ ਵਿੱਚ ਫੈਲੀ ਹੋਈਆਂ ਅਫਵਾਹਾਂ ਬਾਰੇ ਜਾਣਕਾਰੀ ਦਿੱਤੀ ਗਈ੍ਟ ਇਸਦੇ ਨਾਲ ਹੀ ਆਡੀਓ ਵਿਜ਼ੂਅਲ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਐਂਟੀ ਰਿਟਰੋਵਾਯਰਲ ਇਲਾਜ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਗਿਆ ਕਿ ਏ.ਆਰ.ਟੀ. ਸੈਂਟਰ ਤੇ ਐਚ.ਆਈ.ਵੀ./ ਏਡਜ਼ ਦੇ ਵਾਇਰਸ ਦਾ ਅਸਰਦਾਰ ਦਵਾਈਆਂ ਨਾਲ ਇਲਾਜ ਕੀਤਾ ਜਾਂਦਾ ਹੈ। ਜਿਸ ਨਾਲ ਇਸ ਵਾਇਰਸ ਦੇ ਬੂਰੇ ਪ੍ਰਭਾਵ ਨੂੰ ਘੱਟਕੀਤਾ ਜਾ ਸਕਦਾ ਹੈ। ਇਸ ਦੇ ਨਾਲ –ਨਾਲ ਉਨ੍ਹਾਂ ਨੇ ਏ.ਆਰ.ਟੀ. ਕੇਂਦਰਾਂ ਤੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਦਿਤੀ। ਇਸ ਮੌਕੇ ਵੱਖ ਵੱਖ ਪਿੰਡਾਂਦੀ ਪੰਚਾਇਤ ਮੈਂਬਰਾਂ ਸਮੇਤ ਸਰਪੰਚਾਂ ਅਤੇ ਵਿਦਿਅਕ ਸੰਸਥਾਵਾਂ ਨੇ ਸਿਹਤ ਵਿਭਾਗ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸੀ.ਐਚ.ਓਜ਼., ਐਲ.ਐਚ.ਵੀਜ਼., ਮਲਟੀਪਰਪਜ ਹੈਲਥ ਵਰਕਰਜ਼ ਨੇ ਵਿਸ਼ੇਸ਼ ਯੋਗਦਾਨ ਦਿੱਤਾ ।
ਐਸ.ਐਸ.ਡੀ. ਗਰਲਜ਼ ਕਾਲਜ ਵਿਖੇ 100 ਕੇ.ਡਬਲਿਯੂ.ਪੀ ਸੋਲਰ ਪਲਾਂਟ ਦੀ ਕੀਤੀ ਸਥਾਪਨਾ
ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ :ਐਸ.ਐਸ.ਡੀ. ਗਰਲਜ਼ ਕਾਲਜ ਦੇ ਪ੍ਰਬੰਧਨ ਨੇ ਵਾਤਾਵਰਣ ਨੂੰ ਸਾਫ਼ ਸੁਥਰਾ ਤੇ ਬਣਾਈ ਰੱਖਣ ਅਤੇ ਬਿਜਲੀ ਦੀ ਖਪਤ ਨੂੰ ਦੇਖਦਿਆਂ ਟਿਕਾਊ ਵਿਕਾਸ ਦਾ ਟੀਚਾ ਤਿਆਰ ਕੀਤਾ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਕਾਲਜ ਮੈਨੇਜਮੈਂਟ ਨੇ ਕਾਲਜ ਵਿੱਚ 100 ਕੇ.ਡਬਲਿਯੂ.ਪੀ ਸੋਲਰ ਪਲਾਂਟ ਲਗਾਇਆ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਦੱਸਿਆ ਕਿ ਰਵਾਇਤੀ ਸਰੋਤਾਂ ਤੋਂ ਊਰਜਾ ਗੈਰ-ਨਵਿਆਉਣਯੋਗ ਹੈ ਅਤੇ ’ਗਰੀਨ ਕੈਂਪਸ’ ਦਾ ਭਵਿੱਖੀ ਟੀਚਾ ਗਰਿੱਡ ਤੋਂ ਬਿਜਲੀ ਸਪਲਾਈ ’ਤੇ ਨਿਰਭਰਤਾ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ। ਜਿਸਦੇ ਚੱਲਦੇ ਸੂਰਜੀ ਕਿਰਨਾਂ ਮੁਫਤ ਹਨ ਅਤੇ ਸਾਲ ਦੇ ਜ਼ਿਆਦਾਤਰ ਸਮੇਂ ਦੌਰਾਨ ਢੁਕਵੇਂ ਭੂਗੋਲਿਕ, ਅਸਥਾਈ ਅਤੇ ਵਾਯੂਮੰਡਲ ਦੇ ਵੇਰੀਏਬਲਾਂ ਦੇ ਕਾਰਨ ਖੇਤਰ ਵਿੱਚ ਬਿਜਲੀ ਪੈਦਾ ਕਰਨ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਇਸ ਸੋਲਰ ਪਲਾਂਟ ਦੀ ਸ਼ੁਰੂਆਤ ਐੱਸ.ਐੱਸ.ਡੀ. ਸਭਾ ਦੇ ਪ੍ਰਧਾਨ ਐਡਵੋਕੇਟ ਅਭੈ ਸਿੰਗਲਾ ਅਤੇ ਉਹਨਾਂ ਦੀ ਟੀਮ ਵਲੋਂ ਕੀਤਾ ਗਿਆ ਜਿੰਨ੍ਹਾਂ ਵਿਚ ਜਨਰਲ ਸਕੱਤਰ ਐਸ.ਐਸ.ਡੀ. ਸਭਾ ਸ਼੍ਰੀ ਅਨਿਲ ਗੁਪਤਾ, ਸ਼੍ਰੀ ਮਿੱਠੂ ਰਾਮ ਗੁਪਤਾ ਮੀਤ ਪ੍ਰਧਾਨ ਐਸ.ਐਸ.ਡੀ. ਸਭਾ, ਸ੍ਰੀ. ਸੁਰੇਸ਼ ਬਾਂਸਲ ਵਿੱਤ ਸਕੱਤਰ ਐਸ.ਐਸ.ਡੀ. ਸਭਾ, ਸ਼੍ਰੀ ਸੰਜੀਵ ਗੋਇਲ ਜੀ ਸਕੱਤਰ ਸਭਾ ਅਤੇ ਕਾਲਜ ਪ੍ਰਧਾਨ ਸ਼੍ਰੀ ਸੰਜੇ ਗੋਇਲ, ਮੀਤ ਪ੍ਰਧਾਨ ਸ਼੍ਰੀ ਨਰਿੰਦਰ ਬਾਂਸਲ, ਜਨਰਲ ਸਕੱਤਰ ਸ੍ਰੀ ਸਤੀਸ਼ ਅਰੋੜਾ, ਸ਼੍ਰੀ ਵਿਕਾਸ ਗਰਗ ਸਕੱਤਰ ਐਸ.ਐਸ.ਡੀ.ਡਬਲਿਊ.ਆਈ.ਟੀ ਅਤੇ ਐਸ.ਐਸ.ਡੀ ਕਾਲਜ ਆਫ਼ ਐਜੂਕੇਸ਼ਨ ਸ਼੍ਰੀ ਦੁਰਗੇਸ਼ ਜਿੰਦਲ ਸੈਕਟਰੀ ਆਦਿ ਹਾਜ਼ਰ ਸਨ।
’ਕੌਮਾਂਤਰੀ ਮਹਿਲਾ ਦਿਵਸ’ ਮੌਕੇ ਬਾਬਾ ਫ਼ਰੀਦ ਕਾਲਜ਼ ’ਚ ‘ਮਹਿਲਾ ਸਸ਼ਕਤੀਕਰਨ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ : ਬਾਬਾ ਫ਼ਰੀਦ ਕਾਲਜ ਬਠਿੰਡਾ ਦੇ ਵੁਮੈਨ ਡਿਵੈਲਪਮੈਂਟ ਸੈੱਲ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਮਹਿਲਾ ਸਸ਼ਕਤੀਕਰਨ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਫੂਡ ਟੈਕਨਾਲੋਜੀ ਤੋਂ ਸਹਾਇਕ ਪ੍ਰੋਫੈਸਰ ਡਾ. ਪ੍ਰਤਿਭਾ ਸਿੰਘ ਨੇ ਮਹਿਮਾਨ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਗਤੀਵਿਧੀ ਦੀ ਕੋਆਰਡੀਨੇਟਰ ਡਾ. ਸਮਰਿਤੀ ਨੇ ਮਹਿਮਾਨ ਬੁਲਾਰੇ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਦੀ ਜਾਣ ਪਛਾਣ ਕਰਵਾਈ । ਇਸ ਸੈਮੀਨਾਰ ਵਿੱਚ ਵੱਖ-ਵੱਖ ਕੋਰਸਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਡਾ. ਪ੍ਰਤਿਭਾ ਨੇ ਲਿੰਗ ਸਮਾਨਤਾ ਅਤੇ ਸਾਰੀਆਂ ਔਰਤਾਂ ਅਤੇ ਲੜਕੀਆਂ ਦੇ ਸਸ਼ਕਤੀਕਰਨ ਲਈ ਡਿਜੀਟਲ ਯੁੱਗ ਵਿੱਚ ਨਵੀਨਤਾ, ਤਕਨੀਕੀ ਤਬਦੀਲੀ ਅਤੇ ਸਿੱਖਿਆ ਦੇ ਮੂਲ ਵਿਚਾਰ ਬਾਰੇ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ ਕਿ ਕਿਸ ਤਰ੍ਹਾਂ ਕਿਸੇ ਵੀ ਰਾਸ਼ਟਰ ਦੀ ਤਰੱਕੀ ਲਈ ਮਹਿਲਾ ਸਸ਼ਕਤੀਕਰਨ ਅਤੇ ਸਮਾਨਤਾ ਸਭ ਤੋਂ ਮਹੱਤਵਪੂਰਨ ਲੋੜਾਂ ਹਨ। ਇਸ ਮੌਕੇ ਸ਼੍ਰੀਮਤੀ ਸਮਨਦੀਪ ਕੌਰ, ਸ਼੍ਰੀਮਤੀ ਅੰਜੂ ਬਾਲਾ, ਸ਼੍ਰੀਮਤੀ ਰੂਪਮ ਰਾਣੀ, ਸ਼੍ਰੀਮਤੀ ਅਕਸ਼ਿਤਾ, ਡਾ: ਸਮਰਿਤੀ, ਸ਼੍ਰੀਮਤੀ ਮਨਪ੍ਰੀਤ ਕੌਰ ਆਦਿ ਫੈਕਲਟੀ ਮੈਂਬਰ ਵੀ ਹਾਜ਼ਰ ਸਨ । ਅੰਤ ਵਿੱਚ ਫੈਕਲਟੀ ਆਫ਼ ਐਗਰੀਕਲਚਰ ਦੇ ਡੀਨ ਡਾ. ਵਿਨੀਤ ਚਾਵਲਾ ਨੇ ਆਏ ਹੋਏ ਮਹਿਮਾਨ ਬੁਲਾਰੇ ਦਾ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੁਮੈਨ ਡਿਵੈਲਪਮੈਂਟ ਸੈੱਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਸਰਕਾਰੀ ਸਕੂਲਾਂ ’ਚ ਦਾਖ਼ਲਾ ਮੁਹਿੰਮ: ਬਠਿੰਡਾ ’ਚ ਇੱਕੋ ਦਿਨ ਹੋਏ 6053 ਵਿਦਿਆਰਥੀਆਂ ਦੇ ਨਵੇਂ ਦਾਖਲੇ
ਬਲਾਕ ਬਠਿੰਡਾ ਨੇ 1801 ਦਾਖਲੇ ਕਰਕੇ ਪੰਜਾਬ ਚੋਂ ਕੀਤਾ ਪਹਿਲਾ ਸਥਾਨ ਹਾਸਿਲ
ਡਿਪਟੀ ਕਮਿਸ਼ਨਰ ਨੇ ਦਿੱਤੀ ਅਧਿਆਪਕਾਂ ਨੂੰ ਵਧਾਈ
ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ : ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ’ਚ ਵੱਧ ਤੋਂ ਵੱਧ ਬੱਚਿਆਂ ਨੂੰ ਦਾਖ਼ਲ ਕਰਵਾਉਣ ਦੀ ਚਲਾਈ ਮੁਹਿੰਮ ਤਹਿਤ ਬਠਿੰਡਾ ਜ਼ਿਲ੍ਹੇ ’ਚ ਅਧਿਆਪਕਾਂ ਨੂੰ ਚੰਗਾ ਹੂੰਗਾਰਾ ਮਿਲਿਆ ਹੈ। ਸੂਚਨਾ ਮੁਤਾਬਕ ਇੱਕ ਹੀ ਦਿਨ ’ਚ ਜ਼ਿਲ੍ਹੇ ਦੇ ਸਕੂਲਾਂ ਵਿੱਚ 6053 ਨਵੇਂ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਜੇਕਰ ਗੱਲ ਬਲਾਕ ਵਾਈਜ਼ ਕੀਤੀ ਜਾਵੇ ਤਾਂ ਬਠਿੰਡਾ ਬਲਾਕ ਸਭ ਤੋਂ ਅੱਗੇ ਰਿਹਾ ਹੈ, ਜਿਸਦੇ ਅਧੀਨ ਆਉਂਦੇ ਸਕੂਲਾਂ ਵਿਚ ਅਧਿਆਪਕਾਂ ਨੇ ਇੱਕ ਦਿਨ ਵਿਚ 1801 ਦਾਖਲੇ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਅਧਿਆਪਕਾਂ ਦੀ ਮਿਹਨਤ ਨੂੰ ਸਲਾਮ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਸਿੱਖਿਆ ਵਿਭਾਗ ਨੇ ਇੱਕ ਦਿਨ ਵਿੱਚ ਇੱਕ ਲੱਖ ਨਵੇਂ ਦਾਖਲੇ ਕਰਨ ਦਾ ਟੀਚਾ ਮਿਥਿਆ ਸੀ ਜਿਸ ਤਹਿਤ ਹਰੇਕ ਅਧਿਆਪਕ, ਨਾਨ ਟੀਚਿੰਗ ਸਟਾਫ ਅਤੇ ਮਿਡ-ਡੇ-ਮੀਲ ਵਰਕਰ ਨੇ ਘੱਟੋ-ਘੱਟ ਇੱਕ-ਇੱਕ ਨਵਾਂ ਵਿਦਿਆਰਥੀ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣਾ ਸੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀ ਸ਼ਿਵਪਾਲ ਗੋਇਲ ਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ. ਮੇਵਾ ਸਿੰਘ ਸਿੱਧੂ ਨੇ ਦੱਸਿਆ ਕਿ ਵਿਭਾਗੀ ਟੀਚੇ ਅਨੁਸਾਰ ਜ਼ਿਲ੍ਹੇ ਵਿੱਚ 5435 ਨਵੇਂ ਵਿਦਿਆਰਥੀ ਦਾਖਲ ਕਰਨੇ ਸਨ ਪਰ ਸਮੁੱਚੇ ਅਧਿਆਪਕਾਂ ਦੀ ਮਿਹਨਤ ਸਦਕਾ ਇਹ ਅੰਕੜਾ 6053 ਤੱਕ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਜ਼ਿਲ੍ਹਾ ਟੀਮਾਂ ਸਮੇਤ ਬਹੁਤ ਸਾਰੇ ਅਧਿਆਪਕਾਂ ਨੇ ਤਾਂ ਸਵੇਰੇ 8 ਵਜੇ ਤੋਂ ਦੇਰ ਰਾਤ ਤੱਕ ਗਲੀ-ਮੁਹੱਲਿਆਂ ਅਤੇ ਸਲੱਮ ਏਰੀਏ ਤੱਕ ਪਹੁੰਚ ਕਰਕੇ ਦਾਖਲੇ ਕੀਤੇ।ਉਨ੍ਹਾਂ ਕਿਹਾ ਕਿ ਪ੍ਰਾਪਤ ਵੇਰਵਿਆਂ ਅਨੁਸਾਰ ਜ਼ਿਲ੍ਹੇ ਵਿੱਚ ਬੀਤੇ ਕੱਲ੍ਹ ਇੱਕੋ ਦਿਨ ਵਿੱਚ ਐੱਲ.ਕੇ.ਜੀ. ਤੇ ਯੂ.ਕੇ.ਜੀ. ਜਮਾਤ ਵਿੱਚ 2739, ਪਹਿਲੀ ਤੋਂ ਪੰਜਵੀਂ ਜਮਾਤ ਵਿੱਚ 960, ਛੇਵੀਂ ਤੋਂ ਅੱਠਵੀਂ ਜਮਾਤ ਵਿੱਚ 1213, ਨੌਂਵੀਂ ਤੋਂ ਦਸਵੀਂ ਜਮਾਤ ਵਿੱਚ 659, ਅਤੇ ਗਿਆਰਵੀਂ ਤੋਂ ਬਾਰਵੀਂ ਜਮਾਤ ਵਿੱਚ 482 ਵਿਦਿਆਰਥੀਆਂ ਨੇ ਨਵੇਂ ਦਾਖਲੇ ਹੋਏ ਹਨ। ਇਸ ਮੌਕੇ ਸੈਕੰਡਰੀ ਤੇ ਐਲੀਮੈਂਟਰੀ ਦੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ. ਇਕਬਾਲ ਸਿੰਘ ਬੁੱਟਰ ਤੇ ਸ. ਮਹਿੰਦਰਪਾਲ ਸਿੰਘ ਭਗਤਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸੱਤ ਵਿੱਦਿਅਕ ਬਲਾਕਾਂ ਵਿੱਚ ਦਾਖਲਿਆਂ ਨੂੰ ਲੈ ਕੇ ਤਿਓਹਾਰ ਵਰਗਾ ਮਾਹੌਲ ਬਣਿਆ ਰਿਹਾ। ਸ. ਬੁੱਟਰ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਆਦਰਸ਼ ਸਕੂਲ ਕੈਨਾਲ ਕਾਲੋਨੀ ਸਕੂਲ ਵਿੱਚ ਕੱਲ 184 ਨਵੇਂ ਦਾਖਲੇ ਹੋਏ ਹਨ। ਇਸੇ ਤਰ੍ਹਾਂ ਸੈਕੰਡਰੀ ਸਕੂਲ ਪਰਸ ਰਾਮ ਨਗਰ ਚ 85 ਨਵੇਂ ਦਾਖਲੇ ਤੇ ਪ੍ਰਾਇਮਰੀ ਸਕੂਲ ਸੰਜੇ ਨਗਰ ਚ 90 ਨਵੇਂ ਦਾਖਲੇ ਹੋਏ ਹਨ। ਪਤਾ ਲੱਗਿਆ ਹੈ ਕਿ ਪਿੰਡ ਬੁਰਜ ਮਾਨਸ਼ਾਹੀਆਂ ਦੀ ਅਧਿਆਪਕਾਂ ਪ੍ਰਵੀਨ ਸ਼ਰਮਾ ਸਮੇਤ ਹੋਰ ਬਹੁਤ ਸਾਰੇ ਅਧਿਆਪਕਾਂ ਨੇ ਇੱਟਾਂ ਦੇ ਭੱਠਿਆਂ ਅਤੇ ਉਦਯੋਗਿਕ ਅਦਾਰਿਆਂ ਤੱਕ ਪਹੁੰਚ ਕਰਕੇ ਸਰਕਾਰੀ ਸਕੂਲਾਂ ਵਿੱਚ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦੇ ਕੇ ਦਾਖਲਿਆਂ ਸਬੰਧੀ ਪ੍ਰੇਰਿਤ ਵੀ ਕੀਤਾ। ਮੌੜ ਮੰਡੀ ਨਿਵਾਸੀ ਕ੍ਰਿਸ਼ਨ ਲਾਲ ਅਨੁਸਾਰ ਸਿੱਖਿਆ ਵਿਭਾਗ ਦੇ ਇਸ ਨਿਵੇਕਲੇ ਉਪਰਾਲੇ ਨੇ ਵਿਦਿਆਰਥੀਆਂ ਦੇ ਸਿਰਫ ਨਵੇਂ ਦਾਖਲੇ ਹੀ ਨਹੀਂ ਕੀਤੇ ਸਗੋਂ ਨਵੀਂ ਰੂਹ ਵੀ ਫੂਕੀ ਹੈ ਜਿਸਦੇ ਬਹੁਤ ਸਾਰਥਕ ਨਤੀਜੇ ਮਿਲਣਗੇ। ਉਨ੍ਹਾਂ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਦਾਖ਼ਲਾ ਮੁਹਿੰਮ ਨੂੰ ਹੋਰ ਅਸਰਦਾਰ ਬਣਾਉਣ ਵਾਸਤੇ ਸਿੱਖਿਆ ਵਿਭਾਗ ਵੱਲੋਂ 31 ਮਾਰਚ ਤੱਕ ਪੰਜਾਬ ਦੇ ਹਰੇਕ ਸਰਕਾਰੀ ਸਕੂਲ ਦੇ ਬਾਹਰ ਮੇਨ ਗੇਟ ਤੇ ਦਾਖਲਾ ਬੂਥ ਲਾਉਣ ਬਾਰੇ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ, ਜਿੱਥੇ ਸਕੂਲ ਖੁੱਲ੍ਹਣ ਦੇ ਸਮੇਂ ਤੋਂ ਲੈ ਕੇ ਸਾਰੀ ਛੁੱਟੀ ਹੋਣ ਤੱਕ ਟੀਚਿੰਗ/ਨਾਨ ਟੀਚਿੰਗ ਸਟਾਫ਼ ਰੋਜ਼ਾਨਾ ਡਿਊਟੀ ਤੇ ਬੈਠੇਗਾ ਅਤੇ ਰਜਿਸਟਰ ਤੇ ਦਾਖਲਿਆਂ ਸਬੰਧੀ ਰਜਿਸਟਰੇਸ਼ਨ ਕਰੇਗਾ। ਇਸ ਮੌਕੇ ਮੁੱਖ ਅਧਿਆਪਕ ਸੁਖਦੀਪ ਸਿੰਘ, ਪ੍ਰਿੰਸੀਪਲ ਗੁਰਮੇਲ ਸਿੰਘ ਤੇ ਮੁੱਖ ਅਧਿਆਪਕਾਂ ਮੀਨੂ ਸਿੰਗਲਾ ਆਦਿ ਹਾਜ਼ਰ ਸਨ।





