Thursday, May 21, 2026
Home Blog Page 2217

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਹੋਈ ਦੋਫ਼ਾੜ, ਕੱਢੇ ਆਗੂਆਂ ਨੇ ਜਨਰਲ ਕੋਂਸਲ ਦੀ ਮੀਟਿੰਗ ਸੱਦੀ

ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ’ਤੇ ਭਾਜਪਾ ਨਾਲ ਮਿਲਕੇ ਕਿਸਾਨ ਸੰਘਰਸ ਨੂੰ ਕਮਜੋਰ ਕਰਨ ਦਾ ਲਗਾਇਆ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 7 ਫਰਵਰੀ: ਦਿੱਲੀ ਵਿਖੇ ਕਰੀਬ ਸਵਾ ਸਾਲ ਚੱਲੇ ਕਿਸਾਨ ਸੰਘਰਸ਼ ਦੌਰਾਨ ਸੰਯੁਕਤ ਮੋਰਚੇ ਦਾ ਹਿੱਸਾ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੋਫ਼ਾੜ ਹੋ ਗਈ ਹੈ। ਪਿਛਲੇ ਦਿਨਾਂ ਦੌਰਾਨ ਜਥੇਬੰਦੀ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਵੱਲੋਂ ਕੱਢੇ ਆਗੂਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ, ਬਲਵੰਤ ਸਿੰਘ ਉੱਪਲੀ, ਕੁਲਵੰਤ ਸਿੰਘ, ਗੁਰਦੀਪ ਸਿੰਘ ਆਦਿ ਸਹਿਤ ਵੱਡੀ ਗਿਣਤੀ ਵਿਚ ਆਗੂਆਂ ਨੇ ਜਨਰਲ ਕੋਂਸਲ ਦੀ ਮੀਟਿੰਗ ਬੁਲਾ ਕੇ ਪ੍ਰਧਾਨ ਨੂੰ ਬਾਹਰ ਦਾ ਰਾਸਤਾ ਦਿਖਾਉਣ ਦੀ ਤਿਆਰੀ ਕਰ ਦਿੱਤੀ ਹੈ। ਇਸ ਗੱਲ ਦਾ ਖ਼ੁਲਾਸਾ ਅੱਜ ਬਠਿੰਡਾ ’ਚ ਕਿਸਾਨ ਆਗੂ ਮਨਜੀਤ ਸਿੰਘ ਧਨੇਰ, ਗੁਰਦੀਪ ਸਿੰਘ ਰਾਮਪੁਰਾ, ਬਲਵੰਤ ਸਿੰਘ ਉੱਪਲੀ ਅਤੇ ਕੁਲਵੰਤ ਸਿੰਘ ਕਿਸ਼ਨਗੜ੍ਹ ਆਦਿ ਵਲੋਂ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਕਰਦਿਆਂ ‘‘ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ’ਤੇ ਭਾਜਪਾ ਨਾਲ ਮਿਲਕੇ ਕਿਸਾਨ ਸੰਘਰਸ ਨੂੰ ਕਮਜੋਰ ਕਰਨ ਦਾ ਦੋਸ਼ ਲਗਾਇਆ। ’’ ਇੰਨ੍ਹਾਂ ਆਗੂਆਂ ਨੇ ਨਾ ਸਿਰਫ਼ ਪ੍ਰਧਾਨ ਉਰਫ਼ ਜਥੇਬੰਦੀ ਦੇ ਫੰਡਾਂ ’ਚ ਗੜ੍ਹਬੜੀ ਦੇ ਦੋਸ਼ ਲਗਾਏ, ਬਲਕਿ ਕਿਸਾਨ ਮੋਰਚੇ ਦੌਰਾਨ ਅਪਣੇ ਆਗੂ ’ਤੇ ਇੱਕ ਕੇਂਦਰੀ ਮੰਤਰੀ ਦੇ ਘਰ ’ਚ ਜਾ ਕੇ ਸ਼ਰਾਬ ਪੀਣ ਦੇ ਵੀ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸੂਬਾ ਲੀਡਰਸ਼ਿਪ ਦੇ ਇੱਕ ਗੁੱਟ ਵੱਲੋਂ ਗੈਰਸੰਵਿਧਾਨਕ ਤੇ ਗੈਰ ਜਥੇਬੰਦਕ ਅਮਲ ਰਾਹੀਂ 2 ਫਰਡਰੀ ਦੀ ਸੂਬਾਈ ਮੀਟਿੰਗ ਵਿੱਚ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਸੀ। ਇਸੇ ਹੀ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਜੇਠੂਕੇ, ਬਰਨਾਲਾ ਜ਼ਿਲ੍ਹੇ ਦੇ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ, ਬਲਾਕ ਬਰਨਾਲਾ ਦੇ ਜਨਰਲ ਸਕੱਤਰ ਬਾਬੂ ਸਿੰਘ ਖੁੱਡੀ ਕਲਾਂ ਨੂੰ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਸੀ।ਇਸਤੋਂ ਬਾਅਦ ਹੁਣ 5 ਫਰਬਰੀ ਨੂੰ ਬੁਖਲਾਹਟ ਵਿੱਚ ਆ ਕੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਸਮੇਤ ਦੋ ਹੋਰ ਸੀਨੀਅਰ ਸੂਬਾਈ ਆਗੂਆਂ ਨੂੰ ਜਥੇਬੰਦੀ ਵਿੱਚੋਂ ਖਾਰਜ ਕਰਨ ਦਾ ਤੁਗਲਕੀ ਫੁਰਮਾਨ ਜਾਰੀ ਕਰ ਦਿੱਤਾ ਹੈ। ਆਗੂਆਂ ਕਿਹਾ ਕਿ ਅਸੀਂ ਦਿੱਲੀ ਮੋਰਚੇ ਦੌਰਾਨ ਬੂਟਾ ਸਿੰਘ ਬੁਰਜਗਿੱਲ,ਜਗਮੋਹਨ ਸਿੰਘ ਪਟਿਆਲਾ ਅਤੇ ਗੁਰਮੀਤ ਸਿੰਘ ਭੱਟੀਵਾਲ ਵੱਲੋਂ ਕੇਂਦਰੀ ਏਜੰਸੀਆਂ ਦੇ ਇਸ਼ਾਰਿਆਂ ਤੇ ਕੀਤੀਆਂ ਸਾਂਝ ਭਿਆਲੀ ਵਾਲੀਆਂ ਕਾਰਵਾਈਆਂ ਨੂੰ ਵਿਚਾਰਨ ਲਈ ਸੰਵਿਧਾਨਕ ਅਦਾਰਿਆਂ ਵਿੱਚ ਵਿਚਾਰਨ ਲਈ ਲਿਖਤੀ ਅਤੇ ਜ਼ੁਬਾਨੀ ਮੰਗ ਕਰ ਰਹੇ ਸਨ। ਬੂਟਾ ਸਿੰਘ ਬੁਰਜਗਿੱਲ ਦਾ ਗੁੱਟ ਕੇਂਦਰੀ ਏਜੰਸੀਆਂ ਦੇ ਇਸ਼ਾਰੇ ਅਨੁਸਾਰ ਦਿੱਲੀ ਮੋਰਚੇ ਸਮੇਂ ਚਲਦੇ ਘੋਲ ਦੌਰਾਨ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕਿਆ। ਹੁਣ ਇੱਕ ਵਾਰ ਫੇਰ ਐਸਕੇਐਮ ਦੀ ਅਗਵਾਈ ਵਿੱਚ 9 ਦਸੰਬਰ 2021 ਨੂੰ ਲਿਖਤੀ ਸਮਝੌਤਾ ਕਰਨ ਵੇਲੇ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ ਸਾਂਝਾ ਕਿਸਾਨ ਸੰਘਰਸ਼ ਦਿੱਲੀ ਦੀਆਂ ਬਰੂਹਾਂ ਵੱਲ ਵਹੀਰਾਂ ਘੱਤਣ ਦੀਆਂ ਤਿਆਰੀਆਂ ਕਰ ਰਿਹਾ ਹੈ ਤਾਂ ਜਥੇਬੰਦੀ ਵਿੱਚੋਂ ਆਗੂਆਂ ਨੂੰ ਖਾਰਜ ਕਰਕੇ ਇੱਕ ਜੁੱਟ ਕਿਸਾਨ ਨੂੰ ਗੰਭੀਰ ਹਰਜ਼ਾ ਪਹੁੰਚਣ ਦੀ ਸਾਜ਼ਿਸ਼ ਰਚ ਰਿਹਾ ਹੈ। ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੰਵਿਧਾਨ ਅਤੇ ਐਲਾਨਨਾਮੇ ਨੂੰ ਹਰ ਹਾਲਾਤ ਵਿੱਚ ਬੁਲੰਦ ਰੱਖਿਆ ਜਾਵੇਗਾ। ਇਸਦੇ ਲਈ ਜਥੇਬੰਦੀ ਦੀ ਸੰਵਿਧਾਨਕ ਮਰਿਆਦਾ ਅਨੁਸਾਰ ਉੱਚਤਮ ਅਦਾਰੇ ਜਨਰਲ ਕੌਂਸਲ ਬੁਲਾਈ ਗਈ ਹੈ। ਇਹ ਜਨਰਲ ਕੌਂਸਲ ਮਨਜੀਤ ਧਨੇਰ, ਗੁਰਦੀਪ ਰਾਮਪੁਰਾ, ਬਲਵੰਤ ਉੱਪਲੀ, ਕਿਸ਼ਨਗੜ੍ਹ ਅਤੇ ਹੋਰ ਸੂਬਾਈ ਆਗੂਆਂ ਦੀ ਅਗਵਾਈ ਹੇਠ ਹੋਵੇਗੀ।

ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ਜਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੇ ਮੁੱਦੇ ’ਤੇ ਵਿਸ਼ਾਲ ਕਨਵੈਨਸ਼ਨ

ਸਿਖ ਕੈਦੀਆਂ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭਨਾਂ ਕੈਦੀਆਂ ਦੀ ਰਿਹਾਈ ਦੀ ਮੰਗ
13 ਫਰਵਰੀ ਨੂੰ ਜਿਲ੍ਹਾ ਕੇਂਦਰਾਂ ’ਤੇ ਧਰਨਿਆਂ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 7 ਫਰਵਰੀ : ਅੱਜ ਇੱਥੇ ਦਾਣਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ‘‘ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦਾ ਮੁੱਦਾ’’ ਵਿਸ਼ੇ ’ਤੇ ਵਿਸ਼ਾਲ ਕਨਵੈਨਸ਼ਨ ਕਰਵਾਈ ਗਈ, ਜਿਸ ਵਿੱਚ ਸਿਖ ਕੈਦੀਆਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭਨਾਂ ਕੈਦੀਆਂ ਦੀ ਰਿਹਾਈ ਦੀ ਮੰਗ ਲਈ 13 ਫਰਵਰੀ ਨੂੰ ਜਿਲ੍ਹਾ ਕੇਦਰਾਂ ’ਤੇ ਧਰਨੇ ਲਾ ਕੇ ਮੰਗ ਪੱਤਰ ਸੌਂਪਣ ਦਾ ਐਲਾਨ ਕੀਤਾ ਗਿਆ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਜਮਹੂਰੀ ਹੱਕਾਂ ਦੀ ਕਾਰਕੁੰਨ ਡਾ: ਨਵਸ਼ਰਨ ਨੇ ਕਿਹਾ ਕਿ ਦੇਸ਼ ਭਰ ਦੀਆਂ ਜੇਲ੍ਹਾਂ ’ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਬਹੁਤ ਵੱਡੀ ਗਿਣਤੀ ਮੌਜੂਦ ਹੈ, ਜਿੰਨਾਂ ਨੂੰ ਰਿਹਾਅ ਨਾ ਕਰਕੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਇਹਨਾਂ ’ਚ ਸਿੱਖ ਕੈਦੀਆਂ ਸਮੇਤ ਦਲਿਤ, ਆਦਿਵਾਸੀ, ਮੁਸਲਮਾਨ ਤੇ ਸਮਾਜ ਦੇ ਹੋਰ ਦੱਬੇ ਕੁਚਲੇ ਲੋਕ ਸ਼ਾਮਲ ਹਨ। ਐਡਵੋਕੇਟ ਐਨ.ਕੇ. ਜੀਤ ਨੇ ਮੁਲਕ ਦੇ ਕੈਦੀਆਂ ਦੇ ਪ੍ਰਸੰਗ ’ਚ ਖਾਲਿਸਤਾਨੀ ਕੈਦੀਆਂ ਦੇ ਕੇਸਾਂ ਬਾਰੇ ਵਿਸਥਾਰ ’ਚ ਚਰਚਾ ਕੀਤੀ ਅਤੇ ਇਹਨਾਂ ਕੇਸਾਂ ’ਚ ਮੌਜੂਦ ਬੇ-ਇਨਸਾਫ਼ੀ ਦੇ ਪੱਖਾਂ ਨੂੰ ਦਰਸਾਇਆ। ਉਹਨਾਂ ਕਿਹਾ ਕਿ ਫਿਰਕੂ ਕਤਲਾਂ ਦੇ ਦੋਸ਼ੀ ਖਾਲਿਸਤਾਨੀ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਲਈ ਅਵਾਜ਼ ਉਠਾਉਣਾ ਵੀ ਸਭਨਾਂ ਜਮਹੂਰੀ ਤਾਕਤਾਂ ਦਾ ਸਾਂਝਾ ਕਾਰਜ ਹੈ। ਜਥੇਬੰਦੀ ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਜੱਥੇਬੰਦੀ ਖਾਲਿਸਤਾਨੀ ਕੈਦੀਆਂ ਦੀ ਰਿਹਾਈ ਦੇ ਮੁੱਦੇ ਨੂੰ ਮੁਲਕ ਭਰ ਦੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭਨਾਂ ਜਾਤਾਂ, ਧਰਮਾਂ ਤੇ ਇਲਾਕਿਆਂ ਦੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੇ ਵਡੇਰੇ ਪ੍ਰਸੰਗ ’ਚ ਦੇਖਦੀ ਹੈ ਤੇ ਇਸ ਮੰਗ ਨੂੰ ਸੌੜੇ ਧਾਰਮਿਕ ਅਤੇ ਫਿਰਕੂ ਪੈਂਤੜੇ ਦੀ ਥਾਂ ਧਰਮ ਨਿਰਪੱਖ ਤੇ ਜਮਹੂਰੀ ਪੈਂਤੜੇ ਤੋਂ ਉਠਾਉਣ ਦੀ ਪੱਕੀ ਧਾਰਨੀ ਹੈ। ਉਹਨਾਂ ਨੇ ਜਥੇਬੰਦੀ ਵੱਲੋਂ ਸੂਬੇ ਦੀਆਂ ਸਭਨਾਂ ਜਮਹੂਰੀ ਸ਼ਕਤੀਆਂ ਅਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਜਾਬਰ ਤਾਨਾਸ਼ਾਹ ਭਾਰਤੀ ਰਾਜ ਦੁਆਰਾ ਧਾਰਮਿਕ ਘੱਟ ਗਿਣਤੀਆਂ, ਦਬਾਈਆਂ ਕੌਮਾਂ, ਅਖੌਤੀ ਨੀਵੀਆਂ ਜਾਤੀਆਂ ਸਮੇਤ ਸਭਨਾਂ ਮਿਹਨਤਕਸ਼ ਲੋਕਾਂ ਦੇ ਮਨੁੱਖੀ ਅਤੇ ਜਮਹੂਰੀ ਅਧਿਕਾਰਾਂ ਦੇ ਦਮਨ ਖਿਲਾਫ਼ ਸਾਂਝੀ ਲੋਕ ਲਹਿਰ ਉਸਾਰਨ ਦੇ ਰਾਹ ਪੈਣ ਤੇ ਇਸ ਮੰਗ ਨੂੰ ਵੀ ਵਡੇਰੇ ਜਮਹੂਰੀ ਸਰੋਕਾਰਾਂ ਦੇ ਨਜ਼ਰੀਏ ਤੋਂ ਹੱਥ ਲੈ ਕੇ ਲੰਮੇ ਤੇ ਵਿਸ਼ਾਲ ਸੰਘਰਸ਼ ’ਚ ਕੁੱਦਣ। ਜੱਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਖਾਲਿਸਤਾਨੀ ਕੈਦੀਆਂ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭਨਾਂ ਕੈਦੀਆਂ ਦੀ ਰਿਹਾਈ ਦੀ ਮੰਗ ਬਾਰੇ ਮਤਾ ਪੇਸ਼ ਕੀਤਾ ਜਿਸਨੂੰ ਸਾਰੇ ਹੀ ਇੱਕਠ ਨੇ ਸਰਬਸੰਮਤੀ ਨਾਲ ਪਾਸ ਕੀਤਾ। ਅਖੀਰ ’ਤੇ ਜੱਥੇਬੰਦੀ ਦੇ ਸੂਬਾਈ ਪ੍ਰਧਾਨ ਨੇ ਆਏ ਹੋਏ ਕਾਰਕੁੰਨਾਂ ਤੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਇਸ ਮੰਗ ਲਈ 13 ਫਰਵਰੀ ਨੂੰ ਜਿਲ੍ਹਾ ਪੱਧਰਾਂ ’ਤੇ ਧਰਨਿਆਂ ਦਾ ਐਲਾਨ ਕਰਦਿਆਂ ਵੱਡੀ ਗਿਣਤੀ ’ਚ ਜਿਲ੍ਹਾ ਹੈਡਕੁਆਟਰਾਂ ’ਤੇ ਪੁੱਜਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਜੱਥੇਬੰਦੀ ਪਹਿਲਾਂ ਵੀ ਵੱਖ-ਵੱਖ ਸਰਗਰਮੀਆਂ ’ਚ ਇਹ ਮੰਗ ਰੱਖਦੀ ਆ ਰਹੀ ਹੈ ਤੇ ਹੁਣ ਇਸ ਮਸਲੇ ’ਤੇ ਸਰਗਰਮ ਸ਼ੰਘਰਸ਼ ਕਰਨ ਜਾ ਰਹੀ ਹੈ।ਕਨਵੈਨਸ਼ਨ ਦਾ ਮੰਚ ਸੰਚਾਲਨ ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਨੇ ਕੀਤਾ।

ਮੋਦੀ ਸਰਕਾਰ ਨੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਵਾਅਦੇ ਤੋਂ ਭੱਜ ਕੇ ਗੁਰੂਆਂ ਨਾਲ ਧਰੋਹ ਕਮਾਇਆ: ਹਰਸਿਮਰਤ ਬਾਦਲ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 6 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਭਾਜਪਾ ਨੇ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਸਿੱਖ ਕੌਮ ਨਾਲ ਕੀਤੇ ਕਰਾਰ ਤੋਂ ਭੱਜ ਕੇ ਗੁਰੂ ਸਾਹਿਬ ਨਾਲ ਧਰੋਹ ਕਮਾਇਆ ਹੈ।ਅੱਜ ਇਥੇ ਇਸਤਰੀ ਅਕਾਲੀ ਦਲ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਨੂੰ ਸੋਭਾ ਨਹੀਂ ਦਿੰਦਾ ਕਿ ਉਹ ਸਿੱਖ ਕੌਮ ਨਾਲ ਕੀਤੇ ਵਾਅਦੇ ਤੋਂ ਮੁਕਰ ਜਾਵੇ। ਉਹਨਾਂ ਕਿਹਾ ਕਿ ਸਾਰੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਇਕ ਆਮ ਉਮਰ ਕੈਦ ਨਾਲੋਂ ਦੁੱਗਣਾ 30 ਸਾਲ ਤੋਂ ਵੱਧ ਸਮਾਂ ਜੇਲ੍ਹਾਂ ਵਿਚ ਕੱਟ ਲਿਆ ਹੈ। ਬੀਬੀ ਬਾਦਲ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਦਿੱਲੀ ਦੀ ਆਪ ਸਰਕਾਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਦੇ ਬਾਵਜੂਦ ਉਹਨਾਂ ਨੂੰ ਰਿਹਾਅ ਕਰਨ ਤੋਂ ਇਨਕਾਰੀ ਹੈ। ਉਹਨਾਂ ਕਿਹਾ ਕਿ ਪ੍ਰੋ. ਭੁੱਲਰ ਨੂੰ ਰਿਹਾਅ ਕਰਨ ਦੇ ਹੁਕਮਾਂ ਦੀ ਫਾਈਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫਤਰ ਵਿਚ ਇਕ ਸਾਲ ਤੋਂ ਪਈ ਹੈ ਪਰ ਫਿਰ ਵੀ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਉਹਨਾਂ ਦੀ ਇਸਤਰੀ ਅਕਾਲੀ ਦਲ ਦੇ ਮੈਂਬਰਾਂ ਨਾਲ ਬਹੁਤ ਨਤੀਜਾ ਮੁਖੀ ਮੀਟਿੰਗ ਹੋਈ ਹੈ। ਉਹਨਾਂ ਕਿਹਾ ਕਿ ਉਹ ਮਹਿਲਾ ਵਿੰਗ ਦੇ ਵਰਕਰਾਂ ਦੇ ਉਤਸ਼ਾਹ ਤੋਂ ਹੈਰਾਨ ਹਨ ਕਿਉਂਕਿ ਉਹ ਦਹਾਕਿਆਂ ਤੋਂ ਬਿਨਾਂ ਕਿਸੇ ਲੋਭ ਲਾਲਚ ਤੇ ਇਨਾਮਾਂ ਦੇ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਲਿਆਉਣ ਵਿਚ ਮਹਿਲਾਵਾਂ ਦਾ ਵੱਡਾ ਰੋਲ ਰਿਹਾ ਹੈ ਪ੍ਰੰਤੂ ਹੁਣ ਇਹ ਮਹਿਲਾਵਾਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਨਾਲ ਕੀਤਾ ਗਿਆ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।

ਮੁੱਖ ਮੰਤਰੀ ਵੱਲੋਂ ਸਨਅਤਕਾਰਾਂ ਨੂੰ ਦੁਨੀਆ ਭਰ ਵਿਚ ‘ਬ੍ਰਾਂਡ ਪੰਜਾਬ’ ਨੂੰ ਉਭਾਰਨ ਲਈ ਅੱਗੇ ਆਉਣ ਦਾ ਸੱਦਾ

0

ਪੰਜਾਬ ਕੋਲ ਆਰਥਿਕ ਵਿਕਾਸ ਦੀ ਅਥਾਹ ਸਮਰੱਥਾ, ਹੁਣ ਦੁਨੀਆ ਅੱਗੇ ਆਪਣੀ ਸਮਰੱਥਾ ਦਿਖਾਉਣ ਦਾ ਵੇਲਾ ਆ ਚੁੱਕਾ
ਪੰਜਾਬ ਨਿਵੇਸ਼ ਸੰਮੇਲਨ ਵਿਚ ਸਥਾਨਕ ਉਦਯੋਗ ਨੂੰ ਮੇਜ਼ਬਾਨ ਬਣ ਕੇ ਵਿਚਰਨਾ ਚਾਹੀਦਾ
ਉਦਯੋਗਪਤੀਆਂ ਨੂੰ ਸੂਬੇ ਦੇ ਨਿਵੇਸ਼ ਪੱਖੀ ਮਾਹੌਲ ਦਾ ਲਾਭ ਲੈਣ ਦੀ ਅਪੀਲ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 6 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਨਅਤਕਾਰਾਂ ਨੂੰ 23 ਤੇ 24 ਫਰਵਰੀ ਨੂੰ ‘ਨਿਵੇਸ਼ ਪੰਜਾਬ ਸੰਮੇਲਨ’ ਵਿਚ ਦੁਨੀਆ ਭਰ ਤੋਂ ਸ਼ਿਰਕਤ ਕਰਨ ਆ ਰਹੇ ਉਦਯੋਗ ਸਾਹਮਣੇ ‘ਬ੍ਰਾਂਡ ਪੰਜਾਬ’ ਨੂੰ ਉਭਾਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਅੱਜ ਇੱਥੇ ਇਕ ਸੈਸ਼ਨ ਦੌਰਾਨ ਸਨਅਤਕਾਰਾਂ ਨਾਲ ਵਿਚਾਰ-ਚਰਚਾ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿਚ ਪੰਜਾਬੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਉੱਦਮੀ ਗੁਣਾਂ ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਉੱਦਮੀਆਂ ਨੇ ਆਲਮੀ ਪੱਧਰ ਉਤੇ ਆਪਣੀ ਕਾਬਲੀਅਤ ਨੂੰ ਸਿੱਧ ਵੀ ਕੀਤਾ ਹੈ ਅਤੇ ਹੁਣ ਦੁਨੀਆ ਅੱਗੇ ਸੂਬੇ ਦੀ ਅਥਾਹ ਸਮਰੱਥਾ ਦਾ ਪ੍ਰਗਟਾਵਾ ਕਰਨ ਦਾ ਸਮਾਂ ਆ ਚੁੱਕਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਨੂੰ ਦੇਸ਼ ਦਾ ਸਨਅਤੀ ਧੁਰਾ ਬਣਾਉਣਾ ਸਮੇਂ ਦੀ ਲੋੜ ਹੈ।ਮੁੱਖ ਮੰਤਰੀ ਨੇ ਕਿਹਾ ਕਿ ਉਹ ਇੱਥੇ ਉਦਯੋਪਤੀਆਂ ਨੂੰ ਸੰਮੇਲਨ ਲਈ ਸੱਦਾ ਦੇਣ ਨਹੀਂ ਆਏ ਸਗੋਂ ਸਨਅਤਕਾਰਾਂ ਨੂੰ ਸੂਬਾ ਸਰਕਾਰ ਦਾ ਸਹਿਯੋਗ ਕਰਦੇ ਹੋਏ ਸੰਮੇਲਨ ਵਿਚ ਪਹੁੰਚਣ ਵਾਲੇ ਸਨਅਤੀ ਦਿੱਗਜ਼ਾਂ ਦੀ ਮੇਜ਼ਬਾਨੀ ਕਰਨ ਲਈ ਵਧ-ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਉਦਯੋਗਿਕ ਵਿਕਾਸ ਵਿਚ ਮੋਹਰੀ ਸੂਬਾ ਬਣ ਕੇ ਉਭਰੇਗਾ।ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਕੌਮੀ ਜੀ.ਡੀ.ਪੀ. ਵਿੱਚ ਸੂਬੇ ਦਾ ਤਿੰਨ ਫੀਸਦੀ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਗਾਂ ਵਾਲੀ ਧਰਤੀ ਹੈ ਜਿਸ ਦੀ ਉਪਜਾਊ ਜ਼ਮੀਨ ਅਤੇ ਨਿਵੇਕਲੇ ਸੁਭਾਅ ਵਾਲੇ ਲੋਕ ਹਨ ਜੋ ਦੇਸ਼ ਅਤੇ ਇਸ ਦੇ ਲੋਕਾਂ ਲਈ ਕੁਝ ਵੀ ਕਰ ਸਕਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸਟਾਰਟ ਅੱਪਜ਼ ਵਿੱਚ ਸੂਬਾ ਪਹਿਲੇ ਨੰਬਰ ’ਤੇ ਹੈ ਅਤੇ ਪੰਜਾਬ ਦੇ ਉੱਦਮੀਆਂ ਨੇ ਵਿਸ਼ਵ ਦੇ ਅਰਥਚਾਰੇ ਵਿੱਚ ਅਮਿੱਟ ਛਾਪ ਛੱਡੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਉਦਯੋਗ ਅਤੇ ਵਣਜ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਲਈ ਨਵੀਂ ਉਦਯੋਗਿਕ ਨੀਤੀ ਲਾਗੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਸਾਰੇ ਭਾਈਵਾਲਾਂ ਖਾਸ ਕਰਕੇ ਉਦਯੋਗਪਤੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਤਿਆਰ ਕੀਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਨੀਤੀ ਦੇ ਸਬੰਧ ਵਿੱਚ ਜੇਕਰ ਕੋਈ ਹੋਰ ਸੁਝਾਅ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਾਂਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਛੇਤੀ ਹੀ ਸਟੈਂਪ ਪੇਪਰਾਂ ਲਈ ਕਲਰ ਕੋਡਿੰਗ (ਵਿਸ਼ੇਸ਼ ਰੰਗਾਂ ਵਾਲੇ ਸਟੈਂਪ ਪੇਪਰ) ਲਾਗੂ ਕਰੇਗੀ ਤਾਂ ਜੋ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਨਵੇਂ ਪ੍ਰੋਜੈਕਟਾਂ ਲਈ ਛੇਤੀ ਮਨਜ਼ੂਰੀ ਦਿੱਤੀ ਜਾ ਸਕੇ।ਮੁੱਖ ਮੰਤਰੀ ਨੇ ਕਿਹਾ ਕਿ ਉਹ ਸਨਅਤਕਾਰਾਂ ਨੂੰ ਸੰਮੇਲਨ ਲਈ ਸੱਦਾ ਦੇਣ ਵਾਸਤੇ ਚੇਨਈ, ਹੈਦਰਾਬਾਦ ਅਤੇ ਮੁੰਬਈ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨਗਰਾਂ ਦੇ ਉਦਯੋਗਿਕ ਅਦਾਰੇ ਸੂਬੇ ਵਿੱਚ ਉਦਯੋਗਿਕ ਵਿਕਾਸ ਦੀਆਂ ਅਸੀਮ ਸੰਭਾਵਨਾਵਾਂ ਬਾਰੇ ਜਾਣ ਕੇ ਹੈਰਾਨ ਸਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਇਹ ਉਦਯੋਗਪਤੀ ਹੁਣ ਪੰਜਾਬ ਵਿੱਚ ਨਿਵੇਸ਼ ਕਰਨ ਲਈ ਤਿਆਰ ਹਨ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਿੰਗਲ ਵਿੰਡੋ ਸੇਵਾ ਸਿਰਫ਼ ਛਲਾਵਾ ਸੀ ਅਤੇ ਇਸ ਦਾ ਕੋਈ ਸਾਰਥਕ ਉਦੇਸ਼ ਨਹੀਂ ਸੀ, ਜਿਸ ਨੇ ਨਾ ਸਿਰਫ਼ ਸੰਭਾਵੀ ਨਿਵੇਸ਼ਕਾਂ ਦਾ ਮਨੋਬਲ ਤੋੜਿਆ ਸਗੋਂ ਸੂਬੇ ਦੇ ਉਦਯੋਗਿਕ ਵਿਕਾਸ ਵਿੱਚ ਵੀ ਅੜਿੱਕੇ ਡਾਹੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਸਿੰਗਲ ਵਿੰਡੋ ਸਿਸਟਮ ਸੂਬੇ ਵਿੱਚ ਨਿਵੇਸ਼ ਕਰਨ ਦੇ ਇੱਛੁਕ ਉੱਦਮੀਆਂ ਲਈ ਸਹੀ ਮਾਅਨਿਆਂ ਵਜੋਂ ਸਹੂਲਤ ਵਜੋਂ ਕੰਮ ਕਰੇ।ਮੁੱਖ ਮੰਤਰੀ ਨੇ ਤਨਜ਼ ਕੱਸਦਿਆਂ ਕਿਹਾ ਕਿ ਪਹਿਲਾਂ ਉਦਯੋਗਪਤੀਆਂ ਨੂੰ ਆਪਣੇ ਪ੍ਰਾਜੈਕਟ ਲਈ ਸੱਤਾਧਾਰੀ ਪਰਿਵਾਰਾਂ ਨਾਲ ਸਮਝੌਤਿਆਂ ’ਤੇ ਦਸਤਖਤ ਕਰਨੇ ਪੈਂਦੇ ਸਨ ਪਰ ਜਦੋਂ ਤੋਂ ਉਨ੍ਹਾਂ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੈ, ਹੁਣ ਪੰਜਾਬ ਵਾਸੀਆਂ ਦੇ ਹਿੱਤ ਵਿਚ ਸਮਝੌਤਿਆਂ ’ਤੇ ਦਸਤਖਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਰਸੂਖਦਾਰ ਪਰਿਵਾਰਾਂ ਨੂੰ ਇਨ੍ਹਾਂ ਸਮਝੌਤਿਆਂ ਦਾ ਲਾਹਾ ਮਿਲਦਾ ਸੀ ਪਰ ਹੁਣ ਪੰਜਾਬੀਆਂ ਨੂੰ ਇਸ ਦਾ ਲਾਭ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਅਣਥੱਕ ਯਤਨ ਕਰ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਅਰਥਚਾਰੇ ਵਿਚ ਬਿਜਲੀ ਮੁੱਖ ਭੂਮਿਕਾ ਅਦਾ ਕਰਦੀ ਹੈ ਅਤੇ ਸੂਬੇ ਨੇ ਪਛਵਾੜਾ ਖਾਣ ਤੋਂ ਕੋਲੇ ਦੀ ਸਪਲਾਈ ਮੁੜ ਸ਼ੁਰੂ ਹੋਣ ਤੋਂ ਬਾਅਦ ਵਾਧੂ ਬਿਜਲੀ ਉਤਪਾਦਨ ਵਧਾਉਣ ਵੱਲ ਪੁਲਾਂਘ ਪੁੱਟੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਯਕੀਨੀ ਹੋ ਜਾਵੇਗਾ ਕਿ ਸੂਬੇ ਵਿੱਚ ਕਿਸੇ ਵੀ ਥਰਮਲ ਪਾਵਰ ਪਲਾਂਟ ਨੂੰ ਕੋਲੇ ਦੀ ਕਿਸੇ ਕਿਸਮ ਦੀ ਘਾਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਭਗਵੰਤ ਮਾਨ ਨੇ ਕਿਹਾ ਕਿ ਉਦਯੋਗਪਤੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣਾ ਸੂਬਾ ਸਰਕਾਰ ਦਾ ਫਰਜ਼ ਹੈ।ਮੁੱਖ ਮੰਤਰੀ ਨੇ ਉਦਯੋਗਪਤੀਆਂ ਨੂੰ ਆਪਣੇ ਕਾਰੋਬਾਰ ਨੂੰ ਹੋਰ ਫੈਲਾਉਣ ਲਈ ਵਧੀਆ ਬੁਨਿਆਦੀ ਢਾਂਚੇ, ਬਿਜਲੀ, ਹੁਨਰਮੰਦ ਮਨੁੱਖੀ ਵਸੀਲਿਆਂ ਅਤੇ ਉਦਯੋਗਿਕ ਤੇ ਕਿਰਤ ਦਾ ਬਿਹਤਰ ਮਾਹੌਲ ਦੇ ਨਾਲ-ਨਾਲ ਸੁਖਾਵੀਆਂ ਪ੍ਰਸਿਥਤੀਆਂ ਦਾ ਵੱਧ ਤੋਂ ਵੱਧ ਫਾਇਦਾ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੇਂ ਵਿਚਾਰਾਂ ਅਤੇ ਨਵੀਨਤਮ ਕਾਢਾਂ ਲਈ ਹਮੇਸ਼ਾ ਤਿਆਰ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਉੱਦਮੀਆਂ ਦੇ ਸਰਗਰਮ ਸਹਿਯੋਗ ਨਾਲ ਦੇਸ਼ ਦਾ ਉਦਯੋਗਿਕ ਧੁਰਾ ਬਣ ਕੇ ਉਭਰੇਗਾ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਛੇਤੀ ਹੀ ਸੂਬਾ ਭਰ ਵਿੱਚ 20 ਸਮਰਪਿਤ ਪੇਂਡੂ ਉਦਯੋਗਿਕ ਹੱਬ ਸਥਾਪਤ ਕਰੇਗੀ। ਉਨ੍ਹਾਂ ਕਿਹਾ ਕਿ ਇਹ ਯੂਨਿਟ ਸਨਅਤਕਾਰਾਂ ਨੂੰ ਆਪਣੇ ਯੂਨਿਟ ਸਥਾਪਤ ਕਰਨ ਵਿੱਚ ਸਹੂਲਤ ਦੇਣ ਲਈ ਅਤਿ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹੋਣਗੇ। ਭਗਵੰਤ ਮਾਨ ਨੇ ਆਪਣੇ ਯੂਨਿਟ ਸਥਾਪਤ ਕਰਨ ਦੀ ਚੋਣ ਕਰਨ ਵਾਲੇ ਉਦਯੋਗਪਤੀਆਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਉਦਯੋਗਿਕ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ 23-24 ਫਰਵਰੀ ਨੂੰ ਹੋਣ ਜਾ ਰਿਹਾ ‘ਨਿਵੇਸ਼ ਪੰਜਾਬ ਸੰਮੇਲਨ’ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਸਮਾਗਮ ਦੇ ਪ੍ਰਬੰਧਾਂ ਨੂੰ ਪਹਿਲਾਂ ਹੀ ਅੰਤਿਮ ਰੂਪ ਦੇ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਉਦਯੋਗੀਕਰਨ ਨੂੰ ਹੁਲਾਰਾ ਦੇਣ ਦਾ ਮੁੱਖ ਮੰਤਵ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਕੇ ਸੂਬੇ ਤੋਂ ਕਾਬਲ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹ ਪਾਉਣਾ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ‘ਸਕੂਲ ਆਫ਼ ਐਮੀਨੈਂਸ’ ਵੀ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਕੂਲ ਇਨ੍ਹਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਗੇ। ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਦੇ ਵਿਕਾਸ ਨੂੰ ਉਨ੍ਹਾਂ ਦੀ ਰੁਚੀ ਅਨੁਸਾਰ ਯਕੀਨੀ ਬਣਾਇਆ ਜਾਵੇਗਾ ਅਤੇ ਇਹ ਸਕੂਲ ਭਵਿੱਖ ਲਈ ਮਾਹਿਰ ਤਿਆਰ ਕਰਨਗੇ।ਇਸ ਤੋਂ ਪਹਿਲਾਂ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਸ਼ਖਸੀਅਤਾਂ ਦਾ ਸਵਾਗਤ ਕੀਤਾ।ਇਸ ਮੌਕੇ ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਦਲੀਪ ਕੁਮਾਰ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ, ਸੀ.ਈ.ਓ. ਇਨਵੈਸਟ ਪੰਜਾਬ ਕੇ.ਕੇ.ਯਾਦਵ, ਐਡੀਸ਼ਨਲ ਸੀ.ਈ.ਓ ਇਨਵੈਸਟ ਪੰਜਾਬ ਡਾ. ਸੁਮਿਤ ਜਾਰੰਗਲ ਅਤੇ ਹੋਰ ਵੀ ਹਾਜ਼ਰ ਸਨ।

ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਫੂਕੀਆਂ ਪਾਵਰਕਾਮ ਮੈਨੇਜਮੈਂਟ ਵੱਲੋੰ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ

0

ਪਾਵਰਕਾਮ ਵਿੱਚ ਬਾਹਰੋਂ ਭਰਤੀ ਤੋਂ ਪਹਿਲਾਂ ਸਮੂਹ ਆਊਟਸੋਰਸ਼ਡ ਮੁਲਾਜਮਾਂ ਨੂੰ ਪੱਕਾ ਕਰੇ ਸਰਕਾਰ:-ਜਗਰੂਪ ਸਿੰਘ!
ਪੰਜਾਬੀ ਖ਼ਬਰਸਾਰ ਬਿਉਰੋ
ਲਹਿਰਾ ਮੁਹੱਬਤ, 6 ਫ਼ਰਵਰੀ: ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਬੈਨਰ ਹੇਠ ਅੱਜ ਥਰਮਲ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਪਲਾਂਟ ਦੇ ਮੁੱਖ ਗੇਟ ਤੇ ਰੋਸ਼ ਰੈਲੀ ਕਰਨ ਉਪਰੰਤ ਪਾਵਰਕਾਮ ਮੈਨੇਜਮੈਂਟ ਵੱਲੋੰ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਫੂਕਕੇ ਰੋਸ਼ ਜਤਾਇਆ,ਇਸ ਸਮੇਂ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਗਰੂਪ ਸਿੰਘ ਲਹਿਰਾ,ਜਰਨਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋੰ ਪਾਵਰਕਾਮ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਪਾਵਰਕਾਮ ਵਿੱਚ ਪੱਕਾ ਤਾਂ ਕੀ ਕਰਨਾ ਸੀ ਸਗੋਂ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚੋਂ ਬਾਹਰ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ,ਜਿਸ ਦੀ ਤਾਜ਼ਾ ਮਿਸ਼ਾਲ ਪਾਵਰਕਾਮ ਮੈਨੇਜਮੈਂਟ ਮੁੱਖ ਦਫ਼ਤਰ ਪਟਿਆਲਾ ਵੱਲੋੰ 09 ਜਨਵਰੀ 2023 ਨੂੰ ਜਾਰੀ ਕੀਤੇ ਪੱਤਰ ਮੀਮੋ ਨੰਬਰ 539/60 ਰਾਹੀਂ ਸਾਹਮਣੇ ਆਈ ਹੈ, ਉਕਤ ਪੱਤਰ ਰਾਹੀਂ ਪਾਵਰਕਾਮ ਮੈਨੇਜਮੈਂਟ ਵੱਲੋੰ ਸਮੁੱਚੇ ਵਿਭਾਗ ਵਿੱਚ ਪੈਸਕੋ ਕੰਪਨੀ ਰਾਹੀਂ ਸੇਵਾਵਾਂ ਦੇ ਰਹੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਆਪਣੀਆਂ ਸੇਵਾਵਾਂ ਨੂੰ ਲਗਾਤਾਰ ਜਾਰੀ ਰੱਖਣ ਲਈ ਪੈਸਕੋ ਕੰਪਨੀ ਦੇ ਮੋਹਾਲੀ ਸਥਿਤ ਮੁੱਖ ਦਫ਼ਤਰ ਤੋਂ 31 ਮਾਰਚ ਤੱਕ ਅਪਰੂਵਲ ਲੈਣ ਦੀ ਹਦਾਇਤ ਕੀਤੀ ਗਈ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਪਾਵਰਕਾਮ ਮੈਨੇਜਮੈਂਟ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚੋਂ ਬਾਹਰ ਕਰਨ ਦਾ ਰਾਹ ਪੱਧਰਾ ਕਰ ਰਹੀ ਹੈ,ਆਗੂਆਂ ਨੇ ਕਿਹਾ ਕਿ ਅੱਜ ਜਦੋਂ ਸਮੁੱਚੇ ਪਾਵਰਕਾਮ ਵਿੱਚ ਹਜ਼ਾਰਾਂ ਆਊਟਸੋਰਸ਼ਡ ਠੇਕਾ ਮੁਲਾਜ਼ਮ ਖਾਲੀ ਆਸਾਮੀਆਂ ਦੇ ਵਿਰੁੱਧ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਹਨ ਉਕਤ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀ ਭਰਤੀ ਪਾਵਰਕਾਮ ਮੈਨੇਜਮੈਂਟ ਦੀ ਮੰਗ ਅਨੁਸਾਰ ਵੱਖ-ਵੱਖ ਠੇਕੇਦਾਰਾਂ,ਕੰਪਨੀਆਂ ਅਤੇ ਪੈਸਕੋ ਕੰਪਨੀ ਦੁਬਾਰਾ ਬਕਾਇਦਾ ਖਾਲੀ ਅਸਾਮੀਆਂ ਵਿਰੁੱਧ ਕੀਤੀ ਹੋਈ ਹੈ ਅਤੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਕੋਲ ਯੋਗਤਾ ਦੇ ਰੂਪ ਵਿੱਚ ਪੜਾਈ ਦੇ ਨਾਲ-ਨਾਲ ਪਾਵਰਕਾਮ ਵਿੱਚ ਸਾਲਾਂ-ਬੱਧੀ ਕੰਮ ਦਾ ਤਜ਼ਰਬਾ ਵੀ ਹੈ ਪਰ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋੰ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀਆਂ ਲਗਾਤਾਰ ਸੇਵਾਵਾਂ ਨੂੰ ਅੱਖੋਂ ਪਰੋਖੇ ਕਰਕੇ ਪਾਵਰਕਾਮ ਬਾਹਰੋਂ ਸਿੱਧੀ ਭਰਤੀ ਕਰਨਾ ਅਤੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਸੇਵਾਵਾਂ ਜਾਰੀ ਰੱਖਣ ਲਈ ਪੈਸਕੋ ਕੰਪਨੀ ਤੋਂ ਅਪਰੂਵਲ ਲੈਣ ਦਾ ਪੱਤਰ ਜਾਰੀ ਕਰਨਾ ਠੇਕਾ ਮੁਲਾਜ਼ਮਾਂ ਨਾਲ ਸਰਾਸ਼ਰ ਨੰਗਾ-ਚਿੱਟਾ ਧੋਖਾ ਹੈ,ਜਿਸ ਦੇ ਵਿਰੋਧ ਵਜੋਂ ਪਾਵਰਕਾਮ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮ 16 ਫ਼ਰਵਰੀ ਨੂੰ ਪੀ.ਐੱਸ.ਪੀ.ਸੀ.ਐੱਲ.ਦੇ ਮੁੱਖ ਦਫ਼ਤਰ ਸਾਹਮਣੇ ਪਰਿਵਾਰਾਂ ਸਮੇਤ ਧਰਨਾ ਦੇਣਗੇ,ਇਸ ਸਮੇਂ ਹਾਜ਼ਿਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਮਾਨ,ਮੀਤ ਪ੍ਰਧਾਨ ਨਾਇਬ ਸਿੰਘ,ਹਰਦੀਪ ਸਿੰਘ ਤੱਗੜ,ਗੁਰਪ੍ਰੀਤ ਸਿੰਘ ਲਹਿਰਾ,ਰਮਜ਼ਾਨ ਖਾਨ,ਪਰਮਿੰਦਰ ਸਿੰਘ,ਖੋਮਪਾਲ ਸਿੰਘ ਆਦਿ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਾਵਰਕਾਮ ਵਿੱਚ ਬਾਹਰੋਂ ਸਿੱਧੀ ਭਰਤੀ ਤੋਂ ਪਹਿਲਾਂ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਪਾਵਰਕਾਮ ਵਿੱਚ ਪੱਕਾ ਕੀਤਾ ਜਾਵੇ,ਲੇਬਰ ਐਕਟ 1948 ਦੇ ਫਾਰਮੂਲੇ ਮੁਤਾਬਿਕ ਇੱਕ ਅਣ-ਸਿੱਖਿਅਤ ਠੇਕਾ ਮੁਲਾਜ਼ਮ ਦੀ ਤਨਖ਼ਾਹ ਘੱਟੋ-ਘੱਟ 25 ਹਜ਼ਾਰ ਰੁਪਏ ਨਿਸ਼ਚਿਤ ਕੀਤੀ ਜਾਵੇ,ਡਿਉਟੀ ਦੌਰਾਨ ਆਪਣੀ ਜਾਨ ਗਵਾ ਚੁੱਕੇ ਠੇਕਾ ਮੁਲਾਜ਼ਮਾਂ ਦੇ ਪਰਿਵਾਰਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀ ਅਤੇ ਯੋਗ ਮੁਆਵਜ਼ਾ ਦਿੱਤਾ ਜਾਵੇ,ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਸਮੂਹ ਅਣ-ਸਕਿਲਡ ਠੇਕਾ ਮੁਲਾਜ਼ਮਾਂ ਨੂੰ ਪਦ-ਉੱਨਤ ਕੀਤਾ ਜਾਵੇ,ਪਾਵਰਕਾਮ ਦੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਮਿਲ ਰਹੇ ਮਾਣ-ਭੱਤੇ ਨੂੰ ਵਧਾਕੇ ਘੱਟੋ-ਘੱਟ ਪੰਜ ਹਜ਼ਾਰ ਕੀਤਾ ਜਾਵੇ,ਫੀਲਡ ਵਿੱਚ ਕੰਮ ਕਰਦੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਵਾਜ਼ਿਬ ਪੈਟਰੋਲ ਭੱਤਾ ਦਿੱਤਾ ਜਾਵੇ,ਸਮੂਹ ਲੋੜਵੰਦ ਠੇਕਾ ਮੁਲਾਜ਼ਮਾਂ ਨੂੰ ਮਿਲ ਰਹੀ ਤਨਖ਼ਾਹ ਮੁਤਾਬਿਕ ਘੱਟ ਤੋਂ ਘੱਟ ਕਿਰਾਏ ਤੇ ਕੁਵਾਟਰ ਮੁਹਈਆ ਕਰਵਾਏ ਜਾਣ,ਵਧੇ ਹੋਏ ਮਿਨੀਮਮ ਰੇਟਾਂ ਦਾ ਬਕਾਇਆ ਜਲਦ ਦਿੱਤਾ ਜਾਵੇ,ਪਾਵਰਕਾਮ ਵਿੱਚੋਂ ਛਾਂਟੀ ਕੀਤੇ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਨੌਕਰੀ ਤੇ ਬਹਾਲ ਕੀਤਾ ਜਾਵੇ।

ਇੰਡੀਅਨ ਪੀਪਲਜ਼ ਥੀਏਟਰ ਐਸੋਸ਼ੀਏਸ਼ਨ ਦੀ ਬਠਿੰਡਾ ਇਕਾਈ ਦੀ ਕਮੇਟੀ ਦੀ ਹੋਈ ਚੋਣ

ਰੰਗ ਕਰਮੀ ਕੀਰਤੀ ਕਿਰਪਾਲ ਬਣੇ ਪ੍ਰਧਾਨ ਜਦਕਿ ਹਰਦੀਪ ਸਿੰਘ ਤੱਗੜ ਸਕੱਤਰ ਨਿਯੁਕਤ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 6 ਫ਼ਰਵਰੀ: ਕਲਾ ਅਤੇ ਰੰਗ ਮੰਚ ਨਾਲ ਜੁੜੀ 78 ਸਾਲ ਪਹਿਲਾਂ ਹੌਂਦ ਵਿਚ ਆਈ ਸੰਸਥਾ ਇਪਟਾ – ਇੰਡੀਅਨ ਪੀਪਲਜ਼ ਥੀਏਟਰ ਐਸੋਸ਼ੀਏਸ਼ਨ ਦੀ ਬਠਿੰਡਾ ਇਕਾਈ ਦੀ ਕਮੇਟੀ ਦੀ ਚੋਣ ਕਰ ਲਈ ਗਈ ਹੈ। ਜਿਸ ਵਿਚ ਰੰਗ ਕਰਮੀ ਅਤੇ ਨਿਰਦੇਸ਼ਕ ਕੀਰਤੀ ਕਿਰਪਾਲ ਪ੍ਰਧਾਨ, ਸਾਬਕਾ ਸਿਖਿਆ ਸ਼ਾਸਤਰੀ ਹਰਦੀਪ ਸਿੰਘ ਤੱਗੜ ਸਕੱਤਰ, ਸੀਨੀਅਰ ਲੇਖਕ ਤੇ ਆਲੋਚਕ ਲਛਮਣ ਸਿੰਘ ਮਲੂਕਾ ਵਿੱਤ ਸਕੱਤਰ ਅਤੇ ਨੌਜਵਾਨ ਲੇਖਕ ਤੇ ਕਲਾਕਾਰ ਜਸਪ੍ਰੀਤ ਸਿੰਘ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਦਕਿ ਆਗਾਜ਼ਬੀਰ ਅਤੇ ਅਮਨ ਦਾਤੇਵਾਸੀਆਂ ਨੂੰ ਕਾਰਜਕਾਰੀ ਸੰਮਤੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੀਰਤਿ ਕਿਰਪਾਲ ਨੇ ਕਿਹਾ ਕਿ ਇਪਟਾ ਸੰਸਥਾ ਦਾ ਨਾਂ ਮਹਾਨ ਵਿਗਿਆਨੀ ਹੋਮੀ ਜਹਾਂਗੀਰ ਭਾਬਾ ਨੇ ਸੁਝਾਇਆ ਸੀ ਅਤੇ ਲੌਗੋ ਮਸ਼ਹੂਰ ਚਿੱਤਰਕਾਰ ਚਿੱਤ ਪ੍ਰਸ਼ਾਦ ਨੇ ਤਿਆਰ ਕੀਤਾ ਸੀ। ਮਾਰਵਾੜੀ ਸਕੂਲ ਮੁੰਬਈ ਵਿਖੇ 25 ਮਈ 1943 ਨੂੰ ਹੋਏ ਇਪਟਾ ਦੇ ਪਲੇਠੇ ਮਹਾਂ ਸੰਮੇਲਨ ਦੀ ਪ੍ਰਧਾਨਗੀ ਐੱਚ. ਐੱਮ. ਜੋਸ਼ੀ ਨੇ ਕੀਤੀ ਅਤੇ ਪਹਿਲੇ ਪ੍ਰਧਾਨ ਵੀ ਐੱਚ. ਐੱਮ. ਜੋਸ਼ੀ ਥਾਪੇ ਗਏ, ਜਦਕਿ ਪਹਿਲੇ ਮੀਤ ਪ੍ਰਧਾਨ ਅਨਿਲ ਡੀ. ਸਿਲਵਾ ਸਨ। ਉਨ੍ਹਾਂ ਦੱਸਿਆ ਕਿ ਇਪਟਾ ਕੇਵਲ ਇਕ ਸੰਸਥਾ ਹੀ ਨਹੀਂ ਸਗੋਂ ਆਧੁਨਿਕ ਭਾਰਤ ਦਾ ਪਹਿਲੇ ਸਭਿਆਚਾਰਕ ਅੰਦੋਲਨ ਦਾ ਅਗ਼ਾਜ਼ ਸੀ। ਜੋ ਅੱਜ ਵੀ ਕਈ ਸ਼ਕਲਾਂ, ਰੂਪਾਂ ਅਤੇ ਸਰੂਪਾਂ ਵਿਚ ਦੇਸ਼ ਭਰ ਵਿਚ ਵੇਖਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ। ਹਰਦੀਪ ਸਿੰਘ ਤੱਗੜ ਅਤੇ ਲਛਮਣ ਸਿੰਘ ਮਲੂਕਾ ਨੇ ਕਿਹਾ ਕਿ ਇਪਟਾ ਦੇ ਸਿਧਾਂਤ ਮੁਤਾਬਿਕ ਕਲਾ ਦੇ ਸਮਾਜਿਕ ਸਰੋਕਾਰ ਹੋਣੇ ਲਾਜ਼ਮੀ ਸ਼ਰਤ ਹੈ। ਇਸਤੋਂ ਇਲਾਵਾ ਕਲਾ ਦੀ ਦੁਨੀਆਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਨਰਗਿਸ ਦੱਤ, ਏ.ਕੇ. ਹੰਗਲ, ਉਤਪਲਦੱਤ, ਦੁਰਗਾ ਖੋਟੇ, ਕੈਫ਼ੀ ਆਜ਼ਮੀ, ਸੰਜੀਵ ਕੁਮਾਰ, ਹੇਮੰਤ ਕੁਮਾਰ, ਮਨਾ ਡੇ, ਸਾਹਿਰ ਲੁਧਿਆਣਵੀ, ਮੁਲਕ ਰਾਜ ਆਨੰਦ, ਭੀਸ਼ਮ ਸਾਹਨੀ, ਭੁਪੇਨ ਹਜ਼ਾਰੀਕਾ, ਹਬੀਬ ਤਨਵੀਰ, ਪੰਡਿਤ ਰਵੀ ਸ਼ੰਕਰ, ਕ੍ਰਿਸ਼ਨ ਚੰਦਰ, ਪੀ.ਸੀ. ਜੋਸ਼ੀ, ਮਜ਼ਰੂਹ ਸੁਲਤਾਨ ਪੁਰੀ, ਸ਼ੰਭੂ ਮਿੱਤਰਾ ਵਰਗੇ ਅਣਗਿਣਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਦੇ ਫਨਕਾਰ ਇਪਟਾ ਨਾਲ ਜੁੜੇ, ਜਿਨ੍ਹਾਂ ਭਾਰਤੀ ਫਿਲਮਾਂ, ਰੰਗਮੰਚ, ਗੀਤ/ਸੰਗੀਤ ਅਤੇ ਨ੍ਰਿਤ ਵਿਚ ਅਪਣਾ ਨਿੱਘਰ ਤੇ ਜ਼ਿਕਰਯੋਗ ਹਿੱਸਾ ਪਾਇਆ। ਜਸਪ੍ਰੀਤ ਸਿੰਘ ਨੇ ਕਿਹਾ ਕਿ ਇਪਟਾ ਕੇਵਲ ਫਨਕਾਰਾਂ/ਕਲਾਕਾਰਾਂ ਦਾ ਮੰਚ ਨਾ ਹੋ ਕੇ ਹਰ ਅਜਿਹੇ ਸਖਸ਼ ਦਾ ਮੰਚ ਬਣਿਆਂ, ਜੋ ਲੋਕ-ਹਿਤੈਸ਼ੀ ਸਭਿਆਚਾਰ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਦਾ ਹਾਮੀ ਹੋ ਨਿਬੜਿਆ, ਭਾਂਵੇ ਬੰਗਾਲ ਦਾ ਹਿਰਦਾ-ਹਿਲਾਊ ਕਾਲ ਹੋਵੇ ਜਾਂ ਅਜ਼ਾਦੀ ਦੀ ਲੜਾਈ; ਇਪਟਾ ਦੇ ਕਾਰਕੁਨਾ ਨੇ ਹਮੇਸ਼ਾਂ ਹੀ ਆਪਣੀ ਜ਼ੁੰਮੇਵਾਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ।

ਭਗਵੰਤ ਮਾਨ ਦੇ ਰਾਜ ਵਿੱਚ ਨਰਸਾਂ ਨੂੰ ਮਿਲੀ ਡਾਕਟਰਾਂ ਦੀ ਜਿੰਮੇਵਾਰੀ- ਸਾਬਕਾ ਸਿਹਤ ਮੰਤਰੀ

0

ਸਰਕਾਰ ਨੇ ਪੇਂਡੂ ਡਿਸਪੈਂਸਰੀਆਂ ਵਿੱਚ ਡਾਕਟਰਾਂ ਦੀ ਥਾਂ ਨਰਸਾਂ ਨੂੰ ਕੀਤਾ ਤੈਨਾਤ-ਬਲਬੀਰ ਸਿੰਘ ਸਿੱਧੂ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ. ਨਗਰ, 6 ਫਰਵਰੀ – ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਰਾਜ ਸਰਕਾਰ ਨੇ ਨਰਸਾਂ ਅਤੇ ਆਯੁਰਵੇਦ ਪ੍ਰੈਕਟੀਸ਼ਨਰਾਂ ਨੂੰ ਕਈ ਪੇਂਡੂ ਡਿਸਪੈਂਸਰੀਆਂ ਵਿੱਚ ਡਾਕਟਰਾਂ ਦੀ ਥਾਂ ’ਤੇ ਕੰਮ ਕਰਨ ਲਈ ਕਿਹਾ ਹੈ ਜੋ ਕਿ ਇਕ ਬਹੁਤ ਮੰਦਭਾਗੀ ਗੱਲ ਹੈ। ਸਿੱਧੂ ਨੇ ਸਵਾਲ ਪੁੱਛਿਆ ਹੈ ਕਿ ਪੇਂਡੂ ਖੇਤਰਾਂ ਦੇ ਲੋਕਾਂ ਦਾ ਚੰਗਾ ਇਲਾਜ਼ ਲੈਣ ਦਾ ਕੋਈ ਹਕ? ਹੈ ਜਾਂ ਨਹੀਂ। ਸਰਕਾਰ ਉਹਨਾਂ ਨਾਲ ਇੰਨਾ ਭੇਦਭਾਵ ਕਿਉਂ ਕਰ ਰਹੀ ਹੈ। ਸਿੱਧੂ ਨੇ ਅਗੇ ਕਿਹਾ ਕਿ ਇਹ ਸਰਕਾਰ ਆਪਣੀ ਦਿੱਖ ਸੁਧਾਰਣ ਲਈ ਕਿਸੀ ਵੀ ਹੱਦ ਤਕ ਜਾ ਸਕਦੀ ਹੈ ਅਤੇ ਹੁਣ ਸਿਰਫ਼ ਆਮ ਆਦਮੀ ਕਲੀਨਿਕਾਂ ਦੇ ਨੰਬਰ ਨੂੰ ਵਧਾਉਣ ਲਈ ਲੋਕਾਂ ਦੀ ਜਾਨਾਂ ਨਾਲ ਸਿੱਧਾ ਖਿਲਵਾੜ ਕਰ ਰਹੀ ਹੈ। ਸਿੱਧੂ ਨੇ ਕਿਹਾ ਕਿਸੀ ਵੀ ਮਾਡਲ ਨੂੰ ਸਿਰੇ ਚੜਾਉਣ ਲਈ ਫ਼ਿਸਿਬਿਲਿਟੀ ਚੈੱਕ ਕੀਤੀ ਜਾਂਦੀ ਹੈ ਜਿਸ ਨਾਲ ਉਸ ਮਾਡਲ ਨੂੰ ਕਾਮਯਾਬ ਬਣਾਇਆ ਜਾ ਸਕੇ। ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਦੀ ਕਮੀ ਦੇ ਬਾਵਜੂਦ ਭਗਵੰਤ ਮਾਨ ਨੇ ਸਿਰਫ਼ ਆਪਣੇ ਨੰਬਰ ਬਣਾਉਣ ਲਈ ਬਿਨਾਂ ਫ਼ਿਸਿਬਿਲਿਟੀ ਚੈੱਕ ਕੀਤੇ ਅਤੇ ਗਰਾਊਂਡ ਵਰਕਰਾਂ ਦੀ ਸਲਾਹ ਬਗੈਰ ਇਸ ਕੰਮ ਨੂੰ ਅੰਜਾਮ ਦਿਤਾ ਜੋ ਹੁਣ ਇਨ੍ਹਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ।
ਹਾਲ ਹੀ ਦੇ ਹੁਕਮਾਂ ਵਿੱਚ, ਸੀਨੀਅਰ ਮੈਡੀਕਲ ਅਫਸਰ, ਹੁਸ਼ਿਆਰਪੁਰ ਨੇ ਸਹਾਇਕ ਸਿਹਤ ਕੇਂਦਰਾਂ (ਐਸਐਸਸੀ) ਵਿੱਚ ਪੰਜ ਕਮਿਊਨਿਟੀ ਹੈਲਥ ਅਫਸਰ (ਸੀਐਚਓਐਸ) ਤੈਨਾਤ ਕੀਤੇ ਹਨ, ਜਿੱਥੇ ਐਮਬੀਬੀਐਸ ਡਾਕਟਰਾਂ ਦੀਆਂ ਅਸਾਮੀਆਂ ਆਮ ਆਦਮੀ ਕਲੀਨਿਕਾਂ ਵਿੱਚ ਤਬਦੀਲ ਹੋਣ ਤੋਂ ਬਾਅਦ ਖਾਲੀ ਹੋ ਗਈਆਂ ਸਨ। ਇੱਥੋਂ ਤੱਕ ਕਿ ਆਮ ਆਦਮੀ ਕਲੀਨਿਕਾਂ ਵਿੱਚ ਆਯੁਰਵੈਦਿਕ ਡਾਕਟਰ ਵੀ ਤੈਨਾਤ ਹਨ ਅਤੇ ਉਨ੍ਹਾਂ ਨੂੰ ਦਵਾਈ ਦੇਣ ਲਈ ਕਿਹਾ ਜਾ ਰਿਹਾ ਹੈ। ਨਰਸਾਂ ਲਈ ਦਵਾਈਆਂ ਦੇਣਾ ਅਤੇ ਉਸਤੇ ਕੋਈ ਸਲਾਹ ਦੇਣ ਦਾ ਕੋਈ ਏਖ਼ਤੀਆਰ ਨਹੀਂ ਹੈ। ਦਵਾਈ ਵੰਡਣ ਲਈ, ਇੱਕ ਰਜਿਸਟਰਡ ਫਾਰਮਾਸਿਸਟ ਹੋਣਾ ਲਾਜ਼ਮੀ ਹੈ। ਨਰਸਾਂ ਸਿਰਫ਼ ਡਾਕਟਰ ਵਲੋਂ ਦੱਸੀਆਂ ਦਵਾਈਆਂ ਦੇ ਸਕਦੀਆਂ ਹਨ।ਸਿੱਧੂ ਨੇ ਤੰਜ ਕਸਦਿਆਂ ਆਖਿਆ ਇਹ ਤੇ ਓਹ ਗੱਲ ਹੋਈ ਜਿਵੇਂ ਬਾਰਡਰ ਤੇ ਫੌਜ ਦੀ ਥਾਂ ਤੇ ਪੁਲੀਸ ਭੇਜ਼ ਦਿੱਤੀ ਜਾਵੇ। ਪੁਲੀਸ ਦਾ ਆਪਣਾ ਕੰਮ ਹੈ ਅਤੇ ਫੌਜ ਦਾ ਆਪਣਾ. ਉਦਾਂ ਹੀ ਨਰਸਾਂ ਦਾ ਆਪਣਾ ਕੰਮ ਹੈ ਅਤੇ ਡਾਕਟਰਾਂ ਦਾ ਆਪਣਾ। ਸਾਰੇ ਕੰਮਾਂ ਦੀ ਆਪਣੀ ਅਹਿਮੀਅਤ ਹੈ, ਅਤੇ ਇਹ ਗੱਲ ਸਰਕਾਰ ਨੂੰ ਸਮਝਣ ਦੀ ਲੋੜ ਹੈ।ਸਿੱਧੂ ਨੇ ਅੱਗੇ ਆਮ ਆਦਮੀ ਕਲੀਨਿਕ ਦੀ ਜਾਲਸਾਜ਼ੀ ਬੇਨਕਾਬ ਕਰਦਿਆਂ ਕਿਹਾ ਕਿ ਬੜੀ ਮੰਦਭਾਗੀ ਗੱਲ ਹੈ, ਜਿਹੜੀ ਸਰਕਾਰ ਸ਼ਹੀਦ ਭਗਤ ਸਿੰਘ ਜੀ ਦੇ ਰਸਤੇ ਤੇ ਚਲਣ ਦੇ ਵੱਡੇ ਦਾਅਵੇ ਕਰਦੀ ਹੈ ਉਹ ਆਪ ਹੀ ਹਰ ਪੱਖ ਤੋਂ ਗੁੰਮਰਾਹ ਹੁੰਦੀ ਦਿਖ ਰਹੀ ਹੈ। ਸ਼ਹੀਦਾਂ ਦੇ ਨਾਮ ਤੇ ਵੋਟ ਲੈਣ ਵਾਲੀ ਇਹ ਸਰਕਾਰ ਨੇ ਭਗਤ ਸਿੰਘ ਜੀ ਦੀ ਮਾਤਾ ਦੇ ਨਾਮ ਦੇ ਬਣੇ ਹਸਪਤਾਲ ਨੂੰ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕਰ ਦਿੱਤਾ ਹੈ ਜਿਸ ਨਾਲ ਲੋਕਾਂ ਵਿੱਚ ਖ਼ਾਸੀ ਨਾਰਾਜ਼ਗੀ ਹੈ। ਆਪ ਪਾਰਟੀ ਨੇ ਸ਼ਹੀਦਾਂ ਦੇ ਮਾਤਾ ਜੀ ਦੇ ਨਾਮ ਨਾਲੋ ਆਪਣੇ ਨਾਮ ਨੂੰ ਪ੍ਰਚਾਰ ਲਈ ਵਰਤੋਂ ਕਰਨ ਨੂੰ ਵੱਧ ਤਵੱਜੋ ਦਿੱਤੀ, ਜੋਂ ਆਮ ਆਦਮੀ ਪਾਰਟੀ ਦੀ ਸ਼ੁਰੂ ਤੋਂ ਹੀ ਫਿਤਰਤ ਵਿੱਚ ਹੈ।

ਬਠਿੰਡਾ ਪੁਲਿਸ ਵਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਕਾਬੂ, 7 ਮੋਬਾਇਲ, ਕਈ ਮੋਟਰਸਾਈਕਲ, ਸਕੂਟੀ ਤੇ ਕਾਰ ਦੇ ਪੁਰਜੇ ਬਰਾਮਦ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 6 ਫ਼ਰਵਰੀ : ਸਥਾਨਕ ਥਾਣਾ ਕੋਤਵਾਲੀ ਦੀ ਪੁਲਿਸ ਵਲੋਂ ਲੁੱਟ-ਖੋਹ, ਚੋਰੀ ਆਦਿ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵੱਡੇ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਇਸਦੇ ਅੱਠ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ ਕਈ ਮੋਟਰਸਾਈਕਲ, ਇਕ ਸਕੂਟੀ ਅਤੇ ਇੱਕ ਚੋਰੀ ਹੋਈ ਕਾਰ ਦੇ ਪੁਰਜ਼ਿਆਂ ਤੋਂ ਇਲਾਵਾ ਸੱਤ ਮੋਬਾਇਲ ਫੋਨ ਵੀ ਬਰਾਮਦ ਹੋਏ ਹਨ। ਅੱਜ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਵਿਸਵਜੀਤ ਸਿੰਘ ਮਾਨ ਅਤੇ ਥਾਣਾ ਕੋਤਵਾਲੀ ਦੇ ਐਸ.ਐਚ.ਓ ਇੰਸਪੈਕਟਰ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇੰਨ੍ਹਾਂ ਮਾਮਲਿਆਂ ਵਿਚ ਕੁੱਝ ਸਮਾਂ ਪਹਿਲਾਂ ਦੋ ਵੱਖ ਵੱਖ ਚੋਰੀ ਦੇ ਪਰਚੇ ਦਰਜ਼ ਕੀਤੇ ਗਏ ਸਨ। ਇੰਨ੍ਹਾਂ ਪਰਚਿਆਂ ਨੂੰ ਹੱਲ ਕਰਨ ਲਈ ਬਣਾਈਆਂ ਟੀਮਾਂ ਵਲੋਂ ਕੀਤੀਆਂ ਜਾਂਚ ਦੌਰਾਨ ਇੰਨ੍ਹਾਂ ਗਿਰੋਹਾਂ ਨੂੰ ਕਾਬੂ ਕੀਤਾ ਗਿਆ ਹੈ। ਇੱਕ ਗਿਰੋਹ ਜਿਸ ਵਿਚੋਂ ਤਿੰਨ ਨੌਜਵਾਨਾਂ ਹਰਦੀਪ ਸਿੰਘ ਉਰਫ਼ ਮੋਹਣੀ, ਗੁਰਮੇਲ ਸਿੰਘ ਉਰਫ਼ ਗੋਲੀ ਵਾਸੀ ਲੰਬਵਾਲੀ ਜ਼ਿਲ੍ਹਾ ਫ਼ਰੀਦਕੋਟ ਅਤੇ ਅਰਸ਼ਦੀਪ ਸਿੰਘ ਉਰਫ਼ ਘੁੱਦਰ ਵਾਸੀ ਪਿੰਡ ਬਾਂਦਰ ਜ਼ਿਲ੍ਹਾ ਮੋਗਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇੰਨ੍ਹਾਂ ਕੋਲੋ ਇੱਕ ਸੋਨੇ ਦੀ ਚੇਨ ਅਤੇ 7 ਮੋਬਾਇਲ ਫ਼ੋਨ ਵੀ ਬਰਾਮਦ ਕੀਤੇ ਗਏ ਹਨ। ਇਸੇ ਤਰ੍ਹਾਂ ਦੂਜੇ ਗਿਰੋਹ ਵਿਚੋਂ ਅਰਸ਼ਦੀਪ ਸਿੰਘ ਵਾਸੀ ਬਰਕੰਦੀ, ਕਰਮਵੀਰ ਸਿੰਘ ਵਾਸੀ ਕੋਠੇ ਜੀਵਨ ਸਿੰਘ ਵਾਲਾ, ਦਾਨਾ ਸਿੰਘ ਅਤੇ ਲਖਵੀਰ ਸਿੰਘ ਵਾਸੀ ਕੋਠੇ ਜੀਵਨ ਸਿੰਘ ਵਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇੰਨ੍ਹਾਂ ਕੋਲੋ ਅੱਧੀ ਦਰਜ਼ਨ ਤੋਂ ਵੱਧ ਮੋਟਰਸਾਈਕਲ, ਇੱਕ ਸਕੂਟੀ ਤੇ ਇੱਕ ਆਲਟੋ ਕਾਰ ਜੋਕਿ ਚੋਰੀ ਕਰਨ ਤੋਂ ਬਾਅਦ ਚੋਰਾਂ ਨਾਲ ਮਿਲੇ ਕਬਾੜੀਏ ਵਲੋਂ ਅਲੱਗ ਅਲੱਗ ਕਰ ਦਿੱਤੀ ਗਈ ਸੀ, ਵੀ ਬਰਾਮਦ ਕੀਤੀ ਗਈ ਹੈ। ਇਸਤੋਂ ਇਲਾਵਾ ਇੰਨ੍ਹਾਂ ਕੋਲੋ ਕੀਤੀਪੁਛਗਿਛ ਦੇ ਆਧਾਰ ’ਤੇ ਗੁਰਪ੍ਰੀਤ ਸਿੰਘ ਵਾਸੀ ਕੋਠੇ ਇੰਦਰ ਸਿੰਘ ਵਾਲਾ ਅਤੇ ਭੋਲਾ ਸਿੰਘ ਵਾਸੀ ਪਿੰਡ ਕੋਠੇ ਨੱਥਾ ਸਿੰਘ ਵਾਲਾ ਤੇ ਰਾਜਵਿੰਦਰ ਸਿੰਘ ਵਾਸੀ ਕੋਠੇ ਕਰਤਾਰ ਸਿੰਘ ਵਾਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇੰਨ੍ਹਾਂ ਕਥਿਤ ਦੋਸ਼ੀਆਂ ਨੇ ਚੋਰੀ ਕੀਤੀ ਕਾਰ ਨੂੰ ਕਟਰ ਨਾਲ ਕੱਟਣ ਤੋਂ ਬਾਅਦ ਅੱਗੇ ਵੇਚ ਦਿੱਤਾ ਸੀ।

ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ਾਂ ਹੇਠ ਡਾਲਫ਼ਿਨ ਇੰਸਟੀਚਿਊਟ ਦੇ ਪ੍ਰਬੰਧਕਾਂ ਵਿਰੁਧ ਪਰਚਾ ਦਰਜ਼

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 6 ਫ਼ਰਵਰੀ : ਵਿਦੇਸ਼ ’ਚ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਠੱਗੀ ਮਾਰਨ ਦੇ ਦੋਸ਼ਾਂ ਹੇਠ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸਥਾਨਕ ਮਹੇਸ਼ਵਰੀ ਚੌਕ ਵਿਚ ਸਥਿਤ ਡਾਲਫ਼ਿਨ ਇੰਸਟੀਚਿਊਟ ਦੇ ਪ੍ਰਬੰਧਕਾਂ ਸਹਿਤ ਅੱਧੀ ਦਰਜ਼ਨ ਵਿਅਕਤੀਆਂ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼ ਕੀਤਾ ਹੈ। ਹਾਲਾਂਕਿ ਇਸ ਸਬੰਧ ਵਿਚ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਪ੍ਰੰਤੂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜੇਕਰ ਪੁਲਿਸ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤਾਂ ਕਾਫ਼ੀ ਮਾਮਲੇ ਹੋਰ ਸਾਹਮਣੇ ਆਉਣ ਦੀ ਸੰਭਾਵਨਾ ਹੈ। ਮਿਲੀ ਸੂਚਨਾ ਮੁਤਾਬਕ ਪੁਲਿਸ ਕੋਲ ਦਿੱਤੀ ਸਿਕਾਇਤ ਵਿਚ ਹਰਪ੍ਰੀਤ ਸਿੰਘ ਵਾਸੀ ਪਿੰਡ ਲੰਗੇਆਣਾ ਜ਼ਿਲ੍ਹਾ ਮੋਗਾ ਨੇ ਸਿਕਾਇਤ ਦਿੱਤੀ ਸੀ ਕਿ ਉਹ ਅਪਣੀ ਪਤਨੀ ਨਾਲ ਵਿਦੇਸ਼ ਵਿਚ ਸੈਟਲ ਹੋਣਾ ਚਾਹੁੰਦੇ ਸਨ, ਜਿਸਦੇ ਚੱਲਦੇ ਉਨ੍ਹਾਂ ਵਲੋਂ ਡਾਲਫਿਨ ਇੰਸਟੀਚਿਊਟ ਬਠਿੰਡਾ ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ। ਇਸ ਦੌਰਾਨ ਉਕਤ ਇੰਸਟੀਚਿਊਟ ਵਿਚ ਬੇਅੰਤ ਕੌਰ ਵਾਸੀ ਪਿੰਡ ਚੱਕ ਰਾਮ ਸਿੰਘ ਵਾਲਾ, ਯੁਗਵਿੰਦਰ ਸਿੰਘ ਵਾਸੀ ਪਿੰਡ ਸੁਖਨਾ, ਨਰੇਸ਼ ਕੁਮਾਰ ਵਾਸੀ ਏਲਨਾਬਾਦ ਜ਼ਿਲ੍ਹਾ ਸਿਰਸਾ ਅਤੇ ਗੌਰਵ ਕੁਮਾਰ ਵਾਸੀ ਮੁਹਾਲੀ ਉਸਨੂੰ ਵੱਖ ਵੱਖ ਸਮਂੇ ਦੌਰਾਨ ਮਿਲੇ। ਜਿੰਨ੍ਹਾਂ ਨੇ ਉਨ੍ਹਾਂ ਨੂੰ ਕੈਨੇਡਾ ਭੇਜਣ ਦਾ ਭਰੋਸਾ ਦਿੱਤਾ ਅਤੇ ਇਸਦੇ ਬਦਲੇ ਉਸਤੋਂ ਸਾਰੇ ਦਸਤਾਵੇਜ ਲੈ ਲਏ ਅਤੇ ਨਾਲ ਹੀ ਵਖ ਵਖ ਸਮਂੇ ਦੌਰਾਨ ਕੈਨੇਡਾ ਭੇਜਣ ਲਈ ਕਰੀਬ ਸਾਢੇ 42 ਲੱਖ ਰੁਪਏ ਵੀ ਲੈ ਲਏ। ਪ੍ਰੰਤੂ ਬਾਅਦ ਵਿਚ ਨਾਂ ਤਾਂ ਕੈਨੇਡਾ ਭੇਜਿਆ, ਨਾ ਹੀ ਦਸਤਾਵੇਜ਼ ਵਾਪਸ ਕੀਤੇ ਅਤੇ ਨਾ ਹੀ ਪੈਸੇ ਮੋੜੇ, ਜਿਸਦੇ ਚੱਲਦੇ ਉਸਨੂੰ ਪੁਲਿਸ ਕੋਲ ਸਿਕਾਇਤ ਦੇਣੀ ਪਈ। ਇਸ ਮਾਮਲੇ ਦੀ ਜਾਂਚ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ ਵਿੰਗ ਵਲੋਂ ਕੀਤੀ ਗਈ, ਜਾਂਚ ਤੋਂ ਬਾਅਦ ਲਗਾਏ ਆਰੋਪਾਂ ਦੀ ਪੁਸ਼ਟੀ ਹੋਣ ’ਤੇ ਉਕਤ ਵਿਅਕਤੀਆਂ ਵਿਰੁਧ ਧਾਰਾ 420,406 ਅਤੇ 120 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅਡਾਨੀ ਗਰੁੱਪ ’ਤੇ ਘਪਲੇਬਾਜ਼ੀ ਦੇ ਦੋਸ਼ ਲਗਾਉਂਦਿਆਂ ਕਾਂਗਰਸ ਪਾਰਟੀ ਨੇ ਐਸ ਬੀ ਆਈ ਬੈਂਕ ਦੇ ਸਾਹਮਣੇ ਲਗਾਇਆ ਧਰਨਾ

0

ਪ੍ਰਧਾਨ ਮੰਤਰੀ ਦੇਸ਼ ਦੀ ਸੁਰੱਖਿਆ ਕਰਨ ਦੀ ਬਜਾਏ ਵਪਾਰੀਆਂ ਦੀ ਕਰ ਰਹੇ ਹਨ ਘਪਲੇਬਾਜ਼ੀ ਵਿਚ ਮੱਦਦ : ਜਟਾਣਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 6 ਫ਼ਰਵਰੀ : ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਅਦਾਨੀ ਗਰੁੱਪ ਸਬੰਧੀ ਅਮਰੀਕੀ ਕੰਪਨੀ ਹਿੰਡਨਬਰਗ ਵਲੋਂ ਜਾਰੀ ਰੀਪੋਰਟ ਤੋਂ ਬਾਅਦ ਦੇਸ ਭਰ ਦੇ ਲੱਖਾਂ-ਕਰੋੜਾਂ ਵਿਅਕਤੀਆਂ ਵਲੋਂ ਲਗਾਏ ਪੈਸਿਆਂ ਨਾਲ ਚੱਲ ਰਹੇ ਜਨਤਕ ਅਦਾਰਿਆਂ ਦੇ ਡੁੱਬਣ ਦਾ ਖ਼ਦਸ਼ਾ ਜਾਹਰ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਅੱਜ ਸਥਾਨਕ ਸਿਵਲ ਲਾਈਨ ਖੇਤਰ ਵਿਚ ਸਥਿਤ ਐਸ ਬੀ ਆਈ ਬੈਂਕ ਦੇ ਸਾਹਮਣੇ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਰੋਸ ਧਰਨਾ ਦਿੱਤਾ ਗਿਆ,ਜਿਸ ਵਿਚ ਜਿਲ੍ਹਾ ਬਠਿੰਡਾ ਸ਼ਹਿਰੀ ਅਤੇ ਦਿਹਾਤੀ ਦੇ ਸਮੂਹ ਔਹਦੇਦਾਰ, ਵਰਕਰ, ਪੰਚ ਸਰਪੰਚ, ਅਤੇ ਕੌਂਸਲਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਕਾਂਗਰਸ ਬਠਿੰਡਾ ਦਿਹਾਤੀ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ, ਕੇ ਕੇ ਅਗਰਵਾਲ, ਅਰੁਣ ਵਧਾਵਣ ,ਬਲਜਿੰਦਰ ਸਿੰਘ ਠੇਕੇਦਾਰ ਅਤੇ ਅਸ਼ੋਕ ਕੁਮਾਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦੇਸ਼ੀ ਕੰਪਨੀ ਵੱਲੋਂ ਕੀਤੇ ਗਏ ਖੁਲਾਸੇ ਨੇ ਦੇਸ਼ ਦੀ ਮੋਦੀ ਸਰਕਾਰ ਦਾ ਚੇਹਰਾ ਬੇਨਕਾਬ ਕਰ ਦਿੱਤਾ ਹੈ ਕਿ ਉਹ ਕਿਵੇਂ ਦੇਸ਼ ਦੇ ਆਰਥਕ ਦੀ ਸੁਰੱਖਿਆ ਕਰਨ ਦੀ ਬਜਾਏ ਵੱਡੇ ਧਨਾਢ ਕਾਰੋਬਾਰੀਆਂ ਦੀ ਮਦਦ ਕਰ ਰਹੇ ਹਨ। ਕਾਂਗਰਸੀ ਆਗੂ ਟਹਿਲ ਸਿੰਘ ਸੰਧੂ, ਪਵਨ ਮਾਨੀ ,ਕਿਰਨਜੀਤ ਸਿੰਘ ਗਹਿਰੀ, ਕਿਰਨਦੀਪ ਕੌਰ ਵਿਰਕ, ਅੰਮ੍ਰਿਤਾ ਗਿੱਲ,ਮਾਸਟਰ ਹਰਮੰਦਰ ਸਿੰਘ ਅਤੇ ਰਪਿੰਦਰ ਬਿੰਦਰਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਅਡਾਨੀ ਗਰੁੱਪ ਦੇ ਚੇਅਰਮੈਨ ਨੂੰ ਗ੍ਰਿਫਤਾਰ ਕਰਕੇ ਸਾਰਾ ਸੱਚ ਸਾਹਮਣੇ ਲਿਆਂਦਾ ਜਾਵੇ ਨਹੀਂ ਤਾਂ ਉਹ ਦੇਸ਼ ਛੱਡ ਕੇ ਫਰਾਰ ਹੋ ਸਕਦੇ ਹਨ, ਜਿਸ ਦੀ ਜ਼ਿੰਮੇਵਾਰੀ ਮੋਦੀ ਸਰਕਾਰ ਦੀ ਹੋਵੇਗੀ। ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ, ਬਲਰਾਜ ਸਿੰਘ ਪੱਕਾ, ਕ੍ਰਿਸ਼ਨ ਭਾਗੀ ਬਾਂਦਰ, ਲੱਖਾ ਚੇਅਰਮੈਨ, ਤੇਜਾ ਚੇਅਰਮੈਨ, ਅਵਤਾਰ ਸਿੰਘ ਗੋਨਿਆਣਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਕਿਸੇ ਵੀ ਤਰਾਂ ਦੇ ਵੱਡੇ ਘਪਲੇ ਸਾਹਮਣੇ ਨਹੀਂ ਆਏ ਅਤੇ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਈ ਸੀ ਪਰ ਮੋਦੀ ਸਰਕਾਰ ਦੇ ਵਿੱਚ ਦੇਸ਼ ਦੀ ਆਰਥਿਕਤਾ ਡਾਵਾਡੋਲ ਸਥਿਤੀ ਵਿੱਚ ਹੈ। ਇਸ ਮੌਕੇ ਮਲਕੀਤ ਸਿੰਘ, ਚਰਨਜੀਤ ਸਿੰਘ ਭੋਲਾ, ਟਹਿਲ ਸਿੰਘ ਬੁੱਟਰ, ਮਨੋਜ ਐਮ ਸੀ ,ਨੇਹਾ ਜਿੰਦਲ, ਵੀਪਨ ਮਿਤੁ, ਸਾਧੂ ਸਿੰਘ, ਜੱਸਾ ਐਮਸੀ, ਸੁੱਖਾ ਐਮਸੀ, ਹਮੇਸ਼ ਜੋ ਕਿ ਐਮ ਸੀ ਰਣਜੀਤ ਸਿੰਘ ਸੰਧੂ, ਬਲਜੀਤ ਸਿੰਘ ਯੂਥ ਆਗੂ ਸੁਰਿੰਦਰਜੀਤ ਸਿੰਘ ਸਾਹਨੀ ਬਲਵੰਤ ਰਾਏ ਨਾਥ ਅੰਗਰੇਜ ਸਰਪੰਚ ਹਵਨਦੀਪ ਸਿੰਘ ਪ੍ਰਕਾਸ਼ ਚੰਦ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

Our Visitor

1910306