Thursday, May 21, 2026
Home Blog Page 2216

ਸੂਬਾ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦਾ ਨਿਪਟਾਰਾ ਉਨ੍ਹਾਂ ਦੇ ਦਰਾਂ ਤੇ ਜਾ ਕੇ ਹੱਲ ਕਰਨ ਲਈ ਵਚਨਬੱਧ : ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ

0

ਕੋਈ ਵੀ ਯੋਗ ਲਾਭਪਾਤਰੀ ਲੋਕ ਭਲਾਈ ਸਕੀਮਾਂ ਤੋਂ ਵਾਝਾਂ ਨਹੀਂ ਰਹਿਣ ਦਿੱਤਾ ਜਾਵੇਗਾ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਲੀ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦਾ ਨਿਪਟਾਰਾ ਉਨ੍ਹਾਂ ਦੇ ਦਰਾਂ ਤੇ ਜਾ ਕੇ ਹੱਲ ਕਰਨ ਲਈ ਹਮੇਸ਼ਾ ਵਚਨਬੱਧ ਹੈ। ਜਿਸਦੇ ਚੱਲਦੇ ਆਮ ਲੋਕਾਂ ਦੀਆਂ ਸਾਂਝੀਆਂ ਤੇ ਨਿੱਜੀ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਦਰਾਂ ਨੇੜੇ ਸਪੈਸ਼ਲ ਕੈਂਪ ਲਗਾ ਕੇ ਕੀਤਾ ਜਾ ਰਿਹਾ ਹੈ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ ਨੇ ਅੱਜ ਜ਼ਿਲ੍ਹੇ ਅਧੀਨ ਪੈਂਦੇ ਰਾਮਾਂ ਮੰਡੀ ਦੀ ਪੁਰਾਣੀ ਅਨਾਜ ਮੰਡੀ ਵਿਖੇ ਲਗਾਏ ਗਏ ਸਪੈਸ਼ਲ ਕੈਂਪ ਦੌਰਾਨ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਨਣ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਉਨ੍ਹਾਂ ਵੱਲੋਂ ਰਾਮਾਂ ਮੰਡੀ ਚ ਸਥਿਤ ਪੁਰਾਣੀ ਅਨਾਜ ਮੰਡੀ ਵਿਖੇ ਲਗਾਏ ਗਏ ਇਸ ਕੈਂਪ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਬਾਘਾ, ਮਲਕਾਣਾ, ਕਮਾਲੂ, ਰਾਮਸਰਾ, ਪਿੰਡ ਰਾਮਾਂ ਤੇ ਰਾਮਾਂ ਮੰਡੀ ਅਤੇ ਬੰਗੀ ਨਿਹਾਲ ਸਿੰਘ ਵਾਲਾ ਆਦਿ ਪਿੰਡਾਂ ਦੇ ਲੋਕਾਂ ਦੀਆਂ ਸਾਂਝੀਆਂ ਤੇ ਨਿੱਜੀ ਸਮੱਸਿਆਵਾਂ ਸੁਣੀਆਂ ਗਈਆਂ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਆਉਣ ਵਾਲੇ ਆਮ ਲੋਕਾਂ ਨਾਲ ਸਤਿਕਾਰ ਸਹਿਤ ਪੇਸ਼ ਆਇਆ ਜਾਵੇ ਤੇ ਉਨ੍ਹਾਂ ਦੇ ਜਾਇਜ਼ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ। ਲਗਾਏ ਗਏ ਸਪੈਸ਼ਲ ਕੈਂਪ ਦੌਰਾਨ ਪਿੰਡਾਂ ਵਾਸੀਆਂ ਵੱਲੋਂ ਸ਼ਗਨ ਸਕੀਮ, ਪੈਨਸ਼ਨਾਂ, ਪੀਣ ਵਾਲੇ ਪਾਣੀ, ਨਜ਼ਾਇਜ਼ ਕਬਜ਼ੇ, ਗਲੀਆਂ-ਨਾਲੀਆਂ ਦੀ ਮੁਰੰਮਤ, ਨਹਿਰੀ ਪਾਣੀ ਦੀ ਸਮੱਸਿਆ, ਛੱਪੜਾ ਦੀ ਸਾਫ਼-ਸਫ਼ਾਈ, ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਕਰਨ, ਖੇਡ ਮੈਦਾਨ ਬਣਾਉਣ, ਕੱਚੇ ਰਸਤੇ ਪੱਕੇ ਕਰਵਾਉਣ ਆਦਿ ਮੁਸ਼ਕਿਲਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ, ਜਿਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ।ਇਸ ਉਪਰੰਤ ਚੀਫ਼ ਵਿਪ ਪ੍ਰੋ ਬਲਜਿੰਦਰ ਕੌਰ ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਨਵੀਂ ਸਬਜ਼ੀ ਮੰਡੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਪੁਰਾਣੀ ਸਬਜ਼ੀ ਮੰਡੀ ਨੂੰ ਬੰਦ ਕਰਵਾ ਕੇ ਨਵੀਂ ਸਬਜ਼ੀ ਮੰਡੀ ਵਿੱਚ ਸਿਫ਼ਟ ਕਰਨਾ ਜਲਦ ਯਕੀਨੀ ਬਣਾਇਆ ਜਾਵੇ। ਇਸ ਤੋਂ ਪਹਿਲਾਂ 47 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ਼ ਦੀ ਸਫ਼ਾਈ ਕਰਨ ਵਾਲੀ ਜੈਟਿੰਗ ਮਸ਼ੀਨ ਵੀ ਮੰਡੀ ਵਾਸੀਆਂ ਨੂੰ ਸਮਰਪਿਤ ਕੀਤੀ। ਕੈਂਪ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪਲਵੀ ਚੌਧਰੀ, ਐਸਡੀਐਮ ਗਗਨਦੀਪ ਸਿੰਘ, ਤਹਿਸੀਲਦਾਰ ਤਲਵੰਡੀ ਸਾਬੋ ਮੈਡਮ ਰਮਨਦੀਪ ਕੌਰ, ਕਾਰਜ ਸਾਧਕ ਅਫ਼ਸਰ ਦੀਪਕ ਸੇਤੀਆ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਮੇਵਾ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ, ਮੋਹਤਬਰ ਵਿਅਕਤੀ ਸਮੇਤ ਆਮ ਲੋਕ ਹਾਜ਼ਰ ਸਨ।

ਨਸ਼ੇ ਵੇਚਣ ਦੇ ਸ਼ੱਕ ਹੇਠ ਮੰਡੀ ਕਲਾਂ ’ਚ ਪੁਲਿਸ ਮੁਲਾਜਮ ਨੂੰ ਘੇਰਿਆ, ਐਸ.ਐਸ.ਪੀ ਨੇ ਮੌਕੇ ’ਤੇ ਪੁੱਜ ਕੇ ਕਾਰਵਾਈ ਦਾ ਦਿੱਤਾ ਭਰੋਸਾ

0

ਸੁਖਜਿੰਦਰ ਮਾਨ
ਬਠਿੰਡਾ, 7 ਫਰਵਰੀ : ਸੂਬੇ ’ਚ ਨਸ਼ਿਆਂ ਦੀ ਰੋਕਥਾਮ ’ਚ ਲੱਗੀ ਪੰਜਾਬ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦ ਜ਼ਿਲ੍ਹੇ ਦੇ ਪਿੰਡ ਮੰਡੀ ਕਲਾਂ ਅਤੇ ਪਿੱਥੋ ਦੇ ਲੋਕਾਂ ਨੇ ਇੱਕ ਪੁਲਿਸ ਮੁਲਾਜਮ ਨੂੰ ਹੀ ਨਸ਼ੇ ਵੇਚਣ ਦੇ ਦੋਸ਼ਾਂ ਹੇਠ ਕਾਬੂ ਕਰ ਲਿਆ । ਇਹ ਮਾਮਲਾ ਇੰਨ੍ਹਾਂ ਵਧ ਗਿਆ ਕਿ ਪੁਲਿਸ ਮੁਲਾਜਮ ਨੂੰ ਛੁਡਾਉਣ ਲਈ ਖੁਦ ਐਸ.ਐਸ.ਪੀ ਜੇ.ਇਲਨਚੇਲੀਅਨ ਨੂੰ ਮੌਕੇ ’ਤੇ ਪੁੱਜਣਾ ਪਿਆ, ਜਿੱਥੇ ਦੋ ਪਿੰਡਾਂ ਸਹਿਤ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਧਰਨਾ ਲਗਾ ਕੇ ਪੁਲਿਸ ਮੁਲਾਜਮ ਨੂੰ ਘੇਰਿਆ ਹੋਇਆ ਸੀ। ਐਸ.ਐਸ.ਪੀ ਨੇ ਧਰਨੇ ਵਿਚ ਪੁੱਜ ਕੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਮੁਲਾਜਮ ਵਿਰੁਧ ਬਣਦੀ ਕਾਰਵਾਈ ਕਰਨਗੇ, ਜਿਸਤੋਂ ਬਾਅਦ ਹੀ ਲੋਕ ਸ਼ਾਂਤ ਹੋਏ। ਮਿਲੀ ਸੂਚਨਾ ਮੁਤਾਬਕ ਉਕਤ ਪੁਲਿਸ ਮੁਲਾਜਮ ਅੱਜ ਸਾਮ ਸਮੇਂ ਸ਼ੱਕੀ ਹਾਲਤ ਵਿੱਚ ਉਕਤ ਪਿੰਡਾਂ ਵਿੱਚੋਂ ਲੰਘਦੀ ਲਸਾੜਾ ਡਰੇਨ ’ਤੇ ਕਾਰ ਲਈ ਖੜਾ ਸੀ। ਬੀਕੇਯੂ ਸਿੱਧੂਪੁਰ ਦੇ ਆਗੂ ਗੁਰਮੇਲ ਸਿੰਘ ਪਿੱਥੋ ਨੇ ਦਾਅਵਾ ਕੀਤਾ ਕਿ ਪਿਛਲੇ ਇੱਕ ਮਹੀਨੇ ਤੋਂ ਇਸ ਪੁਲਿਸ ਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ ਪਰੰਤੂੁ ਪੁਲੀਸ ਨੇ ਕੋਈ ਕਾਰਵਾਈ ਨਹੀ ਕੀਤੀ। ਜਿਸਦੇ ਚੱਲਦੇ ਅੱਜ ਇਸ ਪੁਲਿਸ ਮੁਲਾਜਮ ਨੂੰ ਇੱਕਠੇ ਹੋਏ ਲੋਕਾਂ ਨੇ ਕਾਬੂ ਕਰ ਲਿਆ। ਇਸ ਦੌਰਾਨ ਥਾਣਾ ਸਦਰ ਗਿੱਲ ਕਲਾਂ ਨੂੰ ਸੂਚਿਤ ਕੀਤਾ ਗਿਆ ਪ੍ਰੰਤੂ ਐਸਐਚਓ ਨੇ ਖ਼ੁਦ ਆਉਣ ਦੀ ਬਜਾਏ ਦੋ ਪੁਲਿਸ ਮੁਲਾਜਮ ਭੇਜ ਦਿੱਤੇ, ਜਿਸ ਕਾਰਨ ਲੋਕਾਂ ਦਾ ਗੁੱਸਾ ਹੋਰ ਵਧ ਗਿਆ। ਇਸ ਤੋਂ ਬਾਅਦ ਇੱਕਠੇ ਹੋਏ ਪਿੰਡ ਦੇ ਲੋਕ ਉਕਤ ਮੁਲਾਜਮ ਨੂੰ ਮੰਡੀ ਕਲਾਂ ਲੈ ਗਏ। ਪਿੰਡ ਮੰਡੀ ਕਲਾਂ ’ਚ ਵੱਡੀ ਗਿਣਤੀ ਵਿਚ ਲੋਕਾਂ ਨੇ ਕਿਸਾਨ ਆਗੂਆਂ ਦੀ ਅਗਵਾਈ ਹੇਠ ਮੋੜ-ਰਾਮਪੁਰਾ ਸੜਕ ਨੂੰ ਜੋੜਦੇ ਪੁਲ ’ਤੇ ਧਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਲੱਖਾ ਸਿਧਾਣਾ ਵੀ ਮੌਕੇ ’ਤੇ ਪੁੱਜਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬਲਰਾਜ ਸਿੰਘ ਮੰਡੀ ਕਲਾਂ ਨੇ ਮੰਗ ਕੀਤੀ ਕਿ ਨਸ਼ੇ ਨੂੰ ਬੰਦ ਕਰਨ ਲਈ ਪੁਲਿਸ ਸੰਜੀਦਾ ਨਹੀਂ। ਉਧਰ ਮਹੌਲ ਨੂੰ ਤਨਾਅ ਪੂਰਨ ਹੁੰਦਿਆ ਦੇਖ ਖੁਦ ਐਸ.ਐਸ.ਪੀ ਜੇ.ਏਲੀਚੇਲੀਅਨ ਮੌਕੇ +ਤੇ ਪੁੱਜੇ ਅਤੇ ਧਰਨਕਾਰੀਆਂ ਨੂੰ ਸ਼ਾਂਤ ਕਰਦੇ ਹੋਏ ਵਿਸ਼ਵਾਸ ਦਵਾਇਆ ਕਿ ਕਾਬੂ ਕੀਤੇ ਗਏ ਪੁਲੀਸ ਮੁਲਜਮ ਤੋਂ ਡੂਘਾਈ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਜਿਸਤੋਂ ਬਾਅਦ ਧਰਨਾ ਚੁੱਕ ਦਿੱਤਾ।

ਪੰਜਾਬ ਦੇ 29 ਰੇਲਵੇ ਸਟੇਸ਼ਨਾਂ ਵਿੱਚੋਂ ਬਠਿੰਡਾ ਦਾ ਰੇਲਵੇ ਸਟੇਸ਼ਨ ਨੂੰ ਵੀ ਮਿਲਣਗੀਆਂ ਅਤਿਆਧੁਨਿਕ ਸਹੂਲਤਾਂ

0

ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਦੇ ਅੰਦਰ ਬਿਆਸ ਸਮੇਤ ਪੰਜਾਬ ਦੇ 29 ਹੋਰ ਸਟੇਸ਼ਨਾਂ ਨੂੰ ਚੁਣਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਬਹੁਤ ਬਹੁਤ ਧੰਨਵਾਦ- ਆਸ਼ੂਤੋਸ਼ ਤਿਵਾੜੀ
ਸੁਖਜਿੰਦਰ ਮਾਨ
ਬਠਿੰਡਾ, 7 ਫਰਵਰੀ : ਭਾਰਤ ਸਰਕਾਰ ਵੱਲੋ ਇਸ ਵਾਰ ਦੇ ਬਜਟ ਵਿਚ ਪੰਜਾਬ ਅੰਦਰ ਰੇਲਵੇ ਸਟੇਸ਼ਨਾਂ ਦਿਸ਼ਾ ਨੂੰ ਹੋਰ ਬੇਹਤਰ ਬਣਾਉਣ ਲਈ ਰੇਲ ਬਜਟ ਵਿੱਚ ਕਈ ਗੁਣਾ ਵਾਧਾ ਕੀਤਾ ਗਿਆ ਹੈ, ਜਿਸ ਤਹਿਤ ਪੰਜਾਬ ਦੇ 29 ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਅਤਿ ਆਧੁਨਿਕ ਬਣਾਇਆ ਜਾਵੇਗਾ ਜਿਸ ਵਿੱਚ ਬਠਿੰਡਾ ਦੇ ਰੇਲਵੇ ਸਟੇਸ਼ਨ ਦਾ ਵੀ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਠਿੰਡਾ ਤੋਂ ਭਾਜਪਾ ਜਿਲਾ ਸਕੱਤਰ ਆਸ਼ੂਤੋਸ਼ ਤਿਵਾੜੀ ਨੇ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਬਠਿੰਡਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਨਵੀਨੀਕਰਨ ਲਈ ਚੁਣਿਆ ਜਾਣਾ ਬਠਿੰਡਾ ਇਲਾਕੇ ਲਈ ਵੱਡਾ ਤੋਹਫ਼ਾ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਸਟੇਸ਼ਨ ਦੇਸ਼ ਵਿੱਚ ਪਿਹਲਾ ਹੀ ਵੱਡੇ ਸਟੇਸ਼ਨ ਵੱਜੋ ਜਾਣਿਆ ਜਾਂਦਾ ਹੈ । ਆਸ਼ੂਤੋਸ਼ ਨੇ ਕਿਹਾ ਕਿ ਹੁਣ ਤੱਕ ਦੇਸ਼ ਵਿੱਚ ਕਈ ਸਾਰੇ ਸਟੇਸ਼ਨਾਂ ਨੂੰ ਏਅਰਪੋਰਟਾਂ ਦੀ ਤਰਜ਼ ਤੇ ਬਣਾਇਆ ਜਾ ਚੁੱਕਿਆ ਹੈ, ਜਿਸ ਨਾਲ ਸਟੇਸ਼ਨ ਅਲਟਰਾ ਮਾਰਡਨ ਬਣ ਚੁੱਕੇ ਹਨ, ਉਨ੍ਹਾਂ ਬਠਿੰਡਾ ਰੇਲਵੇ ਸਟੇਸ਼ਨ ’ਤੇ ਮਿਲਣ ਵਾਲੀਆਂ ਸਹੂਲਤਾਂ ਬਾਰੇ ਦੱਸਦਿਆਂ ਕਿਹਾ ਕਿ ਸਟੇਸ਼ਨ ’ਤੇ ਜਿੱਥੇ 5ਜੀ ਵਾਈ-ਫਾਈ ਦੀ ਸਹੂਲਤ ਮੁਫਤ ਮਿਲੇਗੀ, ਉੱਥੇ ਪਲੇਟਫਾਰਮ ਨੂੰ ਲੰਬਾ ਅਤੇ ਸਾਫ਼-ਸੁਥਰਾ ਬਣਾਉਣ ਤੋਂ ਇਲਾਵਾ ਯਾਤਰੀਆਂ ਲਈ ਏਅਰ ਕੰਡੀਸ਼ਨਡ ਵੇਟਿੰਗ ਰੂਮ, ਸਾਫ਼ ਬਾਥਰੂਮ, ਯਾਤਰੀਆਂ ਲਈ ਸ਼ੈੱਡਾਂ ਦੇ ਵਿਸਤਾਰ, ਅੰਗਹੀਣਾਂ ਲਈ ਵੱਖਰੀਆਂ ਸਹੂਲਤਾਂ, ਸੜਕਾਂ, ਪਾਰਕਿੰਗ, ਲਾਈਟਾਂ, ਕਲਾ-ਕ੍ਰਿਤੀਆਂ ਨਾਲ ਬਿਆਸ ਦਾ ਸਟੇਸ਼ਨ ਬਹੁਤ ਸੁੰਦਰ ਬਣਨ ਜਾ ਰਿਹਾ ਹੈ, ਜਿਸ ਨਾਲ ਬਠਿੰਡਾ ਆਉਣ ਵਾਲੇ ਯਾਤਰੀਆਂ ਨੂੰ ਬਹੁਤ ਸਹੂਲਤਾ ਮਿਲਣਗੀਆਂ ਅਤੇ ਸੈਰ ਸਪਾਟੇ ਨੂੰ ਵੀ ਹੁਲਾਰਾ ਮਿਲੇਗਾ।

ਸੂਬੇ ਦਾ ਅਮ੍ਰਿਤ ਸਮੇਂ ਦਾ ਪਹਿਲਾ ਬਜਟ ਹੋਵੇਗਾ ਪੇਸ਼:ਮੁੱਖ ਮੰਤਰੀ

0

ਮੁੱਖ ਮੰਤਰੀ ਨੇ ਸਾਰੇ ਮੰਤਰੀਆਂ ਤੇ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰਾਂ ਨਾਲ ਬਜਟ ਤੋਂ ਪਹਿਲਾਂ ਲਏ ਸੁਝਾਅ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਫਰਵਰੀ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਤਰਜ ‘ਤੇ ਹਰਿਆਣਾ ਸਰਕਾਰ ਵੀ ਸੂਬੇ ਦੇ ਲਈ ਅਮ੍ਰਿਤ ਸਮੇਂ ਦਾ ਪਹਿਲਾ ਬਜਟ ਪੇਸ਼ ਕਰੇਗੀ। ਸਾਡਾ ਯਤਨ ਅਜਿਹਾ ਲੋਕਤਾਂਤਰਿਕ ਬਜਟ ਬਨਾਉਣਾ ਹੈ ਜਿਸ ਨਾਲ ਸੂਬੇ ਵਿਚ ਸੱਭ ਦੀ ਭਾਗੀਦਾਰੀ ਨਾਲ ਸਮੂਚਾ ਵਿਕਾਸ ਹੋਵੇ। ਸਾਲ 2023-24 ਦੇ ਰਾਜ ਦੇ ਆਮ ਬਜਟ ਵਿਚ ਕਿਸਾਨਾਂ, ਮਜਦੂਰਾਂ, ਉਦਯੋਗਾਂ, ਸਿਹਤ ਸੇਵਾਵਾਂ ਨੂੰ ਮਜਬੂਤ ਕਰਨ ਸਮੇਤ ਅੰਤੋਂਦੇਯ ਪਰਿਵਾਰਾਂ ਦੇ ਆਰਥਕ ਤੇ ਸਮਾਜਿਕ ਉਥਾਨ ‘ਤੇ ਫੋਕਸ ਕੀਤਾ ਜਾਵੇਗਾ। ਇਹ ਬਜਟ ਹਰ ਵਰਗ ਦੀ ਭਲਾਈ ਲਈ ਹੋਵੇਗਾ।ਮੁੱਖ ਮੰਤਰੀ ਮੰਗਲਵਾਰ ਨੂੰ ਹਰਿਆਣਾ ਨਿਵਾਸ ਵਿਚ ਸਾਰੇ ਮੰਤਰੀਆਂ ਤੇ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਬਜਟ ਤੋਂ ਪਹਿਲਾਂ ਵਿਚਾਰ-ਵਟਾਂਦਰਾਂ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਪਿਛਲੇ ਸਾਲ ਦੇ ਬਜਟ ਐਲਾਨਾਂ ‘ਤੇ ਵੀ ਸਮੀਖਿਆ ਕੀਤੀ ਗਈ। ਮੀਟਿੰਗ ਦੌਰਾਨ ਹਾਲ ਹੀ ਵਿਚ ਪੇਸ਼ ਹੋਏ ਕੇਂਦਰੀ ਬਜਟ ਮਹਤੱਵਪੂਰਣ ਪਰਿਯੋਜਨਾਵਾਂ ਨਾਲ ਵੀ ਹਰਿਆਣਾ ਨੂੰ ਵੱਧ ਤੋਂ ਵੱਧ ਲਾਭ ਮਿਲੇ, ਇਸ ਬਾਰੇ ਵਿਚ ਵੀ ਚਰਚਾ ਕੀਤੀ ਗਈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਭਾਰਤੀ ਅਰਥਵਿਵਸਥਾ ਨੁੰ ਪੰਜ ਟ੍ਰਿਲਿਅਨ ਡਾਲਰਸ ਇਕੋਨਾਮੀ ਬਨਾਉਣ ਦੇ ਵਿਜਨ ਨੂੰ ਪ੍ਰਾਪਤ ਕਰਨ ਵਿਚ ਹਰਿਆਣਾ ਆਪਣਾ ਪੂਰਾ ਯੋਗਦਾਨ ਦਵੇਗਾ। ਇਸ ਦੇ ਲਈ ਹਰ ਸੈਕਟਰ ਵਿਚ ਗ੍ਰੋਥ ਵਧਾਉਣ ਦੀ ਜਰੂਰਤ ਹੈ। ਇਸੀ ਲੜੀ ਵਿਚ ਛੋਟੇ, ਸੂਖਮ ਅਤੇ ਮੱਧਮ ਉਦਯੋਗਾਂ ਨੂੰ ਪ੍ਰੋਤਸਾਹਨ ਦਿੱਤਾ ਜਾਵੇਗੇਾ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ ਦੇ ਅਨੁਰੂਪ ਹਰਿਆਣਾ ਦੇ ਬਜਟ ਵਿਚ ਵੀ ਸਾਰੇ ਵਰਗਾਂ ਦੇ ਹਿੱਤਾ ਦਾ ਧਿਆਨ ਰੱਖਿਆ ਜਾਵੇਗਾ। ਕੇਂਦਰ ਸਰਕਾਰ ਵੱਲੋਂ ਜਿਨ੍ਹਾਂ ਨਵੀਂ ਯੋਜਨਾਵਾਂ ਨੂੰ ਬਜਟ ਵਿਚ ਸ਼ਾਮਿਲ ਕੀਤਾ ਗਿਆ ਹੈ, ਇੰਨ੍ਹਾਂ ਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਸੂਬਾ ਸਰਕਾਰ ਵਿਸ਼ੇਸ਼ ਧਿਆਨ ਦਵੇਗੀ। ਸੂਬੇ ਦੇ ਬਜਟ ਵਿਚ ਸਿਖਿਆ, ਸਿਹਤ, ਰੁਜਗਾਰ, ਮਹਿਲਾ ਭਲਾਈ ਸਮੇਤ ਅੰਤੋਂਦੇਯ ਉਥਾਨ ‘ਤੇ ਵਿਸ਼ੇਸ਼ ਜੋਰ ਦਿੱਤਾ ਜਾਵੇਗਾ। ਇਸ ਦੇ ਨਾਲ-ਨਾਲ ਢਾਂਚਾਗਤ ਵਿਕਾਸ ‘ਤੇ ਵੀ ਧਿਆਨ ਦਿੱਤਾ ਜਾਵੇਗਾ, ਨਵੇਂ-ਨਵੇਂ ਉਦਯੋਗ ਲੱਗਣਗੇ ਅਤੇ ਰੁਜਗਾਰ ਦੇ ਮੌਕੇ ਵੱਧਣਗੇ।ਮੁੱਖ ਮੰਤਰੀ ਨੇ ਕਿਹਾ ਕਿ ਉਪਲਬਧ ਜਲ ਦੇ ਸਮੂਚੀ ਵੰਡ ਤੇ ਇਕੱਠਾ ਕਰਨ ਨਾਲ ਜੁੜੀ ਪਰਿਯੋਜਨਾਵਾਂ ‘ਤੇ ਤੇਜੀ ਨਾਲ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸੂਖਮ ਸਿੰਚਾਈ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ। ਕੇਂਦਰ ਸਰਕਾਰ ਦੇ ਵਿਜਨ ਦੇ ਅਨੁਰੂਪ ਸਾਰੇ ਜਰੂਰਤਮੰਦਾਂ ਦੇ ਸਿਰ ‘ਤੇ ਛੱਤ ਮਹੁਇਆ ਕਰਵਾਉਣ ਦੇ ਉਦੇਸ਼ ਨਾਲ ਚਲ ਰਹੀ ਪਰਿਯੋਜਨਾਵਾਂ ਨੂੰ ਤੇਜ ਗਤੀ ਨਾਲ ਪੂਰਾ ਕੀਤਾ ਜਾਵੇਗਾ।ਮੀਟਿੰਗ ਦੇ ਬਾਅਦ ਮੀਡੀਆ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਲ 2023-24 ਦਾ ਰਾਜ ਬਜਟ ਸਾਰੇ ਵਰਗਾਂ ਦੀ ਭਲਾਈ ਲਈ ਹੋਵੇਗਾ। ਬਜਟ ਵਿਚ ਵਾਂਝਿਆਂ ਨੂੰ ਤਰਜੀਤ ਦਿੰਦੇ ਹੋਏ ਉਨ੍ਹਾਂ ਦੇ ਭਲਾਈ ਲਈ ਵੱਧ ਯੋਜਨਾਵਾਂ ਨੂੰ ਲਾਗੂ ਕਰਨ ‘ਤੇ ਜੋਰ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਕੇਂਦਰੀ ਬਜਟ ਵਿਚ ਆਰਆਰਟੀਏਸ ਦੇ 2 ਪ੍ਰੋਜੈਕਟ ਲਈ ਵਿੱਤ ਪੋਸ਼ਨ ਦਾ ਐਲਾਨ ਕੀਤਾ ਗਿਆ ਹੈ, ਉਸ ਵਿੱਚੋਂ ਲਗਭਗ 3600 ਕਰੋੜ ਰੁਪਏ ਦਾ ਹਰਿਆਣਾ ਨੂੰ ਲਾਭ ਹੋਵੇਗਾ। ਇਸੀ ਤਰ੍ਹਾ, ਹਰ ਮੈਡੀਕਲ ਕਾਲਜ ਦੇ ਨਾਲ ਨਰਸਿੰਗ ਕਾਲਜ ਸਥਾਪਿਤ ਕਰਨ ਦੇ ਬਾਰੇ ਵਿਚ ਵੀ ਮੀਟਿੰਗ ਵਿਚ ਚਰਚਾ ਕੀਤੀ ਗਈ।ਉਨ੍ਹਾਂ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਹੋਰ ਹਿੱਤਧਾਰਕਾਂ ਦੇ ਨਾਲ ਵੀ ਬਜਟ ਤੋਂ ਪਹਿਲਾਂ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਸ ਦੇ ਬਾਅਦ ਉਨ੍ਹਾਂ ਦੇ ਸੁਝਾਆਂ ਨੂੰ ਸ਼ਾਮਿਲ ਕਰ ਇਕ ਚੰਗਾ ਤੇ ਸੰਤੁਲਿਤ ਬਜਟ ਪੇਸ਼ ਕੀਤਾ ਜਾਵੇਗਾ। 20 ਫਰਵਰੀ ਨੂੰ ਹਰਿਆਣਾ ਵਿਧਾਨਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਵੇਗਾ।ਇਸ ਮੌਕੇ ‘ਤੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ, ਸਿਹਤ ਮੰਤਰੀ ਸ੍ਰੀ ਅਨਿਲ ਵਿਜ, ਸਕੂਲ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ, ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਜੈਯ ਪ੍ਰਕਾਸ਼ ਦਲਾਲ, ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ, ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਬਬਲੀ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਅਤੇ ਕਿਰਤ ਅਤੇ ਰੁਜਗਾਰ ਰਾਜ ਮੰਤਰੀ ਸ੍ਰੀ ਅਨੁਪ ਧਾਨਕ ਮੌਜੂਦ ਰਹੇ। ਇੰਨ੍ਹਾਂ ਤੋਂ ਲਿਲਾਵਾ, ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਡੀ ਐਸ ਢੇਸੀ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਸਮੇਤ ਸਾਰੇ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰ ਮੌਜੂਦ ਰਹੇ।

ਬੀ.ਐਫ.ਜੀ.ਆਈ. ਸਕਾਲਰਸ਼ਿਪ ਯੋਗਤਾ ਟੈਸਟ-23 ਹੋਇਆ ਲਾਂਚ

0

4 ਲੱਖ ਰੁਪਏ ਤੱਕ ਦੀ ਸਕਾਲਰਸ਼ਿਪ ਹਾਸਲ ਕਰਨ ਦਾ ਸੁਨਹਿਰੀ ਮੌਕਾ
ਸੁਖਜਿੰਦਰ ਮਾਨ
ਬਠਿੰਡਾ, 7 ਫਰਵਰੀ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਵਿਖੇ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਹੋਣਹਾਰ ਵਿਦਿਆਰਥੀਆਂ ਨੂੰ 100 ਫ਼ੀਸਦੀ ਤੱਕ ਸਕਾਲਰਸ਼ਿਪ ਹਾਸਲ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਸਥਾ ਵੱਲੋਂ ’ਬੀ.ਐਫ.ਜੀ.ਆਈ. ਸਕਾਲਰਸ਼ਿਪ ਯੋਗਤਾ ਟੈਸਟ-23’ ਕਰਵਾਇਆ ਜਾ ਰਿਹਾ ਹੈ। ’ਬੀ.ਐਫ.ਜੀ.ਆਈ. ਸਕਾਲਰਸ਼ਿਪ ਯੋਗਤਾ ਟੈਸਟ-23’ ਲਾਂਚ ਕਰਦਿਆਂ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਟੈਸਟ 26 ਮਾਰਚ, 9 ਅਪ੍ਰੈਲ ਅਤੇ 23 ਅਪ੍ਰੈਲ ਨੂੰ ਆਨਲਾਈਨ ਲਿਆ ਜਾਵੇਗਾ ਜਿਸ ਲਈ ਕੋਈ ਵੀ ਰਜਿਸਟਰੇਸ਼ਨ ਫ਼ੀਸ ਨਹੀਂ ਰੱਖੀ ਗਈ ਹੈ। ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਅੰਤਰਰਾਸ਼ਟਰੀ ਵਿਦਿਆਰਥੀ ਆਪਣੀ ਸੁਵਿਧਾ ਅਨੁਸਾਰ ਕਿਸੇ ਇੱਕ ਟੈਸਟ ਵਿੱਚ ਭਾਗ ਲੈ ਸਕਦੇ ਹਨ। ਇਸ ਟੈਸਟ ਵਿੱਚ ਘੱਟ ਤੋਂ ਘੱਟ 60% ਅੰਕ ਪ੍ਰਾਪਤ ਕਰਨ ’ਤੇ ਸਕਾਲਰਸ਼ਿਪ ਉਪਲਬਧ ਹੋਵੇਗੀ ਅਤੇ ਵਧੇਰੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧੇਰੇ ਸਕਾਲਰਸ਼ਿਪ ਮਿਲ ਸਕੇਗੀ ਜਿਵੇਂ ਕਿ ਇਸ ਟੈਸਟ ਵਿੱਚ 95% -100% ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਚੁਣੇ ਗਏ ਕੋਰਸ ਦੀ ਪੂਰੀ ਅਕਾਦਮਿਕ ਫ਼ੀਸ ਦੀ 100% ਸਕਾਲਰਸ਼ਿਪ ਦਿੱਤੀ ਜਾਵੇਗੀ, ਭਾਵ ਕਿ ਇਹ ਵਿਦਿਆਰਥੀ ਬਿਨਾਂ ਕੋਈ ਫ਼ੀਸ ਅਦਾ ਕੀਤੇ ਪੜ੍ਹਾਈ ਕਰ ਸਕਣਗੇ। ਇਸੇ ਤਰ੍ਹਾਂ 90% -94.99% ਤੱਕ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਉਸ ਵੱਲੋਂ ਚੁਣੇ ਗਏ ਪੂਰੇ ਕੋਰਸ ਦੀ 75% ਅਕਾਦਮਿਕ ਫ਼ੀਸ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ ਅਤੇ 85% -89.99% ਤੱਕ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਉਸ ਵੱਲੋਂ ਚੁਣੇ ਗਏ ਪੂਰੇ ਕੋਰਸ ਦੀ 50% ਅਕਾਦਮਿਕ ਫ਼ੀਸ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ । ਇਸ ਟੈਸਟ ਰਾਹੀਂ ਵਿਦਿਆਰਥੀ 4 ਲੱਖ ਰੁਪਏ ਤੱਕ ਦੀ ਸਕਾਲਰਸ਼ਿਪ ਪ੍ਰਾਪਤ ਕਰ ਸਕਦਾ ਹੈ।

ਖੇਡ ਮੰਤਰੀ ਮੀਤ ਹੇਅਰ ਵੱਲੋਂ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਸਨਮਾਨ

0

ਹਾਕੀ ਵਿੱਚ ਪੰਜਾਬ ਦੇਸ਼ ਦੀ ਅਗਵਾਈ ਕਰਦਾ ਰਹੇਗਾ: ਮੀਤ ਹੇਅਰ
ਓਲੰਪਿਕ ਤਮਗ਼ਾ ਜੇਤੂ ਖਿਡਾਰੀਆਂ ਨੂੰ ਦਰਜਾ ਇਕ ਨੌਕਰੀਆਂ ਜਲਦ ਮਿਲਣਗੀਆਂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਫਰਵਰੀ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਸਨਮਾਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਓਲੰਪਿਕ ਤਮਗ਼ਾ ਜੇਤੂ ਹਾਕੀ ਖਿਡਾਰੀਆਂ ਨੂੰ ਦਰਜਾ ਇਕ ਦੀਆਂ ਨੌਕਰੀਆਂ ਦੇ ਨਿਯੁਕਤੀਆਂ ਪੱਤਰ ਸੌਂਪਣਗੇ।ਮੀਤ ਹੇਅਰ ਨੇ ਕਿਹਾ ਕਿ ਭਗਵੰਨ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਬਣਾਉਣ ਲਈ ਕੋਈ ਕਸਰ ਨਹੀਂ ਬਾਕੀ ਛੱਡੇਗੀ ਅਤੇ ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਸੂਬਾ ਪੰਜਾਬ ਇਸ ਖੇਡ ਵਿੱਚ ਦੇਸ਼ ਦੀ ਅਗਵਾਈ ਕਰੇਗਾ। ਉਨ੍ਹਾਂ ਸੂਬੇ ਵਿੱਚ ਹਾਕੀ ਖੇਡ ਨੂੰ ਹੋਰ ਪ੍ਰ੍ਰਫੁੱਲਿਤ ਕਰਨ ਲਈ ਖਿਡਾਰੀਆਂ ਦੇ ਸੁਝਾਅ ਵੀ ਮੰਗੇ। ਹਾਕੀ ਖੇਡ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਸੂਬੇ ਵਿੱਚ ਹਾਕੀ ਲੀਗ ਸ਼ੁਰੂ ਕਰਨ ਬਾਰੇ ਵੀ ਵਿਚਾਰਾਂ ਕੀਤੀਆਂ।ਮੀਤ ਹੇਅਰ ਨੇ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਟੀਮ ਵਿੱਚ ਕਪਤਾਨ ਸਮੇਤ ਸੂਬੇ ਦੇ 10 ਖਿਡਾਰੀ ਹਨ। ਖਿਡਾਰੀਆਂ ਨੂੰ ਇਸ ਸਾਲ ਹੋਣ ਵਾਲੀਆਂ ਏਸ਼ਿਆਈ ਖੇਡਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਵਿਸ਼ਵ ਕੱਪ ਵਿੱਚ ਨਤੀਜੇ ਆਸ ਅਨੁਸਾਰ ਨਾ ਆਉਣ ‘ਤੇ ਉਨ੍ਹਾਂ ਖਿਡਾਰੀਆਂ ਨੂੰ ਹਿੰਮਤ ਨਾ ਹਾਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਜਿੱਤ-ਹਾਰ ਖੇਡ ਦਾ ਹਿੱਸਾ ਹੈ।ਖੇਡ ਮੰਤਰੀ ਨੇ ਭਾਰਤੀ ਹਾਕੀ ਖਿਡਾਰੀਆਂ ਨਾਲ ਗੱਲ ਕਰਦਿਆਂ ਕਿਹਾ, ”ਤੁਸੀਂ ਸਾਡਾ ਮਾਣ ਹੋ ਅਤੇ ਨੌਜਵਾਨਾਂ ਦੇ ਰੋਲ ਮਾਡਲ ਹੋ, ਇਸ ਲਈ ਤੁਹਾਡਾ ਸਾਡੇ ਨੌਜਵਾਨ ਖਿਡਾਰੀਆਂ ਉਤੇ ਬਹੁਤ ਪ੍ਰਭਾਵ ਹੈ ਜਿਸ ਕਰਕੇ ਤੁਸੀਂ ਆਪੋ-ਆਪਣੇ ਖੇਤਰਾਂ ਵਿੱਚ ਨਵੀਂ ਉਮਰ ਦੇ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਵੋਂ। ਤੁਹਾਡੀ ਹੌਸਲਾ ਅਫਜ਼ਾਈ ਬੱਚਿਆਂ ਲਈ ਉਤਸ਼ਾਹ ਦਾ ਕੰਮ ਕਰੇਗੀ।”ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਖੇਡ ਮੰਤਰੀ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਮੁਕਾਬਲਿਆਂ ਵਿੱਚ ਦੇਸ਼ ਤੇ ਸੂਬੇ ਦਾ ਨਾਮ ਰੌਸ਼ਨ ਕਰਨ ਅਤੇ ਆਪਣਾ ਪ੍ਰਦਰਸ਼ਨ ਹੋਰ ਬਿਹਤਰ ਕਰਨ ਲਈ ਜੀਅ ਤੋੜ ਯਤਨ ਕਰਨਗੇ। ਟੀਮ ਦੇ ਮਿਡਫੀਲਡਰ ਅਤੇ ਓਲੰਪਿਕ ਖੇਡਾਂ ਵਿੱਚ ਭਾਰਤ ਦੇ ਕਪਤਾਨ ਰਹੇ ਮਨਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਉਤੇ ਧੰਨਵਾਦ ਕੀਤਾ।ਖੇਡ ਮੰਤਰੀ ਵੱਲੋਂ ਭਾਰਤੀ ਹਾਕੀ ਟੀਮ ਦਾ ਹਿੱਸਾ ਪੰਜਾਬੀ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ, ਅਕਾਸ਼ਦੀਪ ਸਿੰਘ, ਵਰੁਣ ਕੁਮਾਰ, ਸ਼ਮਸ਼ੇਰ ਸਿੰਘ, ਕ੍ਰਿਸ਼ਨ ਪਾਠਕ, ਸੁਖਜੀਤ ਸਿੰਘ ਸ਼ਾਮਲ ਸਨ। ਇਸ ਮੌਕੇ ਓਲੰਪਿਕ ਤਮਗ਼ਾ ਜਿੱਤਣ ਵਾਲੇ ਖਿਡਾਰੀਆਂ ਰੁਪਿੰਦਰ ਪਾਲ ਸਿੰਘ, ਦਿਲਪ੍ਰੀਤ ਸਿੰਘ ਤੇ ਸਿਮਰਨਜੀਤ ਸਿੰਘ ਦਾ ਵੀ ਸਨਮਾਨ ਕੀਤਾ ਗਿਆ।ਹਾਕੀ ਖਿਡਾਰੀਆਂ ਵੱਲੋਂ ਖੇਡ ਮੰਤਰੀ ਨੂੰ ਆਪਣੇ ਆਟੋਗ੍ਰਾਫ ਵਾਲੀ ਟੀ ਸ਼ਰਟ ਤੇ ਹਾਕੀ ਸਟਿੱਕ ਭੇਂਟ ਕੀਤੀ ਗਈ।ਇਸ ਮੌਕੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਅਮਿਤ ਤਲਵਾੜ ਵੀ ਹਾਜ਼ਰ ਸਨ।

ਮੁੱਖ ਮੰਤਰੀ ਨੇ ਇਸਰੋ ਲਈ ਚਿੱਪ ਬਣਾਉਣ ਵਾਲੀਆਂ ਅੰਮ੍ਰਿਤਸਰ ਸਕੂਲ ਦੀਆਂ ਵਿਦਿਆਰਥਣਾਂ ਦਾ ਕੀਤਾ ਸਨਮਾਨ

0

ਸ੍ਰੀ ਹਰੀਕੋਟਾ ਜਾਣ ਲਈ ਖ਼ਰਚੇ ਵਜੋਂ ਵਿਦਿਆਰਥਣਾਂ ਨੂੰ ਤਿੰਨ ਲੱਖ ਰੁਪਏ ਦਾ ਚੈੱਕ ਸੌਂਪਿਆ
ਪੰਜਾਬੀ ਖ਼ਬਰਸਾਰ ਬਿਉਰੋ
ਅੰਮ੍ਰਿਤਸਰ, 7 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀਆਂ ਵਿਦਿਆਰਥਣਾਂ ਨੂੰ ਇਸਰੋ ਲਈ ਚਿੱਪ ਬਣਾਉਣ ਉਤੇ ਸਨਮਾਨਿਤ ਕੀਤਾ। ਇਸ ਚਿੱਪ ਨੂੰ ਇਸਰੋ ਦੇ ਉਪਗ੍ਰਹਿ ਵਿੱਚ ਲਗਾਇਆ ਗਿਆ ਹੈ।ਮੁੱਖ ਮੰਤਰੀ ਨੇ ਇੱਥੇ ਮਾਲ ਰੋਡ ਉਤੇ ਸਥਿਤ ਇਸ ਸਕੂਲ ਦੀਆਂ ਵਿਦਿਆਰਥਣਾਂ ਨੂੰ ਇਸ ਮਾਅਰਕੇ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥਣਾਂ ਦਾ ਇਹ ਵਿਲੱਖਣ ਮਾਅਰਕਾ ਭਵਿੱਖ ਵਿੱਚ ਹੋਰ ਵਿਦਿਆਰਥੀਆਂ ਨੂੰ ਵੀ ਅਜਿਹੀਆਂ ਉਪਲਬਧੀਆਂ ਲਈ ਪ੍ਰੇਰਿਤ ਕਰੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਪੂਰੇ ਸੂਬੇ ਲਈ ਵੱਡੇ ਮਾਣ ਵਾਲੀ ਗੱਲ ਹੈ। ਇਸ ਤੋਂ ਇਹ ਗੱਲ ਮੁੜ ਸਾਬਤ ਹੋਈ ਕਿ ਪੰਜਾਬ ਕੋਲ ਅਥਾਹ ਹੁਨਰ ਹੈ, ਜਿਸ ਨੂੰ ਉਸਾਰੂ ਦਿਸ਼ਾ ਵਿੱਚ ਲਾਉਣ ਦੀ ਲੋੜ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਵਿਦਿਆਰਥੀਆਂ ਵਿੱਚ ਨਵੀਨਤਾ ਤੇ ਮੁਹਾਰਤ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਵਿਦਿਆਰਥਣਾਂ ਨੂੰ ਸਹੀ ਪਲੇਟਫਾਰਮ ਮਿਲੇ ਤਾਂ ਉਹ ਕਿਸੇ ਵੀ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮੰਨਵਾ ਸਕਦੀਆਂ ਹਨ। ਇਸੇ ਲਈ ਪੰਜਾਬ ਸਰਕਾਰ ਵਿਦਿਆਰਥਣਾਂ ਨੂੰ ਉਤਸ਼ਾਹਤ ਕਰਨ ਲਈ ਹਰੇਕ ਸੰਭਵ ਕੋਸ਼ਿਸ਼ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਅਜਿਹੀ ਇਕ ਨਿਮਾਣੀ ਜਿਹੀ ਕੋਸ਼ਿਸ਼ ਤਹਿਤ ਸੂਬੇ ਭਰ ਵਿੱਚ ‘ਸਕੂਲ ਆਫ ਐਮੀਨੈਂਸ’ ਦਾ ਨਿਰਮਾਣ ਕਰ ਰਹੀ ਹੈ।ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਇਹ ਸਕੂਲ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰੁਚੀਆਂ ਮੁਤਾਬਕ ਭਵਿੱਖੀ ਮੁਕਾਬਲਿਆਂ ਲਈ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਪਸੰਦੀਦਾ ਖੇਤਰ ਵਿੱਚ ਪ੍ਰਾਪਤੀਆਂ ਹਾਸਲ ਕਰਨ ਵਿੱਚ ਮਦਦ ਮਿਲੇਗੀ ਅਤੇ ਉਹ ਕਾਨਵੈਂਟ ਤੋਂ ਪੜ੍ਹੇ ਆਪਣੇ ਹਾਣੀਆਂ ਦਾ ਆਲਮੀ ਪੱਧਰ ਉਤੇ ਮੁਕਾਬਲਾ ਕਰਨ ਦੇ ਯੋਗ ਹੋਣਗੇ। ਭਗਵੰਤ ਮਾਨ ਨੇ ਸ੍ਰੀ ਹਰੀਕੋਟਾ ਜਾਣ ਦੇ ਖ਼ਰਚੇ ਲਈ ਇਨ੍ਹਾਂ ਵਿਦਿਆਰਥਣਾਂ ਨੂੰ ਤਿੰਨ ਲੱਖ ਦਾ ਚੈੱਕ ਸੌਂਪਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਦੇ ਮਹਾਨ ਕਾਰਜ ਦੀ ਸਫ਼ਲਤਾ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਮਾਂ-ਬੋਲੀ ਦਿਹਾੜੇ ਸਬੰਧੀ ਵਿਧਾਇਕਾਂ ਤੇ ਚਿੰਤਕਾਂ ਨਾਲ ਵਿਚਾਰ ਚਰਚਾ

ਸਥਾਪਤ ਕਾਨੂੰਨਾਂ ਤਹਿਤ ਹਾਈ ਕੋਰਟ ਤੇ ਹੇਠਲੀਆਂ ਅਦਾਲਤਾਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਾਉਣ ਅਤੇ ਸੂਬੇ ‘ਚ ਲਾਇਬਰੇਰੀ ਐਕਟ ਲਿਆਉਣ ਜਿਹੇ ਅਹਿਮ ਵਿਚਾਰ ਆਏ ਸਾਹਮਣੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਫ਼ਰਵਰੀ:ਪੰਜਾਬ ਦੇ ਭਖਦੇ ਅਤੇ ਅਹਿਮ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਦੀ ਲੜੀ ਤਹਿਤ ਵਿਧਾਨ ਸਭਾ ਸਪੀਕਰ ਸ. ਕੁੁਲਤਾਰ ਸਿੰਘ ਸੰਧਵਾਂ ਵੱਲੋਂ ਬੁਲਾਈ ਗਈ ਮੀਟਿੰਗ ਦੌਰਾਨ ਸਥਾਪਤ ਕਾਨੂੰਨਾਂ ਦੀ ਰੌਸ਼ਨੀ ਵਿੱਚ ਹਾਈ ਕੋਰਟ ਅਤੇ ਹੇਠਲੀਆਂ ਅਦਾਲਤਾਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਾਉਣ ਸਬੰਧੀ ਸਾਰਥਕ ਵਿਚਾਰ ਉੱਭਰ ਕੇ ਸਾਹਮਣੇ ਆਏੇ।ਕੌਮਾਂਤਰੀ ਮਾਂ-ਬੋਲੀ ਦਿਵਸ ਦੇ ਮੱਦੇਨਜ਼ਰ ਪੰਜਾਬੀ ਭਾਸ਼ਾ ਨੂੰ ਹੋਰ ਪ੍ਰਫੁੱਲਤ ਕਰਨ, ਵਿਧਾਇਕਾਂ ਨੂੰ ਮੁੱਦਿਆਂ ਬਾਰੇ ਵਿਸਥਾਰਪੂਰਵਕ ਤੇ ਢੁਕਵੀਂ ਜਾਣਕਾਰੀ ਮੁਹੱਈਆ ਕਰਾਉਣ ਅਤੇ ਅਦਾਲਤਾਂ ‘ਚ ਮਾਤ-ਭਾਸ਼ਾ ਪੰਜਾਬੀ ਲਾਗੂ ਕਰਾਉਣ ਸਬੰਧੀ ਮਾਮਲਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮਾਂ-ਬੋਲੀ ਪੰਜਾਬੀ ਨੂੰ ਬਣਦਾ ਮਾਣ-ਸਤਿਕਾਰ ਦਿਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨਿਰੰਤਰ ਕੋਸ਼ਿਸ਼ਾਂ ਕਰ ਰਹੀ ਹੈ ਅਤੇ 21 ਫ਼ਰਵਰੀ ਨੂੰ ਕੌਮਾਂਤਰੀ ਮਾਂ-ਬੋਲੀ ਦਿਵਸ ਤੱਕ ਸਾਰੇ ਸਰਕਾਰੀ ਤੇ ਨਿੱਜੀ ਅਦਾਰਿਆਂ ਦੇ ਬੋਰਡਾਂ ਵਿੱਚ ਪੰਜਾਬੀ ਨੂੰ ਪਹਿਲਾ ਸਥਾਨ ਦੇਣ ਦੀ ਅਪੀਲ ਕੀਤੀ ਗਈ ਹੈ।ਸ. ਸੰਧਵਾਂ ਨੇ ਦੱਸਿਆ ਕਿ ਵਿਚਾਰ-ਚਰਚਾ ਦੌਰਾਨ ਸਥਾਪਤ ਕਾਨੂੰਨਾਂ ਤਹਿਤ ਹਾਈ ਕੋਰਟ ਅਤੇ ਹੇਠਲੀਆਂ ਅਦਾਲਤਾਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਾਉਣ, ਸੂਬੇ ਵਿੱਚ ਲਾਇਬਰੇਰੀ ਐਕਟ ਲਿਆਉਣ, ਪੰਜਾਬੀ ਨੂੰ ਰੁਜ਼ਗਾਰ ਨਾਲ ਜੋੜਨ, ਅਧਿਆਪਕਾਂ ਦੀ ਪੰਜਾਬੀ ਭਾਸ਼ਾ ਵਿੱਚ ਮੁਹਾਰਤ, ਪੰਜਾਬੀ ਭਾਸ਼ਾ ਦੇ ਸ਼ੁੱਧ ਅਨੁਵਾਦ, ਪ੍ਰਾਈਵੇਟ ਸਕੂਲਾਂ ਵਿੱਚ ਨਰਸਰੀ ਪੱਧਰ ਤੋਂ ਪੰਜਾਬੀ ਭਾਸ਼ਾ ਲਾਗੂ ਕਰਨ, ਅਫ਼ਸਰਸ਼ਾਹੀ ਨੂੰ ਪੰਜਾਬੀ ਭਾਸ਼ਾ ਵਿੱਚ ਲਿਖਤ/ਪੜ੍ਹਤ ਕਰਨ, ਭਾਸ਼ਾਈ ਅਦਾਰਿਆਂ ਨੂੰ ਮਜ਼ਬੂਤ ਕਰਨ ਜਿਹੇ ਅਹਿਮ ਵਿਚਾਰ ਸਾਹਮਣੇ ਆਏ।ਮੀਟਿੰਗ ਦੌਰਾਨ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ, ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ, ਸ੍ਰੀ ਮਨਜੀਤ ਸਿੰਘ ਬਿਲਾਸਪੁਰ, ਸ੍ਰੀ ਕੁਲਵੰਤ ਸਿੰਘ ਪੰਡੋਰੀ, ਸ੍ਰੀ ਮੁਹੰਮਦ ਜਮੀਲ ਉਰ ਰਹਿਮਾਨ, ਸ੍ਰੀ ਕਰਮਬੀਰ ਸਿੰਘ ਘੁੰਮਣ (ਸਾਰੇ ਵਿਧਾਇਕ) ਅਤੇ ਕਈ ਹੋਰ ਨੁਮਾਇੰਦੇ ਹਾਜ਼ਰ ਰਹੇ।
ਵਿਚਾਰ-ਵਟਾਂਦਰੇ ਦੌਰਾਨ ਭਾਸ਼ਾਈ ਕਾਰਕੁਨ ਤੇ ਕਾਨੂੰਨੀ ਚਿੰਤਕ ਸ੍ਰੀ ਮਿੱਤਰ ਸੈਨ ਮੀਤ ਨੇ ਸਥਾਪਤ ਕਾਨੂੰਨਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਰਾਜਪਾਲ ਰਾਹੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪੰਜਾਬੀ ਭਾਸ਼ਾ ਵਿੱਚ ਕੰਮ ਕਰਨਾ ਲਾਗੂ ਕਰਵਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਹੇਠਲੀਆਂ ਅਦਾਲਤਾਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਵਾਉਣਾ ਯਕੀਨੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਾਨੂੰਨੀ ਨਿਯਮਾਂ ਦਾ ਉਲੱਥਾ ਕਰਨ ਲਈ ਪੰਜਾਬ ਰਾਜ ਭਾਸ਼ਾ ਵਿਧਾਨਕ ਕਮਿਸ਼ਨ ਨੂੰ ਸੁਰਜੀਤ ਕਰਨ ਦੀ ਗੱਲ ਵੀ ਆਖੀ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਸ੍ਰੀ ਲਖਵਿੰਦਰ ਸਿੰਘ ਜੌਹਲ ਨੇ ਅਕਾਦਮਿਕ ਪੱਧਰ ‘ਤੇ ਪੰਜਾਬੀ ਦੀ ਹਾਲਤ ਸੁਧਾਰਨ ਅਤੇ ਮਾਤ-ਭਾਸ਼ਾ ਨੂੰ ਹੁਨਰ ਵਿਕਾਸ ਤੇ ਰੁਜ਼ਗਾਰ ਨਾਲ ਜੋੜਨ ਬਾਰੇ ਵਿਚਾਰ ਰੱਖੇ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸ੍ਰੀ ਦਰਸ਼ਨ ਬੁੱਟਰ ਨੇ ਭਾਸ਼ਾ ਵਿਭਾਗ ਨੂੰ ਸਮਰੱਥ ਬਣਾਉਣ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਸ੍ਰੀ ਪਵਨ ਹਰਚੰਦਪੁਰੀ ਨੇ ਸਕੱਤਰੇਤ ਪੱਧਰ ਤੋਂ ਹਦਾਇਤਾਂ ਪੰਜਾਬੀ ਵਿੱਚ ਲਾਗੂ ਕਰਨ ਲਈ ਕਿਹਾ। ਸਿੱਖ ਇਤਿਹਾਸਕਾਰ ਤੇ ਵਿਦਵਾਨ ਡਾ. ਹਰਪਾਲ ਸਿੰਘ ਪੰਨੂ ਨੇ ਅਧਿਆਪਕਾਂ ਲਈ ਸ਼ੁੱਧ ਪੰਜਾਬੀ ਲਾਜ਼ਮੀ ਕਰਨਾ, ਪੰਜਾਬੀ ਯੂਨੀਵਰਸਿਟੀ ਤੇ ਭਾਸ਼ਾ ਵਿਭਾਗ ਰਾਹੀਂ ਪੰਜਾਬੀ ਜ਼ੁਬਾਨ ਤੇ ਪੰਜਾਬੀ ਵਿਰਸੇ ਨਾਲ ਸਬੰਧਤ ਵਿਅਕਤੀਆਂ ਜ਼ਰੀਏ ਸ਼ੁੱਧ ਅਨੁਵਾਦ ਦਾ ਸਿਲਸਿਲਾ ਮੁੜ ਸ਼ੁਰੂ ਕਰਨ ਦੀ ਗੱਲ ਆਖੀ।ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਫਰੈਂਚ ਅਤੇ ਪੰਜਾਬੀ ਭਾਸ਼ਾ ਦੀ ਤੁਲਨਾ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਅਪਣਾਈ ਜਾਂਦੀ ਭਾਸ਼ਾ ਜ਼ਿਆਦਾ ਵਧਦੀ-ਫੁਲਦੀ ਹੈ। ਇਸ ਦੇ ਨਾਲ ਹੀ ਭਾਸ਼ਾਈ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾਣਾ ਲਾਜ਼ਮੀ ਹੈ।ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਭਾਸ਼ਾ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਵੀਰਪਾਲ ਕੌਰ ਨੇ ਸਰਕਾਰ ਦੇ ਮਾਤ-ਭਾਸ਼ਾ ਪ੍ਰਤੀ ਫ਼ੈਸਲੇ ਨੂੰ ਸ਼ਲਾਘਾਯੋਗ ਦੱਸਦਿਆਂ ਕਾਨੂੰਨ ਅਤੇ ਮੈਡੀਕਲ ਦੀ ਪੜ੍ਹਾਈ ਲਈ ਮਾਤ-ਭਾਸ਼ਾ ਵਿੱਚ ਸ਼ਬਦਾਵਲੀ ਮੁਹੱਈਆ ਕਰਾਉਣ ਅਤੇ ਭਾਸ਼ਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਦੀ ਗੱਲ ਆਖੀ।ਸੀਨੀਅਰ ਪੱਤਰਕਾਰ ਸ੍ਰੀ ਚਰਨਜੀਤ ਭੁੱਲਰ, ਸ੍ਰੀ ਜੈ ਸਿੰਘ ਛਿੱਬਰ, ਸ੍ਰੀ ਦੀਪਕ ਚਨਾਰਥਲ ਅਤੇ ਸ੍ਰੀ ਹਰਜਿੰਦਰ ਸਿੰਘ ਲਾਲ ਨੇ ਸਿੱਖਿਆ ਪ੍ਰਣਾਲੀ ਦੇ ਪੰਜਾਬੀਕਰਨ, ਭਾਸ਼ਾਈ ਅਦਾਰਿਆਂ ਦੀ ਮਜ਼ਬੂਤੀ, ਸੂਬੇ ਦੀ ਰਾਜਧਾਨੀ ਅਤੇ ਅਫ਼ਸਰਸ਼ਾਹੀ ਵਿੱਚ ਪੰਜਾਬੀ ਪੜ੍ਹਨੀ ਤੇ ਲਿਖਣੀ ਲਾਜ਼ਮੀ ਕਰਨਾ, ਲੇਖਕਾਂ ਦਾ ਬਣਦਾ ਮਾਣ-ਸਨਮਾਨ ਕਰਨਾ, ਮਾਤ-ਭਾਸ਼ਾ ਦੀ ਮਜ਼ਬੂਤੀ ਲਈ ਸੂਬਾ ਸਰਕਾਰ ਦੀ ਸਰਪ੍ਰਸਤੀ ਅਤੇ ਸੂਬੇ ਦੀਆਂ ਮਾਲ ਅਦਾਲਤਾਂ ਵਿੱਚ ਪੰਜਾਬੀ ਲਾਗੂ ਕਰਨ ਦੀ ਗੱਲ ਰੱਖੀ।ਸੀਨੀਅਰ ਪੱਤਰਕਾਰ ਸ੍ਰੀ ਸਤਨਾਮ ਮਾਣਕ ਨੇ ਇੱਕ ਰਾਸ਼ਟਰ ਦੇ ਸੰਕਲਪ ਨੂੰ ਨਕਾਰਦਿਆਂ ਕਿਹਾ ਕਿ ਵੰਨ-ਸੁਵੰਨਤਾ ਵਿੱਚ ਹੀ ਦੇਸ਼ ਦੀ ਖ਼ੂਬਸੂਰਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਲਾਇਬਰੇਰੀ ਐਕਟ ਬਣਾਉਣ ਦੀ ਲੋੜ ਹੈ ਜਿਸ ਨਾਲ ਕੇਂਦਰੀ ਗ੍ਰਾਂਟ ਮਿਲਣੀ ਆਸਾਨ ਹੋ ਜਾਵੇਗੀ। ਉਨ੍ਹਾਂ ਆਂਧਰਾ ਪ੍ਰਦੇਸ਼ ਦੀ ਤਰਜ਼ ‘ਤੇ ਪੰਜਾਬ ਰਾਜ ਭਾਸ਼ਾ ਕਮਿਸ਼ਨ ਬਣਾਉਣ ਬਾਰੇ ਵੀ ਵਿਚਾਰ ਰੱਖਿਆ।ਇਸ ਤੋਂ ਇਲਾਵਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਵੀ ਮਾਤ-ਭਾਸ਼ਾ ਦੀ ਤਰੱਕੀ ਲਈ ਆਪਣੇ ਵਿਚਾਰ ਰੱਖੇ।

ਮੁੱਖ ਮੰਤਰੀ ਵੱਲੋਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਉਦਯੋਗ ਦੇ ਵਿਕਾਸ ‘ਤੇ ਵੱਧ ਜ਼ੋਰ ਦੇਣ ਦਾ ਐਲਾਨ

0

ਸਰਹੱਦੀ ਖੇਤਰਾਂ ਦੇ ਵਿਕਾਸ ਨੂੰ ਨਜ਼ਰਅੰਦਾਜ਼ ਕਰਨ ਲਈ ਪਿਛਲੀਆਂ ਸਰਕਾਰਾਂ ਦੀ ਕੀਤੀ ਆਲੋਚਨਾ
ਸੈਰ-ਸਪਾਟਾ ਉਦਯੋਗ ਦੀਆਂ ਬੇਅੰਤ ਸੰਭਾਵਨਾਵਾਂ ਦੀ ਲਾਹਾ ਲੈਣ ਲਈ ਕਿਹਾ
ਮੁਹਾਲੀ ਵਿਖੇ 23 ਤੇ 24 ਫਰਵਰੀ ਨੂੰ ਹੋਣ ਵਾਲੇ ਨਿਵੇਸ਼ ਪੰਜਾਬ ਸੰਮੇਲਨ ਦਾ ਹਿੱਸਾ ਬਣਨ ਲਈ ਉਦਯੋਗਪਤੀਆਂ ਨੂੰ ਦਿੱਤਾ ਸੱਦਾ
ਪੰਜਾਬੀ ਖ਼ਬਰਸਾਰ ਬਿਉਰੋ
ਪਠਾਨਕੋਟ, 7 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੋਰ ਅੱਗੇ ਵਧਾਉਣ ਲਈ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਉਦਯੋਗ ਦੇ ਵਿਕਾਸ ‘ਤੇ ਵੱਧ ਜ਼ੋਰ ਦੇਣ ਦਾ ਐਲਾਨ ਕੀਤਾ।ਮੁੱਖ ਮੰਤਰੀ ਨੇ ਮੁਹਾਲੀ ਵਿਖੇ 23 ਤੇ 24 ਫਰਵਰੀ ਨੂੰ ਹੋਣ ਵਾਲੇ ਪੰਜਾਬ ਨਿਵੇਸ਼ ਸੰਮੇਲਨ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਇੱਥੇ ਉਦਯੋਗਪਤੀਆਂ ਨਾਲ ਗੱਲਬਾਤ ਕਰਦਿਆਂ ਸੂਬੇ ਦੀ ਸਰਹੱਦੀ ਪੱਟੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨ ਲਈ ਪਿਛਲੀਆਂ ਸਰਕਾਰਾਂ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਕਾਰਾਂ ਨੇ ਸਰਹੱਦੀ ਜ਼ਿਲ੍ਹਿਆਂ ਦੇ ਵਸਨੀਕਾਂ ਦੇ ਦੇਸ਼ ਲਈ ਪਾਏ ਵੱਡਮੁੱਲੇ ਯੋਗਦਾਨ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਨਾਲ ਪੂਰੀ ਤਰ੍ਹਾਂ ਧ੍ਰੋਹ ਕਮਾਇਆ ਹੈ। ਭਗਵੰਤ ਮਾਨ ਨੇ ਸਰਹੱਦੀ ਇਲਾਕਿਆਂ ਦੇ ਵਸਨੀਕਾਂ ਨੂੰ ‘ਸੱਚੇ ਦੇਸ਼ ਭਗਤ’ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਹਰ ਔਕੜ ਨੂੰ ਝੱਲਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਵੰਡ ਅਤੇ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਨਾਲ ਜੰਗਾਂ ਨੇ ਪੰਜਾਬ ਦੇ ਸਰਹੱਦੀ ਕਸਬਿਆਂ ਦੇ ਵਿਕਾਸ ਅਤੇ ਖ਼ੁਸ਼ਹਾਲੀ ਨੂੰ ਡੂੰਘੀ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਇਹ ਕਸਬੇ ਜੋ ਕਦੇ ਅਣਵੰਡੇ ਪੰਜਾਬ ਦੇ ਸਨਅਤੀ ਅਤੇ ਵਪਾਰਕ ਧੁਰੇ ਸਨ, ਹੁਣ ਛੋਟੇ-ਛੋਟੇ ਵਪਾਰਕ ਕੇਂਦਰਾਂ ਵਜੋਂ ਸਿਮਟ ਕੇ ਰਹਿ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਸਿਰਫ਼ ਇਹੀ ਨਹੀਂ, ਸਗੋਂ ਸਰਹੱਦ ‘ਤੇ ਮਾਮੂਲੀ ਤਣਾਅ ਦਾ ਵੀ ਖਮਿਆਜ਼ਾ ਇਨ੍ਹਾਂ ਸਰਹੱਦੀ ਸ਼ਹਿਰਾਂ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ।ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕੀਤਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਵਿੱਚ ਇਨ੍ਹਾਂ ਲੋਕਾਂ ਦੇ ਵੱਡਮੁੱਲੇ ਯੋਗਦਾਨ ਨੂੰ ਮਾਨਤਾ ਦੇਣ ਦੀ ਬਜਾਏ ਪਿਛਲੀਆਂ ਸੂਬਾ ਸਰਕਾਰਾਂ ਨੇ ਇਨ੍ਹਾਂ ਖੇਤਰਾਂ ਵੱਲੋਂ ਪੂਰੀ ਤਰ੍ਹਾਂ ਅੱਖਾਂ ਬੰਦ ਕਰ ਲਈਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਸਬਿਆਂ ਦੇ ਮਿਹਨਤੀ ਅਤੇ ਬਹਾਦਰ ਲੋਕਾਂ ਨੇ ਸੂਬੇ ਵਿੱਚ ਉਦਯੋਗਾਂ ਨੂੰ ਵਿਕਸਤ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਬਾਵਜੂਦ ਪਿਛਲੀਆਂ ਸਰਕਾਰਾਂ ਨੇ ਉਨ੍ਹਾਂ ਦੇ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਕੁਝ ਨਹੀਂ ਕੀਤਾ।ਮੁੱਖ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਸੂਬਾ ਸਰਕਾਰ ਸਰਹੱਦੀ ਕਸਬਿਆਂ ਵਿੱਚ ਉਦਯੋਗ ਦੇ ਵਿਆਪਕ ਵਿਕਾਸ ਲਈ ਛੇਤੀ ਹੀ ਇੱਕ ਖਾਕਾ ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਕ ਪਾਸੇ ਉਦਯੋਗ ਦੇ ਧੁਰੇ ਵਜੋਂ ਵਿਕਸਤ ਕਰਨਾ ਅਤੇ ਦੂਜੇ ਪਾਸੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹਣਾ ਸਮੇਂ ਦੀ ਮੁੱਖ ਲੋੜ ਹੈ। ਸੈਰ ਸਪਾਟਾ ਖੇਤਰ ਦੀਆਂ ਅਥਾਹ ਸੰਭਾਵਨਾਵਾਂ ਦਾ ਲਾਭ ਉਠਾ ਕੇ ਸੂਬੇ ਭਰ ਦੇ ਸੈਰ ਸਪਾਟਾ ਉਦਯੋਗ ਨੂੰ ਵੱਡਾ ਹੁਲਾਰਾ ਦੇਣ ਦਾ ਐਲਾਨ ਕਰਦਿਆਂ ਭਗਵੰਤ ਮਾਨ ਨੇ ਰਣਜੀਤ ਸਾਗਰ ਡੈਮ ਦੀ ਮਿਸਾਲ ਦਿੰਦਿਆਂ ਕਿਹਾ ਕਿ ਸੂਬੇ ਨੂੰ ਕਈ ਕੁਦਰਤੀ ਸੋਮਿਆਂ ਦੀ ਬਖ਼ਸ਼ਿਸ਼ ਹੈ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਸੈਰ-ਸਪਾਟਾ ਸਥਾਨਾਂ ਵਜੋਂ ਵਿਕਸਤ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਨ੍ਹਾਂ ਸੈਰ-ਸਪਾਟਾ ਕੇਂਦਰਾਂ ਵਿੱਚ ਸੂਬੇ ਨੂੰ ਅੰਤਰਰਾਸ਼ਟਰੀ ਪੱਧਰ ਉਤੇ ਸੈਰ-ਸਪਾਟੇ ਦੇ ਨਕਸ਼ੇ ‘ਤੇ ਲਿਆਉਣ ਦੀ ਵੱਡੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਮੌਜੂਦਾ ਉਦਯੋਗਿਕ ਇਕਾਈਆਂ ਦੀ ਸੁਰੱਖਿਆ, ਤਰੱਕੀ ਅਤੇ ਵਿਸਤਾਰ ਲਈ ਠੋਸ ਉਪਰਾਲੇ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਸਨਅਤਕਾਰਾਂ ਨੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉਦਯੋਗਾਂ ਨੇ ਵਿਸ਼ਵ ਭਰ ਵਿੱਚ ਆਪਣੇ ਲਈ ਵਿਸ਼ੇਸ਼ ਸਥਾਨ ਬਣਾਇਆ ਹੈ ਅਤੇ ਸੂਬਾ ਸਰਕਾਰ ਇਨ੍ਹਾਂ ਦੇ ਹਿੱਤਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰੇਗੀ।ਮੁੱਖ ਮੰਤਰੀ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਕਿ ਇਹ ਮੌਜੂਦਾ ਇਕਾਈਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਹੋਰ ਉਦਯੋਗਾਂ ਨਾਲ ਮੁਕਾਬਲਾ ਕਰਨ ਦੇ ਯੋਗ ਹੋ ਸਕਣ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਭਰ ਵਿੱਚ ਇਹ ਵਿਚਾਰ-ਵਟਾਂਦਰਾ ਸੈਸ਼ਨ ਕਰਵਾਉਣ ਦਾ ਮੁੱਖ ਮੰਤਵ 23 ਤੇ 24 ਫਰਵਰੀ ਨੂੰ ਮੁਹਾਲੀ ਵਿਖੇ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸਥਾਨਕ ਉਦਯੋਗਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੀ ਵਿਸ਼ਾਲ ਸਮਰੱਥਾ ਨੂੰ ਦੁਨੀਆ ਸਾਹਮਣੇ ਦਿਖਾਉਣ ਲਈ ਸਥਾਨਕ ਸਨਅਤ ਦੀ ਸ਼ਮੂਲੀਅਤ ਸਮੇਂ ਦੀ ਲੋੜ ਹੈ।ਮੁੱਖ ਮੰਤਰੀ ਨੇ ਦੁਹਰਾਇਆ ਕਿ ਸਥਾਨਕ ਉਦਯੋਗ ਨੂੰ ਵਿਸ਼ਵ ਭਰ ਵਿੱਚ ਪੰਜਾਬ ਨੂੰ ਉਦਯੋਗਿਕ ਹੱਬ ਵਜੋਂ ਉਭਾਰਨ ਲਈ ਸੂਬੇ ਦਾ ਬ੍ਰਾਂਡ ਅੰਬੈਸਡਰ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿੱਚ ਉਦਯੋਗਾਂ ਲਈ ਸਭ ਤੋਂ ਵੱਧ ਬਿਹਤਰੀਨ ਮਾਹੌਲ ਮੁਹੱਈਆ ਕਰਵਾਇਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿਚ ਪੰਜਾਬੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਉੱਦਮੀ ਗੁਣਾਂ ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਉੱਦਮੀਆਂ ਨੇ ਆਲਮੀ ਪੱਧਰ ਉਤੇ ਆਪਣੀ ਕਾਬਲੀਅਤ ਨੂੰ ਸਿੱਧ ਵੀ ਕੀਤਾ ਹੈ ਅਤੇ ਹੁਣ ਦੁਨੀਆ ਅੱਗੇ ਸੂਬੇ ਦੀ ਅਥਾਹ ਸਮਰੱਥਾ ਦਾ ਪ੍ਰਗਟਾਵਾ ਕਰਨ ਦਾ ਸਮਾਂ ਆ ਚੁੱਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸਨਅਤਕਾਰਾਂ ਨੂੰ ਸੰਮੇਲਨ ਲਈ ਸੱਦਾ ਦੇਣ ਵਾਸਤੇ ਚੇਨਈ, ਹੈਦਰਾਬਾਦ ਅਤੇ ਮੁੰਬਈ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨਗਰਾਂ ਦੇ ਉਦਯੋਗਿਕ ਅਦਾਰੇ ਸੂਬੇ ਵਿੱਚ ਉਦਯੋਗਿਕ ਵਿਕਾਸ ਦੀਆਂ ਅਸੀਮ ਸੰਭਾਵਨਾਵਾਂ ਬਾਰੇ ਜਾਣ ਕੇ ਹੈਰਾਨ ਸਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਇਹ ਉਦਯੋਗਪਤੀ ਹੁਣ ਪੰਜਾਬ ਵਿੱਚ ਨਿਵੇਸ਼ ਕਰਨ ਲਈ ਤਿਆਰ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਉਦਯੋਗ ਅਤੇ ਵਣਜ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਲਈ ਨਵੀਂ ਉਦਯੋਗਿਕ ਨੀਤੀ ਲਾਗੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਸਾਰੇ ਭਾਈਵਾਲਾਂ ਖਾਸ ਕਰਕੇ ਉਦਯੋਗਪਤੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਤਿਆਰ ਕੀਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਨੀਤੀ ਦੇ ਸਬੰਧ ਵਿੱਚ ਜੇਕਰ ਕੋਈ ਹੋਰ ਸੁਝਾਅ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਾਂਗੇ।ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਅਨਮੋਲ ਗਗਨ ਮਾਨ ਤੋਂ ਇਲਾਵਾ ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਦਲੀਪ ਕੁਮਾਰ ਤੇ ਸੀ.ਈ.ਓ. ਇਨਵੈਸਟ ਪੰਜਾਬ ਕੇ.ਕੇ.ਯਾਦਵ ਅਤੇ ਹੋਰ ਵੀ ਹਾਜ਼ਰ ਸਨ।

ਬਠਿੰਡਾ ’ਚ ਮਨਪ੍ਰੀਤ ਬਾਦਲ ਹਿਮਾਇਤੀ ਮੇਅਰ ਰਮਨ ਗੋਇਲ ਨੂੰ ਵੱਡਾ ਝਟਕਾ

0

ਕਾਂਗਰਸ ਦੇ ਸੀਨੀਅਰ ਤੇ ਡਿਪਟੀ ਮੇਅਰ ਸਹਿਤ ਐਫ਼.ਸੀ.ਸੀ ਦੇ ਮੈਂਬਰਾਂ ਨੇ ਮੀਟਿੰਗ ਦਾ ਕੀਤਾ ਬਾਈਕਾਟ
ਕਾਂਗਰਸ ਨੇ ਮੇਅਰ ਵਿਰੁਧ ਬੇਭਰੋਸਗੀ ਦਾ ਮਤਾ ਲਿਆਉਣ ਲਈ ਵਿੱਢੀ ਦਸਖ਼ਤੀ ਮੁਹਿੰਮ
ਸੁਖਜਿੰਦਰ ਮਾਨ
ਬਠਿੰਡਾ, 7 ਫਰਵਰੀ : ਪਿਛਲੇ ਦਿਨੀਂ ਕਾਂਗਰਸ ਛੱਡ ਕੇ ਭਾਜਪਾ ਵਿਚ ਸਮੂਲੀਅਤ ਕਰਨ ਵਾਲੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਡਟ ਕੇ ਖ਼ੜਣ ਵਾਲੀ ਬਠਿੰਡਾ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਨੂੰ ਅੱਜ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੱਧੂ ਸਹਿਤ ਕੋਂਸਲਰਾਂ ਵਿਚੋਂ ਚੁਣੇ ਦੋ ਮੈਂਬਰਾਂ ਪ੍ਰਵੀਨ ਗਰਗ ਤੇ ਬਲਜਿੰਦਰ ਠੇਕੇਦਾਰ ਨੇ ਅੱਜ ਕਰੀਬ ਦੋ ਮਹੀਨਿਆਂ ਬਾਅਦ ਹੋਈ ਵਿੱਤ ਅਤੇ ਲੇਖਾ ਕਮੇਟੀ ਦੀ ਮੀਟਿੰਗ ਵਿਚ ਮੇਅਰ ਰਮਨ ਗੋਇਲ ਦੀ ਅਗਵਾਈ ਹੇਠ ਮੀਟਿੰਗ ਕਰਨ ਤੋਂ ਸਾਫ਼ ਇੰਨਕਾਰ ਕਰ ਦਿੱਤਾ। ਜਿਸ ਕਾਰਨ ਕਰੀਬ ਅੱਧਾ ਘੰਟਾ ਇੰਨ੍ਹਾਂ ਮੈਂਬਰਾਂ ਨੂੰ ਉਡੀਕਣ ਤੋਂ ਬਾਅਦ ਮੇਅਰ ਨੂੰ ਖ਼ਾਲੀ ਹੱਥ ਵਾਪਸ ਜਾਣਾ ਪਿਆ। ਹਾਲਾਂਕਿ ਨਿਗਮ ਦੇ ਕਮਿਸ਼ਨਰ ਸ਼੍ਰੀ ਰਾਹੁਲ ਵਲੋਂ ਕਾਂਗਰਸ ਪਾਰਟੀ ਦੇ ਇੰਨ੍ਹਾਂ ਮੈਂਬਰਾਂ ਨੂੰ ਮਨਾਉਣ ਲਈ ਕਾਫ਼ੀ ਜਦੋ-ਜਹਿਦ ਕੀਤੀ ਪ੍ਰੰਤੂ ਇੰਨ੍ਹਾਂ ਮੈਂਬਰਾਂ ਨੇ ਰਮਨ ਗੋਇਲ ਨੂੰ ਮੇਅਰ ਮੰਨਣ ਤੋਂ ਇੰਨਕਾਰ ਕਰਦਿਆਂ ਐਲਾਨ ਕੀਤਾ ਕਿ ਜਦ ਉਹ ਮੀਟਿੰਗ ਦੀ ਅਗਵਾਈ ਕਰਨਗੇ ਤਾਂ ਉਹ ਉਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਣਗੇ। ਦੂਜੇ ਪਾਸੇ ਮੇਅਰ ਨੇ ਦਾਅਵਾ ਕੀਤਾ ਹੈ ਕਿ ਅੱਜ ਦੀ ਮੀਟਿੰਗ ਕੋਰਮ ਪੂਰਾ ਨਾ ਹੋਣ ਕਾਰਨ ਪਿੱਛੇ ਪਾਈ ਗਈ ਹੈ ਤੇ ਅਗਲੇ ਹਫ਼ਤੇ ਮੁੜ ਮੀਟਿੰਗ ਕੀਤੀ ਜਾਵੇਗੀ। ਦਸਣਾ ਬਣਦਾ ਹੈ ਕਿ ਜਨਵਰੀ 2021 ਵਿਚ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਵਿਚ ਕੁੱਲ 50 ਵਾਰਡਾਂ ਵਿਚੋਂ ਕਾਂਗਰਸ ਪਾਰਟੀ ਨੂੰ 43 ਵਾਰਡਾਂ ’ਤੇ ਇਤਿਹਾਸਕ ਜਿੱਤ ਪ੍ਰਾਪਤ ਹੋਈ ਸੀ। ਇਸ ਦੌਰਾਨ ਕਾਂਗਰਸ ਦੀ ਟਿਕਟ ’ਤੇ ਜਿੱਤ ਸੀਨੀਅਰ ਕੋਂਸਲਰ ਜਗਰੂਪ ਸਿੰਘ ਗਿੱਲ ਅਤੇ ਅਸੋਕ ਪ੍ਰਧਾਨ ਸਹਿਤ ਅੱਧੀ ਦਰਜ਼ਨ ਆਗੂ ਮੇਅਰਸ਼ਿਪ ਲਈ ਦਾਅਵੇਦਾਰ ਸਨ ਪ੍ਰੰਤੂ ਤਤਕਾਲੀ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪਹਿਲੀ ਵਾਰ ਚੋਣ ਜਿੱਤੀ ਰਮਨ ਗੋਇਲ ਨੂੰ ਮੇਅਰ ਦੀ ਕੁਰਸੀ ’ਤੇ ਬਿਠਾ ਦਿੱਤਾ ਸੀ। ਉਸ ਸਮੇਂ ਚੱਲੀ ਚਰਚਾ ਮੁਤਾਬਕ ਸ: ਬਾਦਲ ਨੇ ਅਜਿਹਾ ਅਪਣੇ ਰਿਸ਼ਤੇਦਾਰ ਜੈਜੀਤ ਜੌਹਲ ਅਤੇ ਇੱਕ ਸਰਾਬ ਦੇ ਠੇਕੇਦਾਰ ਦੇ ਪ੍ਰਭਾਵ ਹੇਠ ਆ ਕੇ ਕੀਤਾ ਸੀ, ਜਿਸਦਾ ਵਿਰੋਧ ਕਰਦਿਆਂ ਕੋਂਸਲਰ ਜਗਰੂਪ ਸਿੰਘ ਗਿੱਲ ਨੇ ਕਾਂਗਰਸ ਪਾਰਟੀ ਛੱਡ ਕੇ ਆਪ ਵਿਚ ਸ਼ਾਮਲ ਹੋ ਗਏ ਸਨ ਤੇ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਵਿਤ ਮੰਤਰੀ ਨੂੰ 63 ਹਜ਼ਾਰ ਵੋਟਾਂ ਦੇ ਅੰਤਰ ਨਾਲ ਮਾਤ ਦੇ ਦਿਤੀ ਸੀ। ਸ: ਗਿੱਲ ਤੋਂ ਇਲਾਵਾ ਦੂਜੇ ਕਾਂਗਰਸੀ ਕੋਂਸਲਰ ਵੀ ਅੰਦਰੋ-ਅੰਦਰੀ ਮੇਅਰ ਦੀ ਕੁਰਸੀ ’ਤੇ ਰਮਨ ਗੋਇਲ ਨੂੰ ਬਿਠਾਉਣ ਕਾਰਨ ਔਖੇ ਸਨ ਪ੍ਰੰਤੂ ਸਰਕਾਰ ਦੌਰਾਨ ਉਹ ਚੁੱਪ ਰਹੇ ਪ੍ਰੰਤੂ ਹੁਣ ਉਨ੍ਹਾਂ ਵਲੋਂ ਪਿਛਲੇ ਇੱਕ ਸਾਲ ਤੋਂ ਇਸ ਕੁਰਸੀ ਤੋਂ ਉਤਾਰਨ ਲਈ ਮੋਰਚਾ ਖੋਲਿਆ ਹੋਇਆ ਹੈ। ਇਸ ਦੌਰਾਨ ਪਿਛਲੇ ਮਹੀਨੇ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ ਸਨ, ਜਿਸ ਕਾਰਨ ਕਾਂਗਰਸ ਪਾਰਟੀ ਨੂੰ ਹੁਣ ਅਜਿਹਾ ਕਰਨ ਲਈ ਰਾਹ ਹੋਰ ਵੀ ਮੋਕਲਾ ਹੋ ਗਿਆ ਹੈ। ਹਾਲਾਂਕਿ ਸ: ਬਾਦਲ ਵਲੋਂ ਵੀ ਕਾਂਗਰਸੀ ਕੋਂਸਲਰਾਂ ਨੂੰ ਅਪਣੇ ਨਾਲ ਭਾਜਪਾ ਵਿਚ ਲਿਜਾਣ ਲਈ ਮੁਹਿੰਮ ਵਿੱਢੀ ਗਈ ਸੀ ਪ੍ਰੰਤੂ ਮੇਅਰ ਸਹਿਤ ਅੱਧਾ ਦਰਜ਼ਨ ਕੋਂਸਲਰਾਂ ਨੂੰ ਛੱਡ ਬਾਕੀਆਂ ਨੇ ਕਾਂਗਰਸ ਛੱਡਣ ਤੋਂ ਟਾਲਾ ਵੱਟ ਲਿਆ ਸੀ, ਜਿਸ ਕਾਰਨ ਮਨਪ੍ਰੀਤ ਨੂੰ ਇਹ ਮੁਹਿੰਮ ਰੋਕਣੀ ਪਈ। ਮੌਜੂਦਾ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਬਠਿੰਡਾ ਦੇ ਪ੍ਰਧਾਨ ਰਾਜਨ ਗਰਗ ਸਹਿਤ ਟਕਸਾਲੀ ਕਾਂਗਰਸੀਆਂ ਵਲੋਂ ਮਨਪ੍ਰੀਤ ਹਿਮਾਇਤੀ ਮੰਨੀ ਜਾਂਦੀ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਲਈ ਪਿਛਲੇ ਦਿਨਾਂ ਦੀ ਦਸਖ਼ਤ ਮੁਹਿੰਮ ਚਲਾਈ ਗਈ ਹੈ। ਜਿਸ ਉਪਰ ਕਾਂਗਰਸੀ ਕੋਂਸਲਰਾਂ ਦੇ ਦਸਖ਼ਤ ਕਰਵਾਏ ਜਾ ਰਹੇ ਹਨ ਤੇ ਸੂਤਰਾਂ ਮੁਤਾਬਕ ਮੌਜੂਦਾ ਸਮੇਂ ਤੱਕ 31 ਕੋਂਸਲਰਾਂ ਨੇ ਇਸ ਪ੍ਰਫ਼ਾਰਮੇ ਉਪਰ ਦਸਖ਼ਤ ਕਰ ਦਿੱਤੇ ਹਨ ਜਦੋਂਕਿ ਮੇਅਰ ਵਿਰੁਧ ਬੇਭਰੋਸਗੀ ਦਾ ਮਤਾ ਲਿਆਉਣ ਲਈ 34 ਕੋਂਸਲਰਾਂ ਦੀ ਲੋੜ ਹੈ। ਉਧਰ ਅੱਜ ਮੀਟਿੰਗ ਤੋਂ ਦੂਰ ਰਹਿਣ ਪਿੱਛੇ ਕਾਰਨ ਦਸਦਿਆਂ ਐਫ਼.ਸੀ.ਸੀ ਦੀ ਮੈਂਬਰ ਪ੍ਰਵੀਨ ਗਰਗ ਨੇ ਕਿਹਾ ਕਿ ਮੇਅਰ ਰਮਨ ਗੋਇਲ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤ ਕੇ ਮੇਅਰ ਬਣੇ ਸਨ ਪ੍ਰੰਤੂ ਹੁਣ ਉਹ ਕਾਂਗਰਸ ਪਾਰਟੀ ਦੀ ਕਿਸੇ ਮੀਟਿੰਗ ਵਿਚ ਨਹੀਂ ਆ ਰਹੇ ਤੇ ਨਾ ਹੀ ਕਾਂਗਰਸੀ ਕੋਂਸਲਰਾਂ ਨੂੰ ਮਾਣ-ਸਨਮਾਣ ਦੇ ਰਹੇ ਹਨ, ਜਿਸਦੇ ਚੱਲਦੇ ਕਾਂਗਰਸੀ ਕੋਂਸਲਰਾਂ ਤੇ ਮੈਂਬਰਾਂ ਨੇ ਉਨ੍ਹਾਂ ਨੂੰ ਮੇਅਰ ਮੰਨਣ ਤੋਂ ਇੰਨਕਾਰ ਕਰ ਦਿੱਤਾ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਹਟਾਉਣ ਲਈ ਕਾਰਵਾਈ ਕੀਤੀ ਜਾਵੇਗੀ।

Our Visitor

1910389