ਸੁਖਜਿੰਦਰ ਮਾਨ
ਬਠਿੰਡੇ, 26 ਜਨਵਰੀ:ਪੀ ਐੱਸ ਐਮ ਐੱਸ ਯੂ ਐਜੁਕੇਸ਼ਨ ਬਠਿੰਡਾ ਦਾ ਵਫਦ ਜਿਲਾ ਪ੍ਰਧਾਨ ਬਲਵੀਰ ਸਿੰਘ ਮਲੂਕਾ ਜਨਰਲ ਸਕੱਤਰ ਲਾਲ ਸਿੰਘ ਰੱਲਾ ਦੀ ਅਗਵਾਈ ਹੇਠ ਜਿਲਾ ਸਿਖਿਆ ਅਫਸਰ (ਸੈਕੰਡਰੀ) ਸ਼ਿਵ ਪਾਲ ਗੋਇਲ ਨੂੰ ਮਿਲਿਆ।ਆਗੂਆਂ ਨੇ ਮੰਗ ਕੀਤੀ ਕਿ ਹਾਈ ਕੋਰਟ ਦੇ ਹੁਕਮ ਨੂੰ ਲਾਗੂ ਕਿੱਤਾ ਜਾਵੇ। ਇਸ ਫੈਸਲੇ ਅਨੁਸਾਰ ਵਾਧੂ ਸਕੂਲਾਂ ਦਾ ਚਾਰਜ ਵਾਪਿਸ ਲੈਣ ਦਾ ਫੈਸਲਾ ਕਿੱਤਾ ਗਿਆ ਹੈ। ਜਿਲਾ ਸਿਖਿਆ ਅਫਸਰ ਨੇ ਇਸ ਫੈਸਲੇ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ।ਹਾਈ ਕੋਰਟ ਦੀ ਰਿੱਟ ਪਟੀਸ਼ਨ ਦੀ ਕਾਪੀ ਅਤੇ ਕੋਰਟ ਦੇ ਹੁਕਮ ਦੀ ਕਾਪੀ ਜਿਲਾ ਸਿਖਿਆ ਅਫਸਰ ਨੂੰ ਦਿੱਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਮੀਤ ਪ੍ਰਧਾਨ ਗੁਰਤੇਜ ਸਿੰਘ ਪ੍ਰੈਸ ਸਕੱਤਰ ਭੋਲਾ ਸਿੰਘ ਸੁਭਾਸ਼ ਚੰਦਰ ਹਰਬੰਸ ਲਾਲ ਅਰਮਾਨ ਅਤੇ ਸੁਖਦੇਵ ਸਿੰਘ ਹਾਜ਼ਿਰ ਸਨ।
ਹਾਈ ਕੋਰਟ ਦੇ ਹੁਕਮ ਲਾਗੂ ਕਰਨ ਦੀ ਕੀਤੀ ਮੰਗ
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲ਼ੋਂ ਜੀਂਦ ਵਿਖੇ ਮਹਾਂ ਕਿਸਾਨ ਪੰਚਾਇਤ ਵਿੱਚ ਪੰਜਾਬ ਦੇ 20 ਜ਼ਿਲ੍ਹਿਆਂ ਤੋਂ ਹਜ਼ਾਰਾਂ ਔਰਤਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਹੋਏ ਸ਼ਾਮਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ,26 ਜਨਵਰੀ :ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕੇਂਦਰੀ ਭਾਜਪਾ ਸਰਕਾਰ ਵਿਰੁੱਧ ਦੇਸ਼ ਵਿਆਪੀ ਅੰਦੋਲਨ ਦੇ ਅੰਗ ਵਜੋਂ ਅੱਜ ਉੱਤਰੀ ਭਾਰਤ ਦੇ 6 ਸੂਬਿਆਂ ਦੇ ਕਿਸਾਨਾਂ ਦੀ ਜੀਂਦ (ਹਰਿਆਣਾ) ਵਿਖੇ ਕੀਤੀ ਗਈ ਮਹਾਂ ਕਿਸਾਨ ਪੰਚਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਝੰਡੇ ਥੱਲੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਪੰਜਾਬ ਦੇ 20 ਜ਼ਿਲ੍ਹਿਆਂ ਤੋਂ ਹਜ਼ਾਰਾਂ ਔਰਤਾਂ ਸਮੇਤ ਦਹਿ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇੱਥੇ ਜਾਰੀ ਕੀਤੇ ਗਏ ਪ੍ਰੈੱਸ ਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮੋਦੀ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਅਤੇ ਕਿਸਾਨਾਂ ਖੇਤ-ਮਜ਼ਦੂਰਾਂ ਦੀਆਂ ਮੰਗਾਂ ਦੇ ਹੱਕ ਵਿੱਚ ਰੋਹ ਭਰਪੂਰ ਨਾਹਰੇ ਲਾਉਂਦੇ ਹੋਏ ਲੋਕ-ਕਾਫਲੇ ਦੋ ਘੰਟੇ ਲਗਾਤਾਰ ਮਹਾਂ ਪੰਚਾਇਤ ਦੇ ਪੰਡਾਲ ਵਿੱਚ ਪੁੱਜਦੇ ਰਹੇ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਲ ਸਮੂਹ ਜਥੇਬੰਦੀਆਂ ਦੇ ਸੰਬੋਧਨ ਕਰਤਾ ਬੁਲਾਰਿਆਂ ਨੇ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਦੀਆਂ ਕਿਸਾਨਾਂ ਅੰਦਰ ਫੁੱਟ ਪਾਊ ਸਾਜ਼ਸ਼ਾਂ ਨੂੰ ਨਾਕਾਮ ਕਰਨ ਲਈ ਵੱਖ ਵੱਖ ਧਰਮਾਂ ਨਾਲ ਸਬੰਧਤ ਇਨ੍ਹਾਂ ਛੇ ਸੂਬਿਆਂ ਦੇ ਕਿਸਾਨਾਂ ਦੀ ਇੱਕਜੁੱਟ ਵਿਸ਼ਾਲ ਜੁਝਾਰੂ ਕਿਸਾਨ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਐੱਸ ਵਾਈ ਐੱਲ ਤੇ ਚੰਡੀਗੜ੍ਹ ਵਰਗੇ ਪੰਜਾਬ ਹਰਿਆਣੇ ਦੇ ਲੋਕਾਂ ਦੁਆਰਾ ਭਰਾਤਰੀ ਤੌਰ ‘ਤੇ ਹੱਲ ਹੋ ਸਕਣ ਵਾਲੇ ਮੁੱਦਿਆਂ ਨੂੰ ਫ਼ਿਰਕੂ ਬਦਨੀਅਤ ਨਾਲ ਤੂਲ਼ ਦਿੱਤੇ ਜਾਣ ਦਾ ਪਰਦਾਫਾਸ਼ ਕਰਦੇ ਹੋਏ ਇਨ੍ਹਾਂ ਫੁੱਟਪਾਊ ਕਪਟੀ ਚਾਲਾਂ ਨੂੰ ਦੇਸ਼ ਭਰ ਦੇ ਸਾਂਝੇ ਕਿਸਾਨ ਮਸਲਿਆਂ ਦੇ ਪੁਖਤਾ ਹੱਲ ਲਈ ਜਾਨਹੂਲਵੇਂ ਸੰਘਰਸ਼ ਲੜਨ ‘ਤੇ ਜ਼ੋਰ ਦਿੱਤਾ। ਇਸ ਮਹਾਂ ਪੰਚਾਇਤ ਦੇ ਠਾਠਾਂ ਮਾਰਦੇ ਲੱਖਾਂ ਦੇ ਇਕੱਠ ਨੇ ਸਰਕਾਰ ਨੂੰ ਕਾਲ਼ੇ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਕਰਨ ਵਾਲ਼ੇ ਜੁਝਾਰੂ ਦਿੱਲੀ ਅੰਦੋਲਨ ਦੀਆਂ ਯਾਦਾਂ ਤਾਜ਼ਾ ਕਰਵਾਉਂਦਿਆਂ ਸੱਤਾਧਾਰੀ ਹਲਕਿਆਂ ਦੇ ਇਸ ਕੂੜ ਪ੍ਰਚਾਰ ਦਾ ਭਾਂਡਾ ਵੀ ਚੌਰਾਹੇ ਭੰਨ ਦਿੱਤਾ ਕਿ ਸੰਯੁਕਤ ਕਿਸਾਨ ਮੋਰਚਾ ਤਾਂ ਖਿੰਡ ਪੁੰਡ ਗਿਆ ਹੈ।
ਬੁਲਾਰਿਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਸਾਰੀਆਂ ਫਸਲਾਂ ਦੀ ਲਾਭਕਾਰੀ ਐੱਮ ਐੱਸ ਪੀ ‘ਤੇ ਮੁਕੰਮਲ ਖਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ, ਲਖੀਮਪੁਰ ਖੀਰੀ ਕਤਲਕਾਂਡ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕੀਤੀ ਜਾਵੇ ਅਤੇ ਉਸ ਦੇ ਬਾਪ ਨੂੰ ਮੰਤਰੀ ਪਦ ਤੋਂ ਬਰਖ਼ਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ ਅਤੇ ਮੁਕਾਬਲੇ ਦੇ ਝੂਠੇ ਕੇਸ ਵਿੱਚ ਜੇਲ੍ਹੀਂ ਡੱਕੇ 4 ਕਿਸਾਨ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ, ਬਿਜਲੀ ਬਿੱਲ 2021 ਰੱਦ ਕੀਤਾ ਜਾਵੇ, ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਚੜ੍ਹੇ ਕਰਜ਼ਿਆਂ ਦਾ ਖਾਤਮਾ ਕੀਤਾ ਜਾਵੇ, 60 ਸਾਲ ਤੋਂ ਉੱਪਰ ਹਰ ਕਿਸਾਨ ਤੇ ਖੇਤ ਮਜ਼ਦੂਰ ਸਮੇਤ ਔਰਤਾਂ ਨੂੰ ਬੁਢਾਪਾ ਪੈਨਸ਼ਨ ਦਿੱਤੀ ਜਾਵੇ, ਫ਼ਸਲਾਂ ਦੀ ਤਬਾਹੀ ਦੇ ਪੂਰੇ ਮੁਆਵਜ਼ੇ ਦੀ ਗਰੰਟੀ ਵਾਲੇ ਫਸਲੀ ਬੀਮੇ ਦਾ ਕਾਨੂੰਨ ਬਣਾਇਆ ਜਾਵੇ, ਦਿੱਲੀ ਅੰਦੋਲਨ ਸਮੇਂ ਮੜ੍ਹੇ ਸਾਰੇ ਪੁਲਿਸ ਕੇਸਾਂ ਦੀ ਵਾਪਸੀ ਅਤੇ ਇਸ ਅੰਦੋਲਨ ਦੌਰਾਨ ਸ਼ਹੀਦ ਹੋਏ ਸਾਰੇ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਤੇ ਪ੍ਰਵਾਰ ਦੇ ਗੁਜ਼ਾਰੇ ਲਈ ਇਕ ਇਕ ਜੀਅ ਨੂੰ ਪੱਕੀ ਨੌਕਰੀ ਦਿੱਤੀ ਜਾਵੇ। ਆਕਾਸ਼ ਗੁੰਜਾਊ ਨਾਹਰਿਆਂ ਨਾਲ ਸੰਘਰਸ਼ ਹੋਰ ਵਿਸ਼ਾਲ ਅਤੇ ਤੇਜ਼ ਕਰਨ ਦਾ ਅਹਿਦ ਕਰਦਿਆਂ ਮਹਾਂ ਪੰਚਾਇਤ ਦਾ ਅੰਤ ਕੀਤਾ ਗਿਆ।
ਮਾਨਸਾ ਗਣਤੰਤਰ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਝੰਡੂਕੇ ਨੂੰ ਮਿਲਿਆ 20 ਹਜ਼ਾਰ ਰੁਪਏ ਦਾ ਸਨਮਾਨ
ਡੀਈਓ ਭੁਪਿੰਦਰ ਕੌਰ ਨੇ ਝੰਡੂਕੇ ਸਕੂਲ ‘ਤੇ ਕੀਤਾ ਮਾਣ ਮਹਿਸੂਸ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 27 ਜਨਵਰੀ: ਗਣਤੰਤਰ ਦਿਵਸ ਮੌਕੇ ਨਹਿਰੂ ਕਾਲਜ ਮਾਨਸਾ ਵਿਖੇ ਹੋਏ ਸਮਾਗਮ ਦੌਰਾਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੰਡੂਕੇ ਵੱਲ੍ਹੋਂ ਸਕੂਲ ਮੁਖੀ ਭੁਪਿੰਦਰ ਸਿੰਘ ਦੀ ਅਗਵਾਈ ਚ ਪੇਸ਼ ਕੀਤੀ ਗਈ ਕੋਰੀਓਗਾਫੀ ਦੀ ਪੇਸ਼ਕਾਰੀ ਬਾਕਮਾਲ ਰਹੀਂ।ਸਾਡੇ ਸਮਾਜ ਚ ਲੜਕੀਆਂ ‘ਤੇ ਹੋ ਰਹੇ ਅੱਤਿਆਚਾਰਾਂ ਨੂੰ ਜਿਸ ਰੂਪ ਚ ਝੰਡੂਕੇ ਸਕੂਲ ਦੇ ਨੰਨ੍ਹੇ ਬੱਚਿਆਂ ਨੇ ਪੇਸ਼ ਕੀਤਾ, ਉਸ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ।ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਸਿਹਤ ਮੰਤਰੀ ਸਮੇਤ ਸਭਨਾਂ ਨੇ ਇਸ ਪੇਸ਼ਕਾਰੀ ਦੀ ਦਾਦ ਦਿੱਤੀ।ਐੱਸ ਪੀ ਮਾਨਸਾ ਡਾ ਬਾਲ ਕ੍ਰਿਸ਼ਨ ਸਿੰਗਲਾ ਇਸ ਹੱਦ ਤੱਕ ਪ੍ਰਭਾਵਿਤ ਹੋਏ, ਉਨ੍ਹਾਂ ਨੇ ਬੱਚਿਆਂ ਦੀ ਹੌਸਲਾ ਅਫਜਾਈ ਲਈ 20 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ।ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਭੁਪਿੰਦਰ ਕੌਰ, ਗੁਰਲਾਭ ਸਿੰਘ ਡਿਪਟੀ ਡੀਈਓ,ਜ਼ਿਲ੍ਹਾ ਯੂਥ ਅਫਸਰ ਡਾ ਸੰਦੀਪ ਘੰਡ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਕੂਲ ਮੁੱਖੀ ਭੁਪਿੰਦਰ ਸਿੰਘ, ਸਮੂਹ ਸਟਾਫ਼ ਅਤੇ ਬੱਚਿਆਂ ਨੂੰ ਵਧਾਈ ਦਿੱਤੀ।ਉਨ੍ਹਾਂ ਨੇ ਗਣਤੰਤਰ ਦਿਵਸ ਮੌਕੇ ਸਨਮਾਨਿਤ ਹੋਣ ਵਾਲੇ ਹੈੱਡ ਟੀਚਰ ਗੁਰਨਾਮ ਸਿੰਘ ਸਪਸ ਡੇਲੂਆਣਾ, ਈ ਟੀ ਟੀ ਅਧਿਆਪਕ ਰਣਜੀਤ ਸਿੰਘ ਸਪਸ ਜੀਤਸਰ ਅਤੇ ਸਿੱਖਿਆ ਵਿਭਾਗ ਦੀਆਂ ਸਿੱਖਿਆ, ਖੇਡ ਸਰਗਰਮੀਆਂ ਲਈ ਵਿਸ਼ੇਸ਼ ਯੋਗਦਾਨ ਪਾਉਣ ਅਤੇ ਲੋੜਵੰਦ ਵਿਦਿਆਰਥੀਆਂ, ਖਿਡਾਰੀਆਂ ਦੀ ਵਰਦੀਆਂ, ਖੇਡ ਕਿੱਟਾਂ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਮਾਜ ਸੇਵੀ ਯਾਦਵਿੰਦਰ ਸਿੰਘ ਬਹਿਣੀਵਾਲ ਪੁੱਤਰ ਸ੍ਰ ਹਰਪ੍ਰੀਤ ਸਿੰਘ ਬਹਿਣੀਵਾਲ ਨੂੰ ਵਧਾਈ ਦਿਤੀ ਅਤੇ ਇਸ ਸਨਮਾਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।
ਸ਼ਹੀਦ ਜਰਨੈਲ ਸਿੰਘ ਵੈਲਫ਼ੇਅਰ ਸੁਸਾਇਟੀ ਨੇ ਧੂਮਧਾਮ ਨਾਲ ਮਨਾਇਆ 74ਵਾਂ ਗਣਤੰਤਰ ਦਿਵਸ
ਸੁਖਜਿੰਦਰ ਮਾਨ
ਬਠਿੰਡੇ, 26 ਜਨਵਰੀ: ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ 74ਵਾਂ ਗਣਤੰਤਰ ਦਿਵਸ ਸ਼ਹੀਦ ਜਰਨੈਲ ਸਿੰਘ ਰਾਠੌੜ ਚੌਕ ਵਿੱਚ ਬੜੇ ਧੂਮਧਾਮ ਨਾਲ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਸਮਾਜ ਸੇਵੀ ਯੋਗਾ ਟੀਚਰ ਸ੍ਰੀਮਤੀ ਵੰਦਨਾ ਅਰੋੜਾ ਅਤੇ ਸ੍ਰੀਮਤੀ ਜਸਵਿੰਦਰ ਕੌਰ ਵੱਲੋਂ ਨਿਭਾਈ ਗਈ। ਇਸ ਤੋ ਬਾਅਦ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਇਵਨਿੰਗ ਸਕੂਲ ਦੇ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਕਿਹਾ 26 ਜਨਵਰੀ 1950 ਨੂੰ ਭਾਰਤ ਦੇਸ਼ ਵਿੱਚ ਸੰਵਿਧਾਨ ਨੂੰ ਲਾਗੂ ਕੀਤਾ ਗਿਆ। ਸਾਰਾ ਦੇਸ਼ ਇਸ ਦਿਨ ਨੂੰ ਬੜੀ ਧੂਮਧਾਮ ਨਾਲ ਮਨਾਉਂਦਾ ਹੈ। ਇਸ ਮੌਕੇ ਤੇ ਸੁਸਾਇਟੀ ਦੇ ਸਰਪ੍ਰਸਤ ਸ੍ਰ ਤਰਲੋਚਨ ਸਿੰਘ ਸੇਠੀ, ਪ੍ਰਧਾਨ ਅਵਤਾਰ ਸਿੰਘ ਗੋਗਾ, ਮਹਿੰਦਰ ਸਿੰਘ 639 , ਮੈਂਬਰ ਜਤਿੰਦਰ ਕੁਮਾਰ, ਸੁਰਿੰਦਰਪਾਲ ਸਿੰਘ, ਸੰਜੀਵ ਕੁਮਾਰ ਆਦਿ ਮੌਜੂਦ ਸਨ। ਸੁਸਾਇਟੀ ਸਰਪ੍ਰਸਤ ਤਰਲੋਚਨ ਸਿੰਘ ਸੇਠੀ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਭਾਰਤ ਦਾ 74ਵਾਂ ਗਣਤੰਤਰ ਦਿਵਸ ਮਨਾਇਆ
ਸੁਖਜਿੰਦਰ ਮਾਨ
ਬਠਿੰਡੇ, 26 ਜਨਵਰੀ: ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਭਾਰਤ ਦਾ 74ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜੋਸ਼ ਨਾਲ ਮਨਿਆ ਗਿਆ। ਇਸ ਮੌਕੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਯੂਨੀਵਰਸਿਟੀ ਕੈਂਪਸ ਵਿਖੇ ਭਾਰਤ ਦਾ ਰਾਸ਼ਟਰੀ ਝੰਡਾ ਅਤੇ ਯੂਨੀਵਰਸਿਟੀ ਦਾ ਝੰਡਾ ਲਹਿਰਾਇਆ। ਝੰਡਾ ਲਹਿਰਾਉਣ ਦੀ ਰਸਮ ਅਤੇ ਪਰੇਡ ਦਾ ਨਿਰੀਖਣ ਕਰਨ ਉਪਰੰਤ ਵਾਈਸ-ਚਾਂਸਲਰ ਪ੍ਰੋ. ਤਿਵਾਰੀ ਨੇ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ’ਤੇ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਸ਼੍ਰੀਮਤੀ ਕਰੂਣਾ ਤਿਵਾਰੀ ਅਤੇ ਪਿੰਡ ਘੁੱਦਾ ਨਿਵਾਸ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਾਈਸ-ਚਾਂਸਲਰ ਪ੍ਰੋ. ਤਿਵਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਡਾ ਸੰਵਿਧਾਨ ਇਕ ਪਵਿੱਤਰ ਦਸਤਾਵੇਜ਼ ਹੈ ਜਿਸ ਦੀ ਪਾਲਣਾ ਹਰ ਨਾਗਰਿਕ ਲਈ ਲਾਜ਼ਮੀ ਹੈ। ਸਾਡਾ ਸੰਵਿਧਾਨ ਭਾਰਤ ਵਿੱਚ ਸਮਾਜ ਦੇ ਹਰ ਵਰਗ ਦੇ ਸਮਾਵੇਸ਼ੀ ਵਿਕਾਸ ਦਾ ਰਾਹ ਪੱਧਰਾ ਕਰਦਾ ਹੈ। ਇਸ ਲਈ ਸਾਨੂੰ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਪ੍ਰਤੀ ਸੁਚੇਤ ਹੋ ਕੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਕੰਮ ਕਰਨ ਦੀ ਲੋੜ ਹੈ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।
ਪ੍ਰੋ. ਤਿਵਾਰੀ ਨੇ ਕਿਹਾ ਕਿ ਪੰਜਾਬੀਆਂ ਨੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਹਮੇਸ਼ਾ ਨਵੇਂ ਮਾਪਦੰਡ ਸਥਾਪਤ ਕੀਤੇ ਹਨ ਅਤੇ ਇਸ ਸਾਲ ਭਾਰਤ ਸਰਕਾਰ ਨੇ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਦੋ ਪੰਜਾਬੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਨੇ ਯੂਨੀਵਰਸਿਟੀ ਦੇ ਸਕੂਲ ਬੋਰਡ ਦੇ ਮੈਂਬਰ ਪ੍ਰੋ. ਕਪਿਲ ਕਪੂਰ ਨੂੰ ਪਦਮ ਭੂਸ਼ਣ ਪੁਰਸਕਾਰ ਅਤੇ ਸ਼੍ਰੀ ਰਤਨ ਸਿੰਘ ਜੱਗੀ ਨੂੰ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਕਰਨ ਤੇ ਵਧਾਈ ਦਿੱਤੀ।ਉਨ੍ਹਾਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਨਿਰੰਤਰ ਅਧਿਆਪਨ ਰਾਹੀਂ ਆਪਣੇ ਵਿਚਾਰਾਂ ਵਿੱਚ ਪਰਿਪੱਕਤਾ ਲਿਆ ਕੇ ਉੱਚ ਬੌਧਿਕ ਪੱਧਰ ਦੀ ਪ੍ਰਾਪਤੀ ਲਈ ਕੰਮ ਕਰਨ ਅਤੇ ਆਪਣੇ ਗਿਆਨ ਨੂੰ ਆਪਣੇ ਕੰਮਾਂ ਵਿੱਚ ਲਗਾ ਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ। ਉਨ੍ਹਾਂ ਨੇ ਯੂਨੀਵਰਸਿਟੀ ਭਾਈਚਾਰੇ ਨੂੰ ਮਿਆਰੀ ਸਿੱਖਿਆ ਅਤੇ ਖੋਜ ਰਾਹੀਂ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ. ਵੁਸਰਿਕਾ; ਡੀਨ ਵਿਦਿਆਰਥੀ ਭਲਾਈ ਪ੍ਰੋ. ਵੀ.ਕੇ ਗਰਗ; ਡਾਇਰੈਕਟਰ, ਖੋਜ ਅਤੇ ਵਿਕਾਸ ਸੈੱਲ ਪ੍ਰੋ ਅੰਜਨਾ ਮੁਨਸ਼ੀ; ਆਈਕਿਊਏਸੀ ਦੇ ਡਾਇਰੈਕਟਰ ਪ੍ਰੋ. ਮੋਨੀਸ਼ਾ ਧੀਮਾਨ; ਵੱਖ-ਵੱਖ ਸਕੂਲਾਂ ਦੇ ਡੀਨ; ਅਤੇ ਵਿਭਾਗ ਦੇ ਮੁਖੀ ਹਾਜ਼ਰ ਸਨ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਅਧਿਕਾਰੀਆਂ, ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।
ਸਹਾਰਾ ਜਨ ਸੇਵਾ ਸੰਸਥਾ ਨੇ ਉਤਸ਼ਾਹ ਨਾਲ ਮਨਾਇਆ ਗਣਤੰਤਰਤਾ ਦਿਵਸ
ਸੁਖਜਿੰਦਰ ਮਾਨ
ਬਠਿੰਡਾ, 27 ਜਨਵਰੀ : ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਰਜਿ ਬਠਿੰਡਾ ਵੱਲੋਂ ਸਥਾਨਕ ਭਗਤ ਸਿੰਘ ਚੌਕ ਸਥਿਤ ਭਗਤ ਸਿੰਘ ਯਾਦਗਾਰ ਵਿਖੇ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਹਾਰਾ ਸਰਪ੍ਰਸਤ ਜਨਕ ਰਾਜ ਅਗਰਵਾਲ ਨੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਮੌਕੇ ਸਹਾਰਾ ਵਰਕਰਾਂ ਨੇ ਰਾਸ਼ਟਰੀ ਗੀਤ ਗਾ ਕੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ। ਜਨਕ ਰਾਜ ਅਗਰਵਾਲ ਨੇ ਕਿਹਾ ਕਿ ਦੇਸ਼ ਦੇ ਮਹਾਨ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦ ਭਾਰਤ ਵਿੱਚ ਰਹਿ ਰਹੇ ਹਾਂ ਤੇ ਸਾਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ, ਤਾਂ ਹੀ ਗਰੀਬੀ ਵਰਗੀ ਲਾਇਲਾਜ ਬਿਮਾਰੀ ਦੂਰ ਹੋ ਜਾਵੇਗੀ।ਇਸ ਮੌਕੇ ਸਹਾਰਾ ਨੂੰ ਫੁੱਲਾਂ ਅਤੇ ਤਿਰੰਗੇ ਗੁਬਾਰਿਆਂ ਨਾਲ ਸਜਾਇਆ ਗਿਆ ਸੀ।ਇਸ ਮੌਕੇ ਸਹਾਰਾ ਸੰਸਥਾ ਦੇ ਪ੍ਰਧਾਨ ਵਿਜੇ ਗੋਇਲ, ਵਰਕਰ ਸੰਦੀਪ ਗਿੱਲ, ਵਿੱਕੀ, ਸ਼ਾਮ ਮਿੱਤਲ, ਟੇਕ ਚੰਦ, ਜੱਗਾ,ਅਰਜੁਨ, ਪੰਕਜ ਰਾਵਤ, ਵਿਜੇ.ਐਮ.ਸੀ. ਐਮ.ਐਮ ਬਹਿਲ, ਪੰਕਜ ਸਿੰਗਲਾ, ਗੌਤਮ ਗੋਇਲ, ਮੋਹਿਤ ਗਰਗ, ਸੰਦੀਪ ਗੋਇਲ, ਸਹਾਰਾ ਦੇ ਸੰਸਥਾਪਕ ਗੁਰਵਿੰਦਰ ਬਿੰਦੀ, ਤਿਲਕ ਰਾਜ ਸੁਦਰਸ਼ਨ ਗੋਇਲ, ਲੱਕੀ ਗਰਗ, ਅਸ਼ੋਕ ਗੋਇਲ, ਪ੍ਰਸਿੱਧ ਕਲਾਕਾਰ ਕੇਵਲ ਬਾਂਸਲ ਆਦਿ ਹਾਜ਼ਰ ਸਨ ।
ਗਣਤੰਤਰ ਦਿਵਸ ਮੌਕੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਝਾਕੀ ਬਣੀ ਖਿੱਚ ਦਾ ਕੇਂਦਰ ਰਹੀ
ਸਟੇਡੀਅਮ ਵਿੱਚ ਗੂੰਜਿਆ ਸੁਖਪਾਲ ਸਿੰਘ ਸਿੱਧੂ ਦਾ ਗੀਤ ਸਰਕਾਰੀ ਸਕੂਲ
ਸੁਖਜਿੰਦਰ ਮਾਨ
ਬਠਿੰਡਾ, 27 ਜਨਵਰੀ : ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਵਿਖੇ 74 ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਇਸ ਮੌਕੇ ਜਿੱਥੇ ਵੱਖ-ਵੱਖ ਵਿਭਾਗਾਂ ਵੱਲੋਂ ਸ਼ਾਨਦਾਰ ਝਾਕੀਆਂ ਪੇਸ਼ ਕੀਤੀਆਂ ਗਈਆਂ ਉੱਥੇ ਹੀ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸ਼ਿਵ ਪਾਲ ਗੋਇਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਮੇਵਾ ਸਿੰਘ ਸਿੱਧੂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਇਕਬਾਲ ਸਿੰਘ ਬੁੱਟਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਰਹਿਨੁਮਾਈ ਹੇਠ ਸ਼ਾਨਦਾਰ ਝਾਕੀ ਪੇਸ਼ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਕਮਾਂਡੋ ਨੇ ਦੱਸਿਆ ਕਿ ਇਸ ਝਾਕੀ ਦੀ ਅਗਵਾਈ ਪ੍ਰਿੰਸੀਪਲ ਕੁਲਵਿੰਦਰ ਸਿੰਘ, ਰਣਜੀਤ ਸਿੰਘ ਮਾਨ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਜਤਿੰਦਰ ਸ਼ਰਮਾ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ, ਵੀਰਬਿਕਰਮ ਬੀ.ਐਮ.ਟੀ, ਹਰਤੇਜ ਸਿੰਘ ਬੀ.ਐਮ.ਟੀ, ਨਵਨੀਤ ਸਿੰਘ ਬੀ.ਐਮ.ਟੀ, ਅਮਿਤ ਕੁਮਾਰ ਅਤੇ ਨਰਿੰਦਰ ਸਿੰਘ ਵੱਲੋਂ ਕੀਤੀ ਗਈ। ਇਸ ਸ਼ਾਨਦਾਰ ਝਾਕੀ ਵਿੱਚ ਬਠਿੰਡਾ ਜ਼ਿਲ੍ਹੇ ਦੇ ਸਮਾਰਟ ਸਕੂਲਾਂ ਦੀਆਂ ਸ਼ਾਨਦਾਰ ਪ੍ਰਦਰਸ਼ਨੀਆਂ ਪੇਸ਼ ਕੀਤੀਆਂ ਗਈਆਂ, ਜਿੰਨ੍ਹਾਂ ਵਿੱਚ ਸਮਾਰਟ ਕਲਾਸ ਰੂਮ, ਐਜੂਕੇਸ਼ਨਲ ਪਾਰਕ, ਲਾਇਬ੍ਰੇਰੀਆਂ, ਖੇਡਾਂ ਆਦਿ ਸੰਬੰਧੀ ਦ੍ਰਿਸ਼ ਪੇਸ਼ ਕੀਤੇ ਗਏ। ਇਸ ਵਿੱਦਿਅਕ ਝਾਕੀ ਦੀ ਪੇਸ਼ਕਾਰੀ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਲੜਕੇ ਦੇ ਅਧਿਆਪਕ ਸੁਖਪਾਲ ਸਿੰਘ ਸਿੱਧੂ ਦਾ ਗੀਤ ਸਰਕਾਰੀ ਸਕੂਲ ਪੂਰੇ ਸਟੇਡੀਅਮ ਵਿੱਚ ਗੂੰਜਿਆ। ਜਿਸ ਦੀ ਚਾਰੋਂ ਤਰਫ ਤੋਂ ਸ਼ਲਾਘਾ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰੇ, ਐਸ.ਐਸ.ਪੀ. ਬਠਿੰਡਾ ਜੇ.ਇਲਨਚੇਨੀਅਨ, ਐਮ.ਐਲ.ਏ. ਮਾਸਟਰ ਜਗਸੀਰ ਸਿੰਘ, ਐਮ.ਐਲ.ਏ. ਬਲਕਾਰ ਸਿੰਘ ਸਿੱਧੂ, ਐਮ.ਐਲ.ਏ. ਜਗਰੂਪ ਸਿੰਘ ਗਿੱਲ, ਐਮ.ਐਲ.ਏ. ਸੁਖਵੀਰ ਸਿੰਘ ਮਾਈਸਰਖਾਨਾ, ਐਮ.ਐਲ.ਏ. ਬਰਜਿੰਦਰ ਕੌਰ, ਐਮ.ਐਲ.ਏ. ਅਮਿਤ ਰਤਨ ਚੈਅਰਮੈਨ ਜਸਵਿੰਦਰ ਸਿੰਘ ਭੱਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸਾਹਿਬਾਨ ਅਤੇ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਸਾਹਿਬਾਨ ਹਾਜਰ ਸਨ।
ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਆਪ ਸਰਕਾਰ ਪੁੱਟ ਰਹੀ ਹੈ ਸ਼ਲਾਘਾਯੋਗ ਕਦਮ : ਵਿਧਾਇਕ ਜਗਰੂਪ ਗਿੱਲ
ਆਮ ਆਦਮੀ ਕਲੀਨਿਕਾਂ ਦੀ ਬਠਿੰਡਾ ’ਚ ਕੀਤੀ ਸ਼ੁਰੂਆਤ
ਸੁਖਜਿੰਦਰ ਮਾਨ
ਬਠਿੰਡਾ, 27 ਜਨਵਰੀ : ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸ਼ਲਾਘਾਯੋਗ ਕਦਮ ਪੁੱਟ ਰਹੀ ਹੈ। ਇਹ ਜਾਣਕਾਰੀ ਹਲਕਾ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਇੱਥੇ ਲਾਲ ਸਿੰਘ ਬਸਤੀ ਵਿਖੇ ਨਵੇਂ ਸਥਾਪਿਤ ਕੀਤੇ ਗਏ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕਰਨ ਉਪਰੰਤ ਸਾਂਝੀ ਕੀਤੀ। ਇਸ ਮੌਕੇ ਵਿਧਾਇਕ ਗਿੱਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਦਿੱਤੇ ਗਏ ਇੰਨੇ ਵੱਡੇ ਫ਼ਤਵੇ ਨੂੰ ਕਿਸੇ ਵੀ ਕੀਮਤ ਤੇ ਟੁੱਟਣ ਨਹੀਂ ਦਿੱਤਾ ਜਾਵੇਗਾ ਅਤੇ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਵਿਧਾਇਕ ਸ. ਗਿੱਲ ਨੇ ਕਿਹਾ ਕਿ ਸਰਕਾਰ ਵੱਲੋਂ ਆਪਣੇ ਵਾਅਦੇ ਅਨੁਸਾਰ ਸਿੱਖਿਆ ਤੇ ਸਿਹਤ ਖੇਤਰ ਵਿੱਚ ਲੋਕ ਪੱਖੀ ਤੇ ਬੇਹਤਰ ਪੁਲਾਘਾਂ ਪੁੱਟੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਮੁਢਲੀਆਂ ਸਿਹਤ ਸੇਵਾਵਾਂ ਉਨ੍ਹਾਂ ਦੇ ਦਰਾਂ ਨੇੜੇ ਮੁਫ਼ਤ ਤੇ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਉਣ ਲਈ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਲਾਹੇਵੰਦ ਸਾਬਤ ਹੋ ਰਹੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਦੇ ਸਾਰੇ ਟੈਸਟ ਅਤੇ ਦਵਾਈਆਂ ਮੁਫ਼ਤ ਹੋਣਗੇ ਅਤੇ ਡਾਕਟਰੀ ਸਟਾਫ਼ ਆਦਿ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।ਇਸ ਦੌਰਾਨ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ 8 ਆਮ ਆਦਮੀ ਕਲੀਨਿਕ (ਬਸਤੀ ਖੇਤਾ ਸਿੰਘ, ਊਧਮ ਸਿੰਘ ਨਗਰ, ਅਕਲੀਆਂ ਕਲਾਂ, ਬੀੜ ਬਹਿਮਣ, ਕੋਟਫ਼ੱਤਾ, ਤਲਵੰਡੀ ਸਾਬੋ, ਮੌੜ ਤੇ ਰਾਮਾਂ) ਪਹਿਲਾਂ ਹੀ ਚੱਲ ਰਹੇ ਹਨ ਅਤੇ 16 ਅੱਜ ਨਵੇਂ ਆਮ ਆਦਮੀ ਕਲੀਨਿਕਾਂ (ਬੱਲੂਆਣਾ, ਚੱਕ ਅਤਰ ਸਿੰਘ ਵਾਲਾ, ਦਿਆਲਪੁਰਾ ਮਿਰਜਾ, ਜੋਧਪੁਰ ਪਾਖਰ, ਕਰਾੜਵਾਲਾ, ਲਹਿਰਾ ਮੁਹੱਬਤ, ਪੱਕਾ ਕਲਾਂ, ਮੌੜ ਕਲਾਂ, ਮੰਡੀ ਕਲਾਂ, ਵਿਰਕ ਕਲਾਂ, ਮੰਡੀ ਫੂਲ, ਬੇਅੰਤ ਨਗਰ, ਜਨਤਾ ਨਗਰ, ਲਾਲ ਸਿੰਘ ਬਸਤੀ, ਪਰਸਰਾਮ ਨਗਰ ਅਤੇ ਗਣੇਸ਼ਾ ਬਸਤੀ) ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਕਲੀਨਿਕ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਾਹੇਵੰਦ ਸਾਬਤ ਹੋਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅੰਮ੍ਰਿਤ ਲਾਲ ਅਗਰਵਾਲ, ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਚੇਅਰਮੈਨ ਸ਼ੂਗਰਫੈਡ ਨਵਦੀਪ ਜੀਦਾ, ਚੇਅਰਮੈਨ ਨੀਲ ਗਰਗ, ਚੇਅਰਮੈਨਅਨਿੱਲ ਠਾਕੁਰ, ਰਾਕੇਸ਼ ਪੁਰੀ, ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਰਾਜਨ, ਆਪ ਬੀ.ਸੀ. ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਰਾਮਗੜ੍ਹੀਆ ਅਤੇ ਆਪ ਦੇ ਆਗੂ ਤੇ ਵਰਕਰ ਵਿਸੇਸ਼ ਤੌਰ ਤੇ ਹਾਜ਼ਰ ਸਨ।
ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 500 ਆਮ ਆਦਮੀ ਕਲੀਨਿਕ ਪੰਜਾਬ ਦੇ ਲੋਕਾਂ ਨੂੰ ਕੀਤੇ ਸਮਰਿਪਤ
‘ਸਿਹਤਮੰਦ ਤੇ ਰੰਗਲਾ ਪੰਜਾਬ’ ਬਣਾਉਣ ਲਈ ਵੱਡੇ ਉਪਰਾਲੇ ਕਰ ਰਹੀ ਹੈ ਸੂਬਾ ਸਰਕਾਰ
ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 10.26 ਲੱਖ ਲੋਕਾਂ ਨੇ ਇਲਾਜ ਕਰਵਾਇਆ
ਸੂਬੇ ਵਿਚ ਜਾਂਚ ਤੇ ਇਲਾਜ ਦੇ ਆਧਾਰ ਉਤੇ ਖੋਜ ਵਿਚ ਸਹਾਈ ਹੋਣਗੇ ਕਲੀਨਿਕ
ਕੇਜਰੀਵਾਲ ਵੱਲੋਂ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਲੋਕ ਪੱਖੀ ਫੈਸਲੇ ਲੈਣ ਲਈ ਮੁੱਖ ਮੰਤਰੀ ਦੀ ਸ਼ਲਾਘਾ
ਪੰਜਾਬ ਵਾਸੀਆਂ ਦੀ ਭਲਾਈ ਲਈ ਭਗਵੰਤ ਮਾਨ ਸਰਕਾਰ ਨੇ ਇਨਕਲਾਬੀ ਕਦਮ ਚੁੱਕੇ-ਕੇਜਰੀਵਾਲ
ਪੰਜ ਸਾਲਾਂ ਵਿਚ ਲੋਕਾਂ ਨੂੰ ਦਿੱਤੀ ਹਰੇਕ ਗਾਰੰਟੀ ਪੂਰੀ ਕਰੇਗੀ ਮਾਨ ਸਰਕਾਰ-ਕੇਜਰੀਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਅੰਮ੍ਰਿਤਸਰ, 27 ਜਨਵਰੀ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਹਰੇਕ ਖੇਤਰ ਦਾ ਵਿਆਪਕ ਵਿਕਾਸ ਕਰਕੇ ‘ਸਿਹਤਮੰਦ ਤੇ ਰੰਗਲਾ ਪੰਜਾਬ’ ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ। ਅੱਜ ਇੱਥੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ 500ਵਾਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਿਪਤ ਕਰਨ ਮੌਕੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਜਿਨ੍ਹਾਂ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਹਾਜ਼ਰ ਸਨ, ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਨੇਕ ਕਾਰਜ ਲਈ ਪੁਖਤਾ ਵਿਵਸਥਾ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ ਤੇ ਰੋਜ਼ਗਾਰ ਦੇ ਖੇਤਰ ਵਿਚ ਵੱਡੇ ਪੱਧਰ ਉਤੇ ਕੰਮ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਛੇਤੀ ਹੀ ਸਾਕਾਰਤਮਕ ਨਤੀਜੇ ਸਾਹਮਣੇ ਆਉਣਗੇ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ 100 ਆਮ ਆਦਮੀ ਕਲੀਨਿਕ 75ਵੇਂ ਆਜ਼ਾਦੀ ਦਿਹਾੜੀ ਮੌਕੇ ਲੋਕਾਂ ਨੂੰ ਸਮਰਿਪਤ ਕੀਤੇ ਗਏ ਸਨ।ਮੁੱਖ ਮੰਤਰੀ ਨੇ ਕਿਹਾ ਕਿ ਇਹ ਕਲੀਨਿਕ ਲੋਕਾਂ ਨੂੰ ਲਗਭਗ 100 ਕਲੀਨਿਕਲ ਟੈਸਟਾਂ ਦੇ ਨਾਲ 41 ਸਿਹਤ ਪੈਕੇਜ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਤੋਂ ਸੂਬੇ ਵਿੱਚ ਚੱਲ ਰਹੇ 100 ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 10.26 ਲੱਖ ਲੋਕਾਂ ਨੇ ਮੁਫ਼ਤ ਇਲਾਜ ਕਰਵਾਇਆ। ਇਸੇ ਤਰ੍ਹਾਂ ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ 1.24 ਲੱਖ ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ ਗਏ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਕਲੀਨਿਕ ਪੰਜਾਬ ਵਿੱਚ ਸਿਹਤ ਸੰਭਾਲ ਪ੍ਰਣਾਲੀ ਦੀ ਕਾਇਆਕਲਪ ਦੀ ਬੁਨਿਆਦ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਨੇ ਵੀ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਸੂਬਾ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹੁਣ 400 ਤੋਂ ਵੱਧ ਆਮ ਆਦਮੀ ਕਲੀਨਿਕ ਖੋਲ੍ਹਣ ਨਾਲ ਪੰਜਾਬ ਇਨ੍ਹਾਂ 500 ਕਲੀਨਿਕ ਰਾਹੀਂ ਸਿਹਤ ਸੰਭਾਲ ਖੇਤਰ ਵਿੱਚ ਸਫ਼ਲਤਾ ਦੀ ਨਵੀਂ ਕਹਾਣੀ ਲਿਖੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਕ੍ਰਾਂਤੀਕਾਰੀ ਪਹਿਲਕਦਮੀ ਸੂਬੇ ਵਿੱਚ ਸਿਹਤ ਸੰਭਾਲ ਪ੍ਰਣਾਲੀ ਨੂੰ ਮੁੜ ਪੈਰਾਂ-ਸਿਰ ਕਰੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਦੀ ਸਥਾਪਨਾ ਕਰਕੇ ਸੂਬਾ ਸਰਕਾਰ ਨੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਪੰਜਾਬ ਨੂੰ ਸਿਹਤਮੰਦ ਅਤੇ ਰੋਗ ਮੁਕਤ ਬਣਾਉਣ ਲਈ ਨਿਮਾਣਾ ਜਿਹਾ ਉਪਰਾਲਾ ਕੀਤਾ ਹੈ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਪੰਜਾਬ ਵਾਸੀਆਂ ਨੂੰ ਹੁਣ ਇਲਾਜ ਤੇ ਜਾਂਚ ਲਈ ਹਸਪਤਾਲਾਂ ਵਿੱਚ ਪੈਸਾ ਨਹੀਂ ਖਰਚਣਾ ਪਵੇਗਾ। ਉਨ੍ਹਾਂ ਕਿਹਾ ਕਿ ਮਰੀਜ਼ ਕਲੀਨਿਕਾਂ ਵਿੱਚ ਜਾ ਕੇ ਡਾਕਟਰੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ ਜਾਂ ਆਨਲਾਈਨ ਸਮਾਂ ਲੈਣ ਦੀ ਸਹੂਲਤ ਵੀ ਪ੍ਰਾਪਤ ਕਰ ਸਕਦੇ ਹਨ।ਅਰਵਿੰਦ ਕੇਜਰੀਵਾਲ ਦਾ ਪਾਵਨ ਧਰਤੀ ‘ਤੇ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਨੇ ਇਹ ਲੋਕ ਪੱਖੀ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਇਸ ਲੋਕ-ਪੱਖੀ ਪਹਿਲਕਦਮੀ ਲਈ ਦਿਸ਼ਾ ਪ੍ਰਦਾਨ ਕੀਤੀ ਸੀ ਜਿਸ ਨਾਲ ਕੌਮੀ ਰਾਜਧਾਨੀ ਦੇ ਲੋਕਾਂ ਨੂੰ ਬਹੁਤ ਲਾਭ ਹੋਇਆ ਸੀ। ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਖੇਤਰਾਂ ਵਿੱਚ ਸੁਧਾਰ ਲਈ ਹੁਣ ਹੋਰ ਸੂਬੇ ਵੀ ਇਸ ਮਾਡਲ ਨੂੰ ਅਪਣਾ ਰਹੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਕਲੀਨਿਕ ਸਿਹਤ ਸੇਵਾਵਾਂ ਦੇਣ ਦੇ ਨਾਲ-ਨਾਲ ਇਨ੍ਹਾਂ ਕਲੀਨਿਕਾਂ ਵਿੱਚ ਆਉਣ ਵਾਲੇ ਹਰੇਕ ਮਰੀਜ਼ ਦਾ ਆਨਲਾਈਨ ਡਾਟਾ ਵੀ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਗੰਭੀਰ ਬਿਮਾਰੀਆਂ ਨਾਲ ਨਜਿੱਠਣ ਲਈ ਰਣਨੀਤੀ ਘੜਨ ਵਾਸਤੇ ਅੰਕੜੇ ਇਕੱਠਾ ਕਰਨ ਵਿੱਚ ਮਦਦ ਮਿਲੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਕਦਮ ਸੂਬੇ ਦੇ ਵਸਨੀਕਾਂ ਦੇ ਖੋਜ ਅਧਾਰਤ ਇਲਾਜ ਨੂੰ ਨਿਰਵਿਘਨ ਤਰੀਕੇ ਨਾਲ ਯਕੀਨੀ ਬਣਾਏਗਾ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਟੈਕਸ ਭਰਨ ਵਾਲੇ ਲੋਕਾਂ ਦੇ ਪੈਸੇ ਦਾ ਇਕ-ਇਕ ਪੈਸਾ ਉਨ੍ਹਾਂ ਦੀ ਭਲਾਈ ਲਈ ਖਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕ ਪੱਖੀ ਉਪਰਾਲਿਆਂ ਨੂੰ ਮੁਫ਼ਤਖੋਰੀ ਨਹੀਂ ਕਿਹਾ ਜਾ ਸਕਦਾ ਸਗੋਂ ਇਹ ਵਿਕਾਸ ਕਾਰਜਾਂ ਉਤੇ ਕੀਤਾ ਗਿਆ ਖਰਚਾ ਹੈ ਜਿਸ ਦਾ ਉਦੇਸ਼ ਲੋਕਾਂ ਦੀ ਭਲਾਈ ਅਤੇ ਸੂਬੇ ਦੀ ਤਰੱਕੀ ਨੂੰ ਯਕੀਨੀ ਬਣਾਉਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਵਿਰੋਧੀਭਾਸ ਵਾਲੀ ਸਥਿਤੀ ਹੈ ਕਿ ਆਮ ਆਦਮੀ ਪਾਰਟੀ ਵਿਕਾਸ ਦੀ ਗੱਲ ਕਰ ਰਹੀ ਹੈ ਜਦਕਿ ਬਾਕੀ ਪਾਰਟੀਆਂ ਫੁੱਟ ਪਾਊ ਏਜੰਡੇ ‘ਤੇ ਚੱਲ ਰਹੀਆਂ ਹਨ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਆਹਲਾ ਦਰਜੇ ਦੀਆਂ ਸਹੂਲਤਾਂ ਵਾਲੇ ‘ਸਕੂਲ ਆਫ ਐਮੀਨੈਂਸ’ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਸਕੂਲ ਆਫ ਐਮੀਨੈਂਸ’ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਗੇ। ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀ ਦੀ ਰੁਚੀ ਅਨੁਸਾਰ ਉਸ ਨੂੰ ਕਿੱਤਾ ਚੁਣਨ ਦੀ ਖੁੱਲ੍ਹ ਹੋਵੇਗੀ ਅਤੇ ਇਹ ਸਕੂਲ ਭਵਿੱਖ ਲਈ ਪੇਸ਼ੇਵਾਰਾਨਾ ਪਹੁੰਚ ਵਾਲੇ ਮਾਹਿਰ ਤਿਆਰ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਜਾਣਬੁੱਝ ਕੇ ਇਸ ਪਵਿੱਤਰ ਧਰਤੀ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਲੱਖਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਸ੍ਰੀ ਵਾਲਮੀਕਿ ਤੀਰਥ ਅਤੇ ਹੋਰ ਥਾਵਾਂ ਦੇ ਦਰਸ਼ਨਾਂ ਲਈ ਆਉਂਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਸ਼ਹੀਦਾਂ ਦੀ ਧਰਤੀ ਹੈ ਅਤੇ ਸੂਬਾ ਸਰਕਾਰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਨੇ ਪੰਜਾਬ ਦਾ ਵਿਕਾਸ ਕਰਨ ਦੀ ਬਜਾਏ ਖਜ਼ਾਨੇ ਨੂੰ ਲੁੱਟਿਆ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਫਰਜ਼ ਬਣਦਾ ਹੈ ਕਿ ਖਜ਼ਾਨੇ ਨੂੰ ਲੁੱਟਣ ਦਾ ਧ੍ਰੋਹ ਕਮਾਉਣ ਵਾਲਿਆਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਕਾਰਜਕਾਲ ਦੇ ਮਹਿਜ਼ 10 ਮਹੀਨਿਆਂ ਦੌਰਾਨ ਸੂਬੇ ਦੇ ਨੌਜਵਾਨਾਂ ਨੂੰ 25886 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਨੌਜਵਾਨਾਂ ਨੂੰ ਇਹ ਨਿਯੁਕਤੀ ਪੱਤਰ ਸੌਂਪੇ। ਭਗਵੰਤ ਮਾਨ ਨੇ ਕਿਹਾ ਕਿ ਸਿਰਫ਼ 10 ਮਹੀਨਿਆਂ ਵਿੱਚ ਏਨੀ ਵੱਡੀ ਗਿਣਤੀ ਵਿੱਚ ਨੌਕਰੀਆਂ ਨੌਜਵਾਨਾਂ ਦੀ ਭਲਾਈ ਅਤੇ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਲਈ ਸੂਬਾ ਸਰਕਾਰ ਦੀ ਸੰਜੀਦਗੀ ਨੂੰ ਦਰਸਾਉਂਦਾ ਹੈ।
ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਇਤਿਹਾਸਕ ਲੋਕ ਪੱਖੀ ਫੈਸਲੇ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਹੱਕ ਵਿਚ ਵੱਡਾ ਫਤਵਾ ਦੇ ਕੇ ਪੰਜਾਬ ਦੇ ਲੋਕਾਂ ਨੇ ਇਤਿਹਾਸ ਸਿਰਜਿਆ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੇ ਇਨ੍ਹਾਂ ਚੋਣਾਂ ਵਿਚ ਰਵਾਇਤੀ ਪਾਰਟੀਆਂ ਦੇ ਘਾਗ ਸਿਆਸਤਦਾਨਾਂ ਦਾ ਸਫਾਇਆ ਕਰਕੇ ਨਵੇਂ ਚਿਹਰਿਆਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਸੰਭਾਲਣ ਤੋਂ ਮਹਿਜ਼ 10 ਮਹੀਨਿਆਂ ਦੇ ਸਮੇਂ ਵਿਚ ਭਗਵੰਤ ਮਾਨ ਸਰਕਾਰ ਨੇ ਲੋਕਾਂ ਦੀ ਭਲਾਈ ਤੇ ਸੂਬੇ ਦੀ ਤਕਦੀਰ ਬਦਲਣ ਲਈ ਇਨਕਲਾਬੀ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 500 ਆਮ ਆਦਮੀ ਕਲੀਨਿਕ ਸ਼ੁਰੂ ਵੀ ਹੋ ਗਏ ਹਨ ਜਦਕਿ ਦਿੱਲੀ ਜਿਸ ਨੇ ਮੁਲਕ ਨੂੰ ਇਹ ਮਾਡਲ ਦਿੱਤਾ, ਨੂੰ ਇਹ ਟੀਚਾ ਪੂਰਾ ਕਰਨ ਲਈ ਲੰਮਾ ਸਮਾਂ ਲੱਗਾ ਸੀ। ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਯਤਨਾਂ ਸਦਕਾ ਪੰਜਾਬ ਅੱਜ ਮੁਲਕ ਵਿਚ ਦੂਜਾ ਸਭ ਤੋਂ ਸ਼ਾਂਤਮਈ ਸੂਬਾ ਹੈ।ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਜਿਸ ਕਰਕੇ ਉਹ ਸੂਬੇ ਦੇ ਲੋਕਾਂ ਦੀਆਂ ਦੁੱਖ-ਤਕਲੀਫਾਂ ਨੂੰ ਭਲੀ-ਭਾਂਤ ਸਮਝਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਜ਼ਮੀਨ ਨਾਲ ਜੁੜੇ ਹੋਏ ਨੇਤਾ ਹਨ ਜਿਨ੍ਹਾਂ ਨੂੰ ਪੰਜਾਬ ਤੇ ਇੱਥੋਂ ਦੇ ਲੋਕਾਂ ਨਾਲ ਸਰੋਕਾਰ ਹੈ। ਕੇਜਰੀਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਰਸੂਖਵਾਨ ਪਰਿਵਾਰਾਂ ’ਚੋਂ ਬਣਦੇ ਸਨ ਪਰ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਇਸ ਅਹੁਦੇ ਲਈ ਆਮ ਵਿਅਕਤੀ ਚੁਣਿਆ ਗਿਆ ਹੈ।ਇਸ ਮੌਕੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਦਾ ਸਨਮਾਨ ਕੀਤਾ।ਇਸ ਦੌਰਾਨ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਧੰਨਵਾਦ ਕੀਤਾ।ਸਮਾਗਮ ਵਿਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਰਾਜ ਸਭਾ ਮੈਂਬਰ ਰਾਘਵ ਚੱਢਾ, ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ, ਡੀ.ਜੀ.ਪੀ. ਗੌਰਵ ਯਾਦਵ ਤੇ ਹੋਰ ਹਾਜ਼ਰ ਸਨ।
ਸਿੱਖ ਬੰਦੀਆਂ ਦੀ ਰਿਹਾਈ ਲਈ 18 ਕਿਲੋਮੀਟਰ ਲੰਬਾ ਰੋਸ਼ ਮਾਰਚ ਕੱਢਿਆ
ਕੌਮੀ ਇਨਸਾਫ਼ ਮੋਰਚੇ ਨੇ ਸਰਕਾਰਾਂ ਨੂੰ ਜਗਾਉਣ ਲਈ ਮਾਰਚ ਦੀ ਕੀਤੀ ਸੀ ਅਪੀਲ
ਪੰਜਾਬੀ ਖ਼ਬਰਸਾਰ ਬਿਉਰੋ
ਮੋਹਾਲੀ, 26 ਜਨਵਰੀ : ਸਿੱਖ ਬੰਦੀਆਂ ਦੀ ਰਿਹਾਈ ਲਈ ਪਿਛਲੇ 20 ਦਿਨਾਂ ਤੋਂ ਕੌਮੀ ਇਨਸਾਫ਼ ਮੋਰਚੇ ਦੀ ਅਗਵਾਈ ਹੇਠ ਚੰਡੀਗੜ੍ਹ ਦੀ ਹੱਦ ’ਤੇ ਚੱਲ ਰਹੇ ਮੋੋਰਚੇ ਦੇ ਸੱਦੇ ਹੇਠ ਅੱਜ ਹਜ਼ਾਰਾਂ ਦੀ ਗਿਣਤੀ ਵਿਚ ਇਨਸਾਫ਼ ਪਸੰਦ ਲੋਕਾਂ ਵਲੋਂ ਬੰਦੀ ਸਿੰਘ ਦੀ ਰਿਹਾਈ ਲਈ ਕਰੀਬ 18 ਕਿਲੋਮੀਟਰ ਲੰਬਾ ਰੋਸ਼ ਮਾਰਚ ਕੀਤਾ ਗਿਆ। ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਨੌਜਵਾਨਾਂ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ ਤੋਂ ਹਰੇਕ ਵਰਗ ਦੇ ਲੋਕਾਂ ਨੇ ਇਸ ਰੋਸ ਮਾਰਚ ਵਿਚ ਭਰਵੀਂ ਸਮੂਲੀਅਤ ਕੀਤੀ। ਇਹ ਮਾਰਚ ਵਾਈਵੀਐਸ ਚੌਕ ਤੋਂ ਸ਼ੁਰੂ ਹੋ ਕੇ ਮੁੜ ਇਸੇ ਚੌਕ ਉਤੇ ਸਮਾਪਤ ਹੋਇਆ। ਬੇਸ਼ੱਕ ਰੋਸ਼ ਮਾਰਚ ਨੂੰ ਦੇਖਦਿਆਂ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਟਰੈਫ਼ਿਕ ਦੇ ਰੂਟ ਡਾਇਵਰਟ ਕੀਤੇ ਹੋਏ ਸਨ ਪ੍ਰੰਤੂ ਅੱਜ ਗਣਤੰਤਰਤਾ ਦਿਵਸ ਅਤੇ ਬਸੰਤ ਪੰਚਮੀ ਹੋਣ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਜਰੂਰ ਝੱਲਣੀ ਪਈ। ਉਂਜ ਮੋਰਚੇ ਦੇ ਵਲੰਟੀਅਰ ਖੁਦ ਅੱਗੇ ਹੋ ਕੇ ਟਰੈਫ਼ਿਕ ਨੂੰ ਸੁਚਾਰੂ ਰੂਪ ਵਿਚ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮੋਰਚੇ ਦੇ ਆਗੂਆਂ ਨੇ ਇਸ ਮੌਕੇ ਐਲਾਨ ਕੀਤਾ ਕਿ ਇਹ ਮੋਰਚਾ ਕੇਂਦਰ ਅਤੇ ਪੰਜਾਬ ਸਰਕਾਰ ਦੌਨਾਂ ਵਿਰੁਧ ਹੈ ਤੇ ਤਦ ਤੱਕ ਜਾਰੀ ਰਹੇਗਾ ਜਦ ਤੱਕ ਸਰਕਾਰਾਂ ਦਹਾਕਿਆਂ ਤੋਂ ਅਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਨਹੀਂ ਕਰਦੀ।







