Wednesday, May 20, 2026
Home Blog Page 2270

ਡੀ.ਜੀ.ਪੀ. ਗੌਰਵ ਯਾਦਵ ਨੇ ਫਤਹਿਗੜ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਤੋਂ ਪਹਿਲਾਂ ਕੀਤੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਪਹਿਲੀ ਵਾਰ, ਡਰੋਨਾਂ ਰਾਹੀਂ ਕੀਤੀ ਜਾਵੇਗੀ ਨਿਗਰਾਨੀ, ਸ਼ਰਧਾਲੂਆਂ ਦੀ ਸਹਾਇਤਾ ਲਈ ਪੰਜ ਸਮਾਧਾਨ ਕੇਂਦਰ ਵੀ ਕੀਤੇ ਸਥਾਪਤ
ਪੰਜਾਬੀ ਖ਼ਬਰਸਾਰ ਬਿਉਰੋ
ਫਤਹਿਗੜ ਸਾਹਿਬ, 24 ਦਸੰਬਰ:ਸ਼ਹੀਦੀ ਜੋੜ ਮੇਲ ਤੋਂ ਪਹਿਲਾਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫਤਹਿਗੜ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਜ਼ਿਲੇ ਵਿੱਚ ਹੋਣ ਵਾਲੇ ਸਮਾਗਮ ਨੂੰ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜਨ ਲਈ ਮੌਕੇ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਤਿੰਨ ਰੋਜ਼ਾ ਸਾਲਾਨਾ ਸ਼ਹੀਦੀ ਜੋੜ ਮੇਲ 26 ਤੋਂ 28 ਦਸੰਬਰ , 2022 ਤੱਕ ਸ੍ਰੀ ਫਤਿਹਗੜ ਸਾਹਿਬ ਵਿਖੇ ਹੋਵੇਗਾ। ਸ੍ਰੀ ਫਤਹਿਗੜ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਲਈ ਸੁਰੱਖਿਆ ਪ੍ਰਬੰਧਾਂ ਵਾਸਤੇ ਤਾਇਨਾਤ ਕੀਤੇ ਜਾ ਰਹੇ 3000 ਤੋਂ ਵੱਧ ਪੁਲਿਸ ਕਰਮੀਆਂ ਨੂੰ ਸੰਬੋਧਨ ਕਰਦਿਆਂ ਡੀਜੀਪੀ ਨੇ ਕਿਹਾ ਕਿ ਪਹਿਲੀ ਵਾਰ ਨਿਗਰਾਨੀ ਲਈ ਡਰੋਨ ਦੀ ਵਰਤੋਂ ਕੀਤੀ ਜਾਵੇਗੀ ਅਤੇ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।ਡੀ.ਆਈ.ਜੀ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਅਤੇ ਸੀਨੀਅਰ ਪੁਲਿਸ ਕਪਤਾਨ ਫਤਿਹਗੜ ਸਾਹਿਬ ਰਵਜੋਤ ਕੌਰ ਗਰੇਵਾਲ ਨਾਲ ਸਾਰੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡੀ.ਜੀ.ਪੀ ਗੌਰਵ ਯਾਦਵ ਨੇ ਦੱਸਿਆ ਕਿ ਦੇਸ਼ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹਾਇਤਾ ਲਈ ਪੰਜ ਸਮਾਧਾਨ ਕੇਂਦਰ ਬਣਾਏ ਗਏ ਹਨ। ਇਸ ਤੋਂ ਇਲਾਵਾ ਇੱਕ ਆਧੁਨਿਕ ਕਮਾਂਡ ਸੈਂਟਰ ਵੀ ਸਥਾਪਤ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਸੂਬੇ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਅਰਦਾਸ ਕੀਤੀ।ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ ਹੈ।

ਭ੍ਰਿਸ਼ਟਾਚਾਰ ਦੇ ਕੇਸ ਵਿੱਚ ਐਸਐਚਓ ਤੇ ਏਐਸਆਈ ਵਿਜੀਲੈਂਸ ਬਿਊਰੋ ਵਲੋਂ ਗ੍ਰਿਫਤਾਰ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 24 ਦਸੰਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਨੀਵਾਰ ਨੂੰ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਕਪੂਰਥਲਾ ਜ਼ਿਲੇ ਦੇ ਥਾਣਾ ਢਿੱਲਵਾਂ, ਜ਼ਿਲ੍ਹਾ ਕਪੂਰਥਲਾ ਵਿੱਚ ਐਸ.ਐਚ.ਓ ਵਜੋਂ ਤਾਇਨਾਤ ਸਬ ਇੰਸਪੈਕਟਰ (ਐਸਆਈ) ਹਰਪਾਲ ਸਿੰਘ (82/ਜਲੰਧਰ) ਅਤੇ ਉਸ ਦੇ ਅਧੀਨ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਹਰਵੰਤ ਸਿੰਘ (405/ਕਪੂਰਥਲਾ) ਨੂੰ 6,500 ਰੁਪਏ ਦੀ ਰਿਸ਼ਵਤ ਲੈਣ ਅਤੇ ਹੋਰ 50,000 ਰੁਪਏ ਰਿਸ਼ਵਤ ਦੀ ਮੰਗ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਸ਼ਿਕਾਇਤਕਰਤਾ ਇਕਬਾਲ ਸਿੰਘ ਵਾਸੀ ਪਿੰਡ ਪੰਡੋਰੀ ਕੱਦ, ਜ਼ਿਲ੍ਹਾ ਹੁਸ਼ਿਆਰਪੁਰ ਤੋਂ 6,500 ਰੁਪਏ ਦੀ ਰਿਸ਼ਵਤ ਹਾਸਲ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪੁਲਿਸ ਮੁਲਾਜ਼ਮਾਂ ਨੇ ਆਪਸ ਵਿੱਚ ਮਿਲੀਭੁਗਤ ਕਰਕੇ ਉਸ ਵਿਰੁੱਧ ਐਨਡੀਪੀਐਸ ਤਹਿਤ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਉਸ ਕੋਲੋਂ 6500 ਰੁਪਏ ਰਿਸ਼ਵਤ ਵਜੋਂ ਲੈ ਲਏ ਅਤੇ ਉਸਦੀ ਕਾਰ, ਆਧਾਰ ਕਾਰਡ, ਡਰਾਈਵਿੰਗ ਲਾਇਸੰਸ ਅਤੇ ਏਟੀਐਮ ਕਾਰਡ ਜ਼ਬਤ ਕਰ ਲਿਆ। ਉਹ ਮੁਲਾਜਮ ਉਸਦੀ ਗੱਡੀ ਅਤੇ ਦਸਤਾਵੇਜ਼ ਛੱਡਣ ਬਦਲੇ ਉਸ ਕੋਲੋਂ 50,000 ਰੁਪਏ ਦੀ ਹੋਰ ਮੰਗ ਕਰ ਰਹੇ ਹਨ। ਇਸ ਬਾਰੇ ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ। ਉਕਤ ਦੋਸ਼ੀ ਪੁਲਿਸ ਮੁਲਾਜਮਾਂ ਨੇ ਉਸਦੀ ਗੱਡੀ ਨੂੰ ਦਸ ਦਿਨਾਂ ਤੱਕ ਆਪਣੇ ਕਬਜੇ ਵਿੱਚ ਰੱਖਿਆ ਅਤੇ ਜਦੋਂ ਉਸਨੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਤਾਂ ਉਸਨੂੰ ਗੱਡੀ ਸਮੇਤ ਸਾਰੇ ਦਸਤਾਵੇਜ ਵਾਪਸ ਕਰ ਦਿੱਤੇ।ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਆਨਲਾਈਨ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਹੈ ਅਤੇ ਦੋਵੇਂ ਦੋਸ਼ੀ ਪੁਲਿਸ ਮੁਲਾਜਮਾਂ ਨੂੰ ਸ਼ਿਕਾਇਤਕਰਤਾ ਕੋਲੋਂ 6,500 ਰੁਪਏ ਦੀ ਰਿਸ਼ਵਤ ਹਾਸਲ ਕਰਨ ਅਤੇ 50,000 ਰੁਪਏ ਹੋਰ ਰਿਸ਼ਵਤ ਦੀ ਮੰਗ ਕਰਨ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ।ਇਸ ਸਬੰਧ ਵਿੱਚ ਉਪਰੋਕਤ ਦੋਵਾਂ ਪੁਲਿਸ ਮੁਲਾਜਮਾਂ ਦੇ ਖਿਲਾਫ ਆਈਪੀਸੀ ਦੀ ਧਾਰਾ 389, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਕੁਲਤਾਰ ਸਿੰਘ ਸੰਧਵਾਂ ਵੱਲੋਂ ਬਾਡੀ ਬਿਲਡਰ ਮਨਦੀਪ ਸਿੰਘ ਦਾ ਸਨਮਾਨ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 24 ਦਸੰਬਰ:ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਬਾਡੀ ਬਿਲਡਰ ਮਨਦੀਪ ਸਿੰਘ ਦਾ ਪੰਜਾਬ ਵਿਧਾਨ ਸਭਾ ਵਿਖੇ ਇੱਕ ਪ੍ਰਸੰਸਾ ਪੱਤਰ ਅਤੇ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ। ਵਿਧਾਨ ਸਭਾ ਦੇ ਇੱਕ ਬੁਲਾਰੇ ਅਨੁਸਾਰ ਹਾਲ ਹੀ ਵਿੱਚ ਐਫ.ਆਈ.ਐਫ਼ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਮਨਦੀਪ ਸਿੰਘ ਨੇ ਦੋ ਸੋਨੇ ਦੇ ਤਮਗੇ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਪੀਕਰ ਸਾਹਿਬ ਦੀ ਸਿਫਾਰਸ਼ ਅਤੇ ਖੇਡ ਖੇਤਰ ਵਿੱਚ ਮਨਦੀਪ ਸਿੰਘ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ ਉਸ ਨੂੰ ਹੌਲਦਾਰ ਤੋਂ ਲੋਕਲ ਰੈਂਕ ਦੇ ਕੇ ਏ.ਐਸ.ਆਈ. ਬਣਾ ਦਿੱਤਾ। ਸ. ਸੰਧਵਾਂ ਨੇ ਆਪਣੇ ਹਲਕੇ ਕੋਟਕਪੂਰਾ ਦੇ ਪਿੰਡ ਘਣੀਆ ਵਾਲਾ ਦੇ ਇਸ ਅਥਲੀਟ ਦੀ ਹੌਸਲਾ ਅਫਸਾਈ ਕਰਨ ਲਈ ਵਿਧਾਨ ਸਭਾ ਵਿੱਚ ਉਸ ਦਾ ਸਨਮਾਨ ਕੀਤਾ। ਗੌਰਤਲਬ ਹੈ ਕਿ ਇਸੇ ਮਹੀਨੇ ਦੇ ਸ਼ੁਰੂ ਵਿੱਚ ਐਫ.ਆਈ.ਐਫ਼ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਭਾਰਤ ਨੇ ਸੋਨੇ ਦੇ 12, ਚਾਂਦੀ ਦੇ 5 ਅਤੇ ਕਾਂਸੀ ਦੇ 7 ਤਮਗੇ ਹਾਸਲ ਕੀਤੇ ਸਨ।ਸ. ਸੰਧਵਾਂ ਨੇ ਮਨਦੀਪ ਸਿੰਘ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦੇ ਹੋਏ ਉਮੀਦ ਪ੍ਰਗਟ ਕੀਤੀ ਕਿ ਉਹ ਅੱਗੇ ਵੀ ਖੇਡਾਂ ਵਿੱਚ ਮੱਲਾਂ ਮਾਰਦਾ ਰਹੇਗਾ ਅਤੇ ਦੇਸ਼ ਦਾ ਮਾਣ ਵਧਾਉਦਾ ਰਹੇਗਾ । ਇਸ ਮੌਕੇ ਸ. ਸੰਧਵਾਂ ਦੇ ਸਕੱਤਰ ਸ੍ਰੀ ਰਾਮ ਲੋਕ ਖਟਾਣਾ, ਨਿੱਜੀ ਸਕੱਤਰ ਸੁਰਿੰਦਰ ਸਿੰਘ ਮੋਤੀ ਅਤੇ ਮਨਪ੍ਰੀਤ ਸਿੰਘ ਵੀ ਹਾਜ਼ਰ ਸਨ।

ਬਠਿੰਡਾ ’ਚ ਕਾਂਗਰਸ ਦਾ ਕਾਟੋ-ਕਲੈਸ਼ ਵਧਿਆ, ਮਨਪ੍ਰੀਤ ਤੇ ਰਾਜਾ ਵੜਿੰਗ ਦੇ ਸਮਰਥਕ ਆਹਮੋ-ਸਾਹਮਣੇ

0

ਪਾਰਟੀ ’ਚ ਅਨੁਸਾਸਨ ਨਾਂ ਦੀ ਚੀਜ਼ ਹੋਈ ਖ਼ਤਮ, ਮਨਪ੍ਰੀਤ ਦੇ ਸਮਰਥਕ ਜ਼ਿਲ੍ਹਾ ਪ੍ਰਧਾਨਾਂ ਦੀ ਤਾਜ਼ਪੋਸ਼ੀ ਮੌਕੇ ਰਹੇ ਸਨ ਗਾਇਬ
ਸੁਖਜਿੰਦਰ ਮਾਨ
ਬਠਿੰਡਾ, 24 ਦਸੰਬਰ : ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਪਸੀ ਪਾਟੋ-ਧਾੜ ਕਾਰਨ 80 ਸੀਟਾਂ ਤੋਂ 18 ’ਤੇ ਪਹੁੰਚਣ ਵਾਲੀ ਕਾਂਗਰਸ ਪਾਰਟੀ ਦੇ ਆਗੂ ਹਾਲੇ ਵੀ ਸਬਕ ਸਿੱਖਦੇ ਨਜ਼ਰ ਨਹੀਂ ਆ ਰਹੇ ਹਨ। ਇਸਦਾ ਨਜ਼ਾਰਾ ਪਿਛਲੇ ਕੁੱਝ ਮਹੀਨਿਆਂ ਤੋਂ ਮਾਲਵਾ ਦੀ ਸਿਆਸੀ ਰਾਜਧਾਨੀ ਮੰਨੇ ਜਾਣ ਵਾਲੇ ਬਠਿੰਡਾ ਹਲਕੇ ਵਿਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮਰਥਕ ਇੱਕ-ਦੂਜੇ ਵਿਰੁਧ ਸਬਦੀ ਬਾਣਾਂ ਨਾਲ ਹਮਲੇ ਕਰ ਰਹੇ ਹਨ। ਜਿੱਥੇ ਬਠਿੰਡਾ ’ਚ ਕਾਂਗਰਸ ਦੇ ਨਵਨਿਯੁਕਤ ਪ੍ਰਧਾਨਾਂ ਦੀ ਤਾਜ਼ਪੋਸ਼ੀ ਦੇ ਰੱਖੇ ਗਏ ਸਮਾਗਮ ਦੌਰਾਨ,(ਜਿਸਦਾ ਮਨਪ੍ਰੀਤ ਧੜੇ ਵਲਂੋ ਪੁੂਰੀ ਤਰ੍ਹਾਂ ਬਾਈਕਾਟ ਕੀਤਾ ਗਿਆ ਸੀ) ਵਿਚ ਅਪਣੇ ਭਾਸ਼ਣ ਦੌਰਾਨ ਰਾਜਾ ਵੜਿੰਗ ਨੇ ਅਸਿੱਧੇ ਢੰਗ ਨਾਲ ਇਸ ਧੜੇ ਨੂੰ ਨਸੀਹਤ ਦਿੱਤੀ ਸੀ, ਉਥੇ ਇਸਦੇ ਇਕ ਦਿਨ ਬਾਅਦ ਮੁੜ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੌਹਲ ਵਲਂੋ ਫ਼ੇਸਬੁੱਕ ’ਤੇ ਇੱਕ ਪੋਸਟ ਪਾ ਕੇ ਨਾ ਸਿਰਫ਼ ਵੜਿੰਗ ਵਲੋਂ ਚੁੱਕੇ ਮੁੱਦਿਆਂ ‘ਤੇ ਉਂਗਲ ਖੜੀ ਕੀਤੀ ਹੈ, ਬਲਕਿ ਉਨ੍ਹਾਂ ਦੇ ਨਜਦੀਕੀ ਮੰਨੇ ਜਾਂਦੇ ਸੀਨੀਅਰ ਕਾਂਗਰਸੀ ਆਗੂ ਜੈਲਦਾਰ ਗੁਰਪ੍ਰੀਤ ਸਿੰਘ ਵਿੱਕੀ, ਜੋਕਿ ਹੁਣ ਭਾਰਤ ਜੋੜੋ ਯਾਤਰਾ ਲਈ ਬਠਿੰਡਾ ਸ਼ਹਿਰੀ ਹਲਕੇ ਦੇ ਕੁਆਰਡੀਨੇਟਰ ਲਗਾਏ ਹਨ, ਦੀ ਪਿਛਲੇ ਸਮੇਂ ਦੀ ਸਿਆਸੀ ਭੂਮਿਕਾ ਉਪਰ ਮੁੜ ਸਵਾਲ ਚੁੱਕ ਦਿੱਤੇ ਸਨ। ਜਿਸਤੋਂ ਬਾਅਦ ਅੱਜ ਜੈਲਦਾਰ ਵਿੱਕੀ ਵਲੋਂ ਵੀ ਅਪਣੀ ਫ਼ੇਸਬੁੱਕ ’ਤੇ ਇੱਕ ਪੋਸਟ ਪਾ ਕੇ ਇਸਦਾ ਕਰਾਰਾ ਜਵਾਬ ਦਿੱਤਾ ਗਿਆ ਹੈ। ਜਿਸ ਵਿਚ ਉਨ੍ਹਾਂ ਜੈਜੀਤ ਸਿੰਘ ਜੌਹਲ ਨੂੰ ਮੁਖਾਤਬ ਹੁੰਦਿਆਂ ਕਿਹਾ ਹੈ ਕਿ ‘‘ਸਾਬ ਤੁਸੀਂ ਫਿਰ ਮੇਰੇ ’ਤੇ ਬੇਤੁਕੇ ਇਲਜ਼ਾਮ ਲਗਾਏ ਹਨ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਗਾਗੋਵਾਲ ਦਾ ਵਿਰੋਧ ਤੇ ਸਿੱਧੂ ਮੂਸੇਵਾਲਾ ਦੀ ਚੋਣਾਂ ਵਿਚ ਮੁਖਾਫ਼ਲਤ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪ੍ਰੰਤੂ ਇਹ ਸਿਰਫ਼ ਤੁਹਾਡੀ ਬੁਖਲਾਹਟ ਹੈ। ’’ ਉਨ੍ਹਾਂ ਕਿਹਾ ਕਿ ਮਾਈਕਲ ਗਾਗੋਵਾਲ ਨਾਲ ਉਸਦਾ ਕੋਈ ਵਿਰੋਧ ਨਹੀਂ ਹੈ। ਇਸੇ ਤਰ੍ਹਾਂ ਸਿੱਧੂ ਮੂਸੇਵਾਲਾ ਦੀ ਕਾਂਗਰਸ ਵਿੱਚ ਸਮੂਲੀਅਤ ਤੋਂ ਹੀ ਉਸਦੇ ਨਾਲ ਖੜਾ ਹੋਇਆ ਸੀ ਜਦ ਇਹ ਤੈਅ ਹੋ ਚੁੱਕਿਆ ਸੀ ਕਿ ਉਸਨੂੰ ਮਾਨਸਾ ਹਲਕੇ ਤੋਂ ਟਿਕਟ ਮਿਲਣ ਜਾ ਰਹੀ ਹੈ, ਜਿੱਥੋਂ ਮੇਰੇ ਵਲੋਂ ਵੀ ਟਿਕਟ ਦੀ ਮੰਗ ਕੀਤੀ ਗਈ ਸੀ, ਇਸਦੇ ਬਾਵਜੂਦ ਉਸਦੀ ਮੱਦਦ ਕੀਤੀ ਗਈ। ਜੌਹਲ ’ਤੇ ਸਿਆਸੀ ਚੁਟਕੀ ਲੈਂਦਿਆਂ ਜੈਲਦਾਰ ਵਿੱਕੀ ਨੇ ਅੱਗੇ ਕਿਹਾ ਕਿ ‘‘ ਕਿਸੇ ਦੇ ਹਾਰਨ ਤੋਂ ਬਾਅਦ ਮੇਰੇ ’ਤੇ ਹਾਰ ਦਾ ਠੀਕਰਾ ਭੰਨਣਾ ਸਹੀ ਨਹੀਂ ਕਿਉਂਕਿ ਜਦੋਂ ਮੈਂ ਟਿਕਟ ਮੰਗਦਾ ਹਾਂ ਤਾਂ ਕਹਿੰਦੇ ਹੋ ਕਿ ਵਿੱਕੀ ਜਿੱਤ ਨਹੀ ਸਕਦਾ ਜਦੋਂ ਹਾਰ ਜਾਂਦੇ ਨੇ ਕਹਿ ਦਿੰਦੇ ਨੇ ਕਿ ਵਿੱਕੀ ਨੇ ਹਰਾ ਦਿੱਤਾ। ’’ ਗੌਰਤਲਬ ਹੈ ਕਿ ਜੈਜੀਤ ਜੌਹਲ ਨੇ ਅਪਣੀ ਪੋਸਟ ਵਿਚ ਸਿੱਧੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਚੁਣੌਤੀ ਦਿੰਦਿਆਂ ਉਸ ਉਪਰ ਮਨਪ੍ਰੀਤ ਬਾਦਲ ਨੂੰ ਹਰਾਉਣ ਦੀਆਂ ਅਪੀਲਾਂ ਕਰਨ ਦੇ ਦੋਸ਼ ਲਗਾਏ ਸਨ। ਇਸਤੋਂ ਇਲਾਵਾ ਉਨ੍ਹਾਂ ਵਲੋਂ ਬਠਿੰਡਾ ’ਚ ਲਗਾਏ ਪ੍ਰਧਾਨਾਂ ’ਤੇ ਵੀ ਉਂਗਲ ਚੁੱਕਦਿਆਂ ਮੌਜੂਦਾ ਪ੍ਰਧਾਨ ਦੇ ਪਿਤਾ ਉਪਰ ਵੋਟਾਂ ਵਾਲੇ ਦਿਨਾਂ ਆਪ ਦੇ ਪੋÇਲੰਗ ਬੂਥ ’ਤੇ ਬੈਠਣ ਦੇ ਗੰਭੀਰ ਦੋਸ਼ ਲਗਾਏ ਗਏ। ਜੌਹਲ ਨੇ ਇੱਥੇ ਨਾ ਰੁਕਦਿਆਂ ਵੜਿੰਗ ਉਪਰ ਹੀ ਅਨੁਸਾਸ਼ਨਹੀਣਤਾ ਦੀ ਕਾਰਵਾਈ ਕਰਨ ਦੀ ਮੰਗ ਰੱਖ ਦਿੱਤੀ ਸੀ। ਉਨ੍ਹਾਂ ਵਿੱਕੀ ਮਾਨਸਾ ਉਪਰ ਵੀ ਕਾਂਗਰਸ ਦੇ ਝੰਡੇ ਨੂੰ ਅੱਗ ਲਗਾਉਣ ਤੋਂ ਇਲਾਵਾ ਸਿੱਧੂ ਮੂਸੇਵਾਲਾ ਨੂੰ ਹਰਾਉਣ ਦਾ ਦਾਅਵਾ ਕੀਤਾ ਸੀ। ਗੌਰਤਲਬ ਹੈ ਕਿ ਦੋਨਾਂ ਧੜਿਆਂ ਵਿਚਕਾਰ ਚੱਲ ਰਹੀ ਬਿਆਨਬਾਜ਼ੀ ਕਾਰਨ ਇੰਨ੍ਹੀਂ ਵੱਡੀ ਦਰਾਰ ਪੈ ਚੁੱਕੀ ਹੈ ਕਿ ਜੇਕਰ ਹੁਣੇ ਹੀ ਕੋਈ ਸਖ਼ਤ ਕਦਮ ਨਾ ਚੁੱਕੇ ਇਸਦਾ ਖਮਿਆਜ਼ਾ ਪਾਰਟੀ ਨੂੰ ਲੰਮੇ ਸਮੇਂ ਤੱਕ ਭੁਗਤਣਾ ਪੈ ਸਕਦਾ ਹੈ। ਮਨਪ੍ਰੀਤ ਧੜੇ ਦੀ ਕਮਾਂਡ ਸਾਬਕਾ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਜੌਹਲ ਵਲੋਂ ਸੰਭਾਲੀ ਜਾ ਰਹੀ ਹੈ ਅਤੇ ਇਸ ਧੜੇ ਨਾਲ ਮੇਅਰ ਤੇ ਡਿਪਟੀ ਮੇਅਰ ਸਹਿਤ ਡੇਢ ਦਰਜ਼ਨ ਦੇ ਕਰੀਬ ਕੋਂਸਲਰ ਅਤੇ ਕਈ ਆਗੂ ਡਟਕੇ ਖੜ੍ਹੇ ਹਨ ਪ੍ਰੰਤੂ ਦੂਜੇ ਪਾਸੇ ਜਿਆਦਾਤਰ ਸ਼ਹਿਰ ਦੇ ਟਕਸਾਲੀ ਕਾਂਗਰਸੀ ਇਕਜੁਟ ਹੁੰਦੇ ਜਾ ਰਹੇ ਹਨ। ਦਸਣਾ ਬਣਦਾ ਹੈ ਕਿ ਬੇਸ਼ੱਕ ਕਾਂਗਰਸ ਸਰਕਾਰ ਦੌਰਾਨ ਵੀ ਮਨਪ੍ਰੀਤ ਤੇ ਵੜਿੰਗ ਖੇਮਾ ਇੱਕ ਦੂਜੇ ਵਿਰੁਧ ਸਿਆਸੀ ਬਿਆਨਬਾਜ਼ੀ ਜਾਰੀ ਕਰਦੇ ਰਹੇ ਹਨ, ਪ੍ਰੰਤੂ ਹੁਣ ਇਹ ਵਿਵਾਦ ਪਿਛਲੇ ਦਿਨੀਂ ਰਾਜਾ ਵੜਿੰਗ ਵਲੋਂ ਬਲਾਕ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਤੋਂ ਬਾਅਦ ਹੋਰ ਵਧਿਆ ਹੈ। ਮਨਪ੍ਰੀਤ ਖੇਮੇ ਵਲੋਂ ਸਾਬਕਾ ਚੇਅਰਮੈਨ ਮੋਹਨ ਲਾਲ ਝੂੰਬਾ ਨੂੰ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ(ਜਿਸਨੂੰ ਕਾਂਗਰਸ ਸਰਕਾਰ ਦੇ ਦੌਰਾਨ ਵਿਤ ਮੰਤਰੀ ਵਿਰੁਧ ਚੰਡੀਗੜ੍ਹ ’ਚ ਬੋਲਣ ਦੇ ਚੱਲਦੇ ਸਿਆਸੀ ਤੌਰ ’ਤੇ ਭਾਰੀ ਜਲਾਲਤ ਦਾ ਸਾਹਮਣਾ ਕਰਨਾ ਪਿਆ ਸੀ)। ਇਸੇ ਤਰ੍ਹਾਂ ਪੁਰਾਣੇ ਬਲਾਕ ਪ੍ਰਧਾਨਾਂ ਨੂੰ ਬਰਕਰਾਰ ਰੱਖਣ ਦੀ ਮੰਗ ਕੀਤੀ ਜਾ ਰਹੀ ਸੀ। ਹਾਲਾਂਕਿ ਦੋਨਾਂ ਵਿਚੋਂ ਇੱਕ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ ਦੁਬਾਰਾ ਪ੍ਰਧਾਨ ਬਣਨ ਵਿਚ ਸਫ਼ਲ ਰਹੇ ਤੇ ਦੂਜੇ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਵੀ ਤਰੱਕੀ ਪਾ ਕੇ ਜਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਬਣ ਗਏ। ਇਸਤੋਂ ਬਾਅਦ ਉਸ ਸਮੇਂ ਦੋਨਾਂ ਧੜਿਆ ਹੋਰ ਬਖੇੜਾ ਖੜ੍ਹਾ ਹੋ ਗਿਆ ਜਦ ਮਨਪ੍ਰੀਤ ਬਾਦਲ ਵਲੋਂ ਹੀ ਸਰਕਾਰ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਬਣਾਏ ਗਏ ਰਾਜਨ ਗਰਗ ਨੂੰ ਰਾਜਾ ਵੜਿੰਗ ਨੇ ਅਪਣੇ ਖੇਮੇ ਵਿਚ ਲਿਆ ਕੇ ਜ਼ਿਲ੍ਹਾ ਪ੍ਰਧਾਨ ਬਣਾ ਦਿੱਤਾ ਤਾਂ ਉਸ ਸਮੇਂ ਵੀ ਜੈਜੀਤ ਜੌਹਲ ਨੇ ਸੋਸਲ ਮੀਡੀਆ ਅਤੇ ਚੈਨਲਾਂ ਰਾਹੀ ਨਾ ਸਿਰਫ਼ ਰਾਜਨ ਗਰਗ, ਬਲਕਿ ਰਾਜਾ ਵੜਿੰਗ ਨੂੰ ਵੀ ਪ੍ਰਧਾਨ ਮੰਨਣ ਤੋਂ ਇੰਨਕਾਰ ਕਰ ਦਿੱਤਾ, ਜਿਸਤੋਂ ਬਾਅਦ ਨਵੇਂ ਪ੍ਰਧਾਨ ਰਾਜਨ ਗਰਗ ਵਲੋਂ ਵੀ ਮੋੜਵਾ ਜਵਾਬ ਦਿੱਤਾ ਗਿਆ। ਇੱਥੇ ਦਸਣਾ ਬਣਦਾ ਹੈ ਕਿ ਕਾਂਗਰਸ ਦੇ ਕਾਰਜ਼ਕਾਲ ਦੌਰਾਨ ‘ਜੋ-ਜੋ’ ਦੇ ਨਾਂ ਦੀ ਬਠਿੰਡਾ ਪੱਟੀ ਵਿਚ ਤੂਤੀ ਬੋਲਦੀ ਰਹੀ ਹੈ ਪ੍ਰੰਤੂ ਚੋਣਾਂ ਵਿਚ ਮਨਪ੍ਰੀਤ ਬਾਦਲ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸਦੇ ਲਈ ਸ਼ਹਿਰ ਦੇ ਕਈ ਟਕਸਾਲੀ ਕਾਂਗਰਸੀਆਂ ਨੇ ਖੁੱਲੇ ਤੌਰ ’ਤੇ ਜੋ-ਜੋ ਨੂੰ ਹੀ ਜਿੰਮੇਵਾਰ ਠਹਿਰਾਇਆ ਸੀ।

ਅੰਮ੍ਰਿਤਸਰ-ਨਾਂਦੇੜ ਸਾਹਿਬ ਫਲਾਈਟ ਮੁੜ ਸ਼ੁਰੂ ਕੀਤੀ ਜਾਵੇ : ਹਰਸਿਮਰਤ ਕੌਰ ਬਾਦਲ ਨੇ ਸਿੰਧੀਆ ਨੂੰ ਆਖਿਆ

0

ਸ਼ਹਿਰ ਹਵਾਬਾਜ਼ੀ ਮੰਤਰੀ ਨੁੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇਨਾਂ ’ਤੇ ਰੱਖਣ ਦੀ ਵੀ ਕੀਤੀ ਅਪੀਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 24 ਦਸੰਬਰ :ਬਠਿੰਡਾ ਦੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਹਵਾਬਾਜ਼ੀ ਮੰਤਰੀ ਸ੍ਰੀ ਜਯੋਤਿਰਦਿਤਯਾ ਸਿੰਧੀਆ ਨੁੰ ਅਪੀਲ ਕੀਤੀ ਕਿ ਪੰਜਾਬ ਤੋਂ ਨਾਂਦੇੜ ਸਾਹਿਬ ਤੱਕ ਫਲਾਈਟਾਂ ਮੁੜ ਸ਼ੁਰੂ ਕੀਤੀਆਂ ਜਾਣ ਅਤੇ ਜ਼ੋਰ ਦੇ ਕੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਅੰਮ੍ਰਿਤਸਰ-ਨਾਂਦੇੜ ਸਾਹਿਬ ਫਲਾਈਟ ਮੁੜ ਸ਼ੁਰੂ ਨਹੀਂ ਕੀਤੀ। ਨਾਂਦੇੜ ਸਾਹਿਬ ਪਵਿੱਤਰ ਨਗਰੀ ਹੈ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਆਖਰੀ ਸਮਾਂ ਗੁਜ਼ਾਰਿਆ ਸੀ।ਸ਼ਹਿਰੀ ਹਵਾਬਾਜ਼ੀ ਮੰਤਰੀ ਨੁੰ ਲਿਖੇ ਇਕ ਪੱਤਰ ਵਿਚ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਅੰਮ੍ਰਿਤਸਰ-ਨਾਂਦੇੜ ਸਾਹਿਬ ਫਲਾਈਟ ਮੁੜ ਸ਼ੁਰੂ ਕਰਨ ਨਾਲ ਉਹਨਾਂ ਸ਼ਰਧਾਲੂਆਂ ਨੁੰ ਫਾਇਦਾ ਹੋਵੇਗਾ ਜੋ ਇਸ ਪਵਿੱਤਰ ਤਖਤ ਦੇ ਦਰਸ਼ਨਾਂਵਾਸਤੇ ਹੋਰ ਸਾਧਨਾਂ ਰਾਹੀਂ ਨਹੀਂ ਪਹੁੰਚ ਸਕਦੇ। ਉਹਨਾਂ ਕਿਹਾ ਕਿ ਸ਼ਰਧਾਲੂ 29 ਦਸੰਬਰ ਨੁੰ ਆ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਾਂਦੇੜ ਸਾਹਿਬ ਦੇ ਦਰਸ਼ਨਾਂ ਦੇ ਅਭਿਲਾਸ਼ੀ ਹਨ।ਸਰਦਾਰਨੀ ਬਾਦਲ ਨੇ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਟਰਮਿਨਲ 3 ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ’ਤੇ ਰੱਖਿਆ ਜਾਵੇ ਜੋ ਕਿ ਗੁਰੂ ਸਾਹਿਬ ਵੱਲੋਂ ਧਰਮ ਦੀਰਾਖੀ ਵਾਸਤੇ ਅਨੇਕਾਂ ਤਸੀਹੇ ਝੱਲ ਕੇ ਦਿੱਤੀ ਸ਼ਹਾਦਤ ਲਈ ਸੱਚੀ ਸ਼ਰਧਾਂਜਲੀ ਹੋਵੇਗੀ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਧਰਮ ਦੀ ਰਾਖੀ ਲਈ ਦਿੱਤੀ ਕੁਰਬਾਨੀ ਦੀ ਇਤਿਹਾਸ ਵਿਚ ਹੋਰਕੋਈ ਮਿਸਾਲ ਨਹੀਂ ਮਿਲਦੀ। ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਂਕ ਵਿਚ ਹੋਈ, ਇਸੇ ਲਈ ਉਹਨਾਂ ਦੇ ਨਾਂ ’ਤੇ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਰੱਖਣਾ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ।

ਠੰਡ ਦੇ ਬਾਵਜੂਦ ਮਾਨਸਾ ਚ ਮੈਗਾ ਮਾਪੇ-ਅਧਿਆਪਕ ਮਿਲਣੀਆਂ ਲਈ ਭਾਰੀ ਉਤਸ਼ਾਹ

0

ਏਡੀਸੀ ਉਪਕਾਰ ਸਿੰਘ,ਡੀਈਓ ਭੁਪਿੰਦਰ ਕੌਰ ਅਤੇ ਹਰਿੰਦਰ ਸਿੰਘ ਭੁੱਲਰ ਨੇ ਮਾਪਿਆਂ, ਅਧਿਆਪਕਾਂ ਨੂੰ ਕੀਤਾ ਉਤਸ਼ਾਹਿਤ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 24 ਦਸੰਬਰ: ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਅਗਵਾਈ ਚ ਭਾਰੀ ਠੰਡ ਦੇ ਬਾਵਜੂਦ ਮਾਨਸਾ ਜ਼ਿਲ੍ਹੇ ਚ ਮੈਗਾ ਮਾਪੇ-ਅਧਿਆਪਕ ਮਿਲਣੀਆਂ ਦੀ ਭਾਰੀ ਉਤਸ਼ਾਹ ਨਾਲ ਸ਼ੁਰੂਆਤ ਹੋਈ। ਸਵੇਰ ਵੇਲੇ ਤੋਂ ਹੀ ਮਾਪਿਆਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਭੁਪਿੰਦਰ ਕੌਰ ਨੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਕੋਟੜਾ ਕਲਾਂ,ਸਮਾਓ ਸਰਕਾਰੀ ਪ੍ਰਾਇਮਰੀ ਸਕੂਲ ਕੋਟੜਾ ਕਲਾਂ, ਸਮਾਓ, ਭੈਣੀਬਾਘਾ, ਭਾਈ ਦੇਸਾ ਵਿਖੇ ਅਧਿਆਪਕਾਂ ਦੇ ਨਾਲ ਮਿਲਕੇ ਮਾਪਿਆਂ ਦਾ ਭਰਵਾਂ ਸਵਾਗਤ ਕੀਤਾ।ਉਨ੍ਹਾਂ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਬੱਚਿਆਂ ਦੀ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੋਈ ਕਸਰ ਨਹੀਂੱ ਰਹਿਣ ਦਿੱਤੀ ਜਾਵੇਗੀ।ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਵੱਖ ਵੱਖ ਸਕੂਲਾਂ ਚ ਮਾਪਿਆਂ, ਅਧਿਆਪਕਾਂ, ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਹਨ। ਏਡੀਸੀ ਜਨਰਲ ਉਪਕਾਰ ਸਿੰਘ ਨੇ ਵੀ ਸਰਕਾਰੀ ਸੈਕੰਡਰੀ ਸਕੂਲ ਕੋਟੜਾ ਕਲਾਂ ਵਿਖੇ ਸੰਬੋਧਨ ਕਰਦਿਆਂ ਮਾਪਿਆਂ ਨੂੰ ਉਤਸ਼ਾਹਿਤ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲ੍ਹੋਂ ਹਰ ਸਹਿਯੋਗ ਦਾ ਭਰੋਸਾ ਦਿਵਾਇਆ। ਡੀਈਓ ਸੈਕੰਡਰੀ ਹਰਿੰਦਰ ਸਿੰਘ ਭੁੱਲਰ,ਡਿਪਟੀ ਡੀਈਓ ਡਾ ਵਿਜੈ ਕੁਮਾਰ ਮਿੱਢਾ, ਡਿਪਟੀ ਡੀਈਓ ਗੁਰਲਾਭ ਸਿੰਘ, ਪ੍ਰਿੰਸੀਪਲ ਅਸ਼ੋਕ ਕੁਮਾਰ, ਹੈੱਡਮਾਸਟਰ ਹਰਜਿੰਦਰ ਸਿੰਘ ,ਲੈਕਚਰਾਰ ਜਸਵੀਰ ਸਿੰਘ ਖਾਲਸਾ,ਹਰਦੀਪ ਸਿੱਧੂ,ਗਗਨਦੀਪ ਸ਼ਰਮਾਂ,ਜਸਵਿੰਦਰ ਸਿੰਘ ਕਾਹਨ,ਰਾਜਿੰਦਰ ਸਿੰਘ ਕੋਟੜਾ, ਨੇ ਵੀ ਸੰਬੋਧਨ ਕੀਤਾ।

ਸੂਬੇ ਭਰ ਦੇ 20 ਹਜ਼ਾਰ ਸਕੂਲਾਂ ਵਿੱਚ ਕਰਵਾਈ ਅਧਿਆਪਕ-ਮਾਪੇ ਮਿਲਣੀ ਵਿੱਚ 10 ਲੱਖ ਤੋਂ ਵੱਧ ਮਾਪੇ ਸ਼ਾਮਲ

0

ਭਵਿੱਖ ਦੇ ਆਗੂ ਅਤੇ ਕੌਮੀ ਨਿਰਮਾਤਾ ਤਿਆਰ ਕਰਨਗੇ ਸਰਕਾਰੀ ਸਕੂਲ: ਮੁੱਖ ਮੰਤਰੀ
ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਲਈ ਤਿਆਰ ਕਰ ਰਹੇ ਨੇ ਸਰਕਾਰੀ ਸਕੂਲ
ਪਟਿਆਲਾ ਵਿਖੇ ਮੈਗਾ ਪੀਟੀਐਮ ਵਿੱਚ ਮਨੀਸ਼ ਸਿਸੋਦੀਆ ਅਤੇ ਹਰਜੋਤ ਬੈਂਸ ਨਾਲ ਸ਼ਾਮਲ ਹੋਏ ਮੁੱਖ ਮੰਤਰੀ
ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਪੀ.ਟੀ.ਐਮ. ਕਰਵਾਉਣ ਉਤੇ ਸਰਕਾਰ ਦੀ ਸ਼ਲਾਘਾ
ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 24 ਦਸੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਸੂਬੇ ਦੇ ਆਧੁਨਿਕ ਸਰਕਾਰੀ ਸਕੂਲ ਹਰ ਖੇਤਰ ਵਿੱਚ ਅਜਿਹੇ ਆਗੂ ਪੈਦਾ ਕਰਨਗੇ, ਜੋ ਦੇਸ਼ ਨੂੰ ਸਿਖਰ ‘ਤੇ ਲੈ ਜਾਣਗੇ।ਇੱਥੇ ਸੂਬਾ ਸਰਕਾਰ ਵੱਲੋਂ ਵੱਡੇ ਪੱਧਰ ਉਤੇ ਕਰਵਾਈ ਅਧਿਆਪਕ-ਮਾਪੇ ਮਿਲਣੀ (ਪੀ.ਟੀ.ਐਮ.) ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੇ ਹਨ, ਜਿਸ ਨਾਲ ਉਹ ਹਰ ਖੇਤਰ ਵਿੱਚ ਮੱਲਾਂ ਮਾਰਨ ਦੇ ਯੋਗ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੋਂ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਨਿਰਮਾਤਾ ਹੋਣਗੇ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਇਹ ਵਿਦਿਆਰਥੀ ਆਪਣੀ ਮਿਹਨਤ ਅਤੇ ਸਫ਼ਲਤਾ ਨਾਲ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨਗੇ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਯੋਗਤਾਵਾਂ ਦੀ ਬਖਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੀ ਬੇਅੰਤ ਊਰਜਾ ਨੂੰ ਉਸਾਰੂ ਪਾਸੇ ਲਾਉਣ ਅਤੇ ਉਨ੍ਹਾਂ ਨੂੰ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਾਈਵਾਲ ਬਣਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਇਹ ਨੌਜਵਾਨ ਦੇਸ਼ ਲਈ ਸਫ਼ਲਤਾ ਦੀ ਨਵੀਂ ਇਬਾਰਤ ਲਿਖਣਗੇ।ਮੁੱਖ ਮੰਤਰੀ ਨੇ ਕਿਹਾ ਕਿ ਇਹ ਸਰਕਾਰੀ ਸਕੂਲ ਪੰਜਾਬ ਦੀ ਸਫ਼ਲਤਾ ਦੀਆਂ ਕਹਾਣੀਆਂ ਆਪ ਬਿਆਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦਾ ਸੁਪਨਾ ਨੌਕਰਸ਼ਾਹ, ਡਾਕਟਰ, ਇੰਜਨੀਅਰ ਅਤੇ ਹੋਰ ਕਿੱਤਿਆਂ ਵਿੱਚ ਸਫ਼ਲ ਹੋਣ ਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੇ ਸੁਪਨਿਆਂ ਨੂੰ ਖੰਭ ਲਾਉਣ ਲਈ ਵਚਨਬੱਧ ਹੈ, ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਵਿੱਚ ਹਰ ਖੇਤਰ ਵਿੱਚ ਮੱਲਾਂ ਮਾਰਨ ਦੇ ਗੁਣ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਕੱਚੀ ਮਿੱਟੀ ਦੇ ਖਿਡੌਣਿਆਂ ਵਾਂਗ ਹਨ ਅਤੇ ਸੂਬਾ ਸਰਕਾਰ ਇਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਆਧਾਰ ਮੁਹੱਈਆ ਕਰਵਾਏਗੀ। ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਉਹ ਉਦੋਂ ਤੱਕ ਆਰਾਮ ਨਾਲ ਨਹੀਂ ਬੈਠਣਗੇ, ਜਦੋਂ ਤੱਕ ਪੰਜਾਬ ਦੇ ਵਿਦਿਆਰਥੀ ਆਪਣੇ ਮਿੱਥੇ ਟੀਚੇ ਪ੍ਰਾਪਤ ਨਹੀਂ ਕਰ ਲੈਂਦੇ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਹਿਲਾਂ ਹੀ ਪੰਜਾਬ ਵਿੱਚ ਯੂਨਿਟ ਸਥਾਪਤ ਕਰਨ ਲਈ ਕਈ ਉਦਯੋਗਿਕ ਕਾਰੋਬਾਰੀਆਂ ਨਾਲ ਰਾਬਤਾ ਤੇ ਸਹਿਯੋਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਦਯੋਗਾਂ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਕਈ ਮੌਕੇ ਪੈਦਾ ਹੋਣਗੇ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਇਹ ਵਿਦਿਆਰਥੀ ਸੂਬੇ ਵਿੱਚ ਸਥਾਪਤ ਹੋਣ ਵਾਲੀਆਂ ਵੱਡੀਆਂ ਉਦਯੋਗਿਕ ਇਕਾਈਆਂ ਨੂੰ ਚਲਾਉਣਗੇ।ਮੁੱਖ ਮੰਤਰੀ ਨੇ ਵਿਅੰਗ ਕਰਦਿਆਂ ਕਿਹਾ ਕਿ ਪਹਿਲਾਂ ਉਦਯੋਗ ਸੱਤਾ ਵਿੱਚ ਰਹਿੰਦੇ ਪਰਿਵਾਰਾਂ ਨਾਲ ਸਮਝੌਤਿਆਂ ‘ਤੇ ਦਸਤਖਤ ਕਰਦੇ ਸਨ ਪਰ ਜਦੋਂ ਤੋਂ ਉਨ੍ਹਾਂ ਨੇ ਸਰਕਾਰ ਦਾ ਅਹੁਦਾ ਸੰਭਾਲਿਆ ਹੈ, ਪੰਜਾਬ ਲਈ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਮਹਾਰਾਜਿਆਂ ਜਾਂ ਬਾਦਲਾਂ ਨੂੰ ਇਨ੍ਹਾਂ ਸਮਝੌਤਿਆਂ ਦਾ ਲਾਭ ਮਿਲਦਾ ਸੀ ਪਰ ਹੁਣ ਇਸ ਦਾ ਫਲ ਪੰਜਾਬੀਆਂ ਨੂੰ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਅਣਥੱਕ ਕੰਮ ਕਰ ਰਹੀ ਹੈ।ਵਿਰੋਧੀ ਧਿਰਾਂ ਉੱਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪੰਜਾਬ ਪੱਖੀ ਰੁਖ਼ ਕਾਰਨ ਵਿਰੋਧੀ ਧਿਰ ਦੇ ਆਗੂ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਉਨ੍ਹਾਂ ਕਿਹਾ ਕਿ ਇਹ ਆਲੋਚਨਾ ਪੂਰੀ ਤਰ੍ਹਾਂ ਤਰਕਹੀਣ ਹੈ ਅਤੇ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਤੇ ਮਨਸੂਬਿਆਂ ਉੱਤੇ ਆਧਾਰਿਤ ਹੈ। ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਅਜਿਹਾ ਕਰਨ ਨਾਲ ਉਹ ਉਨ੍ਹਾਂ ਨੂੰ ਆਪਣੀ ਜ਼ਿਮੇਵਾਰੀ ਚੰਗੀ ਤਰ੍ਹਾਂ ਨਿਭਾਉਣ ਤੋਂ ਨਹੀਂ ਰੋਕ ਸਕਦੇ।ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਪੀ.ਟੀ.ਐਮ. ਵਿੱਚ ਵਿਦਿਆਰਥੀਆਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਦੇ ਟੀਚਿਆਂ ਬਾਰੇ ਪੁੱਛਿਆ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਭਗਵੰਤ ਮਾਨ ਨੇ ਕਿਹਾ ਕਿ ਮੈਗਾ ਪੀਟੀਐਮ ਕਰਵਾਉਣ ਦੀ ਇਸ ਕਵਾਇਦ ਦਾ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਵੇਗਾ।ਇਸ ਦੌਰਾਨ ਸੂਬਾ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਕੀਤੇ ਗਏ ਉਪਰਾਲੇ ਪ੍ਰਤੀ ਹਾਂ-ਪੱਖੀ ਹੁੰਗਾਰਾ ਭਰਦਿਆਂ ਮੁੱਖ ਮੰਤਰੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਮੁਕਾਬਲੇ ਦੇ ਹਾਣ ਦਾ ਬਣਾਉਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਆਪਣੇ ਬੱਚੇ ਦੀ ਰੁਚੀ ਬਾਰੇ ਵੀ ਕਾਫੀ ਕੁਝ ਪਤਾ ਲੱਗਾ ਹੈ। ਸੂਬੇ ਭਰ ਦੇ 20 ਹਜ਼ਾਰ ਸਕੂਲਾਂ ਵਿੱਚ ਕਰਵਾਈ ਆਪਣੀ ਤਰ੍ਹਾਂ ਦੀ ਪਹਿਲੀ ਅਧਿਆਪਕ-ਮਾਪੇ ਮਿਲਣੀ ਵਿੱਚ 10 ਲੱਖ ਤੋਂ ਵੱਧ ਮਾਪੇ ਸ਼ਾਮਲ ਹੋਏ।ਉਨ੍ਹਾਂ ਸਰਕਾਰੀ ਸਕੂਲ ਵਿੱਚ ਮੁਹੱਈਆ ਕਰਵਾਈ ਜਾ ਰਹੀ ਮਿਆਰੀ ਸਿੱਖਿਆ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਵਿੱਚ ਪੜ੍ਹਾਈ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਇੱਥੇ ਕਰਵਾਈ ਜਾਂਦੀ ਪੜ੍ਹਾਈ ਨੇ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਕਾਨਵੈਂਟ ਦੇ ਪੜ੍ਹਦੇ ਸਾਥੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਇਆ ਹੈ।

ਮਾਸਟਰ ਕੇਡਰ ਦੇ 4161ਅਧਿਆਪਕਾਂ ਦੀ ਭਰਤੀ ਤੁਰੰਤ ਰੱਦ ਕੀਤੀ ਜਾਵੇ : ਅਕਾਲੀ ਦਲ

0

ਪੰਜਾਬੀ ਤੇ ਗਣਿਤ ਦੇ ਪੇਪਰਾਂ ਵਿਚ ਸਵਾਲਾਂ ਦੇ ਜਵਾਬਾਂ ਵਿਚ ਉਣਤਾਈਆਂ ਬਾਰੇ ਵੱਡੀ ਗਿਣਤੀ ਵਿਚ ਉਮੀਦਵਾਰਾਂ ਵੱਲੋਂ ਕੀਤੇ ਖੁਲ੍ਹਾਸੇ ਇਕ ਹੋਰ ਘਪਲੇ ਦਾ ਸੰਕੇਤ : ਡਾ. ਸੁਖਵਿੰਦਰ ਕੁਮਾਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 24 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਮਾਸਟਰ ਕੇਡਰ ਦੇ 4161 ਅਧਿਆਪਕਾਂ ਦੀ ਭਰਤੀ ਤੁਰੰਤ ਰੱਦ ਕੀਤੀ ਜਾਵੇ ਅਤੇ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਵੱਡੀ ਗਿਣਤੀ ਵਿਚ ਉਮੀਦਵਾਰਾਂ ਨੇ ਪਾਰਟੀ ਕੋਲ ਪਹੁੰਚ ਕਰਕੇ ਦੱਸਿਆ ਹੈ ਕਿ ਪੰਜਾਬੀ ਤੇ ਗਣਿਤ ਦੇ ਪੇਪਰਾਂ ਵਿਚ ਜਵਾਬਾਂ (ਆਨਸਰ ਕੀਜ਼) ਵਿਚ ਕਿਵੇਂ ਗਲਤੀਆਂ ਹਨ।ਅਕਾਲੀ ਆਗੂ ਤੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਇਹ ਸੰਕੇਤ ਮਿਲ ਰਹੇ ਹਨ ਕਿ ਭਰਤੀ ਦਾ ਇਕ ਹੋਰ ਘੁਟਾਲਾ ਬੇਨਕਾਬ ਹੋਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿਚ ਉਮੀਦਵਾਰ ਜਿਹਨਾਂ ਨੇ ਮਾਸਟਰ ਕੇਡਰ ਦੇ 4161 ਅਧਿਆਪਕਾਂ ਦੀ ਭਰਤੀ ਵਾਸਤੇ ਪੰਜਾਬੀ ਅਤੇ ਗਣਿਤ ਦੇ ਪੇਪਰ ਦਿੱਤੇ ਹਨ ਨੇ ਦੱਸਿਆ ਹੈ ਕਿ ਕਿਵੇਂ ਕਈ ਸਵਾਲਾਂ ਦੇ ਜਵਾਬ ਦੀਆਂ ਕੂੰਜੀਆਂ ਯਾਨੀ ਆਨਸਰ ਕੀਜ਼ ਗਲਤ ਸਨ। ਉਹਨਾਂ ਦੱਸਿਆ ਕਿ ਇਹਨਾਂ ਉਮੀਦਵਾਰਾਂ ਦੇ ਦੱਸਣ ਮੁਤਾਬਕ ਪੰਜਾਬੀ ਦੇ ਪੇਪਰ ਵਿਚ 9 ਸਵਾਲਾਂ ਲਈ ਗ੍ਰੇਸ ਅੰਕ ਦਿੱਤੇ ਗਏ ਹਨ ਜਦੋਂ ਕਿ 6 ਤੋਂ 7 ਸਵਾਲਾਂ ਦੇ ਚਾਰ ਵਿਕਲਪਾਂ ਵਿਚੋਂ ਇਕ ਇਕ ਸਹੀ ਜਵਾਬ ਸੀ, ਇਸ ਲਈ ਗ੍ਰੇਸ ਅੰਕਾਂ ਦੀ ਕੋਈ ਜ਼ਰੂਰਤ ਹੀ ਨਹੀਂ ਰਹਿ ਜਾਂਦੀ। ਉਮੀਦਵਾਰਾਂ ਨੇ ਇਹ ਵੀ ਦੱਸਿਆ ਕਿ ਕਈ ਸਵਾਲਾਂ ਵਿਚ ਚਾਰ ਵਿਕਲਪਾਂ ਵਿਚੋਂ ਦੋ ਜਵਾਬ ਸਹੀ ਸਨ ਪਰ ਸਿਰਫ ਇਕ ਨੂੰ ਹੀ ਸਹੀ ਮੰਨਿਆ ਗਿਆ ਜਦੋਂ ਕਿ ਸਮਾਜਿਕ ਸਿੱਖਿਆ ਤੇਹਿੰਦੀ ਦੇ ਮਾਮਲੇ ਵਿਚ ਜਿਹੜੇ ਉਮੀਦਵਾਰਾਂ ਨੇ ਦੋ ਵਿਚੋਂ ਇਕ ਜਵਾਬ ਦਿੱਤਾਸੀ, ਉਹਨਾਂ ਨੂੰ 1-1 ਅੰਕ ਦਿੱਤਾ ਗਿਆ ਤੇ ਪੰਜਾਬੀ ਦੇ ਵਿਦਿਆਰਥੀਆਂ ਨਾਲ ਇਸ ਤਰੀਕੇ ਵਿਤਕਰਾ ਕੀਤਾ ਗਿਆ ਹੈ।ਡਾ. ਸੁੱਖੀ ਨੇ ਹੋਰ ਦੱਸਿਆ ਕਿ ਗਣਿਤ ਦੇ ਪੇਪਰ ਵਿਚ ਸਵਾਲ ਨੰਬਰ 14, 25, 27, 38, 61, 72 ਅਤੇ 77 ਵਿਚ ਚਾਰ ਵਿਕਲਪਾਂ ਵਿਚੋਂ ਕੋਈ ਵੀ ਸਹੀ ਉੱਤਰ ਨਹੀਂ ਸੀ ਪਰ ਜਿਹੜੇ ਵਿਦਿਆਰਥੀਆਂ ਨੇ ਇਕ ਵਿਕਲਪ ਦਾ ਜਵਾਬ ਦਿੱਤਾ, ਉਹਨਾਂ ਨੂੰ ਗਲਤ ਜਵਾਬ ਲਈ ਵੀ ਅੰਕ ਦੇ ਦਿੱਤੇਗਏ। ਇਸੇ ਤਰੀਕੇ ਸਵਾਲ ਨੰਬਰ 141, 138, 106, 103, 52 ਅਤੇ 42 ਦੇ ਮਾਮਲੇ ਵਿਚ ਜਿਹੜੇ ਉਮੀਦਵਾਰਾਂ ਨੇ ਗਲਤ ਜਵਾਬ ਦਿੱਤੇ, ਉਹਨਾਂ ਨੂੰ ਨੰਬਰ ਦੇ ਦਿੱਤੇਗਏ ਤੇ ਜਿਹਨਾਂ ਨੇ ਸਹੀ ਜਵਾਬ ਦਿੱਤਾ ਸੀ, ਉਹਨਾਂ ਨੂੰ ਅੰਕ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।ਅਕਾਲੀ ਆਗੂ ਨੇ ਕਿਹਾ ਕਿ ਅਜਿਹਾ ਸਪਸ਼ਟ ਹੈ ਕਿ ਜਿਵੇਂ ਸੂਬੇ ਵਿਚ ਤਹਿਸੀਲਦਾਰਾਂ ਦੀ ਭਰਤੀ ਵਿਚ ਘੁਟਾਲਾ ਹੋਇਆ ਸੀ, ਉਸੇ ਤਰੀਕੇ ਦਾ ਘੁਟਾਲਾ ਇਸ ਵਿਚ ਵੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਗਲਤ ਜਵਾਬਾਂ ਦੇ ਅੰਕ ਦੇ ਦਿੱਤੇਗਏ ਹਨ ਤੇ ਜਿਹੜੇ ਹੋਣਹਾਰ ਵਿਦਿਆਰਥੀਆਂ ਨੇ ਆਨਸਰ ਕੀਜ਼ ਵਿਚ ਗਲਤ ਜਵਾਬ ਹੋਣ ਦਾ ਮਾਮਲਾ ਚੁੱਕਿਆ, ਉਹ ਦੂਜੇ ਵਿਦਿਆਰਥੀਆਂ ਨਾਲੋਂ ਪਛੜ ਗਏ।ਡਾ. ਸੁੱਖੀ ਨੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕੋਲ ਪਹੁੰਚਕੀਤੀ ਹੈ ਜਿਹਨਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਭਰਤੀਪ੍ਰਕਿਰਿਆ ਤੁਰੰਤ ਰੱਦ ਕਰਨ ਦੀ ਮੰਗ ਕੀਤੀਹੈ। ਰੋਸ ਪ੍ਰਗਟਾਉਣ ਵਾਲੇ ਵਿਦਿਆਰਥੀਆਂ ਨਾਲਇਕਜੁੱਟਤਾ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਵਿਚ ਲੋੜੀਂਦੀ ਹਰ ਕਾਰਵਾਈ ਕਰੇਗਾ ਅਤੇ ਸਾਰੇ ਉਮੀਦਵਾਰਾਂ ਨੂੰ ਇਨਸਾਫ ਮਿਲਣਾ ਯਕੀਨੀ ਬਣਾਏਗਾ।

ਪੁਲਿਸ ਪਬਲਿਕ ਸਕੂਲ ਵਿਖੇ ਵਿਨਟਰ ਕਾਰਨੀਵਲ ਪ੍ਰੋਗਰਾਮ ਆਯੋਜਿਤ

0

ਵਿਦਿਆਥੀਆਂ ਵਲੋਂ ਸੱਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ਕੀਤਾ ਗਿਆ ਪੇਸ਼
ਖਾਣ-ਪੀਣ ਦੀਆਂ ਲਗਾਈਆਂ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ
ਛੋਟੇ ਬੱਚਿਆਂ ਵਲੋਂ ਕੀਤੀ ਘੋੜਿਆਂ ਤੇ ਊਠਾਂ ਦੀ ਸਵਾਰੀ ਰਹੀ ਖਿੱਚ ਦਾ ਕੇਂਦਰ
ਸੁਖਜਿੰਦਰ ਮਾਨ
ਬਠਿੰਡਾ, 24 ਦਸੰਬਰ : ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਜੇ. ਇਲਨਚੇਲੀਅਨ ਦੀ ਅਗਵਾਈ ਹੇਠ ਸਥਾਨਕ ਪੁਲਿਸ ਪਬਲਿਕ ਸਕੂਲ ਵਿਖੇ ਵਿਨਟਰ ਕਾਰਨੀਵਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਮੌਕੇ ਡੀਐਸਪੀ ਹੈਡਕੁਆਰਟਰ ਗੁਰਦੀਪ ਸਿੰਘ ਸੈਣੀ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਪੁਲਿਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਨੇ ਕਰਵਾਏ ਗਏ ਵਿਨਟਰ ਕਾਰਨੀਵਲ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਸਕੂਲੀ ਵਿਦਿਆਥੀਆਂ ਵਲੋਂ ਸੱਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੌਰਾਨ ਬੱਚਿਆਂ ਵਲੋਂ ਕੀਤੀ ਗਈ ਊਠਾ ਤੇ ਘੋੜਿਆਂ ਦੀ ਸਵਾਰੀ ਖਿੱਚ ਦਾ ਕੇਂਦਰ ਰਹੀ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਦੇ ਮੰਨੋਰੰਜਨ ਲਈ ਵੱਖ-ਵੱਖ ਤਰ੍ਹਾਂ ਦੇ ਝੂਲੇ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਵੀ ਗਿਆ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਚ ਵਿਦਿਆਰਥੀਆਂ ਸਮੇਤ ਉਨ੍ਹਾਂ ਦੇ ਮਾਪਿਆਂ ਵਲੋਂ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ। ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਵਲੋਂ ਖਾਣ-ਪੀਣ ਦੀਆਂ ਸਟਾਲਾਂ ਤੋਂ ਇਲਾਵਾ ਸਰੀਰ ਨੂੰ ਸਿਹਤਮੰਦ ਰੱਖਣ ਲਈ ਮੋਟੇ ਆਹਾਰਾਂ ਸਬੰਧੀ ਇੱਕ ਵਿਸ਼ੇਸ਼ ਸਟਾਲ ਲਗਾਈ ਗਈ। ਪ੍ਰੋਗਰਾਮ ਮੌਕੇ ਸਕੂਲ ਦਾ ਸਮੂਹ ਸਟਾਫ਼ ਤੋਂ ਇਲਾਵਾ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਸ਼ਾਮਲ ਸਨ।

ਸੂਬਾ ਸਰਕਾਰ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਜਾਰੀ : ਜਗਰੂਪ ਸਿੰਘ ਗਿੱਲ

0

ਸਖ਼ਤ ਮਿਹਨਤ ਕਰਕੇ ਚੰਗਾ ਮੁਕਾਮ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ
ਸੁਖਜਿੰਦਰ ਮਾਨ
ਬਠਿੰਡਾ, 24 ਦਸੰਬਰ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਮੈਗਾ ਮਾਪੇ-ਅਧਿਆਪਕ ਮਿਲਣੀ (ਪੀਟੀਐਮ) ਕਰਵਾਈ ਗਈ। ਇਸੇ ਤਹਿਤ ਲੜੀ ਸਥਾਨਕ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਹੋਈ, ਜਿਸ ਚ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਇਕਬਾਲ ਸਿੰਘ ਤੋਂ ਇਲਾਵਾ ਅਧਿਆਪਕ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਸ਼ਾਮਲ ਸਨ। ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਹੋਰ ਬੁਲੰਦੀਆਂ ਤੇ ਲਿਜਾਣ ਅਤੇ ਬੇਹਤਰ ਤਰੀਕੇ ਨਾਲ ਲਾਗੂ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਨੁੱਖ ਦੀ ਜਿੰਦਗੀ ਵਿੱਚ ਪੜ੍ਹਾਈ ਦਾ ਹੋਣਾ ਬਹੁਤ ਅਹਿਮ ਹੈ, ਇੱਕ ਪੜ੍ਹਾਈ ਹੀ ਹੈ ਜੋ ਮਨੁੱਖ ਨੂੰ ਬਹੁਤ ਦੂਰ ਤੱਕ ਲੈ ਜਾਂਦੀ ਹੈ। ਇਸ ਮੌਕੇ ਉਨ੍ਹਾਂ ਸਾਲ 2023-24 ਇਨਰੋਲਮੈਂਟ ਦੀ ਸ਼ੁਰੂਆਤ ਛੇਵੀਂ ਕਾਲਸ ਦੇ ਵਿਦਿਆਰਥੀਆਂ ਦਾ ਦਾਖ਼ਲਾ ਫਾਰਮ ਭਰਕੇ ਕੀਤੀ। ਇਸ ਦੌਰਾਨ ਸ. ਜਗਰੂਪ ਸਿੰਘ ਗਿੱਲ ਮਾਪੇ-ਅਧਿਆਪਕ ਮਿਲਣੀ ਦੌਰਾਨ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮਿਲੇ ਤੇ ਉਨ੍ਹਾਂ ਦੀ ਪੜ੍ਹਾਈ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਉਨ੍ਹਾਂ ਸਕੂਲੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਸਖ਼ਤ ਮਿਹਨਤ ਕਰਕੇ ਕੋਈ ਚੰਗਾ ਮੁਕਾਮ ਹਾਸਲ ਕਰਨ, ਜਿਸ ਨਾਲ ਉਹ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਤੋਂ ਇਲਾਵਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਸਕੂਲ ਦੀ ਵੈਬਸਾਈਟ ਲਾਂਚ ਕੀਤੀ। ਉਨ੍ਹਾਂ ਖੇਡਾਂ ਵਿੱਚੋਂ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਦੌਰਾਨ ਉਨ੍ਹਾਂ ਵਲੋਂ ਮਿਸ਼ਨ ਨੂੰ 100 ਫ਼ੀਸਦੀ ਤਰੀਕੇ ਨਾਲ ਸਫ਼ਲ ਬਣਾਉਣ ਲਈ ਮਾਪਿਆਂ, ਵਿਦਿਆਰਥੀਆਂ ਅਤੇ ਮਹਿਮਾਨਾਂ ਦੇ ਬੈਜਿਜ਼ ਲਗਾਉਣ ਦੀ ਸ਼ੁਰੂਆਤ ਵੀ ਕੀਤੀ ਗਈ।ਇਸ ਉਪਰੰਤ ਸ. ਜਗਰੂਪ ਸਿੰਘ ਗਿੱਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਚ ਕਰਵਾਏ ਮਾਪੇ-ਅਧਿਆਪਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਸਕੂਲੀ ਵਿਦਿਆਰਥੀਆਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਉਨ੍ਹਾਂ ਵਲੋਂ ਰਾਜ ਤੇ ਰਾਸ਼ਟਰੀ ਪੱਧਰ ਤੇ ਮੁਕਾਬਲਿਆਂ ਚ ਮੈਡਲ ਜਿੱਤ ਚੁੱਕੇ ਵਿਦਿਆਰਥੀਆਂ ਨੂੰ ਖੇਡ ਕਿੱਟਾਂ ਵੀ ਵੰਡ ਕੀਤੀ ਗਈ।

Our Visitor

1908355