ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਵੱਧ ਤੋਂ ਵੱਧ ਲਿਆਂਦੀ ਜਾਵੇ ਜਾਗਰੂਕਤਾ
ਸੁਖਜਿੰਦਰ ਮਾਨ
ਬਠਿੰਡਾ, 9 ਨਵੰਬਰ : ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮਹੀਨਾਵਾਰ ਮੀਟਿੰਗ ਕਰਕੇ ਰੀਵਿਊ ਕੰਮਾਂ ਦੀ ਸਮੀਖਿਆ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ ਅਤੇ ਸੈਕੰਡਰੀ) ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ-ਸਿਰ ਨੇਪਰੇ ਚਾੜ੍ਹਿਆ ਜਾਵੇ ਅਤੇ ਪ੍ਰਾਇਮਰੀ ਸਕੂਲਾਂ ਦੀਆਂ ਬਿਲਡਿੰਗਾਂ ਦੀ ਸ਼ਨਾਖਤ ਕੀਤੀ ਜਾਵੇ ਤਾਂ ਕਿ ਕਿਸੇ ਸਕੂਲ ਦੀ ਬਿਲਡਿੰਗ ਵਿੱਚ ਪਾਈ ਜਾਣ ਵਾਲ ਕਮੀ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਲ ਸਪਲਾਈ ਵਿਭਾਗ ਨਾਲ ਤਾਲਮੇਲ ਕਰਕੇ ਬਾਕੀ ਰਹਿੰਦੇ ਸਕੂਲਾਂ ਦੇ ਪੀਣ ਯੋਗ ਪਾਣੀ ਦੇ ਸੈਂਪਲ ਵੀ ਲਏ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਸਕੂਲਾਂ ਚ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਨੂੰ ਸਾਫ਼ ਕਰਵਾਉਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਸਾਫ਼-ਸਫ਼ਾਈ ਨੂੰ ਪਹਿਲ ਦੇ ਆਧਾਰ ਤੇ ਕਰਨਾ ਲਾਜ਼ਮੀ ਬਣਾਇਆ ਜਾਵੇ।
ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਿੱਖਿਆ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਨਾਲ ਰਾਬਤਾ ਕਰਕੇ ਇਸ ਦੀ ਇੰਨ ਬਿੰਨ ਪਾਲਣਾ ਕਰਵਾਉਣ ਲਈ ਕਿਹਾ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਗਠਿਤ ਟੀਮਾਂ ਵੱਲੋਂ ਸਕੂਲ ਵਾਹਨਾਂ ਦੀ ਚੈਕਿੰਗ ਕਰਨ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮ ਕਰਵਾਕੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।ਇਸ ਮੌਕੇ ਸ੍ਰੀ ਰਾਹੁਲ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਵਿਲੱਖਣ ਦਿਵਿਆਂਗਤਾ ਸ਼ਨਾਖਤੀ ਕਾਰਡ (ਯੂ.ਡੀ.ਆਈ.ਡੀ) ਬਣਾਉਣ ਸਬੰਧੀ ਵੱਖ-ਵੱਖ ਥਾਵਾਂ ਤੇ ਕੈਂਪ ਲਗਾਏ ਜਾਣ ਤਾਂ ਜੋ ਇਸ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਸਕੇ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਮੇਵਾ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ਼੍ਰੀ ਸ਼ਿਵਪਾਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਵਰਿੰਦਰ ਸਿੰਘ ਬੈਂਸ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਪ੍ਰਦੀਪ ਸਿੰਘ ਗਿੱਲ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਮਹੀਨਾਵਾਰ ਮੀਟਿੰਗ ਕਰਕੇ ਕੀਤੀ ਕੰਮਾਂ ਦੀ ਸਮੀਖਿਆ
ਵੋਟਰ ਸੂਚੀਆਂ ਦੀ ਸੁਧਾਈ ਲਈ ਵੋਟਰ ਸੂਚੀ ਦੀ ਹੋਈ ਮੁੱਢਲੀ ਪ੍ਰਕਾਸ਼ਨਾ
9 ਨਵੰਬਰ ਤੋਂ 8 ਦਸੰਬਰ ਤੱਕ ਲਏ ਜਾਣਗੇ ਇਤਰਾਜ਼ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 9 ਨਵੰਬਰ: ਯੋਗਤਾ ਮਿਤੀ 01-01-2023 ਦੇ ਆਧਾਰ ’ਤੇ ਫੋਟੋ ਵੋਟਰ ਸੂਚੀ ਦੀ ਵਿਸੇਸ ਸਰਸਰੀ ਸੁਧਾਈ ਸਬੰਧੀ ਭਾਰਤ ਚੋਣ ਕਮਿਸਨ ਵੱਲੋਂ ਜਾਰੀ ਪ੍ਰੋਗਰਾਮ/ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਵਿਧਾਨ ਸਭਾ ਚੋਣ ਹਲਕਾ 90-ਰਾਮਪੁਰਾ ਫੂਲ, 91-ਭੁੱਚੋ ਮੰਡੀ(ਅ.ਜ), 92-ਬਠਿੰਡਾ ਸ਼ਹਿਰੀ, 93-ਬਠਿੰਡਾ ਦਿਹਾਤੀ (ਅ.ਜ), 94-ਤਲਵੰਡੀ ਸਾਬੋ ਅਤੇ 95-ਮੌੜ ਵਿੱਚ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਸਿਆਸੀ ਪਾਰਟੀਆਂ ਦੇ ਨੁੰਮਾਇੰਦਿਆਂ ਨੂੰ ਇਸ ਸਬੰਧੀ ਸੂਚੀ ਦੀਆਂ ਕਾਪੀਆਂ ਦੇਣ ਲਈ ਅਤੇ ਸਰਸਰੀ ਸੁਧਾਈ ਪ੍ਰੋਗਰਾਮ ਤੋਂ ਜਾਣੂ ਕਰਵਾਉਣ ਲਈ ਬੁਲਾਈ ਮੀਟਿੰਗ ਵਿਚ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦਿੱਤੀ।ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਦੇ ਸਬੰਧ ਵਿੱਚ ਜ਼ਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਬਠਿੰਡਾ ਦੇ ਆਦੇਸ਼ਾਂ ਤਹਿਤ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਬਹੁਜਨ ਸਮਾਜ ਪਾਰਟੀ, ਕਮਿਊਨਿਸਟ ਪਾਰਟੀ ਆਫ ਇੰਡੀਆ, ਆਮ ਆਦਮੀ ਪਾਰਟੀ, ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਭਾਗ ਲਿਆ । ਮੀਟਿੰਗ ਨੂੰ ਸੰਬੋਧਨ ਕਰਦਿਆਂ ਤਹਿਸੀਲਦਾਰ ਚੋਣਾਂ ਗੁਰਚਰਨ ਸਿੰਘ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਦੇ ਪ੍ਰੋਗਰਾਮ ਨੂੰ ਸਾਂਝਾ ਕੀਤਾ ਗਿਆ।ਉਨਾਂ ਦੱਸਿਆ ਕਿ ਡ੍ਰਾਫਟ ਵੋਟਰ ਸੂਚੀਆਂ ਪ੍ਰਿੰਟ ਕਰਵਾ ਲਈਆਂ ਗਈਆਂ ਹਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਚੋਣ ਹਲਕੇ ਵਾਰ ਫੋਟੋ ਵੋਟਰ ਸੂਚੀ ਦੇ ਸੈੱਟ ਅਤੇ ਸੀ.ਡੀਜ਼.(ਬਿਨਾਂ ਫੋਟੋ) ਸਪਲਾਈ ਕੀਤੀਆਂ ਜਾ ਰਹੀਆਂ ਹਨ।
ਮੀਟਿੰਗ ਉਪਰੰਤ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚੋਣਕਾਰ ਰਜਿਸਟ੍ਰੇਸ਼ਨ ਨਿਯਮ 1960 ਵਿੱਚ ਕੀਤੀ ਗਈ। ਸੋਧ ਅਨੁਸਾਰ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ ਯੋਗਤਾ ਮਿਤੀ 01-01-2023 ਦੇ ਨਾਲ-ਨਾਲ ਹੁਣ ਕੋਈ ਵੀ ਯੋਗ ਨਾਗਰਿਕ, ਜੋ ਕਿ ਸਾਲ 2023 ਵਿੱਚ ਆਉਣ ਵਾਲੀਆਂ ਯੋਗਤਾ ਮਿਤੀਆਂ ਭਾਵ 1 ਅਪ੍ਰੈਲ 2023, 1 ਜੁਲਾਈ 2023 ਜਾਂ 1 ਅਕਤੂਬਰ 2023 ਵਿੱਚੋਂ ਕਿਸੇ ਨੂੰ ਵੀ 18 ਸਾਲ ਦੀ ਉਮਰ ਪੂਰੀ ਕਰਨ ਵਾਲਾ ਹੈ, ਸੂਚਨਾ ਦੀ ਮਿਤੀ ਤੋਂ ਅਗਾਊਂ ਹੀ ਫਾਰਮ ਨੰ. 6 ਰਾਹੀਂ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਨ ਲਈ ਦਾਅਵਾ ਕਰ ਸਕਦਾ ਹੈ। ਇਸ ਦਾਅਵੇ ’ਤੇ ਸਬੰਧਤ ਯੋਗਤਾ ਮਿਤੀ ਦੇ ਹਵਾਲੇ ਵਿੱਚ ਸਬੰਧਤ ਤਿਮਾਹੀ ਵਿੱਚ ਵਿਚਾਰ ਅਤੇ ਫੈਸਲਾ ਕੀਤਾ ਜਾਵੇਗਾ। ਉਨਾਂ ਇਹ ਵੀ ਦੱਸਿਆ ਕਿ ਮੁੱਖ ਚੋਣ ਦਫ਼ਤਰ ਪੰਜਾਬ ਵੱਲੋਂ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਉਣ ਲਈ 19-20 ਨਵੰਬਰ ਅਤੇ 3 ਤੇ 4 ਦਸੰਬਰ ਮਿਤੀਆਂ ਤੈਅ ਕੀਤੀਆਂ ਗਈਆਂ ਹਨ। ਇੰਨ੍ਹਾਂ ਨਿਰਧਾਰਿਤ ਮਿਤੀਆਂ ਨੂੰ ਬੀ.ਐਲ.ਓਜ ਵੱਲੋਂ ਸਬੰਧਤ ਬੂਥਾਂ ’ਤੇ ਬੈਠ ਕੇ ਸਵੇਰੇ 9 ਵਜੇ ਤੋਂ ਸਾਮ 5 ਵਜੇ ਤੱਕ ਆਮ ਜਨਤਾ/ਵੋਟਰਾਂ ਪਾਸੋਂ ਦਾਅਵੇ ਅਤੇ ਇਤਰਾਜਾਂ ਸਬੰਧੀ ਫਾਰਮ ਨੰ. 6,6ਏ 7 ਅਤੇ 8 ਪ੍ਰਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ 9 ਨਵੰਬਰ 2022 ਤੋਂ 8 ਦਸੰਬਰ 2022 ਤੱਕ ਪ੍ਰਾਪਤ ਹੋਣ ਵਾਲੇ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵੱਲੋਂ 26 ਦਸਬੰਰ 2022 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ 2023 ਨੂੰ ਕੀਤੀ ਜਾਵੇਗੀ।
ਬਠਿੰਡਾ ਜ਼ਿਲ੍ਹੇ ਦੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਖੇਡ ਸਟੇਡੀਅਮ ਮੌੜ ਕਲਾਂ ਵਿਖੇ ਆਗਾਜ਼
ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਕੀਤਾ ਉਦਘਾਟਨ*
ਸੁਖਜਿੰਦਰ ਮਾਨ
ਬਠਿੰਡਾ, 9 ਨਵੰਬਰ : ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਿਵ ਪਾਲ ਗੋਇਲ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਦੀ ਰਹਿਨੁਮਾਈ ਹੇਠ ਬਠਿੰਡਾ ਜ਼ਿਲ੍ਹੇ ਦੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸਪੋਰਟਸ ਸਟੇਡੀਅਮ ਮੌੜ ਕਲਾਂ ਦੇ ਖੇਡ ਮੈਦਾਨ ਵਿਖੇ ਸ਼ੁਰੂ ਹੋਈਆਂ। ਇਹਨਾਂ ਖੇਡਾਂ ਦਾ ਉਦਘਾਟਨ ਹਲਕਾ ਮੌੜ ਦੇ ਐਮ.ਐਲ.ਏ ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਬੱਚਿਆਂ ਵੱਲੋਂ ਮਾਰਚ ਪਾਸ ਕਰਦੇ ਹੋਏ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਅਤੇ ਹੌਂਸਲਾ ਅਫਜ਼ਾਈ ਕਰਨ ਲਈ ਪਹੁੰਚੇ ਸ਼ਿਵ ਪਾਲ ਗੋਇਲ ਜ਼ਿਲ੍ਹਾ ਸਿੱਖਿਆ ਅਫ਼ਸਰ, ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਗੁਰਚਰਨ ਸਿੰਘ ਗਿੱਲ ਡੀ.ਐਮ.ਖੇਡਾਂ, ਦਰਸ਼ਨ ਸਿੰਘ ਜੀਦਾ ਬੀਪੀਈਓ, ਲਖਵਿੰਦਰ ਸਿੰਘ ਬੀਪੀਈਓ, ਭਰਪੂਰ ਸਿੰਘ ਬੀਪੀਈਓ, ਬਲਜੀਤ ਸਿੰਘ ਬਰਾੜ ਡੀਐਸਪੀ, ਗੁਰਪ੍ਰੀਤ ਸਿੰਘ ਬਰਾੜ ਜਿਲ੍ਹਾ ਖੇਡ ਅਫਸਰ, ਦਰਸ਼ਨ ਸਿੰਘ ਐਸ ਐਚ ਓ, ਨਿਰਭੈ ਸਿੰਘ ਭੁੱਲਰ ਸਹਾਇਕ ਸਮਾਰਟ ਕੋਆਰਡੀਨੇਟਰ, ਪ੍ਰਿਤਪਾਲ ਸਿੰਘ ਬਲਾਕ ਖੇਡ ਅਫਸਰ, ਸਵਰਨ ਸਿੰਘ ਮਾਈਸਰਖਾਨਾ, ਸ਼ਿੰਗਾਰਾ ਸਿੰਘ ਸਿੱਧੂ ਟਰੈਫਿਕ ਇੰਚਾਰਜ, ਰਣਜੀਤ ਸਿੰਘ ਮਠਾੜੂ ਅਤੇ ਰਣਜੀਤ ਸਿੰਘ ਬਰਾੜ ਸਾਬਕਾ ਜਿਲ੍ਹਾ ਖੇਡ ਅਫਸਰ ਵੱਲੋਂ ਵੱਖ-ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਐਮ.ਐਲ.ਏ. ਸੁਖਵੀਰ ਸਿੰਘ ਮਾਈਸਰਖਾਨਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਸਿੱਖਿਆ ਦਾ ਅਨਿੱਖੜਵਾਂ ਅੰਗ ਹਨ ਇਨ੍ਹਾਂ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਹਰ ਵਿਦਿਆਰਥੀ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਖੇਡ ਦੀ ਭਾਵਨਾ ਨਾਲ ਹੀ ਖੇਡਣਾ ਚਾਹੀਦਾ ਹੈ। ਜਿਲ੍ਹਾ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ ਅਤੇ ਬਲਵੀਰ ਸਿੰਘ ਕਮਾਂਡੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੌਰਾਨ ਪਹਿਲੇ ਦਿਨ ਕਬੱਡੀ ਨੈਸ਼ਨਲ, ਖੋ-ਖੋ, ਫੁੱਟਬਾਲ, ਸ਼ਤਰੰਜ, ਰੱਸਾਕਸੀ, ਐਥਲੈਟਿਕਸ ਆਦਿ ਦੇ ਮੁੰਡਿਆਂ ਅਤੇ ਕੁੜੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕਰਵਾਏ ਗਏ ਉਦਘਾਟਨੀ ਸਮਾਰੋਹ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜ ਦੇ ਬੱਚਿਆਂ ਵੱਲੋਂ ਕਵੀਸ਼ਰੀ, ਘੁੰਮਣ ਕਲਾਂ ਬਸਤੀ ਵੱਲੋਂ ਡਾਂਸ, ਮੌੜ ਖੁਰਦ ਵੱਲੋਂ ਗਿੱਧਾ, ਰਾਜਗੜ੍ਹ ਕੁੱਬੇ ਵੱਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ।ਇਸ ਟੂਰਨਾਮੈਂਟ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਅੰਗਰੇਜ਼ ਸਿੰਘ ਬੀ.ਐਮ.ਟੀ., ਜਗਜੀਤ ਸਿੰਘ ਬੀ.ਐਮ.ਟੀ., ਭੁਪਿੰਦਰ ਸਿੰਘ ਬਰਾੜ, ਜਤਿੰਦਰ ਸ਼ਰਮਾ ਸਹਾਇਕ ਸਮਾਰਟ ਕੋਆਰਡੀਨੇਟਰ,ਨਿਰਭੈ ਸਿੰਘ ਭੂੰਦੜ, ਲੈਕ ਮਨਦੀਪ ਕੌਰ ,ਪ੍ਰਦੀਪ ਕੌਰ ਸੰਗਤ , ਬਲਰਾਜ ਸਿੰਘ ਬਠਿੰਡਾ , ਕਸ਼ਮੀਰ ਸਿੰਘ, ਗੁਰਮੀਤ ਸਿੰਘ ਪੀਟੀਆਈ, ਹਰਜੀਤਪਾਲ ਸਿੰਘ ਡੀਪੀਈ, ਬਲਰਾਜ ਸਿੰਘ ਪੀਟੀਆਈ, ਵਾਹਿਦ ਕੁਰੈਸ਼ੀ, ਹਰਪ੍ਰੀਤ ਸਿੰਘ ਪੀਟੀਆਈ, ਜੁਗਰਾਜ ਸਿੰਘ ਬਰਾੜ, ਅਮਨਦੀਪ ਸਿੰਘ, ਪਰਮਿੰਦਰ ਸਿੰਘ ਰੁਪਿੰਦਰ ਸਿੰਘ, ਮਨਦੀਪ ਸਿੰਘ ਗੁਰਦੀਪ ਸਿੰਘ ਪ੍ਰੈਸ ਕਮੇਟੀ ਅਤੇ ਸਟੇਟ ਕਮੇਟੀ ਜਸਵਿੰਦਰ ਸਿੰਘ ਚਹਿਲ ਅਤੇ ਰੁਪਿੰਦਰ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ ਗਿਆ।
ਚੇਅਰਮੈਨ ਇੰਦਰਜੀਤ ਸਿੰਘ ਮਾਨ ਵੱਲੋਂ ਖੇਤੀ ਅਧਾਰਿਤ ਇਕਾਈ ਦਾ ਉਦਘਾਟਨ
ਸੁਖਜਿੰਦਰ ਮਾਨ
ਬਠਿੰਡਾ, 9 ਨਵੰਬਰ-ਚੇਅਰਮੈਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ, ਚੰਡੀਗੜ੍ਹ ਸ.ਇੰਦਰਜੀਤ ਸਿੰਘ ਮਾਨ ਵੱਲੋਂ ਰਮਨ ਇੰਡਸਟ੍ਰੀਜ਼ ਬਾਜਾਖਾਨਾ ਬਾਈਪਾਸ, ਬਲਾਹੜ੍ਹ ਵਿੰਝੂ, ਗੋਨਿਆਣਾ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀ ਅਸ਼ੀਸ਼ ਸ਼ੀਵਾਲਿਕਾ, ਰਿਜ਼ਨਲ ਹੈੱਡ ਯੂਨੀਅਨ ਬੈਕ ਆਫ ਇੰਡੀਆ ਬਠਿੰਡਾ, ਸ੍ਰੀ ਅਭੀਸ਼ੇਕ ਆਨੰਦ, ਬਰਾਂਚ ਮੈਨੇਜਰ, ਯੂਨੀਅਨ ਬੈਕ ਆਫ ਇੰਡੀਆ, ਐਨ.ਐਫ.ਐਲ, ਕੇਂਦਰ ਵਿਦਿਆਲਾ ਬਠਿੰਡਾ, ਸ੍ਰੀ ਰਮੇਸ਼ ਕੁਮਾਰ, ਚੀਫ ਮੈਨੇਜਰ ਕੈਨੇਰਾ ਬੈਕ ਬਠਿੰਡਾ, ਲਾਲ ਚੰਦ ਅਤੇ ਕੋਮਲ ਮੱਕੜ ਫੀਲਡ ਅਫ਼ਸਰ, ਕੈਨੇਰਾ ਬੈਕ ਅਮਰੀਕ ਸਿੰਘ ਰੋਡ ਬਠਿੰਡਾ ਤੋਂ ਇਲਾਵਾ 500 ਤੋਂ ਵੱਧ ਇਲਾਕੇ ਦੇ, ਸੰਦੀਪ ਸਿੰਘ, ਸਰਪੰਚ ਬਲਾਹੜ੍ਹ ਵਿੰਝੂ, ਗੁਰਪ੍ਰੀਤ ਸਿੰਘ ਸਰਪੰਚ ਮੈਂਬਰ ਅਤੇ ਵੱਖ-ਵੱਖ ਐਸੋਸੀਏਸ਼ਨ, ਯੂਨੀਅਨ ਅਤੇ ਹੁਨਰਮੰਦ, ਗੈਰ-ਹੁਨਰਮੰਦ ਅਤੇ ਪੜ੍ਹੇ-ਲਿਖੇ ਬੇਰੁਜ਼ਗਾਰ ਸ਼ਾਮਲ ਹੋਏ ਸਨ।
ਇਸ ਮੌਕੇ ਸ.ਇੰਦਰਜੀਤ ਸਿੰਘ ਮਾਨ ਨੇ ਦੱਸਿਆ ਕਿ ਝੋਨੇ ਦੀ ਪਰਾਲੀ, ਕਣਕ ਦੇ ਨਾੜ ਅਤੇ ਖੇਤਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਨਾਲ ਵਾਤਾਵਰਣ ਦੇ ਖਰਾਬ ਹੋਣ ਦੇ ਨਾਲ-ਨਾਲ ਕਿਸਾਨਾਂ ਦੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਜਿਸ ਨਾਲ ਹਰ ਸਾਲ ਕਿਸਾਨਾਂ ਨੂੰ ਵੱਖ-ਵੱਖ ਖਾਦਾਂ ਅਤੇ ਕੀਟ-ਨਾਸ਼ਕ ਦਵਾਈਆਂ ਦੀ ਵਰਤੋਂ ਵਧੇਰੇ ਕਰਨੀ ਪੈਂਦੀ ਹੈ। ਜਿਸ ਕਾਰਣ ਕਿਸਾਨਾਂ ਦੀ ਉਪਜ਼ ਉੱਪਰ ਲਾਗਤ ਦਾ ਖਰਚਾ ਵੱਧ ਜਾਂਦਾ ਹੈ ਅਤੇ ਪ੍ਰਤੀ ਸਾਲ ਕਣਕ, ਝੋਨਾ ਆਦਿ ਦੀ ਕਵਾਲਟੀ ਵਿੱਚ ਕਮੀ ਆਉਂਦੀ ਹੈ। ਜਿਸ ਨਾਲ ਖੇਤੀਬਾੜੀ ਦਾ ਧੰਦਾ ਘਾਟਾ ਵਾਲਾ ਸੌਦਾ ਬਣਦਾ ਜਾ ਰਿਹਾ ਹੈ। ਇਸੇ ਲਈ ਚੇਅਰਮੈਨ ਸ. ਇੰਦਰਜੀਤ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਚੰਡੀਗੜ੍ਹ ਵੱਲੋਂ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਸਕੀਮ ਆਫ ਖਾਦੀ ਅਤੇ ਗ੍ਰਾਮ ਉਦਯੋਗ ਕਮੀਸ਼ਨ, ਚੰਡੀਗੜ੍ਹ ਦੀ ਸਕੀਮ ਚਲਾ ਰਿਹਾ ਹੈ। ਇਸ ਸਕੀਮ ਤਹਿਤ ਐਗਰੋ-ਵੇਸਡ ਇਕਾਈਆਂ ਨੂੰ ਤਰਜੀਤ ਦਿੱਤੀ ਜਾਵੇਗੀ।ਉਨ੍ਹਾਂ ਨੇ ਅੱਗੇ ਦੱਸਿਆ ਕਿ ਪਰਾਲੀ ਸਾੜਨਾ ਜੋ ਪੰਜਾਬ ਦੇ ਕਿਸਾਨਾਂ ਲਈ ਇੱਕ ਸਮੱਸਿਆ ਨੂੰ ਜਾਣ ਕੇ ਪਹਿਲ ਦੇ ਆਧਾਰ ਤੇ ਪਰਾਲੀ ਦੀ ਪ੍ਰੋਸੈਸਿੰਗ ਅਤੇ ਫਿਉਲ ਬਰਿਕਸ, ਦਾਲਾ, ਚੌਲਾਂ, ਵੇਸਣ,ਆਟਾ, ਦਲੀਆ ਅਤੇ ਬੇਕਰੀ ਆਦਿ ਦੀਆਂ ਇਕਾਈਆਂ ਸਥਾਪਿਤ ਕਰਵਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਹਰੇਕ ਬਲਾਕ ਵਿੱਚ ਪਰਾਲੀ ਦੀ ਪ੍ਰੋਸੈਸਿੰਗ ਅਤੇ ਫਿਉਲ ਬਰਿਕਸ, ਇਕਾਈਆਂ ਸਥਾਪਿਤ ਕਰਵਾਈਆਂ ਜਾਣਗੀਆਂ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਖੇਤਾਂ ਦੀ ਰਹਿੰਦ-ਖੂੰਹਦ, ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਸਾੜਨ ਦੀ ਨੋਬਤ ਨਹੀਂ ਆਵੇਗੀ। ਇਸ ਤੋਂ ਇਲਾਵਾ ਆਉਣ ਵਾਲੇ ਸਾਲਾਂ ਵਿੱਚ ਕਿਸਾਨ ਆਪਣੇ ਝੋਨੇ ਦੀ ਪਰਾਲੀ, ਕਣਕ ਦੇ ਨਾੜ ਅਤੇ ਖੇਤਾਂ ਦੀ ਰਹਿੰਦ-ਖੂੰਹਦ ਵੀ ਵੇਚਿਆ ਕਰਨਗੇ, ਜਿਸ ਨਾਲ ਵੀ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਖਾਦੀ ਬੋਰਡ ਦੀਆਂ ਸਕੀਮਾਂ ਦਾ ਫਾਈਦਾ ਉਠਾ ਕੇ ਆਪਣੇ ਸਵੈ-ਰੋਜ਼ਗਾਰ ਅਪਣਾਉਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।
ਕਾਲਜ ਆਫ਼ ਵੈਟਰਨਰੀ ਸਾਇੰਸ ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੇ ਜਿੱਤਿਆ ਚਾਂਦੀ ਦਾ ਤਮਗਾ
ਸੁਖਜਿੰਦਰ ਮਾਨ
ਬਠਿੰਡਾ, 9 ਨਵੰਬਰ:ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ, ਗਡਵਾਸੂ ਦੇ ਵਿਦਿਆਰਥੀਆਂ ਨੇ 17ਵੇਂ ਆਲ ਇੰਡੀਆ ਵੈਟਰਨਰੀ ਕਾਲਜਜ਼ ਬੈਡਮਿੰਟਨ, ਟੇਬਲ ਟੈਨਿਸ ਟੂਰਨਾਮੈਂਟ ਅਤੇ ਪ੍ਰੋਫੈਸ਼ਨਲ ਕੁਇਜ਼ ਮੁਕਾਬਲੇ ਵਿੱਚ ਸਿਲਵਰ ਮੈਡਲ ਚਾਂਦੀ ਦਾ ਤਮਗਾ ਜਿੱਤਿਆ ਹੈ। ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ, ਗਡਵਾਸੂ ਦੇ ਵਿਦਿਆਰਥੀਆਂ ਦੀ ਟੀਮ ਨੇ 31 ਅਕਤੂਬਰ ਤੋਂ 2 ਨਵੰਬਰ 2022 ਤੱਕ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸ, ਜੀਬੀਪੀਯੂਏਟੀ, ਪੰਤਨਗਰ ਵਿਖੇ ਆਯੋਜਿਤ 17ਵੇਂ ਆਲ ਇੰਡੀਆ ਵੈਟਰਨਰੀ ਕਾਲਜਜ਼ ਬੈਡਮਿੰਟਨ, ਟੇਬਲ ਟੈਨਿਸ ਟੂਰਨਾਮੈਂਟ ਅਤੇ ਪ੍ਰੋਫੈਸ਼ਨਲ ਕੁਇਜ਼ ਮੁਕਾਬਲੇ ਵਿੱਚ ਭਾਗ ਲਿਆ।
ਕਾਲਜ ਤੋਂ ਖੇਡਾਂ ਦੇ ਮੁਖੀ ਡਾ. ਰਵਿੰਦਰਨ ਦੀ ਅਗਵਾਈ ਹੇਠ 9 ਵਿਦਿਆਰਥੀਆਂ ਦੀ ਟੀਮ ਨੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਕਾਲਜ ਦੀ ਨੁਮਾਇੰਦਗੀ ਕੀਤੀ ਅਤੇ ਬੈਡਮਿੰਟਨ ਅਤੇ ਟੇਬਲ ਟੈਨਿਸ ਮੁਕਾਬਲੇ ਵਿੱਚ ਭਾਗ ਲਿਆ। ਤਾਨਿਆ ਮੁੰਜਾਲ, ਜਸਲੀਨ ਕੌਰ, ਰੂਪਨਪ੍ਰੀਤ ਅਤੇ ਮਨਪ੍ਰੀਤ ਦੀ ਟੇਬਲ ਟੈਨਿਸ ਮਹਿਲਾ ਟੀਮ ਨੇ ਉਪ ਜੇਤੂ (ਚਾਂਦੀ ਦਾ ਤਗਮਾ) ਸਥਾਨ ਹਾਸਲ ਕੀਤਾ। ਕਾਲਜ ਵੱਲੋਂ ਪਹਿਲੀ ਵਾਰ ਇਸ ਸਮਾਗਮ ਵਿੱਚ ਭਾਗ ਲੈਣ ਦੇ ਬਾਵਜੂਦ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਜਿੱਥੇ ਪੂਰੇ ਦੇਸ਼ ਤੋਂ 17 ਕਾਲਜਾਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ ਸੀ, ਉੱਥੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਡਾ. ਮਨੀਸ਼ ਕੁਮਾਰ ਚਾਟਲੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅਜਿਹੇ ਸਮਾਗਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਮਾਣਯੋਗ ਵਾਈਸ ਚਾਂਸਲਰ, ਗਡਵਾਸੂ, ਡਾ. ਇੰਦਰਜੀਤ ਸਿੰਘ ਨੇ ਵੀ ਇਸ ਪ੍ਰਾਪਤੀ ‘ਤੇ ਕਾਲਜ ਦੇ ਵਿਦਿਆਰਥੀਆਂ, ਫੈਕਲਟੀ ਅਤੇ ਡੀਨ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ।
ਹਰਜਿੰਦਰ ਸਿੰਘ ਧਾਮੀ ਮੁਡ਼ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਬੀਬੀ ਜਗੀਰ ਕੌਰ ਨੂੰ 62 ਵੋਟਾਂ ਦੇ ਫ਼ਰਕ ਨਾਲ ਹਰਾਇਆ ਧਾਮੀ ਨੂੰ 104 ਤੇ ਬੀਬੀ ਨੂੰ 42 ਵੋਟਾਂ ਹੀ ਮਿਲੀਆਂ
ਪੰਜਾਬੀ ਖ਼ਬਰਸਾਰ ਬਿਊਰੋ
ਸਵਰਗੀ ਮਾਤਾ ਸੀਤਾ ਦੇਵੀ ਜੀ ਨੂੰ ਉਨ੍ਹਾਂ ਦੀ 11ਵੀਂ ਬਰਸੀ ਮੌਕੇ ਖੂਨਦਾਨ ਕੈਂਪ ਲਗਾ ਕੇ ਕੀਤੀ ਸ਼ਰਧਾਂਜਲੀ ਭੇਟ
ਕੈਂਪ ਦੌਰਾਨ ਦੋ ਖੂਨਦਾਨੀਆਂ ਵੱਲੋਂ ਕੀਤੇ ਗਏ ਐਸ.ਡੀ.ਪੀ ਦਾਨ
ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ 46 ਯੂਨਿਟ ਖ਼ੂਨ ਇਕੱਤਰ
ਸੁਖਜਿੰਦਰ ਮਾਨ
ਬਠਿੰਡਾ, 6 ਨਵੰਬਰ। ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪ੍ਰਧਾਨ ਅਤੇ ਏ.ਆਈ.ਓ.ਸੀ.ਡੀ. ਦੇ ਕਾਰਜਕਾਰੀ ਮੈਂਬਰ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਸਮੂਹ 11 ਯੂਨਿਟਾਂ ਦੇ ਸਹਿਯੋਗ ਨਾਲ ਸਵਰਗੀ ਮਾਤਾ ਸੀਤਾ ਦੇਵੀ ਜੀ ਦੀ 11ਵੀਂ ਬਰਸੀ ਮੌਕੇ ਵਿਸ਼ਾਲ ਖ਼ੂਨਦਾਨ ਕੈਂਪ ਲਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਸ਼੍ਰੀ ਗੁਰੂ ਨਾਨਕ ਬਲੱਡ ਬੈਂਕ ਦੀ ਟੀਮ ਵੱਲੋਂ 46 ਯੂਨਿਟ ਖੂਨ ਅਤੇ ਦੋ ਯੂਨਿਟ ਐਸ.ਡੀ.ਪੀ. ਇੱਕਤਰ ਕੀਤਾ ਗਿਆ। ਉਪਰੋਕਤ ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਭਾਜਪਾ ਆਗੂ ਸਰੂਪ ਚੰਦ ਸਿੰਗਲਾ, ਪੰਜਾਬ ਭਾਜਪਾ ਦੇ ਸਕੱਤਰ ਸੁਖਪਾਲ ਸਰਾਂ, ਸੀਨੀਅਰ ਭਾਜਪਾ ਆਗੂ ਐਡਵੋਕੇਟ ਅਸ਼ੋਕ ਭਾਰਤੀ, ਸੀਨੀਅਰ ਭਾਜਪਾ ਆਗੂ ਸ਼ਾਮ ਲਾਲ ਬਾਂਸਲ, ਸਾਬਕਾ ਡਿਪਟੀ ਮੇਅਰ ਗੁਰਵਿੰਦਰ ਕੌਰ ਮਾਂਗਟ, ਪ੍ਰਸਿੱਧ ਸਮਾਜ ਸੇਵੀ ਰਮਨੀਕ ਵਾਲੀਆ, ਭਾਜਪਾ ਆਗੂ ਸੁਨੀਲ ਸਿੰਗਲਾ, ਸੋਨੀਆ ਓਬਰਾਏ, ਨਰੇਸ਼ ਮਹਿਤਾ, ਭਾਜਯੁਮੋ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ, ਸਮਾਜ ਸੇਵੀ ਵੀਨੂੰ ਗੋਇਲ, ਨਰਾਇਣ ਬਾਂਸਲ, ਵਿਜੇ ਕਾਂਸਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ, ਜਿਨ੍ਹਾਂ ਵੱਲੋਂ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਦੌਰਾਨ ਸਵਰਗੀ ਮਾਤਾ ਸੀਤਾ ਦੇਵੀ ਜੀ ਦੇ ਸਪੁੱਤਰ, ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਏ.ਆਈ.ਓ.ਸੀ.ਡੀ. ਦੇ ਕਾਰਜਕਾਰੀ ਮੈਂਬਰ ਅਸ਼ੋਕ ਬਾਲਿਆਂਵਾਲੀ, ਨਥਾਣਾ ਇਕਾਈ ਦੇ ਪ੍ਰਧਾਨ ਬਜਿੰਦਰ ਸ਼ਰਮਾ, ਤਲਵੰਡੀ ਸਾਬੋ ਇਕਾਈ ਦੇ ਪ੍ਰਧਾਨ ਨਾਨਕ ਸਿੰਘ, ਹੋਲਸੇਲ ਇਕਾਈ ਦੇ ਸੰਗਠਨ ਮੰਤਰੀ ਹਰੀਸ਼ ਟਿੰਕੂ ਅਤੇ ਆਰਸੀਏ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਵੱਲੋਂ ਖੂਨਦਾਨ ਕਰਕੇ ਮਾਤਾ ਸੀਤਾ ਦੇਵੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੈਂਪ ਦਾ ਆਗਾਜ਼ ਕੀਤਾ ਗਿਆ। ਇਸ ਦੌਰਾਨ ਦੋ ਖੂਨਦਾਨੀਆਂ ਭਾਜਪਾ ਆਗੂ ਗੁਰਦੀਪ ਸਿੰਘ ਰਾਣਾ ਸਰਪੰਚ ਅਤੇ ਸਮਾਜ ਸੇਵੀ ਪ੍ਰਦੀਪ ਗਰਗ ਨੇ ਸਵਰਗੀ ਮਾਤਾ ਸੀਤਾ ਦੇਵੀ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਐਸਡੀਪੀ ਦਾਨ ਕਰਕੇ ਡੇਂਗੂ ਮਰੀਜ਼ਾਂ ਦੀ ਜਾਨ ਬਚਾਉਣ ਦਾ ਉਪਰਾਲਾ ਕੀਤਾ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਉਪਰੋਕਤ ਕੈਂਪ ਵਿੱਚ ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਭੁੱਚੋ ਮੰਡੀ ਯੂਨਿਟ ਪ੍ਰਧਾਨ ਕ੍ਰਿਸ਼ਨ ਲਾਲ, ਰਾਮਾਂ ਮੰਡੀ ਯੂਨਿਟ ਪ੍ਰਧਾਨ ਹਰਬੰਸ ਲਾਲ, ਹੋਲਸੇਲ ਯੂਨਿਟ ਪ੍ਰਧਾਨ ਦਰਸ਼ਨ ਜੌੜਾ, ਸੰਗਤ ਮੰਡੀ ਯੂਨਿਟ ਦੇ ਜਨਰਲ ਸਕੱਤਰ ਰਾਮਸਰੂਪ ਗਰਗ, ਹੋਲਸੇਲ ਯੂਨਿਟ ਦੇ ਵੇਦ ਪ੍ਰਕਾਸ਼ ਬੇਦੀ, ਵਿਕਾਸ ਗਰਗ, ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰੀਤਮ ਸਿੰਘ ਵਿਰਕ, ਉਪ ਪ੍ਰਧਾਨ ਗੁਰਜਿੰਦਰ ਸਿੰਘ ਸਾਹਨੀ, ਸ਼ਾਮਲਾਲ ਗਰਗ, ਪੋਰੇਂਦਰ ਕੁਮਾਰ, ਐਡਵੋਕੇਟ ਗੁਰਬਿੰਦਰ ਸਿੰਘ, ਦੋਸਤ ਵੈਲਫੇਅਰ ਸੁਸਾਇਟੀ ਤੋਂ ਰਾਜੇਸ਼ ਸ਼ਰਮਾ, ਮਨਦੀਪ ਜਿੰਦਲ, ਲਵਲੀਨ ਸਚਦੇਵਾ, ਰਾਜਿੰਦਰ ਸਿੰਗਲਾ, ਬਲਦੇਵ ਸਿੰਘ, ਬਾਲਿਆਂਵਾਲੀ ਮੂਲ ਨਿਵਾਸੀ ਸਭਾ ਤੋਂ ਪ੍ਰੇਮ ਜਿੰਦਲ, ਮੋਦਨ ਸਿੰਘ ਮਾਨ, ਪਵਨ ਕੁਮਾਰ ਪਨਸਪ ਵਾਲੇ, ਸ਼ਿਸ਼ਨ ਕੁਮਾਰ ਮੋਦੀ, ਅੰਕਿਤ ਗਰਗ, ਹਿਮਾਂਸ਼ੂ ਸ਼ਰਮਾ, ਨਿਸ਼ਾਨ ਸਿੰਘ, ਸੁਖਚਰਨ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਇਸ ਦੌਰਾਨ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਤੇ ਸੀਨੀਅਰ ਭਾਜਪਾ ਆਗੂ ਸਰੂਪ ਚੰਦ ਸਿੰਗਲਾ, ਸੁਖਪਾਲ ਸਿੰਘ ਸਰਾਂ, ਅਸ਼ੋਕ ਭਾਰਤੀ ਅਤੇ ਹੋਰ ਪਤਵੰਤਿਆਂ ਨੇ ਮਾਤਾ ਸੀਤਾ ਦੇਵੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਅੱਜ ਬਾਲਿਆਂਵਾਲੀ ਪਰਿਵਾਰ ਮਾਤਾ ਜੀ ਦੇ ਦਰਸਾਏ ਸਮਾਜਿਕ ਤੇ ਧਾਰਮਿਕ ਕੰਮਾਂ ਦੇ ਮਾਰਗ ‘ਤੇ ਚੱਲ ਰਿਹਾ ਹੈ ਅਤੇ ਉਨ੍ਹਾਂ ਦੇ ਸਪੁੱਤਰ ਅਸ਼ੋਕ ਬਾਲਿਆਂਵਾਲੀ ਦੇ ਯਤਨਾਂ ਨਾਲ ਮਾਤਾ ਸੀਤਾ ਦੇਵੀ ਨੂੰ ਉਨ੍ਹਾਂ ਦੀ ਬਰਸੀ ‘ਤੇ ਖੂਨਦਾਨ ਅਤੇ ਹੋਰ ਸਮਾਜਿਕ ਕਾਰਜ ਕਰਕੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ, ਜੋ ਕਿ ਮਾਤਾ ਸੀਤਾ ਦੇਵੀ ਨੂੰ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਅਤੇ ਅਜਿਹੇ ਸਮਾਗਮਾਂ ਦੌਰਾਨ ਖੂਨਦਾਨ ਕੈਂਪ ਲਗਾਉਣਾ ਆਪਣੇ ਆਪ ਵਿੱਚ ਇੱਕ ਸ਼ਲਾਘਾਯੋਗ ਕਦਮ ਹੈ ਅਤੇ ਸਮਾਜ ਨੂੰ ਵੀ ਅਜਿਹੇ ਹੀ ਸਮਾਜਿਕ ਅਤੇ ਧਾਰਮਿਕ ਉਪਰਾਲੇ ਕਰਨੇ ਚਾਹੀਦੇ ਹਨ। ਇਸ ਦੌਰਾਨ ਅਸ਼ੋਕ ਬਾਲਿਆਂਵਾਲੀ ਨੇ ਕੈਂਪ ਵਿੱਚ ਪਹੁੰਚੇ ਸਮੂਹ ਪਤਵੰਤੇ ਸੱਜਣਾਂ, ਬਲੱਡ ਬੈਂਕ ਦੀ ਟੀਮ ਅਤੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਖੂਨਦਾਨ ਕੈਂਪ ਲਗਾਉਣ ਦਾ ਮਕਸਦ ਆਮ ਲੋਕਾਂ ਨੂੰ ਖੂਨਦਾਨ ਅਤੇ ਹੋਰ ਸਮਾਜ ਸੇਵੀ ਕੰਮਾਂ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਕੀਮਤੀ ਜਾਨਾਂ ਬਚਾਉਣ ਵਿੱਚ ਅਜਿਹੇ ਕੈਂਪ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਭਵਿੱਖ ਵਿੱਚ ਅਜਿਹੇ ਕੈਂਪ ਲਗਦੇ ਰਹਿਣਗੇ।
ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਔਨਲਾਈਨ ਅੰਤਰ ਰਾਸ਼ਟਰੀ ਕਵੀ ਦਰਬਾਰ ਕਰਵਾਇਆ
ਪ੍ਰਧਾਨਗੀ ਡਾ ਸੁਰਜੀਤ ਪਾਤਰ ਨੇ ਕੀਤੀ।
ਪੰਜਾਬੀ ਖਬਰਸਾਰ ਬਿਉਰੋ
ਲੁਧਿਆਣਾ, 8 ਨਵੰਬਰ: ਦਿਆਲ ਸਿੰਘ ਮਜੀਠੀਆ ਰੀਸਰਚ ਐਂਡ ਕਲਚਰਲ ਫੋਰਮ ਲਾਹੌਰ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਔਨਲਾਈਨ ਅੰਤਰ ਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਕੀਤੀ। ਸੁਆਗਤੀ ਸ਼ਬਦ ਬੋਲਦਿਆਂ ਡਾ ਰਜ਼ਾਕ ਸ਼ਾਹਿਦ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਮੁੱਚੇ ਵਿਸ਼ਵ ਨੂੰ ਸਰਬੱਤ ਦਾ ਭਲਾ ਮੰਗਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀ ਬੁੱਕਲ ਵਿੱਚ ਇੱਕੋ ਵੇਲੇ ਹਿੰਦੂ ਤੇ ਮੁਸਲਮਾਨ ਸਹਿਚਾਰ ਨਾਲ ਬੈਠਦੇ ਸਨ। ਉਨ੍ਹਾਂ ਕਿਹਾ ਕਿ ਦਿਆਲ ਸਿੰਘ ਮਜੀਠੀਆ ਫੋਰਮ ਵੱਲੋਂ ਪੰਜਾਬ ਦੇ ਰੰਗ ਮੈਗਜ਼ੀਨ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ, ਜਿਸ ਦਾ ਮਨੋਰਥ ਪਾਕਿਸਤਾਨ ਤੇ ਭਾਰਤ ਵਿਚਲੇ ਸਾਂਝੇ ਪੰਜਾਬਾਂ ਦੀ ਵਿਰਾਸਤ ਨੂੰ ਪੇਸ਼ ਕਰਨਾ ਹੈ।
ਇਸ ਕਵੀ ਦਰਬਾਰ ਦਾ ਸੰਚਾਲਨ ਪਾਕਿਸਤਾਨ ਵੱਸਦੇ ਪ੍ਰਮੁੱਖ ਪੰਜਾਬੀ ਕਵੀ ਅਫ਼ਜ਼ਲ ਸਾਹਿਰ ਨੇ ਕੀਤਾ। ਇਸ ਕਵੀ ਦਰਬਾਰ ਵਿੱਚ ਭਾਰਤੀ ਪੰਜਾਬ ਤੋਂ ਡਾ ਸੁਰਜੀਤ ਪਾਤਰ, ਪ੍ਰੋ ਰਵਿੰਦਰ ਭੱਠਲ,ਗੁਰਭਜਨ ਗਿੱਲ, ਤ੍ਰੈਲੋਚਨ ਲੋਚੀ,ਮਨਜਿੰਦਰ ਧਨੋਆ, ਸਰਬਜੀਤ ਕੌਰ ਜੱਸ, ਡਾ ਗੁਰਮਿੰਦਰ ਕੌਰ ਸਿੱਧੂ, ਕਰਮਜੀਤ ਸਿੰਘ ਨੂਰ, ਕੈਨੇਡਾ ਤੋਂ ਸੁਜਾਨ ਸਿੰਘ ਸੁਜਾਨ ਤੇ ਗੁਰਦੀਸ਼ ਕੌਰ ਗਰੇਵਾਲ, ਪਾਕਿਸਤਾਨ ਤੋਂ ਅਫ਼ਜ਼ਲ ਸਾਹਿਰ,ਡਾ ਰਜ਼ਾਕ ਸ਼ਾਹਿਦ, ਤੌਕੀਰ ਚੁਗਤਾਈ , ਬਾਬਾ ਗੁਲਾਮ ਹੁਸੈਨ ਨਦੀਮ ਅਮਰੀਕਾ ਤੋਂ ਗੁਰਚਰਨਜੀਤ ਸਿੰਘ ਲਾਂਬਾ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਪ੍ਰਧਾਨਗੀ ਭਾਸ਼ਨ ਦੇਂਦਿਆਂ ਡਾ ਸੁਰਜੀਤ ਪਾਤਰ ਨੇ ਕਿਹਾ ਕਿ ਸ਼ਬਦਾਂ ਦੇ ਪੁਲ ਉਸਾਰਨੇ ਬਹੁਤ ਜ਼ਰੂਰੀ ਹਨ। ਦਿਆਲ ਸਿੰਘ ਮਜੀਠੀਆ ਫੋਰਮ ਨੇ ਅਫ਼ਜ਼ਲ ਸਾਹਿਰ ਤੇ ਗੁਰਭਜਨ ਗਿੱਲ ਦੇ ਸਹਾਰੇ ਨਾਲ ਮਜਬੂਤ ਪੁਲ ਦੀ ਆਧਾਰ ਸ਼ਿਲਾ ਰੱਖੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵੰਡ ਦੇ ਦਰਦ ਨੂੰ ਚੇਤੇ ਰੱਖਦਿਆਂ ਸਾਨੂੰ ਮੁਹੱਬਤ ਦੀਆਂ ਕਲਮਾਂ ਵਾਲੇ ਗੁਲਾਬ ਲਾਉਣੇ ਚਾਹੀਦੇ ਹਨ ਤਾਂ ਜੋ ਦੱਖਣੀ ਏਸ਼ੀਆ ਦੇ ਇਨ੍ਹਾਂ ਦੋ ਮਹੱਤਵਪੂਰਨ ਮੁਲਕਾਂ ਦਾ ਅਮਨ ਸਦੀਵੀ ਬਣਾਇਆ ਜਾ ਸਕੇ। ਅਫ਼ਜ਼ਲ ਸਾਹਿਰ ਨੇ ਸਭ ਸ਼ਾਇਰਾਂ ਦਾ ਧੰਨਵਾਦ ਕੀਤਾ।
ਦੀਨਬੰਧੂ ਸਰ ਛੋਟੂ ਰਾਮ ਯਾਦਗਾਰੀ ਥਾਂ ਤੋਂ ਇਕ ਸੰਦੇਸ਼ ਲੈਣ ਕੇ ਜਾ ਰਿਹਾ ਹਾਂ – ਉਪ ਰਾਸ਼ਟਰਪਤੀ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 8 ਨਵੰਬਰ – ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਮੈਂ ਭਾਰਤ ਦੇ ਕਿਸਾਨ ਦੀ ਜਿੰਨ੍ਹੀ ਸੇਵਾ ਕਰ ਪਾਵਾਂ, ਉਨ੍ਹਾਂ ਘੱਟ ਹੈ। ਅੱਜ ਮੇਰਾ ਜੀਵਨ ਦਾ ਫੈਸਲਾਕੁਨ ਤੇ ਮਹੱਤਵਪੂਰਨ ਦਿਨ ਹੈ। ਸਾਂਪਲਾ ਦੇ ਇਕ ਦੀਨਬੰਧੂ ਸਰ ਛੋਟੂ ਰਾਮ ਯਾਦਗਾਰੀ ਥਾਂ ਤੋਂ ਇਕ ਸੰਦੇਸ਼ ਲੈਣ ਕੇ ਜਾ ਰਿਹਾ ਹਾਂ ਅਤੇ ਆਪਣੇ ਪੂਰੇ ਜੀਵਨ ਚੌਧਰੀ ਛੋਟੂ ਰਾਮ ਦੀ ਰੀਤੀ, ਨੀਤੀ ਅਤੇ ਤੌਰ-ਤਰੀਕਿਆਂ ਦਾ ਸਿਪੇਸਲਾਹਰ ਰਹਾਂਗਾ। ਉਪ-ਰਾਸ਼ਟਰਪਤੀ ਸ੍ਰੀ ਧਨਖੜ ਜਿਲਾ ਰੋਹਤਕ ਦੇ ਸਾਂਪਲਾ ਸਥਿਤ ਦੀਨਬੰਧੂ ਸਰ ਛੋਟੂਰਾਮ ਦੇ ਯਾਦਗ਼ਾਰੀ ਥਾਂ ‘ਤੇ ਆਯੋਜਿਤ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਇਸ ਥਾਂ ‘ਤੇ ਆ ਕੇ ਉਨ੍ਹਾਂ ਨੂੰ ਜਿੰਨ੍ਹੀ ਖੁਸ਼ੀ ਅਤੇ ਊਰਜ ਮਿਲੀ ਹੈ, ਉਨ੍ਹਾਂ ਨੂੰ ਉਹ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ ਹਨ। ਮੌਸਮ ਖਰਾਬ ਹੋਣ ਕਾਰਣ ਸੜਕ ਤੋਂ ਆਉਣਾ ਪਿਆ। ਇਸ ਥਾਂ ‘ਤੇ ਆਉਣ ਲਈ ਗਾਡੀ ਨਹੀਂ ਹੁੰਦੀ, ਤਦ ਵੀ ਮੈਂ ਜ਼ਰੂਰ ਪੁੱਜਦਾ। ਇਸ ਥਾਂ ‘ਤੇ ਆਉਣਾ ਮੇਰੇ ਜੀਵਨ ਦਾ ਇਕ ਫੈਸਲਾਕੁਨ ਤੇ ਮਹੱਤਵਪੂਰਨ ਦਿਨ ਹੈ। ਅੱਜ ਮੈਂ ਇੱਥੇ ਤੋਂ ਇੱਕ ਸੰਦੇਸ਼ ਲੈ ਕੇ ਜਾ ਰਿਹਾ ਹਾਂ ਅਤੇ ਉਸ ਸੰਦੇਸ਼ ਦੇ ਨਾਲ ਜੀਵਨ ਭਰ ਚੌਧਰੀ ਛੋਟੂਰਾਮ ਦੀ ਰੀਤੀ, ਨੀਤੀ ਤੇ ਤੌਰ-ਤਰੀਕਿਆਂ ਦਾ ਸਿਪੇਹਸਾਲਾਰ ਵੱਜੋਂ ਚਲਦਾ ਰਹਾਂਗਾ। ਆਪਣੇ ਜੀਵਨ ਵਿਚ ਭਾਰਤ ਦੇ ਕਿਸਾਨ ਦੀ ਜਿੰਨ੍ਹਾਂ ਸੇਵਾ ਕਰ ਪਾਵਾਂ, ਉਨ੍ਹਾਂ ਘੱਟ ਹੈ।
ਉਨ੍ਹਾਂ ਕਿਹਾ ਕਿ ਬਜੁਰਗਾਂ ਦਾ ਆਸ਼ੀਰਵਦਾ ਹਰ ਹਾਲ ਵਿਚ ਮਿਲਣਾ ਚਾਹੀਦਾ ਹੈ। ਮੇਰੇ ਵਰਗੇ ਕਿਸਾਨ ਪੁੱਤਰ ਨੂੰ ਇੱਥੇ ਆ ਕੇ ਜੋ ਸਨਮਾਨ ਦਿੱਤਾ ਗਿਆ ਹੈ। ਉਸ ਦੇ ਅਸਲੀ ਹੱਕਦਾਰ ਸਾਡੇ ਬਜੁਰਗ ਹਨ। ਉਨ੍ਹਾਂ ਕਿਹਾ ਕਿ ਚੌਧਰੀ ਛੋਟੂ ਰਾਮ ਵਰਗੇ ਮਹਾਨ ਲੋਕਾਂ ਨੇ ਇਤਿਹਾਸ ਰਚਿਆ ਹੈ। ਚੌਧਰੀ ਛੋਟੂ ਰਾਮ ਦੇ ਵਿਚਾਰ ਵੇਖਇਏ ਕਿ ਉਨ੍ਹਾਂ ਨੇ ਸਨ 1923 ਵਿਚ ਭਵਿੱਖ ਦੀਆਂ ਲੋਂੜ੍ਹਾਂ ਅਨੁਸਾਰ ਭਾਖੜਾ ਬੰਨ੍ਹਾਂ ਦਾ ਚਿੰਤਨ ਕੀਤਾ। ਮੈਂ ਚੌਧਰੀ ਛੋਟੂ ਰਾਮ ਦੀ ਜਨਮ ਭੂਮੀ ਨੂੰ ਨਮਸਕਾਰ ਕਰਦਾ ਹਾਂ। ਹਰਿਆਣਾ ਦੀ ਭੂਮੀ ਪਵਿਤਰ ਭੂਮੀ ਹੈ। ਜਿੱਥੇ ਅਜਿਹੇ ਮਹਾਪੁਰਖਾਂ ਨੇ ਜਨਮ ਲਿਆ। ਉਪ-ਰਾਸ਼ਟਰਪਤੀ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਹਾਨ ਅਤੇ ਊਰਜਾਵਨ ਹਨ ਅਤੇ 6 ਅਗਸਤ ਨੂੰ ਚੁਣੇ ਜਾਣ ਤੋਂ ਬਾਅਦ ਮੁੱਖ ਮੰਤਰੀ ਮਨਹੋਰ ਲਾਲ ਨੇ ਉਨ੍ਹਾਂ ਨੂੰ ਹਰਿਆਣਾ ਆਉਣ ਦੀ ਸ਼ੁਰੂਆਤ ਇਸ ਥਾਂ ਤੋਂ ਕਰਨ ਲਈ ਕਹੀ, ਜਿਸ ਲਈ ਉਨ੍ਹਾਂ ਨੇ ਧੰਨਵਾਦੀ ਹਨ। ਚੁਣੇ ਜਾਣ ਤੋਂ ਬਾਅਦ ਦੇਸ਼ ਭਰ ਦੇ ਕਿਸਾਨ ਆਸ਼ੀਰਵਾਦ ਦੇਣ ਆਏ। ਉਸ ਦੌਰਾਨ ਸਾਂਸਦ ਵਿਜੇਂਦਰ ਸਿੰਘ ਨੇ ਮੈਨੂੰ ਚੌਧਰੀ ਛੋਟੂ ਰਾਮ ਦੀ ਪੰਜ ਪੁਸਤਕਾਂ ਭੇਂਟ ਕੀਤੀ, ਜੋ ਅੱਜ ਮੇਰੇ ਲਾਇਬ੍ਰੇਰੀ ਦੀ ਸੱਭ ਤੋਂ ਮਹੱਤਵਪੂਰਨ ਕਿਤਾਬਾਂ ਹਨ। ਇੰਨ੍ਹਾਂ ਕਿਤਾਬਾਂ ਨਾਲ ਮੈਨੂੰ ਜੀਵਨ ਭਰ ਊਰਜਾ ਅਤੇ ਦਿਸ਼ਾ ਮਿਲਦੀ ਰਹੇਗੀ। ਉਨ੍ਹਾਂ ਕਿਹਾ ਕਿ ਚੌਧਰੀ ਛੋਟੂਰਾਮ ਦੀ ਕਮੀ ਤਾਂ ਸਰਦਾਰ ਵਲੱਭ ਭਾਈ ਪਟੇਲ ਨੇ ਵੀ ਮਹਿਸੂਸ ਕੀਤੀ ਸੀ। ਜੇਕਰ ਬਦਲਾਓ ਲਿਆਉਣਾ ਹੈ ਤਾਂ ਚੌਧਰੀ ਛੋਟੂ ਰਾਮ ਦੀ ਗੱਲਾਂ ‘ਤੇ ਅਮਲ ਕਰਨਾ ਹੋਵੇਗਾ।
ਇਸ ਮੌਕੇ ‘ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਉਪ-ਰਾਸ਼ਟਰਪਤੀ ਦਾ ਹਰਿਆਣਾ ਵਿਚ ਪਹਿਲੀ ਵਾਰ ਆਉਣ ‘ਤੇ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਪਹਿਲੇ ਹਰਿਆਣਾ ਨੂੰ ਖੇਤੀਬਾੜੀ ਪ੍ਰਧਾਨ ਸੂਾ ਕਿਹਾ ਜਾਂਦਾ ਸੀ। ਸਰਕਾਰ ਯਤਨ ਕਰ ਰਹੀ ਹੈ ਕਿ ਹੁਣ ਹਰਿਆਣਾ ਨੂੰ ਖੇਤੀਬਾੜੀ ਪ੍ਰਧਾਨ ਬਣਾਇਆ ਜਾਵੇਗਾ। ਕਿਸਾਨਾਂ ਨੂੰ ਆਮਦਨ ਕਿਵੇਂ ਵੱਧੇ ਇਸ ਨੂੰ ਲੈ ਕੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹਰਿਆਣਾ ਹਰ ਖੇਤਰ ਵਿਚ ਅੱਗੇ ਹੈ। ਆਬਾਦੀ ਅਤੇ ਖੇਤਰ ਦੇ ਹਿਸਾਬ ਨਾਲ ਹਰਿਆਣਾ ਦੇਸ਼ ਦਾ ਮੋਹਰੀ ਸੂਬਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜੀਡੀਪੀ ਦੇ ਹਿਸਾਬ ਨਾਲ ਵੀ ਹਰਿਆਣਾ ਕਾਫੀ ਅੱਗੇ ਹੈ। ਹਰਿਆਣਾ ਦੇ ਖਿਡਾਰੀ ਦੁਨਿਆ ਵਿਚ ਆਪਣਾ ਨਾਂਅ ਕਮਾ ਰਹੇ ਹਨ ਅਤੇ ਸੈਨਾ ਵਿਚ ਵੀ ਸਾਡੇ ਸੂਬੇ ਦੀ ਹਿੱਸੇਦਾਰੀ 10 ਫੀਸਦੀ ਤੋਂ ਵੱਧ ਹੈ। ਇਸ ਮੌਕੇ ‘ਤੇ ਵੱਖ-ਵੱਖ ਖਾਪ ਨੁਮਾਇੰਦਿਆਂ ਨੇ ਉਪ-ਰਾਸ਼ਟਰਪਤੀ ਨੂੰ ਸ਼ਾਲ ਅਤੇ ਭਾਈਚਾਰੇ ਦਾ ਪ੍ਰਤੀਕ ਹੁੱਕਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਉਪ-ਰਾਸ਼ਟਰਪਤੀ ਦੀ ਧਰਮਪਤਨੀ ਡਾ. ਸੁਦੇਸ਼ ਧਨਖੜ, ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ, ਸਾਂਸਦ ਬਿਜੇਂਦਰ ਸਿੰਘ, ਭਾਜਪਾ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਸਾਬਕਾ ਮੰਤਰੀ ਮਨੀਸ਼ ਕੁਮਾਰ ਗਰੋਵਰ ਆਦਿ ਹਾਜਿਰ ਰਹੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਤੋਂ ਇੱਕ ਦਿਨ ਪਹਿਲਾਂ ਬਾਦਲਾਂ ਵਿਰੁਧ ਵੱਡੀ ਬਗਾਵਤ
ਸਾਬਕਾ ਵਿਧਾਇਕ ਬਲਵੀਰ ਸਿੰਘ ਘੁੰਨਸ ਨੇ ਬੀਬੀ ਜੰਗੀਰ ਕੌਰ ਦੀ ਡਟਵੀਂ ਹਿਮਾਇਤ ਦਾ ਕੀਤਾ ਐਲਾਨ
ਸੁਖਦੇਵ ਸਿੰਘ ਢੀਂਢਸਾ ਨੇ ਸ਼੍ਰੀ ਅੰਮਿ੍ਰਤਸਰ ਸਾਹਿਬ ਵਿਖੇ ਲਗਾਏ ਡੇਰੇ
ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਬੀਬੀ ਦੀ ਕੀਤੀ ਹਿਮਾਇਤ
ਸੁਖਜਿੰਦਰ ਮਾਨ
ਬਠਿੰਡਾ, 8 ਨਵੰਬਰ : ਭਲਕੇ 9 ਨਵੰਬਰ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸਮਝੀ ਜਾਂਦੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਸਾਹਿਬ ਦੇ ਪ੍ਰਧਾਨ ਅਤੇ ਹੋਰਨਾਂ ਅਹੁੱਦੇਦਾਰਾਂ ਦੀ ਹੋਣ ਜਾ ਰਹੀ ਸਲਾਨਾ ਚੋਣ ਤੋਂ ਇੱਕ ਦਿਨ ਪਹਿਲਾਂ ਬਾਦਲਾਂ ਵਿਰੁਧ ਵੱਡੀ ਬਗਾਵਤ ਹੋ ਗਈ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਦਾਅਵੇਦਾਰ ਰਹੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਤੇ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਅੱਜ ਖੁੱਲੇ ਤੌਰ ’ਤੇ ਬੀਬੀ ਜੰਗੀਰ ਕੌਰ ਦੀ ਹਿਮਾਇਤ ’ਤੇ ਨਿੱਤਰ ਆਏ ਹਨ। ਉਨ੍ਹਾਂ ਦੁਆਰਾ ਬਰਨਾਲਾ ਵਿਖੇ ਅਪਣੀ ਰਿਹਾਇਸ਼ ’ਤੇ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਹਿਲਾਂ ਹੀ ਬਾਦਲ ਵਿਰੁਧ ਚੱਲ ਰਹੇ ਇੱਕ ਹੋਰ ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੁੰਘਾ ਵੀ ਮੌਜੂਦ ਰਹੇ। ਅਪਣੀ ਪ੍ਰੈਸ ਕਾਨਫਰੰਸ ਦੌਰਾਨ ਹਾਲਾਂਕਿ ਸੰਤ ਘੁੰਨਸ ਨੇ ਖੁੱਲ ਕੇ ਸੁਖਬੀਰ ਸਿੰਘ ਬਾਦਲ ਵਿਰੁਧ ਨਿਸ਼ਾਨੇ ਲਗਾਏ ਪ੍ਰੰਤੂ ਉਨ੍ਹਾਂ ਪੱਕਾ ਅਕਾਲੀ ਰਹਿਣ ਦਾ ਐਲਾਨ ਕਰਦਿਆਂ ਕਿਹਾ ਕਿ ‘‘ ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਪ੍ਰਵਾਰ ਦੀ ਜੰਗੀਰ ਨਹੀਂ ਤੇ ਇਹ ਸਿੱਖਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨਾਲ ਹੋਂਦ ਵਿਚ ਆਈ ਸੰਸਥਾ ਹੈ। ’’ ਸੰਤ ਘੁੰਨਸ ਨੇ ਬਰਗਾੜੀ ਬੇਅਦਬੀ ਤੇ ਗੋਲੀ ਕਾਂਡ ਲਈ ਬਾਦਲ ਪ੍ਰਵਾਰ ਨੂੰ ਵੀ ਜਿੰਮੇਵਾਰ ਮੰਨਦਿਆਂ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੇ ਨਾਲ ਰਹਿਣ ਕਰਨ ਦੇ ਚੱਲਦੇ ਉਹ ਵੀ ਸਿੱਖ ਪੰਥ ਤੋਂ ਮੁਆਫ਼ੀ ਮੰਗਦੇ ਹਨ ਤੇ ਜਲਦੀ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਪੇਸ਼ ਹੋ ਕੇ ਭੁੱਲ ਬਖ਼ਸਾਉਣਗੇ। ਇਸਤੋਂ ਇਲਾਵਾ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਕਰਨ ਲਈ ਭੱਜ ਨੱਠ ਕਰ ਰਹੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਢਸਾ ਵੀ ਅੱਜ ਚੋਣਾਂ ਤੋਂ ਪਹਿਲਾਂ ਸ਼੍ਰੀ ਅੰਮਿ੍ਰਤਸਰ ਸਾਹਿਬ ਵਿਖੇ ਬੀਬੀ ਜੰਗੀਰ ਕੌਰ ਦੀ ਹਿਮਾਇਤ ਵਿਚ ਡਟ ਗਏ ਹਨ। ਉਨ੍ਹਾਂ ਵੀ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪਣੀ ਜਮੀਰ ਦੀ ਅਵਾਜ਼ ਸੁਣਕੇ ਬੀਬੀ ਜੰਗੀਰ ਕੌਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਸ: ਢੀਂਢਸਾ ਨੇ ਬੇਅਦਬੀ ਤੇ ਹੋਰਨਾਂ ਮਾਮਲਿਆਂ ਲਈ ਬਾਦਲਾਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਦਾਅਵਾ ਕੀਤਾ ਕਿ ‘‘ ਇਹ ਸਹੀ ਸਮਾਂ ਹੈ ਜਦ ਸੁਖਬੀਰ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਬੀਬੀ ਜੀ ਨੂੰ ਵੋਟ ਪਾ ਕੇ ਦਿੱਤਾ ਜਾ ਸਕਦਾ ਹੈ। ’’ ਦੁੂਜੇ ਪਾਸੇ ਪੰਜਾਬ ਤੋਂ ਇਲਾਵਾ ਹਰਿਆਣਾ ਵਿਚ ਵੀ ਭਾਜਪਾ ਵਲੋਂ ਕਥਿਤ ਤੌਰ ’ਤੇ ਬਾਦਲ ਪ੍ਰਵਾਰ ਦੀ ਪਿੱਠ ਲਗਾਉਣ ਲਈ ਦਿਖਾਈ ਜਾ ਰਹੀ ਸਰਗਰਮੀ ਸਾਹਮਣੇ ਆਈ ਹੈ। ਪਤਾ ਲੱਗਿਆ ਹੈ ਕਿ ਬੀਤੇ ਕੱਲ ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ ਸਿੰਘ ਝੀਂਡਾ ਨਾਲ ਬੰਦ ਕਮਰਾ ਮੀਟਿੰਗ ਕਰਨ ਦੀ ਸੂਚਨਾ ਹੈ। ਪਤਾ ਲੱਗਿਆ ਹੈ ਕਿ ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਵਲੋਂ 9 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਹੋ ਰਹੀ ਚੋਣ ਸਬੰਧੀ ਚਰਚਾ ਕੀਤੀ ਹੈ। ਜਿਕਰ ਕਰਨਾ ਬਣਦਾ ਹੈ ਕਿ ਹਰਿਆਣਾ ਨਾਲ ਸਬੰਧਤ ਇੱਕ ਦਰਜ਼ਨ ਦੇ ਕਰੀਬ ਮੈਂਬਰ ਹਨ, ਜਿੰਨ੍ਹਾਂ ਵਲੋਂ ਭਲਕੇ ਅਪਣੀ ਵੋਟ ਦਾ ਇਸਤੇਮਾਲ ਕੀਤਾ ਜਾਣਾ ਹੈ। ਹਰਿਆਣਾ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਪਹਿਲਾਂ ਹੀ ਖੁੱਲੇ ਤੌਰ ’ਤੇ ਬੀਬੀ ਜੰਗੀਰ ਕੌਰ ਦੀ ਹਿਮਾਇਤ ’ਤੇ ਡਟੇ ਹੋਏ ਹਨ। ਇਸੇ ਤਰ੍ਹਾਂ ਦਿੱਲੀ ਕਮੇਟੀ ਦਾ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਅਹੁੱਦੇਦਾਰ ਵੀ ਬਾਦਲਾਂ ਵਿਰੁਧ ਭੁਗਤ ਰਹੇ ਹਨ। ਜਿਸਦੇ ਚੱਲਦੇ ਸੰਭਾਵਨਾ ਜਤਾਈ ਜਾ ਰਹੀ ਹੈ ਭਲਕੇ ਬੀਬੀ ਜੰਗੀਰ ਕੌਰ ਤੇ ਹਰਜਿੰਦਰ ਸਿੰਘ ਧਾਮੀ ਵਿਚਕਾਰ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ।
ਬਾਕਸ
ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੌਜੂਦਾ ਸਥਿਤੀ
ਚੰਡੀਗੜ੍ਹ: ਦਸਣਾ ਬਣਦਾ ਹੈ ਕਿ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਦੇ 170 ਮੈਂਬਰ ਚੁਣੇ ਜਾਂਦੇ ਹਨ, ਜਦੋਂਕਿ 15 ਮੈਂਬਰਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਕਰੀਬ 26 ਮੈਂਬਰਾਂ ਵਲੋਂ ਅਸਤੀਫ਼ੇ ਦਿੱਤੇ ਹੋਏ ਹਨ ਤੇ ਕੁੱਝ ਦਾ ਦਿਹਾਂਤ ਹੋ ਚੁੱਕਿਆ ਹੈ। ਇਸਤੋਂ ਇਲਾਵਾ ਕੁੱਝ ਵਿਦੇਸ਼ ਵਿਚ ਵੀ ਬੈਠੇ ਹੋਏ ਹਨ। ਜਿਸਦੇ ਚੱਲਦੇ 145 ਦੇ ਕਰੀਬ ਮੈਂਬਰਾਂ ਵਲੋਂ ਅਪਣੀ ਵੋਟ ਦਾ ਇਸਤੇਮਾਲ ਕਰਨ ਦੀ ਸੰਭਾਵਨਾ ਹੈ।






