ਸੀਨੀਅਰ ਮੀਤ ਪ੍ਰਧਾਨ ਦੀ ਜ਼ੁੰਮੇਵਾਰੀ ਬਲਜਿੰਦਰ ਸਿੰਘ ਨੂੰ ਦਿੱਤੀ
ਸੁਖਜਿੰਦਰ ਮਾਨ
ਬਠਿੰਡਾ,8 ਨਵੰਬਰ: ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜਿਲ੍ਹਾ ਬਠਿੰਡਾ ਦਾ ਪ੍ਰਤੀਨਿਧ ਇਜਲਾਸ ਟੀਚਰਜ਼ ਹੋਮ ਬਠਿੰਡਾ ਵਿਖੇ ਹੋਇਆ।ਜਿਸ ਵਿੱਚ ਜਿਲ੍ਹੇ ਦੀ ਪ੍ਰਤੀਨਿਧ ਕੌੰਸਲ ਦੇ ਸਾਰੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦਰਸ਼ਕ ਅਧਿਆਪਕ ਵੀ ਸ਼ਾਮਿਲ ਹੋਏ।ਸੂਬਾ ਅਬਜ਼ਰਬਰ ਵਜੋਂ ਡੀ.ਟੀ.ਐਫ. ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸੁੱਖੀ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਹਾਜ਼ਰ ਹੋਏ।ਚੋਣ ਇਜਲਾਸ ਵਿੱਚ ਜੱਥੇਬੰਦੀ ਦੇ ਜਿਲ੍ਹਾ ਵਿੱਤ ਸਕੱਤਰ ਅਨਿਲ ਭੱਟ ਨੇ ਜਿਲ੍ਹੇ ਵਿੱਤ ਰਿਪੋਰਟ ਪੇਸ਼ ਕੀਤੀ। ਜਿਲ੍ਹਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਨੇ ਜੱਥੇਬੰਦੀ ਦੇ ਉਦੇਸ਼ਾ ਬਾਰੇ ਵਿਸਥਾਰਿਤ ਵਿਚਾਰ ਪੇਸ਼ ਕੀਤੇ । ਰੇਸ਼ਮ ਸਿੰਘ ਨੇ ਪਿਛਲੇ ਤਿੰਨ ਸਾਲਾਂ ਦੀ ਜੱਥੇਬੰਦਕ ਕੀਤੇ ਐਕਸ਼ਨਾਂ ਬਾਰੇ ਜਥੇਬੰਦਕ ਰਿਪੋਰਟ ਪੇਸ਼ ਕੀਤੀ।ਚੋਣ ਇਜਲਾਸ ਵਿੱਚ ਸਿੱਖਿਆ ਨੀਤੀ 2020 ਰੱਦ ਕਰਨ ਅਤੇ ਪੰਜਾਬ ਸਮੇਤ ਹੋਰਨਾਂ ਰਾਜਾਂ ਵਿੱਚ ਫਿਰਕਾ ਪ੍ਰਸਤੀ ਪ੍ਰਤੀ ਫਲਾਏ ਜਾ ਰਹੇ ਮਾਹੌਲ ਵਿਰੁੱਧ ਮਤੇ ਪਾਸ ਕੀਤੇ ਗਏ ।ਚੋਣ ਇਜਲਾਸ ਵਿਚ ਰੇਸ਼ਮ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ,ਬਲਜਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਨੂੰ ਜ਼ਿਲ੍ਹਾ ਸਕੱਤਰ ਚੁਣਿਆ ਗਿਆ। ਰੇਸ਼ਮ ਸਿੰਘ ਦੀ ਪ੍ਰਧਾਨਗੀ ਵਿੱਚ ਚੁਣੀ ਗਈ ਜ਼ਿਲ੍ਹਾ ਕਮੇਟੀ ਵਿੱਚੋਂ ਮੀਤ ਪ੍ਰਧਾਨ ਵਿਕਾਸ ਗਰਗ ਰਾਮਪੁਰਾ, ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ,ਵਿੱਤ ਸਕੱਤਰ ਅਨਿਲ ਭੱਟ ਅਤੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ ਨੂੰ ਚੁਣਿਆ ਗਿਆ । ਚੋਣ ਇਜਲਾਸ ਵਿੱਚ ਕਵਸ਼ਰੀ ਦੇ ਪ੍ਰੀਤ ਗਰੁੱਪ ਢੱਡੇ ਦੇ ਮਾਸਟਰ ਜਗਸੀਰ ਸਿੰਘ ਸੁਖਰਾਜ ਸਿੰਘ ਸੰਦੋਹਾ ਅਤੇ ਬਲਕਰਨ ਸਿੰਘ ਨੇ ਜਥੇਬੰਦਕ ਕਵੀਸ਼ਰੀਆਂ ਪੇਸ਼ ਕੀਤੀਆਂ ।ਜ਼ਿਲ੍ਹਾ ਪ੍ਰਤੀਨਿਧ ਇਜਲਾਸ ਨੇ ਪੰਜਾਬ ਸਰਕਾਰ ਤੋਂ ਪੂਰਨ ਰੂਪ ਵਿੱਚ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਬਕਾਏ ਜਾਰੀ ਕਰਨ ਡੀ.ਏ. ਨੂੰ ਕੇਂਦਰ ਨਾਲ ਲਿੰਕ ਕਰਦਿਆਂ ਰਹਿੰਦੀ ਚਾਰ ਫ਼ੀਸਦੀ ਡੀ.ਏ. ਦੀ ਕਿਸ਼ਤ ਤੁਰੰਤ ਜਾਰੀ ਕਰੇ।ਕੰਪਿਊਟਰ ਅਧਿਆਪਕਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰਨ ਕੱਚੇ ਅਧਿਆਪਕਾਂ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਤੁਰੰਤ ਲਾਗੂ ਕਰਨ ਅਤੇ ਰਹਿੰਦੇ ਕੱਚੇ ਮੁਲਾਜ਼ਮ ਅਤੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਨਵੀਂ ਨੀਤੀ ਲਿਆਉਣ, ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ, ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਹਰ ਪ੍ਰਕਾਰ ਦੇ ਵਜ਼ੀਫੇ ਦੀ ਰਾਸ਼ੀ ਹਰ ਸਾਲ 30 ਅਪ੍ਰੈਲ ਤਕ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਾਉਣ ਦੀ ਮੰਗ, ਬਾਰ੍ਹਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੁਬਾਰਾ ਹਜ਼ਾਰਾ ਰੁਪਏ ਲਈ ਜਾਂਦੀ ਪ੍ਰੀਖਿਆ ਫ਼ੀਸ ਮੁਆਫ਼ ਕਰਨ, ਪੰਜਵੀਂ/ ਅੱਠਵੀਂ/ ਦਸਵੀਂ/ ਬਾਰ੍ਹਵੀਂ ਦੇ ਵਿਦਿਆਰਥੀਆਂ ਦੇ ਪਾਸ ਹੋਣ ਤੋਂ ਬਾਅਦ ਸਿੱਖਿਆ ਬੋਰਡ ਵੱਲੋਂ ਨੰਬਰ ਨੰਬਰ ਕਾਰਡ ਜਾਰੀ ਕਰਨ ਦੀ ਲਈ ਜਾਂਦੀ ਫੀਸ ਵਾਪਸ ਲੈਣ ਦੀ ਮੰਗ, ਓ. ਐਲ .ਡੀ. ਯੂਨੀਵਰਸਿਟੀ ਵਾਲੇ ਅਧਿਆਪਕਾਂ ਦਾ ਮਸਲਾ ਹੱਲ ਕਰਨ ,180ਈ ਟੀ ਟੀ ਅਧਿਆਪਕਾਂ ਉੱਪਰ ਸੱਤਵੇਂ ਕੇਂਦਰੀ ਪੇਅ ਕਮਿਸ਼ਨ ਦੀ ਸ਼ਰਤ ਹਟਾ ਕੇ ਛੇਵਾਂ ਪੰਜਾਬ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਮੰਗ ਡੀ.ਟੀ.ਐਫ.ਦੇ ਜ਼ਿਲ੍ਹਾ ਚੋਣ ਇਜਲਾਸ ਵਿੱਚ ਪੁਰਜ਼ੋਰ ਢੰਗ ਨਾਲ ਉਠਾਈ ਗਈ।ਇਜਲਾਸ ਵਿਚ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਸਰਕਾਰ ਨੇ ਅਧਿਆਪਕਾਂ ਦੀਆਂ ਉਕਤ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀ ਵੱਲੋਂ ਤਿੱਖੇ ਸੰਘਰਸ਼ ਵਿੱਢੇ ਜਾਣਗੇ ।
ਡੀ ਟੀ ਐੱਫ ਦੇ ਇਜਲਾਸ ਨੇ ਰੇਸ਼ਮ ਸਿੰਘ ਨੂੰ ਪ੍ਰਧਾਨ ਜਸਵਿੰਦਰ ਸਿੰਘ ਨੂੰ ਸਕੱਤਰ ਚੁਣਿਆ
ਡਾ. ਇੰਦਰਬੀਰ ਸਿੰਘ ਨਿੱਜਰ ਨੇ ਤਾਜਪੁਰ ਰੋਡ ਡੰਪ ਸਾਈਟ ‘ਤੇ ਵਿਰਾਸਤੀ ਰਹਿੰਦ-ਖੂੰਹਦ ਦੇ ਬਾਇਓਰੀਮੀਡੀਏਸ਼ਨ ਪਲਾਂਟ ਦਾ ਉਦਘਾਟਨ ਕੀਤਾ
ਨਗਰ ਨਿਗਮ ਲੁਧਿਆਣਾ ਵੱਲੋਂ ਫੇਜ਼-1 ਤਹਿਤ 27.17 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਲੱਖ ਟਨ ਕੂੜਾ ਕਰਕਟ ਦੀ ਨਿਕਾਸੀ ਕਰੇਗਾ: ਡਾ: ਨਿੱਜਰ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 8 ਨਵੰਬਰ:ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਮੰਗਲਵਾਰ ਨੂੰ ਤਾਜਪੁਰ ਰੋਡ ਡੰਪ ਸਾਈਟ ‘ਤੇ ਵਿਰਾਸਤੀ ਰਹਿੰਦ-ਖੂੰਹਦ ਦੇ ਬਾਇਓਰੀਮੀਡੀਏਸ਼ਨ ਪਲਾਂਟ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਜੋ ਅਗਲੇ 22 ਮਹੀਨਿਆਂ ਵਿੱਚ ਆਪਣੇ ਪਹਿਲੇ ਪੜਾਅ ਤਹਿਤ ਪੰਜ ਲੱਖ ਟਨ ਵਿਰਾਸਤੀ ਰਹਿੰਦ-ਖੂੰਹਦ ਦੀ ਨਿਕਾਸੀ ਕਰੇਗਾ। ਇਸ ਪ੍ਰੋਜੈਕਟ ‘ਤੇ 27.17 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਨੂੰ ਲੁਧਿਆਣਾ ਸਮਾਰਟ ਸਿਟੀ ਮਿਸ਼ਨ ਤਹਿਤ ਚਲਾਇਆ ਜਾ ਰਿਹਾ ਹੈ। ਲੈਂਡਫਿਲ ਸਾਈਟ ਦਾ ਕੁੱਲ ਖੇਤਰਫਲ 51.36 ਏਕੜ ਹੈ ਜੋ ਕਿ ਸ਼ਹਿਰ ਤੋਂ ਲਗਭਗ 15 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਸਾਈਟ ‘ਤੇ ਕੁਲ ਇਕੱਠਾ ਹੋਇਆ ਵਿਰਾਸਤੀ ਕੂੜਾ ਲਗਭਗ 25 ਲੱਖ ਮੀਟਰਕ ਟਨ ਹੈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਦਲਜੀਤ ਸਿੰਘ ਗਰੇਵਾਲ, ਮਦਨ ਲਾਲ ਬੱਗਾ, ਹਰਦੀਪ ਸਿੰਘ ਮੁੰਡੀਆਂ, ਮੇਅਰ ਬਲਕਾਰ ਸਿੰਘ ਸੰਧੂ, ਨਗਰ ਨਿਗਮ ਕਮਿਸ਼ਨਰ ਡਾ: ਸ਼ੇਨਾ ਅਗਰਵਾਲ, ਡੀਸੀ ਸੁਰਭੀ ਮਲਿਕ, ‘ਆਪ’ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਸ਼ਰਨਪਾਲ ਸਿੰਘ ਮੱਕੜ, ‘ਆਪ’ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਹਰਭੁਪਿੰਦਰ ਸਿੰਘ ਧਰੌਰ ਅਤੇ ਹੋਰ ਵੀ ਹਾਜ਼ਰ ਸਨ।
ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਡੰਪ ਸਾਈਟ ‘ਤੇ ਇਕੱਠੇ ਹੋਏ ਵਿਰਾਸਤੀ ਰਹਿੰਦ-ਖੂੰਹਦ ਦੇ ਨਿਪਟਾਰੇ ਦੀ ਪ੍ਰਕਿਰਿਆ ਦੋ ਪੜਾਵਾਂ ਵਿੱਚ ਬਾਇਓਰੀਮੀਡੀਏਸ਼ਨ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਗਰ ਮੋਟਰਜ਼ ਨੂੰ ਪਹਿਲੇ ਪੜਾਅ ਦਾ ਕੰਮ ਸੌਂਪਿਆ ਗਿਆ ਹੈ ਜੋ ਜ਼ੀਰੋ ਲੈਂਡਫਿਲ ਤਕਨੀਕ ਦੀ ਵਰਤੋਂ ਕਰਕੇ ਆਪਣੇ ਪਲਾਂਟ ਵਿੱਚੋਂ ਰੋਜ਼ਾਨਾ 1440 ਟਨ ਕੂੜਾ ਕਰਕਟ ਨੂੰ ਸਾਫ਼ ਕਰੇਗੀ। ਉਨ੍ਹਾਂ ਕਿਹਾ ਕਿ ਠੇਕੇਦਾਰ ਨੇ ਵਾਧੂ ਮਸ਼ੀਨਰੀ ਤਾਇਨਾਤ ਕਰਨ ਅਤੇ ਸਮਾਂ ਸੀਮਾ ਤੋਂ ਪਹਿਲਾਂ ਕੰਮ ਮੁਕੰਮਲ ਕਰਨ ਲਈ ਵੀ ਸਹਿਮਤੀ ਦਿੱਤੀ ਹੈ। ਡਾ: ਨਿੱਜਰ ਨੇ ਦੱਸਿਆ ਕਿ ਬਾਕੀ ਰਹਿੰਦੇ 19.62 ਲੱਖ ਟਨ ਵਿਰਾਸਤੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਪੜਾਅ-2 ਲਈ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਸ਼ਹਿਰ ਵਾਸੀਆਂ ਨੂੰ ਕੂੜਾ ਡੰਪ ਵਾਲੀ ਥਾਂ ਤੋਂ ਨਿਕਲਣ ਵਾਲੀ ਬਦਬੂ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸਾਲਿਡ ਵੇਸਟ ਮੈਨੇਜਮੈਂਟ ਸ਼ਹਿਰਾਂ ਲਈ ਸਭ ਤੋਂ ਵੱਡੀ ਚੁਣੌਤੀਆਂ ਵਿੱਚੋਂ ਇੱਕ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੂੜੇ ਅਤੇ ਠੋਸ ਰਹਿੰਦ-ਖੂੰਹਦ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਕੇ ਪੰਜਾਬ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਲਈ ਸੁਹਿਰਦ ਯਤਨ ਕਰ ਰਹੀ ਹੈ।
ਗੁਰਪੁਰਬ ਮੌਕੇ ਮੁੱਖ ਮੰਤਰੀ ਦਾ ਵੱਡਾ ਐਲਾਨ, ਆਨੰਦ ਮੈਰਿਜ ਐਕਟ ਨੂੰ ਕੀਤਾ ਜਾਵੇਗਾ ਲਾਗੂ
ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ
ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਕੀਤੀ ਅਰਦਾਸ
ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ‘ਤੇ ਲੋਕਾਂ ਨੂੰ ਦਿੱਤੀਆਂ ਵਧਾਈਆਂ
ਪੰਜਾਬੀ ਖ਼ਬਰਸਾਰ ਬਿਉਰੋ
ਸ੍ਰੀ ਅਨੰਦਪੁਰ ਸਾਹਿਬ, 8 ਨਵੰਬਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਐਲਾਨ ਕੀਤਾ ਕਿ ਆਨੰਦ ਮੈਰਿਜ ਐਕਟ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਇਸ ਐਕਟ ਨੂੰ 2016 ਵਿੱਚ ਨੋਟੀਫਾਈ ਕੀਤਾ ਗਿਆ ਸੀ ਪਰ ਉਦੋਂ ਤੋਂ ਇਹ ਲਟਕ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਈ ਹੋਰ ਰਾਜ ਪਹਿਲਾਂ ਹੀ ਇਸ ਐਕਟ ਨੂੰ ਲਾਗੂ ਕਰ ਚੁੱਕੇ ਹਨ ਪਰ ਪੰਜਾਬ ਇਸ ਤੋਂ ਪਛੜ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਐਕਟ ਨੂੰ ਹੁਣ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਜਾਵੇਗਾ।ਮੁੱਖ ਮੰਤਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਅਰਦਾਸ ਕੀਤੀ ਕਿ ਸੂਬੇ ਵਿੱਚ ਫ਼ਿਰਕੂ ਸਾਂਝ, ਸ਼ਾਂਤੀ ਅਤੇ ਭਾਈਚਾਰੇ ਦੀਆਂ ਭਾਵਨਾਵਾਂ ਹਰ ਲੰਘਦੇ ਦਿਨ ਨਾਲ ਜ਼ਿਆਦਾ ਮਜ਼ਬੂਤ ਹੋਣ ਅਤੇ ਪੰਜਾਬ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰੇ। ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ‘ਤੇ ਸੰਗਤ ਨੂੰ ਹਾਰਦਿਕ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਮਹਾਨ ਅਧਿਆਤਮਕ ਆਗੂ ਸਨ, ਜਿਨ੍ਹਾਂ ਮਨੁੱਖਤਾ ਨੂੰ ਪਰਮਾਤਮਾ ਦੀ ਭਗਤੀ ਰਾਹੀਂ ਮੁਕਤੀ ਪ੍ਰਾਪਤ ਕਰਨ ਦਾ ਰਾਹ ਦਿਖਾਇਆ। ਭਗਵੰਤ ਮਾਨ ਨੇ ਕਿਹਾ ਕਿ ਗੁਰੂ ਜੀ ਦੀਆਂ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੀਆਂ ਸਦੀਵੀ ਸਿੱਖਿਆਵਾਂ ਅਜੋਕੇ ਪਦਾਰਥਵਾਦੀ ਸਮਾਜ ਵਿੱਚ ਵੀ ਪ੍ਰਸੰਗਿਕ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਰਹਿਤ ਸਮਾਜ ਦੀ ਕਲਪਨਾ ਕੀਤੀ ਸੀ ਤਾਂ ਕਿ ਦੁਖੀ ਮਨੁੱਖਤਾ ਨੂੰ ਤਕਲੀਫ਼ਾਂ ਤੋਂ ਮੁਕਤ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਨਵੇਂ ਵਿਚਾਰਾਂ, ਆਦਰਸ਼ਾਂ ਅਤੇ ਜਿਗਿਆਸਾਵਾਂ ਨਾਲ ਪ੍ਰੇਰਿਤ ਕੀਤਾ ਅਤੇ ਪਾਖੰਡ, ਝੂਠ, ਫ਼ਰੇਬ ਅਤੇ ਜਾਤ-ਪਾਤ ਦੀਆਂ ਬੁਰਾਈਆਂ ਤੋਂ ਛੁਟਕਾਰਾ ਪਾਉਣ ਦਾ ਸੱਦਾ ਦਿੱਤਾ। ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਾਨ ਗੁਰੂ ਦੁਆਰਾ ਦਰਸਾਈ ਸੇਵਾ ਅਤੇ ਨਿਮਰਤਾ ਦੀ ਭਾਵਨਾ ਨੂੰ ਅਪਨਾਉਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਮੁੱਲੀ ਵਿਰਾਸਤ ‘ਤੇ ਚੱਲਦਿਆਂ ਸ਼ਾਂਤਮਈ, ਖ਼ੁਸ਼ਹਾਲ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਤਨਦੇਹੀ ਨਾਲ ਯਤਨ ਕਰਨ।ਮੁੱਖ ਮੰਤਰੀ ਨੇ ਲੋਕਾਂ ਨੂੰ ਇਸ ਪਵਿੱਤਰ ਮੌਕੇ ਨੂੰ ਜਾਤ, ਰੰਗ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਉਪਰ ਉੱਠ ਕੇ ਪੂਰੀ ਸ਼ਰਧਾ ਅਤੇ ਲਗਨ ਨਾਲ ਮਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਪਣੀਆਂ ਉਦਾਸੀਆਂ ਕਾਰਨ ਸੰਸਾਰ ਭਰ ਵਿੱਚ ਜਗਤ ਗੁਰੂ ਵਜੋਂ ਸਤਿਕਾਰੇ ਜਾਂਦੇ ਗੁਰੂ ਨਾਨਕ ਦੇਵ ਜੀ ਨੇ ਫ਼ਿਰਕੂ ਸਾਂਝ ਅਤੇ ਭਾਈਚਾਰਕ ਤੰਦਾਂ ਨੂੰ ਮਜ਼ਬੂਤ ਕਰਨ ਦਾ ਪ੍ਰਚਾਰ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਮੁਗਲ ਬਾਦਸ਼ਾਹ ਬਾਬਰ ਦੇ ਹਮਲੇ ਸਮੇਂ ਜ਼ੁਲਮ, ਅਨਿਆ ਅਤੇ ਅੱਤਿਆਚਾਰ ਦਾ ਡਟ ਕੇ ਵਿਰੋਧ ਕੀਤਾ।ਗੁਰਬਾਣੀ ਦੀ ਤੁਕ ‘ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਜੀ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤ ਦੀ ਮਾਤਾ ਨਾਲ ਤੁਲਨਾ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਗੁਰੂ ਜੀ ਦੀ ਦੂਰਅੰਦੇਸ਼ ਸੋਚ ਦੀ ਪਤਾ ਇਸ ਗੱਲੋਂ ਲੱਗਦਾ ਹੈ ਕਿ ਉਨ੍ਹਾਂ ਉਸ ਸਮੇਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਦਾ ਉਪਦੇਸ਼ ਦਿੱਤਾ ਸੀ, ਜਦੋਂ ਹਵਾ ਪ੍ਰਦੂਸ਼ਣ ਕਿਤੇ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਰੀ ਸ਼ਕਤੀਕਰਨ ਅਤੇ ਸਮਾਜ ਵਿੱਚ ਔਰਤਾਂ ਨੂੰ ਬਰਾਬਰੀ ਦਾ ਦਰਜਾ ਦੇਣ ਦੇ ਪੱਕੇ ਪੈਰੋਕਾਰ ਸਨ।
ਥਰਮਲ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਅਗਲੇ ਸੰਘਰਸਾਂ ਦੀ ਤਿਆਰੀ ਸੰਬੰਧੀ ਕੀਤੀ ਕਨਵੈਨਸ਼ਨ
ਪਿਛਲੀਆਂ ਸਰਕਾਰਾਂ ਦੀ ਤਰਾਂ ਆਪ ਸਰਕਾਰ ਵੀ ਠੇਕਾ ਮੁਲਾਜ਼ਮਾਂ ਨਾਲ਼ ਕਰ ਰਹੀ ਏ ਧੋਖਾ:-ਮੋਰਚਾ ਆਗੂ
ਸੁਖਜਿੰਦਰ ਮਾਨ
ਲਹਿਰਾ ਮੁਹੱਬਤ, 8 ਨਵੰਬਰ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਅੱਜ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋੰ ਥਰਮਲ ਦੇ ਮੁੱਖ ਗੇਟ ਤੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਅਗਲੇ ਸੰਘਰਸਾਂ ਦੀ ਤਿਆਰੀ ਸੰਬੰਧੀ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ,ਗੁਰਵਿੰਦਰ ਸਿੰਘ ਪੰਨੂੰ,ਜਗਸੀਰ ਸਿੰਘ ਭੰਗੂ,ਬਾਦਲ ਸਿੰਘ ਭੁੱਲਰ,ਬਲਜਿੰਦਰ ਸਿੰਘ ਮਾਨ ਨੇ ਸਮੂਹ ਸਰਕਾਰੀ ਵਿਭਾਗਾਂ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋੰ ਵਿਭਾਗਾਂ ਵਿੱਚ ਰੈਗੂਲਰ ਨਾ ਕਰਨ ਦੀ ਸ਼ਖਤ ਸਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਅੱਜ ਜਦੋਂ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਗਲਤ ਨੀਤੀਆਂ ਕਾਰਨ ਮਹਿੰਗਾਈ ਅਸ਼ਮਾਨ ਨੂੰ ਛੂਹ ਰਹੀ ਹੈ,ਉਸ ਸਮੇਂ ਪੰਜਾਬ ਸਰਕਾਰ ਵੱਲੋੰ ਸਮੂਹ ਵਿਭਾਗਾਂ ਦੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਦੀਆਂ ਲੰਬੀਆਂ ਸੇਵਾਵਾਂ ਨੂੰ ਅਣ-ਵੇਖਿਆ ਕਰਕੇ ਨਾ ਹੀ ਤਾਂ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਪੱਕਾ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਕੋਈ ਉਚਿੱਤ ਵਾਧਾ ਕੀਤਾ ਜਾ ਰਿਹਾ ਹੈ,ਜਦੋਂ ਕਿ ਲੇਬਰ ਐਕਟ 1948 ਦੇ ਫਾਰਮੂਲੇ ਅਤੇ ਅੱਜ ਦੀ ਅੱਤ ਦੀ ਮਹਿੰਗਾਈ ਮੁਤਾਬਿਕ ਇੱਕ ਅਣ-ਸਿੱਖਿਅਤ ਠੇਕਾ ਮੁਲਾਜ਼ਮ ਨੂੰ ਘੱਟੋ-ਘੱਟ ਪੱਚੀ ਹਜ਼ਾਰ ਰੁਪਏ ਤਨਖ਼ਾਹ ਤਹਿ ਕਰਨੀ ਬਣਦੀ ਹੈ। ਆਗੂਆਂ ਨੇ ਕਿਹਾ ਕਿ ਆਪਣੇ-ਆਪ ਨੂੰ ਲੋਕ ਹਿਤੈਸ਼ੀ ਕਹਾਉਣ ਵਾਲੀ ਆਪ ਸਰਕਾਰ ਵੱਲੋੰ ਜਿੱਥੇ ਸਮੂਹ ਸਰਕਾਰੀ ਵਿਭਾਗਾਂ ਦੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਵੱਲੋੰ ਪਿਛਲੇ ਲੰਬੇ ਅਰਸ਼ੇ ਤੋਂ ਸਮੂਹ ਸਰਕਾਰੀ ਵਿਭਾਗਾਂ ਵਿੱਚ ਦਿੱਤੀਆਂ ਜਾ ਰਹੀਆਂ ਲਗਾਤਾਰ ਸੇਵਾਵਾਂ ਨੂੰ ਅਣ-ਵੇਖਿਆ ਕਰਕੇ ਪਾਵਰਕਾਮ ਸਮੇਤ ਸਮੂਹ ਸਰਕਾਰੀ ਵਿਭਾਗਾਂ ਵਿੱਚ ਬਾਹਰੋਂ ਨਵੀਂ ਸਿੱਧੀ ਭਰਤੀ ਕਰਕੇ ਵੱਖ-ਵੱਖ ਵਿਭਾਗਾਂ ਵਿੱਚੋਂ ਠੇਕਾ ਮੁਲਾਜ਼ਮਾਂ ਦੀਆਂ ਛਾਂਟੀਆਂ ਕੀਤੀਆਂ ਜਾ ਰਹੀਆਂ ਹਨ,ਉੱਥੇ ਹੀ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਦੀ ਡਿਉਟੀ ਦੌਰਾਨ ਮੌਤ ਹੋਣ ਤੇ ਪਰਿਵਾਰਾਂ ਨੂੰ ਕੋਈ ਯੋਗ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਵੀ ਨਹੀਂ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਵੱਖ-ਵੱਖ ਵਿਭਾਗਾਂ ਵਿੱਚੋਂ ਛਾਂਟੀ ਕੀਤੇ ਠੇਕਾ ਮੁਲਾਜ਼ਮਾਂ ਨੂੰ ਮੁੜ ਨੌਕਰੀ ਤੇ ਮੁੜ ਬਹਾਲ ਕੀਤਾ ਜਾ ਰਿਹਾ ਹੈ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਸਮੇਤ ਹੋਰਾਂ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਚਾਰ-ਚਾਰ ਮਹੀਨੇ ਤੱਕ ਨਿਗੂਣੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ।ਇਸ ਸਭ ਦੇ ਬਾਵਜੂਦ ਮੁੱਖ ਮੰਤਰੀ ਪੰਜਾਬ ਵੱਲੋੰ ਹਿਮਾਚਲ ਅਤੇ ਗੁਜਰਾਤ ਵਿੱਚ ਜਾਕੇ ਪੰਜਾਬ ਦੇ ਪੀੜਿਤ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੇ ਸੰਬੰਧ ਵਿੱਚ ਮਗਰਮੱਛ ਦੇ ਹੰਝੂ ਕੇਰਕੇ ਵੋਟਾਂ ਵਟੋਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ,ਪਰ ਪੰਜਾਬ ਵਿੱਚ ਸਮੂਹ ਵਿਭਾਗਾਂ ਦੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਦੀ ਸ਼ਾਰ ਤੱਕ ਨਹੀਂ ਲਈ ਜਾ ਰਹੀ,ਜਿਸ ਦੇ ਵਿਰੋਧ ਵਜੋਂ ਸਮੂਹ ਵਿਭਾਗਾਂ ਦੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮ “ਮੋਰਚੇ” ਦੇ ਬੈਨਰ ਹੇਠ 15 ਅਤੇ 16 ਨਵੰਬਰ ਨੂੰ ਦੋ ਦਿਨਾਂ ਦੀ ਇਤਫ਼ਾਕੀ ਛੁੱਟੀ ਦੇਕੇ ਵਿਭਾਗਾਂ ਦੇ ਕੰਮ ਨੂੰ ਮੁਕੰਮਲ ਜਾਮ ਕਰਕੇ ਆਪਣੇ-ਆਪਣੇ ਵਿਭਾਗਾਂ ਦੇ ਦਫਤਰਾਂ ਅੱਗੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਧਰਨੇ ਦੇਣਗੇ।ਇਸ ਸਮੇਂ ਹਾਜ਼ਿਰ ਆਗੂਆਂ ਨੇ ਆਪ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਵਿੱਚ ਬਾਹਰੋਂ ਕੀਤੀ ਜਾ ਰਹੀ ਸਿੱਧੀ ਭਰਤੀ ਨੂੰ ਰੱਦ ਕਰਕੇ ਸਮੂਹ ਵਿਭਾਗਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਸਮੂਹ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਵਿਭਾਗਾਂ ਵਿੱਚ ਰੈਗੂਲਰ ਕੀਤਾ ਜਾਵੇ,ਸਮੂਹ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਕੇ ਠੇਕੇਦਾਰਾਂ ਅਤੇ ਕੰਪਨੀਆਂ ਨੂੰ ਵਿਭਾਗਾਂ ਵਿੱਚੋਂ ਬਾਹਰ ਕੀਤਾ ਜਾਵੇ,ਸਮੂਹ ਵਿਭਾਗਾਂ ਵਿੱਚੋਂ ਛਾਂਟੀ ਕੀਤੇ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਨੌਕਰੀ ਤੇ ਬਹਾਲ ਕੀਤਾ ਜਾਵੇ,ਡਿਉਟੀ ਦੌਰਾਨ ਆਪਣੀ ਜਾਨ ਗਵਾ ਚੁੱਕੇ ਠੇਕਾ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ,ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਤਨਖ਼ਾਹ ਸਮੇਂ ਸਿਰ ਦਿੱਤੀ ਜਾਵੇ।
ਕੇਂਦਰੀ ਯੂਨੀਵਰਸਿਟੀ ਦੇ 47 ਵਿਦਿਆਰਥੀਆਂ ਨੇ ਯੂਜੀਸੀ ਨੇਟ ਪਰੀਖਿਆ ਵਿੱਚ ਸਫਲਤਾ ਪ੍ਰਾਪਤ ਕੀਤੀ
ਸੁਖਜਿੰਦਰ ਮਾਨ
ਬਠਿੰਡਾ, 8 ਨਵੰਬਰ: ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 47 ਵਿਦਿਆਰਥੀਆਂ ਨੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਕਰਵਾਏ ਗਏ ਨੈਸ਼ਨਲ ਐਲੀਜੀਬਿਲਟੀ ਟੈਸਟ (ਯੂਜੀਸੀ-ਨੇਟ) ਪਰੀਖਿਆ ਨੂੰ ਪਾਸ ਕੀਤਾ ਹੈ। 5 ਨਵੰਬਰ 2022 ਨੂੰ ਐਨਟੀਏ ਦੁਆਰਾ ਐਲਾਨੇ ਦਸੰਬਰ 2021 ਅਤੇ ਜੂਨ 2022 ਦੀਆਂ ਪ੍ਰੀਖਿਆਵਾਂ ਦੇ ਵਿਲੀਨ ਚੱਕਰ ਦੇ ਨਤੀਜਿਆਂ ਵਿੱਚ ਯੂਨੀਵਰਸਿਟੀ ਦੇ 15 ਵੱਖ-ਵੱਖ ਵਿਭਾਗਾਂ ਦੇ 47 ਵਿਦਿਆਰਥੀਆਂ ਨੇ ਅਸਿਸਟੈਂਟ ਪ੍ਰੋਫੈਸਰਸ਼ਿਪ ਲਈ ਯੋਗਤਾ ਪ੍ਰਾਪਤ ਕੀਤੀ ਹੈ।ਕੁੱਲ 47 ਵਿਦਿਆਰਥੀਆਂ ਵਿੱਚੋਂ, 12 ਨੇ ਅਸਿਸਟੈਂਟ ਪ੍ਰੋਫੈਸਰਸ਼ਿਪ ਦੇ ਨਾਲ-ਨਾਲ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐਫ) ਲਈ ਯੋਗਤਾ ਵੀ ਪੂਰੀ ਕੀਤੀ ਹੈ।ਇਸ ਪਰੀਖਿਆ ਵਿੱਚ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿੱਚੋਂ ਸਭ ਤੋਂ ਵੱਧ 6 ਵਿਦਿਆਰਥੀ ਪਾਸ ਹੋਏ। ਇਸ ਤੋਂ ਬਾਅਦ ਕਾਨੂੰਨ ਵਿਭਾਗ ਅਤੇ ਮਾਸ ਕਮਿਊਨੀਕੇਸ਼ਨ ਐਂਡ ਮੀਡੀਆ ਸਟੱਡੀਜ਼ ਵਿਭਾਗ ਤੋਂ 5-5 ਵਿਦਿਆਰਥੀ ਪਾਸ ਹੋਏ। ਹੋਰ ਵਿਸ਼ਿਆਂ ਜਿਨ੍ਹਾਂ ਤੋਂ ਵਿਦਿਆਰਥੀ ਇਸ ਪਰੀਖਿਆ ਲਈ ਯੋਗਤਾ ਪੂਰੀ ਕਰਦੇ ਹਨ, ਉਨ੍ਹਾਂ ਵਿੱਚ ਹਿੰਦੀ, ਪੰਜਾਬੀ, ਸਰੀਰਕ ਸਿੱਖਿਆ, ਅਪਲਾਈਡ ਐਗਰੀਕਲਚਰ, ਵਾਤਾਵਰਨ ਵਿਗਿਆਨ ਅਤੇ ਤਕਨਾਲੋਜੀ, ਮਨੋਵਿਗਿਆਨ, ਵਿੱਤੀ ਪ੍ਰਸ਼ਾਸਨ, ਆਰਥਿਕ ਅਧਿਐਨ, ਪ੍ਰਫੋਰਮਿੰਗ ਅਤੇ ਲਲਿਤ ਕਲਾ, ਇਤਿਹਾਸ, ਭੂਗੋਲ ਅਤੇ ਸਮਾਜ ਸ਼ਾਸਤਰ ਸ਼ਾਮਲ ਹਨ।
ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਯੂਜੀਸੀ- ਨੇਟ ਪਰੀਖਿਆਵਾਂ ਪਾਸ ਕੀਤੀਆਂ ਹਨ। ਉਨ੍ਹਾਂਨੇ ਜ਼ਿਕਰ ਕੀਤਾ ਕਿ ਇਹ ਸਫਲਤਾ ਹਾਲ ਹੀ ਵਿੱਚ ਲਾਗੂ ਕੀਤੇ ਗਏ ਨਵੀਨਤਾਕਾਰੀ ਸੁਧਾਰਾਂ ਦਾ ਨਤੀਜਾ ਹੈ, ਜਿਸ ਵਿੱਚ ਐਲਓਸੀਐਫ ਅਧਾਰਤ ਪਾਠਕ੍ਰਮ ਵਿਕਾਸ, ਵਿਦਿਆਰਥੀ ਕੇਂਦਰਿਤ ਸਿੱਖਿਆ ਅਤੇ ਇੱਕ ਨਵੀਨਤਾਕਾਰੀ ਅਧਿਆਪਨ-ਸਿਖਲਾਈ ਅਤੇ ਮੁਲਾਂਕਣ ਪ੍ਰਕਿਰਿਆ ਸ਼ਾਮਲ ਹਨ। ਉਨ੍ਹਾਂ ਨੇ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਇਹ ਉਪਲਬਧੀ ਹਾਸਲ ਕੀਤੀ ਹੈ।
ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਸਾਬਕਾ ਪ੍ਰਧਾਨ ਜੇ ਸੀ ਪਰਿੰਦਾ ਨਹੀਂ ਰਹੇ
ਸੁਖਜਿੰਦਰ ਮਾਨ
ਬਠਿੰਡਾ, 8 ਨਵੰਬਰ : ਪੰਜਾਬੀ ਸਾਹਿਤ ਸਭਾ ( ਰਜਿ) ਬਠਿੰਡਾ ਦੇ ਸਾਬਕਾ ਪ੍ਰਧਾਨ ਸ਼੍ਰੀ ਜੇ ਸੀ ਪਰਿੰਦਾ ਨਾਮੁਰਾਦ ਬਿਮਾਰੀ ਨਾਲ ਜੂਝਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਸਭਾ ਦੇ ਮੌਜੂਦਾ ਪ੍ਰਧਾਨ ਜਸਪਾਲ ਮਾਨਖੇੜਾ ਅਤੇ ਕਹਾਣੀਕਾਰ ਅਤਰਜੀਤ ਅਨਸਾਰ ਜੇ ਸੀ ਪਰਿੰਦਾ ਕੁਸ਼ਲ ਪ੍ਰਬੰਧਕ ਅਤੇ ਸੂਝਵਾਨ ਇਨਸਾਨ ਸਨ। ਜਾਣਕਾਰੀ ਦਿੰਦੇ ਹੋਏ ਪ੍ਰੈੱਸ ਸਕੱਤਰ ਅਮਨ ਦਾਤੇਵਾਸੀਆ ਨੇ ਦੱਸਿਆ ਕਿ ਜੇ ਸੀ ਪਰਿੰਦਾ ਨੇ ਨਾਮੁਰਾਦ ਬਿਮਾਰੀ ਕੈੰਸਰ ਨਾਲ ਜੱਦੋ ਜਹਿਦ ਕਰਦਿਆਂ ਵੀ ਸਭਾ ਦੇ ਸਾਹਿਤਕ ਪ੍ਰੋਗਰਾਮਾਂ ਦੀ ਦਿਲਚਸਪੀ ਅਤੇ ਉਤਸ਼ਾਹ ਨਾਲ ਅਗਵਾਈ ਕਰਦਿਆਂ ਨਿੱਘਰ ਯੋਗਦਾਨ ਪਾਇਆ। ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਅਤੇ ਖਚਾਨਚੀ ਜਰਨੈਲ ਭਾਈਰੂਪਾ ਅਨੁਸਾਰ ਜੇ ਸੀ ਪਰਿੰਦਾ ਮਿੱਠ ਬੋਲੜੇ ਹਲੀਮੀ ਭਰੇ ਇਨਸਾਨ ਸਨ। ਸਾਹਿਤ ਸਭਾ ਦੇ ਵੱਖ ਵੱਖ ਅਹੁਦੇਦਾਰਾਂ ਗੁਰਦੇ ਖੋਖਰ, ਭੋਲਾ ਸ਼ਮੀਰੀਆ, ਰਣਬੀਰ ਰਾਣਾ, ਅਗਾਜਵੀਰ, ਡਾ ਰਵਿੰਦਰ ਸੰਧੂ, ਪ੍ਰਿੰਸੀਪਲ ਜਸਬੀਰ ਢਿੱਲੋਂ , ਸੇਵਕ ਸ਼ਮੀਰੀਆ, ਬਲਵਿੰਦਰ ਸਿੰਘ ਭੁੱਲਰ, ਦਿਲਬਾਗ ਸਿੰਘ, ਵਿਕਾਸ ਕੌਂਸਲ, ਧਰਮਪਾਲ, ਪ੍ਰਿੰਸੀਪਲ ਅਮਰਜੀਤ ਸਿੰਘ, ਲੀਲਾ ਸਿੰਘ ਰਾਇ, ਕੰਵਲਜੀਤ ਕੁਟੀ ਹੋਰਾਂ ਨੇ ਜੇ ਸੀ ਪਰਿੰਦਾ ਦੀ ਬੇਵਕਤੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਟੀਬੀ ਪੀੜ੍ਹਤ ਮਰੀਜ਼ਾਂ ਨੂੰ ਵੰਡੀਆਂ ਫੂਡ ਕਿੱਟਾਂ
ਗੋਨਿਆਣਾ ਹਸਪਤਾਲ ਦਾ ਦੌਰਾ ਕਰਕੇ ਲਿਆ ਜਾਇਜ਼ਾ
ਮਰੀਜ਼ਾ ਦਾ ਜਾਣਿਆ ਹਾਲ-ਚਾਲ
ਸੁਖਜਿੰਦਰ ਮਾਨ
ਬਠਿੰਡਾ, 8 ਨਵੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਕੇਂਦਰ ਤੇ ਸੂਬਾ ਸਰਕਾਰ ਵਲੋਂ ਟੀਬੀ ਰੋਗ ਦੇ ਖ਼ਾਤਮੇ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਦੀ ਲੜੀ ਤਹਿਤ ਜ਼ਿਲ੍ਹੇ ਅੰਦਰ ਪੈਂਦੇ ਪੀਐਚਸੀ ਗੋਨਿਆਣਾ ਵਿਖੇ ਟੀਬੀ ਰੋਗ ਤੋਂ ਪੀੜ੍ਹਤ ਮਰੀਜ਼ਾਂ ਨੂੰ 194 ਮੁਫ਼ਤ ਫੂਡ ਕਿੱਟਾਂ (ਸੁੱਕਾ ਰਾਸ਼ਨ ਤੇ ਤੇਲ ਆਦਿ) ਮੁਹੱਈਆ ਕਰਵਾਈਆਂ ਗਈਆਂ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਨ੍ਹਾਂ ਫੂਡ ਕਿੱਟਾਂ ਵਿੱਚੋਂ 100 ਫੂਡ ਕਿੱਟ ਸਪੋਰਟ ਕਿੰਗ, 32 ਫੂਡ ਕਿੱਟਾਂ ਸਮਰਪਣ ਵੈਲਫ਼ੇਅਰ ਸੁਸਾਇਟੀ ਅਤੇ 62 ਫੂਡ ਕਿੱਟਾ ਰੈੱਡ ਕਰਾਸ ਸੁਸਾਇਟੀ ਵਲੋਂ ਪ੍ਰਦਾਨ ਕੀਤੀਆਂ ਗਈਆਂ। ਉਨ੍ਹਾਂ ਫੂਡ ਕਿੱਟਾਂ ਦੀ ਵੰਡ ਉਪਰੰਤ ਸਹਿਯੋਗੀ ਸੰਸਥਾਵਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਪੋਰਟ ਕਿੰਗ ਵਲੋਂ ਛੇ ਮਹੀਨਿਆਂ ਲਈ ਹਰ ਮਹੀਨੇ 100 ਟੀਬੀ ਫੂਡ ਕਿੱਟ ਮੁਹੱਈਆ ਕਰਵਾਈ ਜਾਵੇਗੀ।ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਲੋਂ ਗੋਨਿਆਣਾ ਹਸਪਤਾਲ ਦਾ ਵਿਸ਼ੇਸ਼ ਤੌਰ ਤੇ ਦੌਰਾ ਕਰਕੇ ਜਾਇਜ਼ਾ ਵੀ ਲਿਆ ਗਿਆ ਅਤੇ ਹਸਪਤਾਲ ਵਿਖੇ ਦਾਖ਼ਲ ਮਰੀਜ਼ਾ ਦਾ ਹਾਲ-ਚਾਲ ਜਾਣਿਆ। ਇਸ ਮੌਕੇ ਉਨ੍ਹਾਂ ਸਮੂਹ ਡਾਕਟਰਾਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਮਰੀਜ਼ਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਾ ਆਉਣ ਦਿੱਤੀ ਜਾਵੇ।ਇਸ ਦੌਰਾਨ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ, ਜ਼ਿਲ੍ਹਾ ਟੀਬੀ ਅਫ਼ਸਰ ਡਾ ਰੋਜ਼ੀ ਅਗਰਵਾਲ, ਐਸਐਮਓ ਗੋਨਿਆਣਾ ਡਾ ਅਨਿੱਲ ਗੋਇਲ, ਸਪੋਰਟ ਕਿੰਗ ਦੇ ਪ੍ਰਧਾਨ ਸ਼੍ਰੀ ਸ਼ਿਵ ਕੁਮਾਰ ਸ਼ਰਮਾ, ਜੀਐਮ (ਐਚਆਰ ਐਡਮਿਨ) ਸ਼੍ਰੀ ਰਜਿੰਦਰ ਪਾਲ ਅਤੇ ਸਕੱਤਰ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਆਦਿ ਹਾਜ਼ਰ ਸਨ।
23 ਸਾਲ ਪਹਿਲਾਂ ਬਾਦਲਾਂ ਨੇ ਜਥੇਦਾਰ ਟੋਹੜਾ ਨੂੰ ਹਟਾਕੇ ਬੀਬੀ ਜੰਗੀਰ ਨੂੰ ਕਮੇਟੀ ਦੀ ਬਣਾਇਆ ਸੀ ਪਹਿਲੀ ਔਰਤ ਪ੍ਰਧਾਨ
ਜਿਸ ਬੀਬੀ ਨੂੰ ਵਿਧਾਇਕ, ਮੰਤਰੀ ਤੇ ਪ੍ਰਧਾਨ ਬਣਾਇਆ, ਉਸੇ ਨੇ ਅੱਜ ਮੁੜ ਇਤਿਹਾਸ ਦੁਹਰਾਇਆ
ਆਖ਼ਰਕਾਰ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਦਿਖਾਇਆ ਬਾਹਰ ਦਾ ਰਾਸਤਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ‘ਤੇ ਅੜੀ ਬੀਬੀ ਵਿਰੁੱਧ ਕੀਤੀ ਸਖਤ ਕਾਰਵਾਈ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 7 ਨਵੰਬਰ: ਜੇਕਰ ਸਿੱਖ ਇਤਿਹਾਸ ਦੇ ਕੁੱਝ ਪੁਰਾਣੇ ਵਰਕਿਆਂ ਨੂੰ ਫ਼ਰੋਲਿਆਂ ਜਾਵੇ ਤਾਂ ਸੱਤਾ ਦੇ ਨਸ਼ੇ ’ਚ ਚੂਰ ਬਾਦਲਾਂ ਨੇ ਜਿਸ ਬੀਬੀ ਲਈ ਬੇਦਾਗ ਸਖ਼ਸੀਅਤ ਮੰਨੇ ਜਾਂਦੇ ਪੰਥ ਰਤਨ ਮਹਰੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੂੰ ‘ਬੇਇੱਜ਼ਤ’ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚੋਂ ਕੱਢਿਆ ਸੀ, ਅੱਜ ਉਸੇ ਬੀਬੀ ਜੰਗੀਰ ਕੌਰ ਨੇ ਬਾਦਲਾਂ ਨੂੰ ਉਸੇ ਤਰ੍ਹਾਂ ਵੱਡੀ ਸਿਆਸੀ ਸੱਟ ਮਾਰ ਕੇ ਕਸੂਤੇ ਫ਼ਸਾ ਦਿੱਤਾ ਹੈ। ਹਾਲਾਂਕਿ ਪ੍ਰਧਾਨ ਦੀ ਚੋਣ ਲੜਨ ਲਈ ਮੈਦਾਨ ਵਿੱਚ ਡਟੀ ਹੋਈ ਬੀਬੀ ਜਗੀਰ ਕੌਰ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਪ੍ਰੰਤੂ ਬੀਬੀ ਜੀ ਦੇ ਪ੍ਰਵਾਰਕ ਮਸਲਿਆਂ ਤੋਂ ਲੈ ਕੇ ਕਈ ਹੋਰਨਾਂ ਮਾਮਲਿਆਂ ਵਿਚ ਪੰਥ ਦੀ ਪ੍ਰਵਾਹ ਨਾ ਕਰਨ ਵਾਲੇ ਬਾਦਲ ਪ੍ਰਵਾਰ ਨੂੰ ਅੱਜ ਮੁੜ ਪੰਥ ਦੀ ਯਾਦ ਸਤਾਉਣ ਲੱਗੀ ਹੈ। ਦੋ ਦਿਨ ਬਾਅਦ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੇ ਅਹੁੱਦੇਦਾਰਾਂ ਦੀ ਹੋਣ ਜਾ ਰਹੀ ਚੋਣ ਤੋਂ ਪਹਿਲਾਂ ਇਸ ਗੱਲ ਦਾ ਜਿਕਰ ਕਰਨਾ ਜਰੂਰੀ ਬਣਦਾ ਹੈ ਕਿ ਜਦ ਪੂਰੀ ਦੁਨੀਆਂ ’ਚ ਪੂਰੇ ਉਤਸ਼ਾਹ ਤੇ ਸਰਧਾ ਨਾਲ 1999 ਵਿਚ ਖ਼ਾਲਸਾ ਪੰਥ ਦਾ ਸਾਜ਼ਨਾ ਦਿਵਸ ਮਨਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਪੰਥ ਦੇ ਰੋਸ਼ਨ ਦਿਮਾਗ ਮੰਨੇ ਜਾਣ ਵਾਲੇ ਮਹਰੂਮ ਟੋਹੜਾ ਨੂੰ ਵੱਡੇ ਬਾਦਲ ਨੂੰ ਸਿਰਫ਼ ਇਹ ਸਲਾਹ ਦੇਣੀ ਮਹਿੰਗੀ ਪੈ ਗਈ ਸੀ ਕਿ ਉਹ ਸਰਕਾਰ ਦੇ ਮੁਖੀ ਹੋਣ ਦੇ ਨਾਤੇ ਅਪਣੀ ਥਾਂ ਸ਼੍ਰੋਮਣੀ ਅਕਾਲੀ ਦਲ ਦਾ ਕਾਰਜ਼ਕਾਰੀ ਪ੍ਰਧਾਨ ਕਿਸੇ ਹੋਰ ਨੂੰ ਬਣਾ ਦੇਣ। ਲਗਾਤਾਰ ਢਾਈ ਦਹਾਕਿਆਂ ਤੋਂ ਵੱਧ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਮੰਨੀ ਜਾਂਦੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿਣ ਵਾਲੇ ਜਥੇਦਾਰ ਟੋਹੜਾ ਵਲੋਂ ਇਹ ਬੇਨਤੀ ਕਰਨ ਦੇ ਬਾਵਜੂਦ ਕਿ ਉਹ ਖ਼ੁੁਦ ਵਿਸਾਖ਼ੀ ਦਾ ਤਿਊਹਾਰ ਲੰਘਣ ਤੋਂ ਬਾਅਦ ਇਸ ਸੰਸਥਾ ਤੋਂ ਅਸਤੀਫ਼ਾ ਦੇ ਦੇਣਗੇ, ਉਨ੍ਹਾਂ ਨੂੰ ਵਿਸਾਖੀ ਤੋਂ ਚੰਦ ਦਿਨ ਪਹਿਲਾਂ ਅਹੁੱਦੇ ਤੋਂ ਹਟਾ ਦਿੱਤਾ ਗਿਆ ਸੀ। ਹਾਲਾਂਕਿ ਟੋਹੜਾ ਦੇ ਪੱਖ ਵਿਚ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਡਟ ਕੇ ਖੜੇ ਰਹੇ ਸਨ। ਜਥੇਦਾਰ ਟੋਹੜਾ ਨੂੰ ਹਟਾਉਣ ਤੋਂ ਬਾਅਦ ਅਚਾਨਕ ਪੰਥ ਦੀ ਸਿਆਸਤ ’ਚ ਚਮਕੀ ਬੀਬੀ ਜੰਗੀਰ ਕੌਰ ਨਾਲ ਕਈ ਵਿਵਾਦ ਵੀ ਜੁੜਦੇ ਰਹੇ ਪ੍ਰੰਤੂ ਬਾਦਲਾਂ ਨੇ ਇੰਨ੍ਹਾਂ ਵਿਵਾਦਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਅਪਣੀ ਮਰਜ਼ੀ ਨਾਲ ਚਲਾਇਆ ਤੇ ਜਿਸਦਾ ਖਮਿਆਜ਼ਾ ਸ਼ਾਇਦ ਉਨ੍ਹਾਂ ਨੂੰ ਅੱਜ ਭੁਗਤਣਾ ਪੈ ਰਿਹਾ ਹੈ। ਹਾਲਾਂਕਿ ਪੰਜਾਬ ਦੀ ਸਿੱਖ ਸਿਆਸਤ ’ਚ ਡੂੰਘੀ ਨਜ਼ਰ ਰੱਖਣ ਵਾਲੇ ਪੰਥਕ ਮਾਹਰਾਂ ਦਾ ਮੰਨਣਾ ਹੈ ਕਿ ਭਾਜਪਾ ਦੀ ਡੂੰਘੀ ਦਿਲਚਪਸੀ ਦੇ ਬਾਵਜੂਦ ਹਰਜਿੰਦਰ ਸਿੰਘ ਧਾਮੀ ਮੁੜ ਗੱਦੀ ’ਤੇ ਸੁਸੋਭਿਤ ਹੋਣ ਵਿਚ ਕਾਮਯਾਬ ਰਹਿਣਗੇ ਪ੍ਰੰਤੂ ਬੀਬੀ ਸਹਿਤ 9 ਤੱਕ ਹੋਰ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਹੋਣ ਵਾਲੀ ਬਗਾਵਤ ਬਾਦਲ ਪ੍ਰਵਾਰ ਲਈ ਹੋਰ ਸਮੱਸਿਆ ਖੜੀ ਕਰ ਸਕਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਕਿਸੇ ਸਮੇਂ ਪੰਥ ਨੂੰ ਵਿਸਾਰ ਕੇ ਅਪਣੇ ਮੋਢਿਆ ’ਤੇ ਸਵਾਰ ਕਰਕੇ ਪੰਜਾਬ ਵਿਚ ਭਾਜਪਾ ਦੇ ਪੈਰ ਲੁਆਉਣ ਵਾਲੇ ਬਾਦਲ ਪ੍ਰਵਾਰ ਦੇ ਪੈਰ ਵੱਢਣ ਲਈ ਅੱਜ ਇਹੀਂ ਭਾਜਪਾ ਕਾਹਲੀ ਹੋਈ ਜਾਪਦੀ ਹੈ। ਸੰਭਾਵਨਾ ਮੁਤਾਬਕ ਭਾਜਪਾ ਦਾ ਟੀਚਾ 2024 ਤੋਂ ਪਹਿਲਾਂ ਬਾਦਲ ਪ੍ਰਵਾਰ ਨੂੰ ਸਿਆਸੀ ਤੌਰ ’ਤੇ ਕਮਜੌਰ ਕਰਨ ਦਾ ਹੈ ਤਾਂ ਕਿ ਉਨ੍ਹਾਂ ਦੇ ਥਾਂ ਕੋਈ ਹੋਰ ਜਾਨਸ਼ੀਨ ਚੁਣ ਕੇ ਅਕਾਲੀ ਦਲ ਨੂੰ ਪੰਜਾਬ ਵਿਚ ਛੋਟੇ ਭਰਾ ਦਾ ਦਰਜ਼ਾ ਦਿੱਤਾ ਜਾ ਸਕੇ। ਇੱਥੇ ਇਸ ਗੱਲ ਦਾ ਜਿਕਰ ਕਰਨਾ ਬਣਦਾ ਹੈ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੰਥਕ ਸਿਆਸਤ ਵਿਚ ਦਬਦਬਾ ਘਟਿਆ ਹੈ, ਉਥੇ ਵੱਡੀ ਤਾਦਾਦ ਵਿਚ ਟਕਸਾਲੀ ਅਕਾਲੀ ਆਗੂਆਂ ਨੇ ਵੀ ਇੰਨ੍ਹਾਂ ਨੂੰ ਅਲਵਿਦਾ ਕਹੀ ਹੈ। ਹਾਲਾਂਕਿ ਇਹ ਟਕਸਾਲੀ ਇਕੱਲੇ ਇਕੱਲੇ ਅਲੱਗ ਹੋ ਕੇ ਵਿੱਖਰੇ ਹਨ ਪ੍ਰੰਤੂ ਹੁਣ ਭਾਜਪਾ ਦੇ ਦੂਤ ਇੰਨ੍ਹਾਂ ਵਿੱਖਰੇ ਆਗੂਆਂ ਨੂੰ ਇੱਕ ਲੜੀ ’ਚ ਪਰੋ ਕੇ ਮਜਬੂਤ ਮਾਲਾ ਬਣਾਉਣ ’ਚ ਜੁਟੀ ਹੋਈ ਹੈ।
ਬੀਬੀ ਜੰਗੀਰ ਕੌਰ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਸਫ਼ਰ
ਚੰਡੀਗੜ੍ਹ: ਜ਼ਿਕਰ ਕਰਨਾ ਬਣਦਾ ਹੈ ਕਿ 1995 ਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਚ ਸ਼ਾਮਿਲ ਹੋਣ ਵਾਲੀ ਬੀਬੀ ਜਗੀਰ ਕੌਰ ਨੇ ਸਭ ਤੋਂ ਪਹਿਲਾਂ 1996 ਚ ਮੈੰਬਰ ਦੀ ਚੋਣ ਲੜੀ ਸੀ।ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ 1997 ਵਿੱਚ ਦੀ ਚੋਣ ਜਿੱਤੀ ਤੇ ਜਿਸਤੋਂ ਬਾਅਦ 1998 ਵਿੱਚ ਉਹ ਬਾਦਲ ਸਰਕਾਰ ਵਿੱਚ ਮੰਤਰੀ ਬਣੇ। ਵੱਡੀ ਗੱਲ ਇਹ ਦੱਸਣੀ ਬਣਦੀ ਹੈ ਕਿ ਬਾਦਲ ਅਤੇ ਟੋਹੜਾ ਵਿਚਕਾਰ ਪੈਦਾ ਹੋਏ ਵਿਵਾਦ ਦੌਰਾਨ ਖਾਲਸਾ ਪੰਥ ਦੇ 300 ਸਾਲਾਂ ਸਾਜਨਾ ਦਿਵਸ ਮੌਕੇ ਪੰਥ ਰਤਨ ਗੁਰਚਰਨ ਸਿੰਘ ਟੋਹੜਾ ਨੂੰ ਦੀ ਪ੍ਰਧਾਨਗੀ ਤੋਂ ਲਾਹ ਕੇ 1999 ਵਿੱਚ ਬੀਬੀ ਜਗੀਰ ਕੌਰ ਨੂੰ ਪਹਿਲੀ ਵਾਰ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਜਿੱਥੇ ਉਹ 1999 ਤੋਂ 2001 ਤੱਕ ਪ੍ਰਧਾਨ ਰਹੇ। ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਚ ਜਿੱਤ ਕੇ ਬੀਬੀ ਜੰਗੀਰ ਕੌਰ ਦੂਜੀ ਵਾਰ ਵਿਧਾਇਕ ਬਣੀ। ਪਰੰਤੂ 2007 ਚ ਬੀਬੀ ਦੀ ਚੋਣ ਹਾਰ ਗਏ ਪਰ 2012 ਚ ਮੁੜ ਕੇ ਜਿੱਤਣ ਤੋਂ ਬਾਅਦ ਮੰਤਰੀ ਬਣਾਇਆ ਗਿਆ। ਸਾਲ 2017 ਚ ਅਕਾਲੀ ਦਲ ਨੇ ਬੀਬੀ ਜੀ ਦੇ ਜਵਾਈ ਨੂੰ ਟਿਕਟ ਦਿੱਤੀ ਗਈ ਜੋ ਕਿ ਹਾਰ ਗਏ। 2019 ਚ ਬੀਬੀ ਹਲਕਾ ਖਡੂਰ ਸਾਹਿਬ ਤੋਂ ਐਮ.ਪੀ ਦੀ ਟਿਕਟ ਦਿੱਤੀ ਪਰੰਤੂ ਹਾਰ ਗਏ ਤੇ ਬਾਅਦ ਵਿੱਚ 2020 ਮੁੜ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣੀ। ਬੀਬੀ ਜੰਗੀਰ ਕੌਰ ਇ੍ਰਸਤਰੀ ਅਕਾਲੀ ਦਲ ਦੀ ਪ੍ਰਧਾਨ, ਕੋਰ ਕਮੇਟੀ ਮੈੰਬਰ ਅਤੇ ਪਾਰਟੀ ਦੀ ਸੀਨੀਅਰ ਮੀਤ ਪ੍ਰਧਾਨ ਵਰਗੇ ਵੱਡੇ ਅਹੁਦਿਆਂ ‘ਤੇ ਵੀ ਰਹੀ।
ਅਮਿੱਟ ਪੈੜਾਂ ਛੱਡ ਗਿਆ ਸਿਲਵਰ ਓਕਸ ਸਕੂਲ,ਬਠਿੰਡਾ ਦਾ 20ਵਾਂ ਖੇਡ ਦਿਵਸ
ਸੁਖਜਿੰਦਰ ਮਾਨ
ਬਠਿੰਡਾ,7 ਨਵੰਬਰ :ਹਰ ਸਾਲ ਵਾਂਗ ਇਸ ਵਾਰ ਵੀ ਸਿਲਵਰ ਓਕਸ ਸਕੂਲ, ਬੀਬੀਵਾਲਾ ਰੋੜ, ਬਠਿੰਡਾ ਨੇ ਆਪਣਾ 20ਵਾਂ ਖੇਡ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ। ਇਸ ਮੌਕੇ ਦੇ ਮੁੱਖ ਮਹਿਮਾਨ ਇਨਕਮ ਟੈਕਸ ਵਿਭਾਗ ਦੇ ਡਿਪਟੀ ਕਮਿਸ਼ਨਰ ਸ. ਕੰਵਲਪ੍ਰੀਤ ਸਿੰਘ ਨੇ ਪ੍ਰੋਗਰਾਮ ਦੀ ਸ਼ੁਰੂਆਤ ਝੰਡਾ ਲਹਿਰਾ ਕੇ ਕੀਤੀ ।ਦਸਵੀਂ ਜਮਾਤ ਵਿਦਿਆਰਥੀ ਮਯੰਕ ਗੁਪਤਾ ਨੇ ਆਪਣੇ ਮਿੱਠੇ ਬੋਲਾਂ ਰਾਹੀਂ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ । ਸਭ ਤੋਂ ਪਹਿਲਾਂ ਸਕੂਲ ਦੇ ਚਾਰੇ ਸਦਨਾਂ ਵੱਲੋਂ ਪਰੇਡ ਦੀ ਸਲਾਮੀ ਦਿੱਤੀ ਗਈ।ਇਸ ਉਪਰੰਤ ਸ਼ੁਰੂ ਹੋਇਆ ਦੌੜਾਂ ਦਾ ਸਿਲਸਿਲਾ ਜਿਸ ਵਿੱਚ ਵੱਡੇ ਬੱਚਿਆਂ ਨੇ 100ਮੀ. 200ਮੀ.400ਮੀ.,ਰਿਲੇਅ ਦੌੜਾਂ ਵਿੱਚ ਹਿੱਸਾ ਲਿਆ।ਇਸ ਮੌਕੇ‘ ਤੇ ਬੈਂਡ ਡਿਸਪਲੇਅ-ਸਿਲਵਰ ਚਾਈਮਜ਼,ਪੀ.ਟੀ. ਸ਼ੋਅ ਅਤੇ ਭਾਰਤ ਦੀ ਅਖੰਡਤਾ ਨੂੰ ਦਰਸਾਉਂਦਾ ਅਖੰਡ ਭਾਰਤ ਅਤੇ ਹੋਰ ਕਈ ਪ੍ਰੋਗਰਾਮ ਪੇਸ਼ ਕੀਤੇ ਗਏ।ਇਸ ਤੋਂ ਇਲਾਵਾ ਰੱਸਾਕੱਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਸਦਨ ਨੇ ਟਰਾਫ਼ੀ ਹਾਸਲ ਕੀਤੀ । ਇਸ ਵਾਰ ਬੈਸਟ ਅਥਲੀਟ ਮੁੰਡੇ ਅਤੇ ਕੁੜੀ ਦੀ ਚੋਣ ਜਮਾਤ ਅਨੁਸਾਰ ਕੀਤੀ ਗਈ। ਮੁੱਖ ਮਹਿਮਾਨ ਨੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਅਤੇ ਬੱਚਿਆਂ ਨੂੰ ਵਧ ਚੜ੍ਹ ਕੇ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਤ ਕੀਤਾ। ਪ੍ਰੋਗਰਾਮ ਦੀ ਅੰਤਲੀ ਪੇਸ਼ਕਸ਼ ਵਿਰਸਾ ਪੰਜਾਬ ਦਾ ਨੇ ਦਰਸ਼ਕਾਂ ਨੂੰ ਝੂੰਮਣ ਤੇ ਮਜਬੂਰ ਕਰ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਹੋਈ। ਇਸ ਪ੍ਰਕਾਰ ਆਪਣੀਆਂ ਯਾਦਗਾਰੀ ਪੈੜਾਂ ਛੱਡਦਾ ਹੋਇਆ ਸਿਲਵਰ ਓਕਸ ਸਕੂਲ ਦਾ 20ਵਾਂ ਖੇਡ ਦਿਵਸ ਸੰਪੂਰਨ ਹੋਇਆ।
ਲੋਕਾਂ ਨੂੰ ਵਾਜਬ ਕੀਮਤਾਂ ਉਤੇ ਰੇਤਾ ਮੁਹੱਈਆ ਕਰਵਾਉਣ ਲਈ ਮੁੱਖ ਸਕੱਤਰ ਵੱਲੋਂ ਮੀਟਿੰਗ
ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਢੋਆ-ਢੁਆਈ ਵਾਲੇ ਵਾਹਨਾਂ ਦੀ ਸਖਤ ਨਿਗਰਾਨੀ ਦੇ ਦਿੱਤੇ ਨਿਰਦੇਸ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 7 ਨਵੰਬਰ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਵਾਜਬ ਕੀਮਤਾਂ ਉਤੇ ਰੇਤਾ ਮੁਹੱਈਆ ਕਰਵਾਉਣ ਲਈ ਰੇਤੇ ਦੀ ਢੋਆ-ਢੁਆਈ ਦੇ ਪ੍ਰਬੰਧਨ ਨੂੰ ਬਿਹਤਰ ਬਣਾਉਣ ਦੇ ਨਿਰਦੇਸ਼ਾਂ ਦੇ ਚੱਲਦਿਆਂ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਵੱਲੋਂ ਟਰਾਂਸਪੋਰਟ ਤੇ ਖਣਨ ਵਿਭਾਗ ਨਾਲ ਮੀਟਿੰਗ ਕਰ ਕੇ ਰੇਤੇ ਵਾਲੇ ਵਾਹਨਾਂ ਉਤੇ ਸਖਤ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਦਿਆਂ ਰੇਤਾ ਲਿਜਾਣ ਵਾਲੇ ਵਾਹਨਾਂ (ਟਿੱਪਰ/ਟਰੱਕ/ਟਰੇਲਰ ਆਦਿ) ਦੀ ਚੈਕਿੰਗ ਕੀਤੀ ਜਾਵੇ ਅਤੇ ਜੇਕਰ ਕੋਈ ਵਾਹਨ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰੇਤੇ ਦੀ ਕੀਮਤ 9 ਰੁਪਏ ਕਿਊਬਿਕ ਫੁੱਟ ਤੈਅ ਕੀਤੀ ਗਈ ਹੈ ਪਰ ਰੇਤੇ ਦੀ ਢੋਆ-ਢੁਆਈ ਵਾਲਿਆਂ ਵੱਲੋਂ ਜ਼ਿਆਦਾ ਕੀਮਤ ਵਸੂਲਣ ਨਾਲ ਲੋਕਾਂ ਨੂੰ ਮਹਿੰਗਾ ਰੇਤਾ ਮਿਲਦਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੁੱਖ ਸਕੱਤਰ ਸ੍ਰੀ ਜੰਜੂਆ ਨੇ ਖਣਨ ਵਿਭਾਗ ਦੇ ਐਕਸੀਅਨ ਪੱਧਰ ਦੇ ਅਧਿਕਾਰੀਆਂ ਨੂੰ ਵਾਹਨਾਂ ਦੀ ਚੈਕਿੰਗ ਲਈ ਅਧਿਕਾਰਤ ਕੀਤਾ ਹੈ। ਉਨ੍ਹਾਂ ਇਸ ਕੰਮ ਨਾਲ ਜੁੜੇ ਟਰਾਂਸਪੋਰਟਰਾਂ ਨੂੰ ਵੀ ਚਿਤਾਵਨੀ ਦਿੱਤੀ। ਉਨਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਨੂੰ ਇਹ ਵੀ ਆਖਿਆ ਗਿਆ ਹੈ ਕਿ ਰੇਤੇ ਦੀ ਢੋਆ-ਢੁਆਈ ਟਰੈਕਟਰ-ਟਰਾਲੀ ਰਾਹੀਂ ਕਰਨ ਲਈ ਕਾਨੂੰਨੀ ਤਰੀਕਾ ਲੱਭਿਆ ਜਾਵੇ ਕਿਉਕਿ ਖੇਤੀਬਾੜੀ ਲਈ ਟਰੈਕਟਰ-ਟਰਾਲੀ ਦੀ ਵਰਤੋਂ ਸਾਲ ਵਿੱਚ ਦੋ ਵਾਰ ਫਸਲ ਦੀ ਬਿਜਾਈ ਤੇ ਵਾਢੀ ਮੌਕੇ ਸੀਮਤ ਸਮੇਂ ਲਈ ਹੁੰਦੀ ਹੈ। ਇਸ ਨਾਲ ਜਿੱਥੇ ਕਿਸਾਨਾਂ ਨੂੰ ਵੀ ਆਰਥਿਕ ਮੱਦਦ ਮਿਲੇਗੀ ਉਥੇ ਲੋਕਾਂ ਨੂੰ ਵੀ ਵਾਜਬ ਕੀਮਤ ਉਤੇ ਰੇਤਾ ਮਿਲੇਗਾ।ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਖਣਨ ਕਿ੍ਰਸ਼ਨ ਕੁਮਾਰ ਤੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਕਾਸ ਗਰਗ ਹਾਜ਼ਰ ਸਨ।







