Saturday, May 16, 2026
Home Blog Page 2379

ਸਪੈਸ਼ਲ ਪਲਸ ਪੋਲੀਓ ਮੁਹਿੰਮ ਦੇ ਦੂਜ਼ੇ ਦਿਨ ਵੀ ਨੰਨ੍ਹੇ ਮੁੰਨ੍ਹੇ ਬੱਚਿਆਂ ਨੂੰ ਬੂੰਦਾਂ ਪਿਲਾਈਆਂ

0

47619 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ 73 ਪ੍ਰਤੀਸ਼ਤ ਟੀਚਾ ਕੀਤਾ ਪ੍ਰਾਪਤ: ਡਾ ਤੇਜਵੰਤ ਸਿੰਘ
ਮਾਪਿਆਂ ਨੂੰ ਆਪਣੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦੀ ਕੀਤੀ ਅਪੀਲ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 19 ਸਤੰਬਰ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਅਤੇ ਡਾ ਪਾਮਿਲ ਬਾਂਸਲ ਕਾਰਜਕਾਰੀ ਜਿਲ੍ਹਾ ਟੀਕਾਕਰਣ ਅਫਸਰ ਦੀ ਦੇਖਰੇਖ ਵਿੱਚ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਪੈਸ਼ਲ ਪਲਸ ਪੋਲੀਓ ਮੁਹਿੰਮ ਬਹੁਤ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਅੱਜ ਮੁਹਿੰਮ ਦੇ ਦੂਸਰੇ ਦਿਨ ਵੀ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਨੰਨ੍ਹੇ ਮੁੰਨ੍ਹੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇੱਥੇ ਜਾਰੀ ਇੱਕ ਬਿਆਨ ਵਿਚ ਡਾ ਢਿੱਲੋਂ ਨੇ ਦੱਸਿਆ ਕਿ 20 ਸਤੰਬਰ ਨੂੰ ਵੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੁਹਿੰਮ ਦੌਰਾਨ ਜਿਲ੍ਹਾ ਬਠਿੰਡਾ ਵਿੱਚ 0 ਤੋਂ 5 ਸਾਲ ਤੱਕ 153632 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈੈ। ਉਹਨਾਂ ਸਿਹਤ ਵਿਭਾਗ, ਸਹਿਯੋਗੀ ਵਿਭਾਗਾਂ ਅਤੇ ਸਵੈ ਸੇਵੀ ਸੰਸਥਾਵਾਂ ਦੀ ਪ੍ਰਸੰਸਾ ਕੀਤੀ ਜ਼ੋ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇ ਰਹੀਆਂ ਹਨ। ਉਹਨਾਂ ਦੱਸਿਆ ਕਿ ਅੱਜ 47619 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਜਿਲ੍ਹਾ ਬਠਿੰਡਾ ਵੱਲੋ 18 ਅਤੇ 19 ਸਤੰਬਰ ਨੂੰ 73 ਪ੍ਰਤੀਸ਼ਤ ਟੀਚਾ ਪ੍ਰਾਪਤ ਕਰ ਲਿਆ ਗਿਆ ਹੈੇ। ਡਾ ਪਾਮਿਲ ਬਾਂਸਲ ਨੇ ਸਮੂਹ ਮੀਡੀਆ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਲੋਕਾਂ ਤੱਕ ਇਹ ਸੰਦੇਸ ਪਹੁੰਚਾਉਣ ਤਾਂ ਕਿ ਕੋਈ ਵੀ 0 ਸਾਲ ਤੋ 5 ਸਾਲ ਤੱਕ ਦਾ ਬੱਚਾ ਪੋਲੀਓ ਦੀਆਂ ਬੂੰਦਾ ਤੋਂ ਵਾਂਝਾ ਨਾ ਰਹਿ ਜਾਵੇ। ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ 0 ਤੋ 5 ਸਾਲ ਤੱਕ ਦਾ ਕੋਈ ਬੱਚਾ ਬੂੰਦਾ ਪੀਣ ਤੋਂ ਵਾਂਝਾ ਰਹਿ ਗਿਆਾ ਹੈ ਤਾਂ ਉਸ ਬੱਚੇ ਨੂੰ 20 ਸਤੰਬਰ ਨੂੰ ਪੋਲੀਓ ਬੂੰਦਾਂ ਜਰੂਰ ਪਿਲਾਉਣ, ਭਾਵੇਂ ਬੱਚਾ ਬਿਮਾਰ ਹੋਵੇ, ਪਹਿਲਾਂ ਬੂੰਦਾਂ ਪੀ ਚੁੱਕਾ ਹੋਵੇ, ਜਾਂ ਨਵਜੰਮਿਆ ਹੋਵੇੇ, ਜਾਂ ਸਫਰ ਕਰ ਰਿਹਾ ਹੋਵੇ।

ਅਕਾਲੀ ਦਲ ਨੇ ਆਪ ਵਲੋਂ ਵਿਸ਼ਵਾਸ ਮਤ ਲਈ ਵਿਸੇਸ ਸੈਸਨ ਸੱਦਣ ਨੂੰ ਦਿੱਤਾ ਡਰਾਮਾ ਕਰਾਰ

0

ਰਿਸ਼ਵਤਖੋਰੀ ਦੇ ਦੋਸ਼ਾਂ ਦੀ ਪੁਸ਼ਟੀ ਸੀ ਬੀ ਆਈ ਜਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਨਿਰਪੱਖ ਜਾਂਚ ਰਾਹੀਂ ਕਰਵਾਈ ਜਾਵੇ : ਸੁਖਬੀਰ ਸਿੰਘ ਬਾਦਲ
ਕਿਹਾ ਕਿ ਐਸ ਵਾਈ ਐਲ, ਚੰਡੀਗੜ੍ਹ ਪੰਜਾਬ ਨੂੰ ਦੇਣ ਤੇ ਆਬਕਾਰੀ ਘੁਟਾਲੇ ਵਰਗੇ ਅਸਲ ਮੁੱਦਿਆਂ ’ਤੇ ਚਰਚਾ ਹੋਣੀ ਚਾਹੀਦੀ ਹੈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਵਿਸ਼ਵਾਸ ਮਤੇ ਦਾ ਡਰਾਮਾ ਨਾ ਕਰਨ ਅਤੇ ਕਿਹਾ ਕਿ ਰਿਸ਼ਵਤਖੋਰੀ ਦੇ ਦੋਸ਼ਾਂ ਦੀ ਪੁਸ਼ਟੀ ਸਿਰਫ ਸੀ ਬੀ ਆਈ ਜਾਂ ਹਾਈ ਕੋਰਟ ਦੀ ਨਿਗਰਾਨ ਹੇਠ ਜਾਂਚ ਵਿਚ ਹੀ ਹੋ ਸਕਦੀ ਹੈ ਅਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਕੋਈ ਲਾਹਾ ਨਹੀਂ ਮਿਲਣਾ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਪੰਜਾਬੀਆਂ ਨੁੰ ਪਹਿਲਾਂ ਹੀ ਚੌਕਸ ਕੀਤਾ ਸੀ ਕਿ ਆਪ ਸਰਕਾਰ ਆਪਣੇ ਦਿੱਲੀ ਦੇ ਹਮਰੁਤਬਾ ਦੀ ਨਕਲ ਮਾਰਨ ਦੀ ਕੋਸ਼ਿਸ਼ ਕਰੇਗੀ ਅਤੇ ਜਿਵੇਂ ਦਿੱਲੀ ਨੇ ਕੀਤਾ ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਇਸਦੇ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਦੇ ਭਾਜਪਾ ਵੱਲੋਂ ਕੀਤੇ ਯਤਨਾਂ ਨੂੰ ਮਾਤ ਪਾਉਣ ਦੇ ਦਾਅਵਾ ਕੀਤਾ, ਉਸੇ ਤਰੀਕੇ ਭਗਵੰਤ ਮਾਨ ਸਰਕਾਰ ਕਰੇਗੀ। ਉਹਨਾਂ ਕਿਹਾ ਕਿ ਹੁਣ ਉਹਨਾਂ ਕਿਹਾ ਕਿ ਹੁਣ ਇਹੀ ਸਭ ਕੁਝ ਸਰਕਾਰੀ ਖ਼ਜ਼ਾਨੇ ਦੀ ਕੀਮਤ ’ਤੇ ਕੀਤਾ ਜਾ ਰਿਹਾ ਹੈ ਹਾਲਾਂਕਿ ਸੱਚਾਈ ਇਹ ਹੈ ਕਿ ਸਰਕਾਰ ਨੂੰ ਭਾਰੀ ਬਹੁਮਤ ਹਾਸਲ ਹੈ ਤੇ ਕਿਸੇ ਪਾਸੇ ਤੋਂ ਵੀ ਇਸ ਵੱਲੋਂ ਵਿਸ਼ਵਾਸ ਮਤ ਹਾਸਲ ਕਰਨ ਦੀ ਮੰਗ ਨਹੀਂ ਉਠੀ।
ਸ: ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਰਿਸ਼ਵਤਖੋਰੀ ਦੇ ਦੋਸ਼ਾਂ ਦੀ ਸੀ ਬੀ ਆਈ ਜਾਂਚ ਜਾਂ ਫਿਰ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਲਈ ਸਹਿਮਤੀ ਦੇਣ। ਉਹਨਾਂ ਕਿਹਾ ਕਿ ਜੇਕਰ ਤੁਹਾਡੇ ਕੋਲ ਪਰਦਾ ਪਾਉਣ ਲਈ ਕੁਝ ਨਹੀਂ ਹੈ ਤਾਂ ਫਿਰ ਤੁਹਾਨੂੰ ਰਿਸ਼ਵਤਖੋਰੀ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਤੋਂ ਡਰਨਾ ਨਹੀਂ ਚਾਹੀਦਾ। ਉੁਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਆਪ ਨੇ ਵਿਧਾਨ ਸਭਾ ਸੈਸ਼ਨ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਸੱਦਿਆ ਹੈ ਜਿਸ ਤੋਂ ਸੰਕੇਤ ਮਿਲ ਰਿਹਾ ਹੈ ਕਿ ਉਹ ਇਹ ਸੰਕੇਤ ਦੇਣਾ ਚਾਹੁੰਦੀ ਹੈ ਕਿ ਕਾਂਗਰਸ ਦੇ ਵਿਧਾਇਕ ਤਾਂ ਵਿਕਾਊ ਹਨ ਪਰ ਇਸਦੇ ਵਿਧਾਇਕਾਂ ਨੇ ਉਹਨਾਂ ਦੀ ਵਫਦਾਰੀ ਖਰੀਦਣ ਦੇ ਯਤਨਾਂ ਨੂੰ ਲੱਤ ਮਾਰੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਆਖਿਆ ਕਿ ਆਉਂਦੇ ਵਿਧਾਨ ਸਭਾ ਇਜਲਾਸ ਵਿਚ ਅਸਲ ਮੁੱਦਿਆਂ ’ਤੇ ਚਰਚਾ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਤਲੁਜ ਯਮੁਨਾ ਲੰਕ ਨਹਿਰ ਸੰਕਟ ਵਰਗੇ ਮੁੱਦੇ, ਚੰਡੀਗੜ੍ਹ ਤੁਰੰਤ ਪੰਜਾਬ ਨੁੰ ਦੇਣ ਅਤੇ ਆਬਕਾਰੀ ਘੁਟਾਲੇ ਦੀ ਜਾਂਚ ਏਜੰਡੇ ਵਿਚ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਜਦੋਂ ਆਪ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕੀਤਾ ਸੀ ਕਿ ਹਰਿਆਣਾ ਤੇ ਦਿੱਲੀ ਦਾ ਦਾ ਵੀ ਐਸ ਵਾਈ ਐਲ ਦੇ ਪਾਣੀਆਂ ’ਤੇ ਹੱਕ ਹੈ ਤਾਂ ਉਹਨਾਂ ਦੀ ਹਾਂ ਵਿਚ ਹਾਂ ਮਿਲਾ ਕੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਪੰਜਾਬ ਦਾ ਪੱਖ ਕਮਜ਼ੋਰ ਕੀਤਾ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਮੁੱਖ ਮੰਤਰੀ ਨੇ ਹਰਿਆਣਾ ਵੱਲੋਂ ਚੰਡੀਗੜ੍ਹ ਵਿਚ ਨਵੀਂ ਵਿਧਾਨ ਸਭਾ ਵਾਸਤੇ ਵੱਖਰੇ ਪਲਾਟ ਦੀ ਕੀਤੀ ਮੰਗ ਦਾ ਵਿਰੋਧ ਵੀ ਨਹੀਂ ਕੀਤਾ। ਉਹਨਾਂ ਕਿਹਾ ਕਿ ਆਬਕਾਰੀ ਨੀਤੀ ’ਤੇ ਵੀ ਚਰਚਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਸ ਨੁੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਤਾਂ ਜੋ ਸਰਕਾਰੀ ਖ਼ਜ਼ਾਨੇ ਦੀ ਕੀਮਤ ’ਤੇ 500 ਕਰੋੜ ਰੁਪਏ ਦੀ ਰਿਸ਼ਵਤ ਹਾਸਲ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਇਹਨਾਂ ਤਿੰਨਾਂ ਮਾਮਲਿਆਂ ’ਤੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਮਤੇ ਪ੍ਰਵਾਨ ਕੀਤੇ ਜਾਣੇ ਚਾਹੀਦੇ ਹਨ। ਸਾਬਕਾ ਉਪ ਮੁੱਖ ਮੰਤਰੀ ਸ: ਬਾਦਲ ਨੇ ਕਿਹਾ ਕਿ ਇਹਨਾਂ ਮੁੱਦਿਆਂ ਦੇ ਨਾਲ ਖੇਤੀਬਾੜੀ ਖੇਤਰ ਨੂੰ ਦਰਪੇਸ਼ ਸੰਕਟ ਜੋ ਸਰਕਾਰ ਵੱਲੋਂ ਫਸਲਾਂ ਦੇ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਨਾਂਹ ਕਰਨ, ਡੇਅਰੀ ਕਿਸਾਨਾਂ ਨੂੰ ਲੰਪੀ ਚਮੜੀ ਰੋਗ ਮਾਰਨ ਦੁਧਾਰੂ ਪਸ਼ੂਆਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰਨ ਅਤੇ ਝੋਨੇ ਨੂੰ ਲੱਗੇ ਡਵਾਰਫ ਰੋਗ ਜਿਸ ਨਾਲ ਉਤਪਾਦਨ ਵਿਚ ਵੱਡੀ ਗਿਰਾਵਟ ਦਰਜ ਹੋਣ ਦੇ ਆਸਾਰ ਹਨ, ’ਤੇ ਵੀ ਚਰਚਾ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਆਪ ਸਰਕਾਰ ਤੇ ਇਸਦੇ ਮੁੱਖ ਮੰਤਰੀ ਆਪਣੇ ਆਪ ਨੂੰ ਵਧਾਈਆਂ ਦੇ ਕੇ ਰਾਜਨੀਤੀ ਕਰਨ ਵਿਚ ਲੱਗੇ ਹਨ।

ਪੰਜਾਬ ਸਰਕਾਰ ਨੇ 22 ਸਤੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ

0

ਪੰਜਾਬ ਵਿਚ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰੇਗਾ ਇਜਲਾਸ-ਮੁੱਖ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਸਤੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦਾ ਵਿਸ਼ਵਾਸ ਹਾਸਲ ਕਰਨ ਲਈ 22 ਸਤੰਬਰ (ਵੀਰਵਾਰ) ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ, “ਪੰਜਾਬ ਦੇ ਲੋਕਾਂ ਨੇ ਸਾਡੀ ਸਰਕਾਰ ਨੂੰ ਜ਼ਬਰਦਸਤ ਬਹੁਮਤ ਦਿੱਤਾ ਸੀ ਪਰ ਜਮਹੂਰੀ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੀਆਂ ਕੁਝ ਤਾਕਤਾਂ ਸਾਡੇ ਵਿਧਾਇਕ ਨੂੰ ਧਨ-ਦੌਲਤ ਦੇ ਸਹਾਰੇ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਕਰਕੇ ਅਸੀਂ ਇਸ ਵਿਸ਼ੇਸ਼ ਇਜਲਾਸ ਵਿਚ ਸੂਬੇ ਦੇ ਲੋਕਾਂ ਦਾ ਭਰੋਸਾ ਹਾਸਲ ਕਰਨ ਦਾ ਫੈਸਲਾ ਲਿਆ ਹੈ।” ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਆਪ ਦੇ ਵਿਧਾਇਕਾਂ ਨੂੰ ਧਨ-ਦੌਲਤ ਦੀ ਤੱਕੜੀ ਵਿਚ ਤੋਲਿਆ ਨਹੀਂ ਜਾ ਸਕਦਾ ਕਿਉਂਕਿ ਉਹ ਪਾਰਟੀ ਦੀ ਵਿਚਾਰਧਾਰਾ ਪ੍ਰਤੀ ਸਮਰਪਿਤ ਤੇ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਨੂੰ ਅਸਥਿਰ ਕਰਨ ਦੇ ਨਾਪਾਕ ਮਨਸੂਬੇ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ ਕਿਉਂ ਜੋ ਸਾਡੀ ਪਾਰਟੀ ਦੇ ਵਿਧਾਇਕ ਸੂਬੇ ਦੇ ਲੋਕਾਂ ਪ੍ਰਤੀ ਵਫਾਦਾਰ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਵਿਸ਼ੇਸ਼ ਇਜਲਾਸ ਵਿਚ ਪੰਜਾਬ ’ਚ ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਦਾ ਪਰਦਾਫਾਸ਼ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਵਿਧਾਇਕਾਂ ਨੂੰ ਲੋਭ-ਲਾਲਚ ਨਾਲ ਵਰਗਲਾਉਣ ਦੀਆਂ ਘਟੀਆ ਚਾਲਾਂ ਸਿਰੇ ਨਹੀਂ ਚੜ੍ਹੀਆਂ ਕਿਉਂਕਿ ਵਿਧਾਇਕਾਂ ਨੇ ਹੀ ਉਨ੍ਹਾਂ ਦੀ ਸਰਕਾਰ ਨੂੰ ਪੱਟੜੀ ਤੋਂ ਲਾਹੁਣ ਦੇ ਮਨਸੂਬੇ ਨਾਕਾਮ ਕਰ ਦਿੱਤੇ। ਭਗਵੰਤ ਮਾਨ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਵੀ ਸਾਰੀਆਂ ਪਾਰਟੀਆਂ ਨੇ ਵੋਟਰਾਂ ਨੂੰ ਪੈਸੇ ਦਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਅਤੇ ਇਸ ਦੇ ਚੁਣੇ ਹੋਏ ਵਿਧਾਇਕਾਂ ਨਾਲ ਚਟਾਨ ਵਾਂਗ ਖੜ੍ਹੇ। ਉਨ੍ਹਾਂ ਕਿਹਾ ਕਿ ਹੁਣ ਇਹ ਵਿਧਾਇਕ ਪੰਜਾਬ ਦੀ ਤਰੱਕੀ ਤੇ ਲੋਕਾਂ ਦੀ ਖੁਸ਼ਹਾਲੀ ਵਿਚ ਯੋਗਦਾਨ ਪਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਧਾਇਕ ਪਾਰਟੀ, ਪੰਜਾਬ ਤੇ ਪੰਜਾਬ ਵਾਸੀਆਂ ਪ੍ਰਤੀ ਸਮਰਪਿਤ ਤੇ ਵਫਾਦਾਰ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਵਿਧਾਇਕ ਪੈਸਿਆਂ ਖਾਤਰ ਕਦੇ ਵੀ ਆਪਣਾ ਜ਼ਮੀਰ ਨਹੀਂ ਵੇਚਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਨੂੰ ਸੂਬੇ ਵਿਚ ਚੁਣੀ ਹੋਈ ਸਰਕਾਰ ਨੂੰ ਡੇਗਣ ਬਾਰੇ ਦਿਨ ਵੇਲੇ ਸੁਪਨੇ ਲੈਣੇ ਬੰਦ ਕਰ ਦੇਣੇ ਚਾਹੀਦੇ ਹਨ ਕਿਉਂਕਿ ਪੰਜਾਬੀ ਇਸ ਗੁਨਾਹ ਲਈ ਅਜਿਹੇ ਲੋਕਾਂ ਨੂੰ ਕਦੇ ਵੀ ਬਖਸ਼ਣਗੇ ਨਹੀਂ। ਭਗਵੰਤ ਮਾਨ ਨੇ ਕਿਹਾ ਕਿ ਆਪ ਦੇ ਸਾਰੇ ਵਿਧਾਇਕ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਲਈ ਸਮਰਪਣ ਹੋ ਕੇ ਉਪਰਾਲੇ ਕਰਨਗੇ।

ਨਸ਼ਿਆਂ ਵਿਰੁੱਧ ਜੰਗ: ਇੱਕ ਹਫ਼ਤੇ ਵਿੱਚ 5.56 ਕਿਲੋ ਹੈਰੋਇਨ, 21.52 ਕਿਲੋ ਅਫੀਮ, 5 ਕਿਲੋ ਗਾਂਜਾ, 8.92 ਲੱਖ ਰੁਪਏ ਡਰੱਗ ਮਨੀ ਸਮੇਤ 392 ਨਸ਼ਾ ਤਸਕਰ/ਸਪਲਾਇਰ ਕੀਤੇ ਕਾਬੂ

0

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ, ਪੰਜਾਬ ਪੁਲਿਸ ਸੂਬੇ ‘ਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ
ਐਨਡੀਪੀਐਸ ਐਕਟ ਦੇ ਕੇਸਾਂ ਵਿੱਚ ਭਗੌੜਿਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਮੁਹਿੰਮ ਤਹਿਤ ਗ੍ਰਿਫਤਾਰ ਭਗੌੜਿਆਂ ਦੀ ਗਿਣਤੀ 305 ਤੱਕ ਪਹੁੰਚੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਸਤੰਬਰ :ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਜੰਗ ਦੌਰਾਨ, ਪੰਜਾਬ ਪੁਲਿਸ ਨੇ ਪਿਛਲੇ ਇੱਕ ਹਫ਼ਤੇ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ.ਡੀ.ਪੀ.ਐੱਸ.) ਐਕਟ ਤਹਿਤ 33 ਵਪਾਰਕ ਮਾਮਲਿਆਂ ਸਮੇਤ 294 ਐੱਫ.ਆਈ.ਆਰ. ਦਰਜ ਕਰਕੇ 392 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਆਪਣੀ ਹਫ਼ਤਾਵਾਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੂਬੇ ਭਰ ਦੇ ਸੰਵੇਦਨਸ਼ੀਲ ਰਸਤਿਆਂ ‘ਤੇ ਨਾਕੇ ਲਗਾਉਣ ਦੇ ਨਾਲ-ਨਾਲ ਨਸ਼ਾ ਪ੍ਰਭਾਵਿਤ ਇਲਾਕਿਆਂ ‘ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ ਪੁਲਿਸ ਨੇ ਇੱਕ ਹਫ਼ਤੇ ਵਿੱਚ 5.56 ਕਿਲੋ ਹੈਰੋਇਨ, 21.52 ਕਿਲੋ ਅਫੀਮ, 5 ਕਿਲੋ ਗਾਂਜਾ, 6.26 ਕੁਇੰਟਲ ਭੁੱਕੀ, ਫਾਰਮਾ ਓਪੀਓਡਜ਼ ਦੀਆਂ 93261 ਲੱਖ ਗੋਲੀਆਂ/ਕੈਪਸੂਲ/ਟੀਕੇ/ ਸ਼ੀਸ਼ੀਆਂ ਤੋਂ ਇਲਾਵਾ 8.92 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ 5 ਜੁਲਾਈ, 2022 ਨੂੰ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਇਸ ਹਫ਼ਤੇ ਐਨਡੀਪੀਐਸ ਕੇਸਾਂ ਵਿੱਚ 25 ਹੋਰ ਭਗੌੜੇ ਗ੍ਰਿਫ਼ਤਾਰ ਕੀਤੇ ਜਾਣ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 305 ਹੋ ਗਈ ਹੈ।
ਦੱਸਣਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਉਹ ਹਰੇਕ ਮਾਮਲੇ ਖਾਸ ਤੌਰ ‘ਤੇ ਡਰੱਗ ਰਿਕਵਰੀ ਨਾਲ ਸਬੰਧਤ ਮਾਮਲਿਆਂ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕਰਨ, ਭਾਵੇਂ ਇਹ ਨਸ਼ੇ ਦੀ ਮਾਮੂਲੀ ਮਾਤਰਾ ਦੀ ਬਰਾਮਦੀ ਹੀ ਹੋਵੇ। ਜ਼ਿਕਰਯੋਗ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵੱਲੋਂ ਸਰਹੱਦੀ ਸੂਬੇ ਪੰਜਾਬ ਤੋਂ ਨਸ਼ਿਆਂ ਦੀ ਅਲਾਮਤ ਨੂੰ ਨੱਥ ਪਾਉਣ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਡੀਜੀਪੀ ਵੱਲੋਂ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਾਰੇ ਨਾਮੀ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਅਤੇ ਆਪਣੇ ਅਧਿਕਾਰ ਖੇਤਰਾਂ ਵਿੱਚ ਨਸ਼ਾ ਤਸਕਰੀ ਵਾਲੇ ਸੰਵੇਦਨਸ਼ੀਲ ਸਥਾਨਾਂ ਦੀ ਸ਼ਨਾਖਤ ਦੇ ਸਖ਼ਤ ਹੁਕਮ ਦਿੱਤੇ ਗਏ ਹਨ। ਉਹਨਾਂ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਹਨਾਂ ਤੋਂ ਨਜਾਇਜ਼ ਰਾਸ਼ੀ ਬਰਾਮਦ ਕੀਤੀ ਜਾ ਸਕੇ।

ਮੁਲਾਜ਼ਮਾਂ ਲਈ ਵੱਡੀ ਖਬਰ : ਮੁੱਖ ਮੰਤਰੀ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਬਾਰੇ ਵਿਚਾਰ ਕਰਨ ਦਾ ਐਲਾਨ

0
ਮੁਲਾਜ਼ਮਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਪੰਜਾਬ ਸਰਕਾਰ: ਭਗਵੰਤ ਮਾਨ
ਮੁੱਖ ਸਕੱਤਰ ਨੂੰ ਸਕੀਮ ਲਾਗੂ ਕਰਨ ਲਈ ਸੰਭਾਵਨਾ ਤੇ ਕਾਰਜਪ੍ਰਣਾਲੀ ਬਾਰੇ ਘੋਖ ਕਰਨ ਆਖਿਆ 
ਸੁਖਜਿੰਦਰ ਮਾਨ
ਚੰਡੀਗੜ੍ਹ, 19 ਸਤੰਬਰ: ਸੂਬਾ ਸਰਕਾਰ ਦੇ ਹਜ਼ਾਰਾਂ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਉਤੇ ਵਿਚਾਰ ਕਰ ਰਹੀ ਹੈ।ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਸੂਬੇ ਦੇ ਮੁੱਖ ਸਕੱਤਰ ਨੂੰ ਇਸ ਸਕੀਮ ਨੂੰ ਲਾਗੂ ਕਰਨ ਦੀ ਸੰਭਾਵਨਾ ਤਲਾਸ਼ਣ ਅਤੇ ਕਾਰਜਪ੍ਰਣਾਲੀ ਬਾਰੇ ਗੌਰ ਕਰਨ ਲਈ ਕਿਹਾ ਤਾਂ ਕਿ ਸੂਬੇ ਦੇ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲ ਸਕੇ। ਮੁਲਾਜ਼ਮਾਂ ਦੀ ਭਲਾਈ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਸ ਵੱਡੇ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਾਜ਼ਮ ਸਰਕਾਰ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੀ ਭਲਾਈ ਯਕੀਨੀ ਬਣਾਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਕੁੱਝ ਮਹੀਨਿਆਂ ਵਿੱਚ ਮੁਲਾਜ਼ਮ ਪੱਖੀ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਠੇਕੇ ਉਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਨੀਤੀ ਲਿਆਂਦੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਸਰਕਾਰ ਨੇ ਵੱਡੇ ਪੱਧਰ ਉਤੇ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਜੋ ਜਿੱਥੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਣ, ਉਥੇ ਸਟਾਫ਼ ਦੀ ਘਾਟ ਦੂਰ ਹੋਣ ਨਾਲ ਵਿਭਾਗਾਂ ਦੀ ਕਾਰਗੁਜ਼ਾਰੀ ਵਿੱਚ ਵੀ ਸੁਧਾਰ ਹੋ ਸਕੇ।ਜ਼ਿਕਰਯੋਗ ਹੈ ਕਿ ਸਾਲ 2004 ਵਿੱਚ ਪੁਰਾਣੀ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਗਈ ਸੀ ਅਤੇ ਉਦੋਂ ਤੋਂ ਹੀ ਮੁਲਾਜ਼ਮਾਂ ਨੂੰ ਨਵੀਂ ਪੈਨਸ਼ਨ ਸਕੀਮ ਦਿੱਤੀ ਜਾ ਰਹੀ ਹੈ। ਮੁਲਾਜ਼ਮ ਲੰਮੇ ਸਮੇਂ ਤੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕਰਦੇ ਆ ਰਹੇ ਹਨ।

ਕੈਪਟਨ ਅੱਜ ਫ਼ੜਣਗੇ ‘ਭਾਜਪਾ’ ਦਾ ਪੱਲਾ, ਦਿੱਲੀ ਪੁੱਜੇ

0

ਸੁਖਜਿੰਦਰ ਮਾਨ
ਚੰਡੀਗੜ੍ਹ, 19 ਸਤੰਬਰ: ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਮੁੱਖ ਮੰਤਰੀ ਦੀ ਗੱਦੀਓ ਉਤਾਰੇ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਵਿਚ ਸਮੂਲੀਅਤ ਕਰਨ ਜਾ ਰਹੇ ਹਨ। ਉਹ ਬੀਤੇ ਕੱਲ ਹੀ ਦਿੱਲੀ ਪੁੱਜ ਗਏ ਹਨ ਤੇ ਚਰਚਾ ਹੈ ਕਿ ਦਰਜ਼ਨਾਂ ਦੀ ਤਾਦਾਦ ਵਿਚ ਉਨ੍ਹਾਂ ਦੇ ਸਾਥੀ, ਜਿੰਨ੍ਹਾਂ ਵਿਚ ਸਾਬਕਾ ਮੰਤਰੀ ਤੇ ਵਿਧਾਇਕ ਵੀ ਸ਼ਾਮਲ ਦੱਸੇ ਜਾ ਰਹੇ ਹਨ, ਵੀ ਭਾਜਪਾ ਵਿਚ ਉਨ੍ਹਾਂ ਨਾਲ ਹੀ ਸਮੂਲੀਅਤ ਕਰਨਗੇ। ਇਸਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਦਾ ਪੁੱਤਰ ਰਣਇੰਦਰ ਸਿੰਘ ਤੇ ਪੁੱਤਰੀ ਜੈਇੰਦਰ ਕੌਰ ਵੀ ਭਾਜਪਾ ਦੀ ਮੈਂਬਰਸ਼ਿਪ ਲੈਣਗੇ ਜਦੋਂਕਿ ਉਨ੍ਹਾਂ ਦੀ ਪਤਨੀ ਤੇ ਪਟਿਆਲਾ ਤੋਂ ਐਮ.ਪੀ ਪ੍ਰਨੀਤ ਕੌਰ ਹਾਲੇ ਕਾਂਗਰਸ ਵਿਚ ਬਣੇ ਰਹਿਣਗੇ ਤੇ ਚਰਚਾ ਮੁਤਾਬਕ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਹੱਥ ਛੱਡ ਸਕਦੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਚੋਣਾਂ ਤੋਂ ਪਹਿਲਾਂ ਕਾਂਗਰਸ ਨਾਲੋਂ ਅਲਹਿਦਾ ਹੋ ਕੇ ਬਣਾਈ ਪੰਜਾਬ ਲੋਕ ਕਾਂਗਰਸ ਦਾ ਵੀ ਭਾਜਪਾ ਵਿਚ ਰਲੇਵੇ ਕਰ ਦੇਣਗੇ।

ਸਿੰਚਾਈ ਘੁਟਾਲੇ ’ਚ ਵਿਜੀਲੈਂਸ ਨੇ ਸਾਬਕਾ ਮੰਤਰੀ ਜਨਮੇਜਾ ਸੇਖੋ ਤੇ ਢਿੱਲੋਂ ਵਿਰੁਧ ਕੀਤੀ ਵੱਡੀ ਕਾਰਵਾਈ

0

ਤਿੰਨ ਸਾਬਕਾ ਆਈ.ਏ.ਐਸ ਅਧਿਕਾਰੀਆਂ ਸਹਿਤ ਪੰਜਾਂ ਵਿਰੁਧ ਲੁੱਕ ਆਉਟ ਸਰਕੂਲਰ ਜਾਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਸਤੰਬਰ: ਅਕਾਲੀ-ਭਾਜਪਾ ਸਰਕਾਰ ਦੌਰਾਨ ਲਗਾਤਾਰ ਕਈ ਸਾਲ ਸੂਬੇ ਦੇ ਸਿੰਚਾਈ ਮੰਤਰੀ ਰਹੇ ਸੀਨੀਅਰ ਅਕਾਲੀ ਆਗੂ ਜਨਮੇਜਾ ਸਿੰਘ ਸੇਖੋ ਤੇ ਸ਼ਰਨਜੀਤ ਸਿੰਘ ਢਿੱਲੋਂ ਸਹਿਤ ਤਿੰਨ ਸਾਬਕਾ ਆਈ.ਏ.ਐਸ ਅਧਿਕਾਰੀਆਂ ਵਿਰੁਧ ਵਿਜੀਲੈਂਸ ਬਿਉਰੋ ਨੇ ਵੱਡੀ ਕਾਰਵਾਈ ਕੀਤੀ ਹੈ। ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਧੂੜ ਝੱਲ ਰਹੀਆਂ ਇੰਨ੍ਹਾਂ ਫ਼ਾਈਲਾਂ ਤੋਂ ਮਿੱਟੀ ਝਾੜਦਿਆਂ ਵਿਜੀਲੈਂਸ ਨੇ ਉਕਤ ਦੋਨਾਂ ਮੰਤਰੀਆਂ ਸਹਿਤ ਪੰਜ ਵਿਰੁਧ ਲੁੱਕ ਆਊਟ ਸਰਕੂਲਰ (ਐਲਓਸੀ) ਜਾਰੀ ਕਰਵਾਏ ਹਨ। ਚਰਚਾ ਹੈ ਕਿ ਇਹ ਵੱਡੀ ਕਾਰਵਾਈ ਇੰਨਾਂ ਦੇ ਵਿਦੇਸ਼ ਭੱਜਣ ਦੇ ਅੰਦੇਸ਼ੇ ਤੋਂ ਬਾਅਦ ਕੀਤੀ ਗਈ ਹੈ। ਗੌਰਤਲਬ ਹੈ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਹੋਏ ਕਥਿਤ ਇੱਕ ਹਜ਼ਾਰ ਕਰੋੜ ਦੇ ਘੁਟਾਲੇ ਵਿਚ ਕਥਿਤ ਮੁੱਖ ਦੋਸ਼ੀ ਠੇਕੇਦਾਰ ਗੁਰਿੰਦਰ ਸਿੰਘ ਭਾਪਾ ਸਹਿਤ ਕਈ ਪਹਿਲਾਂ ਹੀ ਵਿਜੀਲੈਂਸ ਨੇ ਗਿ੍ਰਫਤਾਰ ਕੀਤੇ ਹੋਏ ਸਨ ਪ੍ਰੰਤੂ ਜਦ ਉਕਤ ਦੋਨੋਂ ਮੰਤਰੀਆਂ ਅਤੇ ਸੇਵਾਮੁਕਤ ਆਈਏਐੱਸ ਅਧਿਕਾਰੀਆਂ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕੇ.ਬੀ.ਐੱਸ. ਸਿੱਧੂ ਅਤੇ ਸਾਬਕਾ ਸਕੱਤਰ ਕਾਹਨ ਸਿੰਘ ਪੰਨੂ ਦੇ ਨਾਮ ਸਾਹਮਣੇ ਆਏ ਤਾਂ ਕੈਪਟਨ ਸਰਕਾਰ ਦੌਰਾਨ ਵਿਜੀਲੈਂਸ ਦੀ ਜਾਂਚ ਮੱਠੀ ਹੋ ਗਈ ਸੀ। ਵਿਜੀਲੈਂਸ ਦੇ ਸੂਤਰਾਂ ਮੁਤਾਬਕ ਕਈ ਸਾਲ ਪਹਿਲਾਂ ਠੇਕੇਦਾਰ ਭਾਪਾ ਵਲੋਂ ਦਿੱਤੇ ਇਕਬਾਲੀਆ ਬਿਆਨ ਦੇ ਆਧਾਰ ’ਤੇ ਜਲਦੀ ਹੀ ਇੰਨ੍ਹਾਂ ਸਾਬਕਾ ਮੰਤਰੀਆਂ ਤੇ ਨੌਕਰਸ਼ਾਹਾਂ ਨੂੰ ਹੱਥ ਪਾਇਆ ਜਾਵੇਗਾ। ਚਰਚਾ ਹੈ ਕਿ ਇੰਨ੍ਹਾਂ ਵਿਚੋਂ ਕਈਆਂ ਨੂੰ ਜਰੂਰਤ ਪੈਣ ’ਤੇ ਗਿ੍ਰਫਤਾਰ ਕੀਤਾ ਜਾ ਸਕਦਾ ਹੈ, ਜਿਸਦੇ ਚੱਲਦੇ ਹੀ ਇੰਨ੍ਹਾਂ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਦੇਸ ਦੇ ਸਮੂਹ ਹਵਾਈ ਅੱਡਿਆ ’ਤੇ ਇਹ ਲੁੱਕ ਆਉਟ ਸਰਕੂਲਰ ਜਾਰੀ ਕਰਵਾਇਆ ਗਿਆ ਹੈ। ਪਤਾ ਲੱਗਿਆ ਹੈ ਕਿ ਪਿਛਲੇ ਹਫ਼ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਹੁ ਕਰੋੜੀ ਘੁਟਾਲੇ ਦੀ ਨਿਰਪੱਖ ਜਾਂਚ ਲਈ ਵਿਜੀਲੈਂਸ ਨੂੰ ਹਰੀ ਝੰਡੀ ਦੇ ਦਿੱਤੀ ਸੀ। ਇੱਥੇ ਦਸਣਾ ਬਣਦਾ ਹੈ ਕਿ ਦੂਰ-ਨੇੜਿਓ ਬਾਦਲ ਪ੍ਰਵਾਰ ਦੇ ਰਿਸ਼ਤੇਦਾਰ ਮੰਨੇ ਜਾਂਦੇ ਜਨਮੇਜਾ ਸਿੰਘ ਸੇਖੋ ਲਗਾਤਾਰ ਅੱਠ ਸਾਲ ਮਾਲਦਾਰ ਮਹਿਕਮਾ ਮੰਨੇ ਜਾਂਦੇ ਸਿੰਚਾਈ ਵਿਭਾਗ ਦੇ ਮੰਤਰੀ ਰਹੇ ਸਨ, ਉਸਤੋਂ ਬਾਅਦ ਜਦ ਉਨ੍ਹਾਂ ਤੋਂ ਇਹ ਮਹਿਕਮਾ ਵਾਪਸ ਲਿਆ ਗਿਆ ਤਾਂ ਵੀ ਉਨ੍ਹਾਂ ਨੂੰ ਲੋਕ ਨਿਰਮਾਣ ਵਿਭਾਗ ਵਰਗਾ ਅਹਿਮ ਮਹਿਕਮਾ ਦਿੱਤਾ ਗਿਆ, ਜਿੱਥੇ ਬਠਿੰਡਾ ਵਿਖੇ ਤੈਨਾਤ ਰਹੇ ਲੋਕ ਨਿਰਮਾਣ ਵਿਭਾਗ ਦੇ ਦੋ ਅਧਿਕਾਰੀ ਵੀ ਪੂਰੀ ਚਰਚਾ ਵਿਚ ਰਹੇ ਸਨ। ਹਾਲਾਂਕਿ ਸਰਕਾਰ ਬਦਲਣ ਦੇ ਬਾਵਜੂਦ ਇੰਨ੍ਹਾਂ ਚਰਚਿਤ ਅਧਿਕਾਰੀਆਂ ਵਿਰੁਧ ਕਈ ਸਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਹੈ। ਗੌਰਤਲਬ ਹੈ ਕਿ ਇਸ ਸਿੰਚਾਈ ਘੁਟਾਲੇ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ 17 ਅਗਸਤ 2017 ਨੂੰ ਧਾਰਾ 406, 409, 420, 467, 468, 471, 477, 120 ਬੀ ਆਈਪੀਸੀ ਅਤੇ ਭਿ੍ਰਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਨੰਬਰ 10 ਦਰਜ਼ ਕੀਤਾ ਸੀ। ਇਸ ਮਾਮਲੇ ਵਿਚ ਠੇਕੇਦਾਰ ਗੁਰਿੰਦਰ ਸਿੰਘ ਸਹਿਤ ਦਰਜ਼ਨਾਂ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਸੀ। ਇੱਥੇ ਇਹ ਦਸਣਾ ਵੀ ਅਤਿ ਜਰੂਰੀ ਹੈ ਕਿ ਵਿਜੀਲੈਂਸ ਬਿਉਰੋ ਕੋਲ ਪੁਛਗਿਛ ਦੌਰਾਨ ਹੀ ਠੇਕੇਦਾਰ ਗੁਰਿੰਦਰ ਸਿੰਘ ਭਾਜਪਾ ਨੇ ਇੱਕ ਤਤਕਾਲੀ ਸਿੰਚਾਈ ਮੰਤਰੀ ਨੂੰ 7 ਕਰੋੜ 35 ਲੱਖ, ਉਸਦੇ ਪੀਏ ਨੂੰ 2.50 ਕਰੋੜ ਰੁਪਏ ਅਤੇ ਦੂਜੇ ਸਿੰਚਾਈ ਮੰਤਰੀ ਨੂੰ 4 ਕਰੋੜ ਰੁਪਏ ਤੇ ਉਸਦੇ ਪੀਏ ਨੂੰ 50 ਲੱਖ ਰੁਪਏ ਦੇਣ ਤੋਂ ਇਲਾਵਾ ਇੱਕ ਸੇਵਾਮੁਕਤ ਅਧਿਕਾਰੀ ਨੂੰ 5.50 ਕਰੋੜ, ਦੂਜੇ ਅਧਿਕਾਰੀ ਨੂੰ 8.50 ਕਰੋੜ ਤੇ ਤੀਜੇ ਸੇਵਾਮੁਕਤ ਅਧਿਕਾਰੀ ਨੂੰ 7 ਕਰੋੜ ਰੁਪਏ ਦੀ ਰਿਸ਼ਵਤ ਦੇਣ ਬਾਰੇ ਖ਼ੁਲਾਸਾ ਕੀਤਾ ਸੀ। ਬੇਸ਼ੱਕ ਪਿਛਲੇ ਕਈ ਸਾਲਾਂ ਤੋਂ ਅਧਵਾਟੇ ਲਮਕ ਰਹੀ ਵਿਜੀਲੈਂਸ ਦੀ ਇਹ ਜਾਂਚ ਕਦ ਨੇਪਰੇ ਚੜੇਗੀ, ਇਹ ਤਾਂ ਭਵਿੱਖ ਦੇ ਗਰਭ ਵਿਚ ਹੈ ਪ੍ਰੰਤੂ ਵਿਜੀਲੈਂਸ ਵਲੋਂ ਸਾਬਕਾ ਮੰਤਰੀਆਂ ਤੇ ਅਧਿਕਾਰੀਆਂ ਵੱਲ ਜਾਂਚ ਦੀਆਂ ਮੁਹਾਰਾਂ ਮੋੜਣ ਤੋਂ ਬਾਅਦ ਲੋਕਾਂ ਵਿਚ ਜਨਤਾ ਦੇ ਪੈਸੇ ਦੀ ਦੁਰਵਰਤੋਂ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਦੀ ਉਮੀਦ ਜਰੂਰ ਪੈਦਾ ਹੋਈ ਹੈ।

ਮਾਤਾ ਮਾਤਾ ਵੈਸ਼ਨੋ ਦੇਵੀ ਮੰਦਿਰ ਪਟੇਲ ਨਗਰ ਵਿੱਖੇ ਬੱਚਿਆਂ ਨੂੰ ਪੋਲੀਓ ਦਵਾ ਪਿਲਾਈ

0

ਸੁਖਜਿੰਦਰ ਮਾਨ
ਬਠਿੰਡਾ, 19 ਸਿਤੰਬਰ: ਸਥਾਨਕ ਮਾਤਾ ਵੈਸ਼ਨੋ ਦੇਵੀ ਮੰਦਿਰ ਪਟੇਲ ਨਗਰ ਵਿੱਖੇ ਸਿਵਿਲ ਸਰਜਨ ਦੇ ਦਿਸ਼ਾਨਿਰਦੇਸ਼ ਅਨੁਸਾਰ ਸੁਪਰਵਾਈਜਰ ਅਮਨਦੀਪ ਸਿੰਘ ਦੀ ਦੇਖ ਰੇਖ ਹੇਠ ਕੈਂਪ ਲਗਾਇਆ ਗਿਆ। ਕੈਂਪ ਵਿੱਚ ਜੀ ਐਨ ਐੱਮ ਦੇ ਸਟੂਡੈਂਟਸ ਹਰਮਨਦੀਪ ਕੌਰ, ਹਰਪ੍ਰੀਤ ਕੌਰ, ਇੰਦਰਜੀਤ ਕੌਰ ਅਤੇ ਆਸ਼ਾ ਵਰਕਰ ਮੀਨੂ ਨੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਦਵਾ ਦੀ ਦੋ ਬੁੰਦ ਦਵਾ ਪਿਲਾ ਕੇ ਭਿਆਨਕ ਬਿਮਾਰੀ ਤੋਂ ਬਚਾਇਆ ਹੈ। ਹੋਣਹਾਰ ਵਿਦਿਆ ਰਥਣ ਹਰਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਪ ਸਵੇਰੇ 9 ਵਜੇ ਤੋਂ ਲੈਕੇ ਦੋਪਹਿਰ 2 ਵਜੇ ਤੱਕ ਮੰਦਿਰ ਵਿਚ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਕੈਂਪ ਵਿੱਚ 26 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਹਨ। ਕੈਂਪ ਨੂੰ ਸਫਲ ਬਣਾਉਣ ਲਈ ਮੰਦਿਰ ਦੇ ਜਨਰਲ ਸੈਕਟਰੀ ਪਵਨ ਸ਼ਰਮਾ, ਸੁਸ਼ੀਲ ਗੋਇਲ ਖ਼ਜਾਨਚੀ ਨੇ ਪੂਰਾ ਸਹਿਯੋਗ ਦਿੱਤਾ ਹੈ। ਹਰਸਪਰੀਤ ਕੌਰ ਅਤੇ ਇੰਦਰਜੀਤ ਕੌਰ ਨੇ ਦੱਸਿਆ ਕਿ ਜੌ ਬੱਚੇ ਕਿਸੇ ਕਾਰਨ ਅੱਜ ਕੈਂਪ ਵਿੱਚ ਨਹੀਂ ਆ ਸਕੇ । ਉਹਨਾ ਨੂੰ ਘਰ ਘਰ ਜਾ ਕੇ ਪੋਲਿਓ ਬੂੰਦਾਂ ਪਿਲਾਉਣ ਦਾ ਕੰਮ ਕਰਨ ਗਈਆਂ।ਜਿਸ ਨਾਲ ਬੱਚਿਆਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇੱਕ ਹੀ ਉਦੇਸ਼ ਹੈ ਕਿ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਦੇਸ਼ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਮੁਕਤ ਕਰਵਾਇਆ ਜਾ ਸਕੇ। ਉਹਨਾਂ ਸਾਰੇ ਮੁਹੱਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਬੱਚਿਆਂ ਨੂੰ ਪੋਲੀਓ ਬੂੰਦਾਂ ਜਰੂਰ ਪਿਲਾਉਣ ਤਾਂ ਜੋ ਉਹ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ ਹੋਣ ਤੋਂ ਬਚ ਜਾਣ। ਉਨ੍ਹਾਂ ਕਿਹਾ ਕਿ ਹਰ ਬੁੱਧਵਾਰ ਮੰਦਿਰ ਵਿੱਖੇ ਬੱਚਿਆਂ ਨੂੰ ਵਿਟਾਮਿਨ ਏ ਦੀ ਦਵਾਈ ਵੀ ਪਿਲਾਈ ਜਾਂਦੀ ਹੈ।

NSQF ਅਧਿਆਪਕ ਯੂਨੀਅਨ ਦੀ ਜਿਲਾ ਪੱਧਰੀ ਮੀਟਿੰਗ ਹੋਈ

0

ਸੁਖਜਿੰਦਰ ਮਾਨ
ਬਠਿੰਡਾ, 18 ਸਤੰਬਰ:NSQF ਅਧਿਆਪਕ ਯੂਨੀਅਨ ਪੰਜਾਬ ਦੇ ਬਠਿੰਡਾ ਜਿਲਾ ਪ੍ਰਧਾਨ ਮਨਪ੍ਰੀਤ ਸਿੰਘ ਦੀ ਅਗਵਾਹੀ ਵਿਚ ਅਧਿਆਪਕਾਂ ਦੀ ਜਿਲਾ ਪੱਧਰੀ ਮੀਟਿੰਗ ਟੀਚਰ ਹੋਮ ਬਠਿੰਡਾ ਵਿੱਚ ਹੋਈ। ਮੀਟਿੰਗ ਵਿੱਚ ਓਹਨਾ ਦੱਸਿਆ ਕਿ ਪਿਛਲੀ ਸਰਕਾਰ ਵਿੱਚ ਰਹਿ ਕੇ 5 ਸਾਲ ਸਰਕਾਰੀ ਡਾਂਗਾਂ ਖਾਣ ਬਾਅਦ ਆਮ ਆਦਮੀ ਪਾਰਟੀ NSQF ਅਧਿਆਪਕਾਂ ਲਈ ਸੂਰਜ ਜਿਹੀ ਉਮੀਦ ਬਣਕੇ ਆਈ,ਸਮੂਹ 1978 ਅਧਿਆਪਕਾਂ ਨੇ ਸਰਕਾਰ ਨੂੰ ਜਿਤਾਉਣ ਲਈ ਆਪਣਾ ਪੂਰਨ ਸਮਰਥਨ ਦਿੱਤਾ,ਪਰ ਇਹ ਸਰਕਾਰ ਵੀ ਬਾਕੀ ਸਰਕਾਰਾਂ ਵਾਂਗ ਹੀ ਰਾਜਨੀਤੀ ਖੇਡ ਰਹੀ ਹੈ। ਵੋਟਾਂ ਤੋਂ ਪਹਿਲਾਂ ਸਿੱਖਿਆ ਅਤੇ ਸਿਹਤ ਨੂੰ ਮੁੱਖ ਮੁੱਦਾ ਬਣਾ ਕੇ ਜਿੱਤੀ ਪਾਰਟੀ ਵੱਲੋਂ ਹੁਣ NSQF ਅਧਿਆਪਕਾਂ ਦੀ ਸਾਰ ਨਹੀਂ ਲਈ ਜਾ ਰਹੀ,ਓਹਨਾ ਨੂੰ ਆਊਟਸੌਰਸ ਕਹਿ ਕੇ ਛੱਡ ਦਿੱਤਾ ਜਾਂਦਾ ਹੈ। ਅਧਿਆਪਕਾਂ ਦਾ ਸਵਾਲ ਹੈ ਕਿ ਉਹ ਪਿਛਲੇ 8 ਸਾਲਾਂ ਤੋਂ ਨਿਰੰਤਰ ,ਨਿਰਵਿਘਨ ਆਪਣੀਆਂ ਸੇਵਾਵਾਂ ਸਕੂਲਾਂ ਵਿਚ ਦੇ ਰਹੇ ਹਨ,ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸ ਕਰਵਾ ਕੇ ਨੌਕਰੀ ਤੱਕ ਲਗਵਾ ਰਹੇ ਹਨ,ਪਰ ਸਰਕਾਰ ਵੱਲੋਂ ਹਜੇ ਤੱਕ ਓਹਨਾ ਦਾ ਭਵਿੱਖ ਸੁਰੱਖਿਅਤ ਤੱਕ ਨਹੀਂ ਕੀਤਾ ਗਿਆ,ਓਹਨਾ ਨੂ ਕੰਪਨੀਆਂ ਅਧੀਨ ਕਰ ਕੇ ਓਹਨਾ ਦਾ ਮਾਨਸਿਕ ਅਤੇ ਆਰਥਿਕ ਸੋਸ਼ਣ ਕਰਵਾਇਆ ਜਾ ਰਿਹਾ ਹੈ,ਜਿਲਾ ਪ੍ਰਧਾਨ ਮਨਪ੍ਰੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਸਿੱਖਿਆ ਵਿਭਾਗ ਵਿਚ ਓਹਨਾ ਨੂੰ 22 ਕੰਪਨੀਆਂ ਅਧੀਨ ਭਰਤੀ ਕੀਤਾ ਗਿਆ,ਤਨਖਾਹ ਸਰਕਾਰੀ ਰਿਕਾਰਡ ਵਿੱਚ 19192 ਰੁਪੈ ਦਰਜ ਹੈ ਪਰ ਕੰਪਨੀਆਂ ਵੱਲੋਂ 12-13 ਹਜਾਰ ਤੱਕ ਦਿੱਤੇ ਜਾਂਦੇ ਹਨ, ਕਈ ਵਾਰ ਕੰਪਨੀਆਂ ਆਉਣਾ ਕੰਮ ਛੱਡ ਕੇ ਭੱਜ ਜਾਂਦੀਆਂ ਹਨ,ਖਮਿਆਜਾ ਅਧਿਆਪਕਾਂ ਨੂੰ ਆਪਣੀ ਨੌਕਰੀ ਗਵਾਂ ਕੇ ਭੁਗਤਣਾ ਪੈਂਦਾ ਹੈ,ਮਹਿਲਾਂ ਅਧਿਆਪਕਾਂ ਨੂੰ ਜਣੇਪਾ ਛੁੱਟੀ ਤੱਕ ਨਹੀ ਦਿੱਤੀ ਜਾ ਰਹੀ,ਕੋਈ ਮੈਡੀਕਲ ਛੁੱਟੀ ਲਾਗੂ ਨਹੀ, ਜੌ ਕਿ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।ਅੱਜ ਦੀ ਮੀਟਿੰਗ ਵਿੱਚ ਸ਼ਾਮਿਲ ਸਮੂਹ ਜਿਲਾ ਬਠਿੰਡਾ ਦੇ NSQF ਵੋਕੇਸ਼ਨਲ ਅਧਿਆਪਕਾਂ ਨੇ ਪ੍ਰਨ ਲਿਆ ਕਿ ਜੇਕਰ ਸਰਕਾਰ ਓਹਨਾ ਦੀਆਂ ਮੰਗਾਂ ਮੰਨਣ ਵਿੱਚ ਆਨਾਕਾਨੀ ਕਰਦੀ ਹੈ ਤਾਂ ਉਹ ਸਰਕਾਰ ਵਿਰੁੱਧ ਜਲਦ ਹੀ ਆਪਣਾ ਝੰਡਾ ਬੁਲੰਦ ਕਰਨਗੇ ।ਇਸ ਮੌਕੇ ਬਠਿੰਡਾ ਜਿਲੇ ਦੇ ਸਾਰੇ ਸਕੂਲਾ ਦੇ ਸਾਰੇ ਵੋਕੇਸ਼ਨਲ ਟ੍ਰੇਨਰ ਸ਼ਾਮਲ ਸਨ ।

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਮਾਲਵਾ ਖੇਤਰ ਦੇ ਜ਼ਿਲਿਆਂ ਦੀ ਮੀਟਿੰਗ ਬਠਿੰਡਾ ਵਿਖੇ ਹੋਈ

0

ਜਥੇਬੰਦੀ ਵੱਲੋਂ ਪੰਜਾਬ ਭਰ ਵਿਚ 2 ਅਕਤੂਬਰ ਨੂੰ ਬਲਾਕ ਪੱਧਰ ਤੇ ਧਰਨੇ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਭੇਜੇ ਜਾਣਗੇ ਮੰਗ ਪੱਤਰ – ਹਰਗੋਬਿੰਦ ਕੌਰ
ਸੁਖਜਿੰਦਰ ਮਾਨ
ਬਠਿੰਡਾ , 17 ਸਤੰਬਰ- ਪੰਜਾਬ ਭਰ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਮਾਲਵਾ ਖੇਤਰ ਦੇ ਜ਼ਿਲਿਆਂ ਦੀ ਮੀਟਿੰਗ ਅੱਜ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ । ਜਿਸ ਦੌਰਾਨ ਯੂਨੀਅਨ ਦੇ ਇਹ ਫੈਸਲਾ ਕੀਤਾ ਹੈ ਕਿ 2 ਅਕਤੂਬਰ ਨੂੰ ਪੰਜਾਬ ਭਰ ਵਿਚ ਬਲਾਕ ਪੱਧਰ ਤੇ ਧਰਨੇ ਪ੍ਰਦਰਸ਼ਨ ਕਰਕੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ । ਵੱਖ ਵੱਖ ਜ਼ਿਲਿਆਂ ਤੋਂ ਵੱਡੀ ਗਿਣਤੀ ਵਿਚ ਆਈਆਂ ਆਗੂਆਂ ਨੂੰ ਸਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਆਈ ਸੀ ਡੀ ਐਸ ਸਕੀਮ ਕੇਂਦਰ ਸਰਕਾਰ ਨੇ 2 ਅਕਤੂਬਰ 1975 ਵਿਚ ਦੇਸ਼ ਭਰ ਵਿਚ ਸ਼ੁਰੂ ਕੀਤੀ ਸੀ ਤੇ ਆਂਗਣਵਾੜੀ ਸੈਂਟਰ ਖੋਲ੍ਹੇ ਸਨ । ਪਰ 47 ਸਾਲ ਦਾ ਲੰਮਾ ਸਮਾਂ ਬੀਤ ਗਿਆ ਹੈ ਅਤੇ 48 ਵਾਂ ਸਾਲ ਸ਼ੁਰੂ ਹੋ ਗਿਆ ਹੈ । ਪਰ ਐਨਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਨੇ ਦੇਸ਼ ਭਰ ਵਿਚ ਕੰਮ ਕਰ ਰਹੀਆਂ 28 ਲੱਖ ਵੱਧ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਅਜੇ ਤੱਕ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀਂ ਦਿੱਤਾ ।
ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰ ਨੇ ਗਰੇਡ ਤਾਂ ਕੀ ਦੇਣੇ ਸੀ ਸਗੋਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ ਤੇ ਕਈ ਕਈ ਮਹੀਨੇ ਵਰਕਰਾਂ ਤੇ ਹੈਲਪਰਾਂ ਤਨਖਾਹਾਂ ਨੂੰ ਹੀ ਉਡੀਕਦੀਆਂ ਰਹਿੰਦੀਆਂ ਹਨ । ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦੇਵੇ ਅਤੇ ਨਵੀਂ ਸਿੱਖਿਆ ਨੀਤੀ ਅਨੁਸਾਰ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਸਾਰੇ ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਆਧੁਨਿਕ ਸਹੂਲਤਾਂ ਵਾਲੀਆਂ ਸਰਕਾਰੀ ਬਣਾਈਆਂ ਜਾਣ । ਬੱਚਿਆਂ ਨੂੰ ਪੜਾਉਣ ਅਤੇ ਖੇਡਣ ਲਈ ਪ੍ਰਬੰਧ ਕੀਤਾ ਜਾਵੇ । ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਸੈਂਟਰਾਂ ਵਿਚ ਰਾਸ਼ਨ ਪੂਰਾ, ਸਮੇਂ ਸਿਰ ਅਤੇ ਸਹੀ ਭੇਜਿਆ ਜਾਵੇ ।‌ ਠੇਕੇਦਾਰੀ ਸਿਸਟਮ ਬੰਦ ਕਰਕੇ ਕੱਚਾ ਰਾਸ਼ਨ ਸੈਂਟਰਾਂ ਵਿਚ ਭੇਜਿਆ ਜਾਵੇ । ਪੋਸ਼ਣ ਅਭਿਆਨ ਦੇ ਪੈਸੇ , ਮਾਵਾਂ ਨਾਲ ਮੀਟਿੰਗਾਂ ਕਰਨ ਦੇ ਪੈਸੇ , ਗੋਦ ਭਰਾਈ ਸਮਾਗਮਾਂ ਦੇ ਪੈਸੇ , ਸਰਕਲ ਮੀਟਿੰਗ ਵਿਚ ਜਾਣ ਦੇ ਪੈਸੇ ਅਤੇ ਵਰਕਰਾਂ ਤੇ ਹੈਲਪਰਾਂ ਕੋਲੋਂ ਕਰਵਾਏ ਜਾ ਰਹੇ ਹੋਰਨਾਂ ਕੰਮਾਂ ਦੇ ਪੈਸੇ ਦਿੱਤੇ ਜਾਣ । ਪੰਜਾਬ ਅੰਦਰ ਐਨ ਜੀ ਓ ਅਧੀਨ ਚੱਲ ਰਹੇ 8 ਬਲਾਕਾਂ ਨੂੰ ਤਨਖਾਹਾਂ ਦਾ ਭੁਗਤਾਨ ਨਹੀਂ ਕੀਤਾ ਗਿਆ । ਜਦੋਂ ਕਿ ਕਰੈਚ ਵਰਕਰਾਂ ਦੀਆਂ ਲਗਭਗ 36 ਮਹੀਨਿਆਂ ਦੀਆਂ ਤਨਖ਼ਾਹਾਂ ਪੰਜਾਬ ਸਰਕਾਰ ਵੱਲ ਬਕਾਇਆ ਖੜੀਆਂ ਹਨ ।
ਇਸ ਮੀਟਿੰਗ ਵਿਚ ਛਿੰਦਰਪਾਲ ਕੌਰ ਥਾਂਦੇਵਾਲਾ , ਗੁਰਮੀਤ ਕੌਰ ਗੋਨੇਆਣਾ , ਬਲਵੀਰ ਕੌਰ ਮਾਨਸਾ , ਛਿੰਦਰਪਾਲ ਕੌਰ ਭਗਤਾ , ਸ਼ੀਲਾ ਦੇਵੀ ਤੱਲੇ ਵਾਲਾ ਫਿਰੋਜ਼ਪੁਰ , ਸੁਰਿੰਦਰ ਕੌਰ ਮਲੇਰਕੋਟਲਾ , ਕਿਰਨਜੀਤ ਕੌਰ ਭੰਗਚੜੀ , ਵੀਰਪਾਲ ਕੌਰ ਬੀਦੋਵਾਲੀ , ਜਸਵੀਰ ਕੌਰ ਬਠਿੰਡਾ , ਸਰਬਜੀਤ ਕੌਰ ਮਹਿਰਾਜ ਵਾਲਾ , ਕਿਰਪਾਲ ਕੌਰ ਰਾਮਪੁਰਾ , ਮਨਮੀਤ ਕੌਰ ਨਥਾਣਾ , ਰੀਤਾ ਰਾਣੀ ਮੌੜ , ਲਾਭ ਕੌਰ ਸੰਗਤ , ਸੋਮਾ ਰਾਣੀ ਬਠਿੰਡਾ , ਸ਼ੀਲਾ ਦੇਵੀ ਫਾਜ਼ਿਲਕਾ , ਗੁਰਬੰਤ ਕੌਰ ਅਬੋਹਰ , ਛਿੰਦਰਪਾਲ ਕੌਰ ਜਲਾਲਾਬਾਦ , ਇੰਦਰਜੀਤ ਕੌਰ ਖੂਹੀਆਂ ਸਰਵਰ , ਰੇਸ਼ਮਾਂ ਰਾਣੀ ਫਾਜ਼ਿਲਕਾ , ਸਰਬਜੀਤ ਕੌਰ ਫਰੀਦਕੋਟ , ਰਵਿੰਦਰ ਕੌਰ ਕੋਟਕਪੂਰਾ , ਜਸਵਿੰਦਰ ਕੌਰ ਹਰੀ ਨੌਂ ,ਕੁਲਵੰਤ ਕੌਰ ਨਿਹਾਲ ਸਿੰਘ ਵਾਲਾ , ਜੀਵਨ ਮੱਖੂ , ਪ੍ਰਕਾਸ਼ ਕੌਰ ਮਮਦੋਟ , ਗੁਰਮੇਲ ਕੌਰ ਝੁਨੀਰ , ਭੋਲੀ ਮਹਿਲ ਕਲਾਂ ਅਤੇ ਗਗਨਦੀਪ ਕੌਰ ਮੱਲਣ ਆਦਿ ਆਗੂ ਮੌਜੂਦ ਸਨ ।

Our Visitor

1906244