Home Blog Page 2854

ਸਰਕਾਰੀ ਹਸਪਤਾਲਾਂ ਦੀਆਂ ਲੈਬਾਰਟਰੀਆਂ ਦਾ ਨਿੱਜੀਕਰਨ: ਲੋਕਾਂ ਨਾਲ ਸਰਾਸਰ ਬੇਇਨਸਾਫ਼ੀ– ਜਮਹੂਰੀ ਅਧਿਕਾਰ ਸਭਾ

0

ਸੁਖਜਿੰਦਰ ਮਾਨ

ਬਠਿੰਡਾ, 3 ਅਗਸਤ: ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀਆਂ ਲੈਬਾਰਟਰੀਆਂ ਨੂੰ ਨਿਜੀ ਮੁਨਾਫ਼ਾਖੋਰਾਂ ਦੇ ਹਵਾਲੇ ਕਰਨ ਦੇ ਫੈਸਲੇ ਦਾ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਸਖ਼ਤ ਨੋਟਿਸ ਲੈਂਦਿਆਂ ਇਸ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ। ਸਭਾ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਅਤੇ ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਸ਼ਰੇਆਮ ਭੱਜ ਰਹੀ ਹੈ। ਪਹਿਲਾਂ ਹੀ ਕੁੱਲ ਬਜਟ ਦਾ ਬਹੁਤ ਛੋਟਾ ਹਿੱਸਾ ਸਿਹਤ ਲਈ ਰੱਖਿਆ ਜਾਂਦਾ ਹੈ ਪਰ ਹੁਣ ਇਹ ਵੀ ਖਰਚਣ ਤੋਂ ਸਰਕਾਰ ਨੇ ਪਾਸਾ ਵੱਟ ਲਿਆ ਹੈ। ਸਿਹਤਮੰਦ ਜ਼ਿੰਦਗੀ ਜਿਊਣਾ ਲੋਕਾਂ ਦਾ ਬੁਨਿਆਦੀ ਅਧਿਕਾਰ ਹੈ ਅਤੇ ਸਿਹਤ ਦੀ ਰਾਖੀ ਕਰਨਾ ਸਰਕਾਰ ਦਾ ਸੰਵਿਧਾਨਕ ਫਰਜ਼ ਹੈ। ਆਪਣੀਆਂ ਨਵੀਆਂ ਆਰਥਿਕ ਨੀਤੀਆਂ ਦੇ ਤਹਿਤ ਸਰਕਾਰ ਨੇ ਸਿਖਿਆ ਦੀ ਤਰ੍ਹਾਂ ਸਿਹਤ ਦੇ ਖੇਤਰ ਨੂੰ ਵੀ ਨਿਜੀਕਰਨ ਦੀ ਲਪੇਟ ਚ ਲੈ ਆਂਦਾ ਹੈ। ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀ ਪੀ ਪੀ ਮਾਡਲ) ਦੇ ਤਹਿਤ ਹਸਪਤਾਲਾਂ ਵਿੱਚ ਨਿੱਜੀ ਡਾਇਗਨੋਸਟਿਕ ਸੈਂਟਰ ਖੋਲ੍ਹੇ ਜਾਣਗੇ ਅਤੇ ਉਹਨਾਂ ਨੂੰ ਆਪਣੀ ਮਰਜ਼ੀ ਦੇ ਰੇਟ ਤੈਅ ਕਰਕੇ ਮੁਨਾਫੇ ਕਮਾਉਣ ਦੀ ਖੁੱਲ੍ਹ ਹੋਵੇਗੀ। ਐਮਅਾਰਅਾਈ,ਸੀਟੀ ਸਕੈਨ ਤੇ ਅਲਟਰਾਸਾਉੂਂਡ ਵੀ ਹੁਣ ਨਿੱਜੀ ਡਾਇਗਨੋਸਟਿਕ ਸੈਂਟਰ ਹਸਪਤਾਲ ਵਿਚ ਕਰ ਸਕਣਗੇ। ਇਸ ਨਾਲ ਜਿਥੇ ਆਮ ਮਰੀਜਾਂ ਤੇ ਵਿੱਤੀ ਬੋਝ ਵਧੇਗਾ,ਉੱਥੇ ਲਬਾਰਟਰੀਆਂ ਚ ਕੰਮ ਕਰਦੇ ਸਟਾਫ ਦੀ ਛਾਂਟੀ ਕੀਤੀ ਜਾਣੀ ਤਹਿ ਹੈ। ਲੈਬਾਰਟਰੀਆਂ ਨੂੰ ਨਿੱਜੀਕਰਨ ਤੋਂ ਬਚਾਉਣ ਲਈ ਸਿਹਤ ਕਾਮਿਆਂ ਦੀ ਦੋ ਰੋਜਾ ਹੜਤਾਲ ਦੀ ਹਮਾਇਤ ਕਰਦਿਆਂ ਸਭਾ ਨੇ ਸਰਕਾਰ ਦੇ ਇਸ ਫੈਸਲੇ ਨੂੰ ਤੁਰੰਤ ਵਾਪਸ ਲਏ ਜਾਣ ਅਤੇ ਕੁੱਲ ਬਜਟ ਦਾ 10 ਫੀਸਦੀ ਸਿਹਤ ਖੇਤਰ ਲਈ ਅਲਾਟ ਕਰਨ ਦੀ ਮੰਗ ਕੀਤੀ ਹੈ। ਪੈਰਾ ਮੈਡੀਕਲ ਕਾਮਿਆਂ ਦੀ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸਭਾ ਦੇ ਸਕੱਤਰ ਪ੍ਰਿਤਪਾਲ ਸਿੰਘ ਤੇ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਕਰੋਨਾ ਮਾਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਮੀ ਅਤੇ ਨਿਜੀ ਹਸਪਤਾਲਾਂ ਦੇ ਮਹਿੰਗੇ ਇਲਾਜ ਕਾਰਨ ਲੋਕਾਂ ਦਾ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਤੋਂ ਟੈਕਸਾਂ ਰਾਹੀਂ ਵਸੂਲੇ ਪੈਸਿਆਂ ਨਾਲ ਜਨਤਕ ਖੇਤਰ ਦੇ ਹਸਪਤਾਲ ਉਸਾਰੇ ਗਏ ਹਨ,ਇਸ ਲਈ ਸਰਕਾਰ ਦਾ ਇਹ ਮੁੱਢਲਾ ਫਰਜ ਬਣਦਾ ਹੈ ਕਿ ਉਥੇ ਲੋਕਾਂ ਦਾ ਇਲਾਜ ਸਰਕਾਰੀ ਖਰਚੇ ਤੇ ਕੀਤਾ ਜਾਵੇ।

ਸੁਖਬੀਰ ਬਾਦਲ ਵੱਲੋਂ 2022 ਵਿਚ ਗਠਜੋੜ ਸਰਕਾਰ ਦੇ ਸੱਤਾ ਚ ਆਉਣ ’ਤੇ 13 ਨੁਕਾਤੀ ਏਜੰਡਾ ਲਾਗੂ ਕਰਨ ਦਾ ਐਲਾਨ

ਨੀਲਾ ਕਾਰਡ ਧਾਰਕ ਘਰ ਦੀ ਅਗਵਾਈ ਕਰ ਰਹੀਆਂ ਮਹਿਲਾਵਾਂ ਨੁੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ

ਖੇਤੀਬਾੜੀ ਖਪਤਕਾਰਾਂ ਲਈ 10 ਰੁਪਏ ਪ੍ਰਤੀ ਲੀਟਰ ਡੀਜ਼ਲ ਰੇਟਾਂ ਵਿਚ ਕਟੌਤੀ

ਇੰਡਸਟਰੀ ਲਈ 5 ਰੁਪਏ ਪ੍ਰਤੀ ਯੁਨਿਟ ਬਿਜਲੀ 

ਵਿਦਿਆਰਥੀਆਂ ਲਈ ਵਿਆਜ਼ ਮੁਕਤ 10 ਲੱਖ ਰੁਪਏ ਦਾ ਲੋਨ ਦੇਣ ਦਾ ਕੀਤਾ ਐਲਾਨ

ਸੁਖਜਿੰਦਰ ਮਾਨ

 

ਚੰਡੀਗੜ੍ਹ, 3 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਤੇਬਸਪਾ ਗਠਜੋੜ ਸਰਕਾਰ ਦੇ ਸੱਤਾ ਵਿਚ ਆਉਣ ’ਤੇ 13 ਨੁਕਾਤੀ ਏਜੰਡਾ ਲਾਗੂ ਕਰਨ ਦਾ ਐਲਾਨ ਕੀਤਾ। ਇਸ ਏਜੰਡੇ ਵਿਚ ਨੀਲਾ ਕਾਰਡ ਧਾਰਕ ਘਰ ਦੀਆਂ ਮੁਖੀ ਸਾਰੀਆਂ ਬਜ਼ੁਰਗ ਮਹਿਲਾਵਾਂ ਨੂੰ 2 ਹਜ਼ਾਰ ਰੁਪਏ ਮਹੀਨਾ ਪੈਨਸ਼ਨ, ਖੇਤੀਬਾੜੀ ਖਪਤਕਾਰਾਂ ਨੁੰ ਡੀਜ਼ਲ ਰੇਟ ਵਿਚ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ, ਇੰਡਸਟਰੀ ਲਈ 5 ਰੁਪਏ ਪ੍ਰਤੀ ਯੁਨਿਟ ਬਿਜਲੀ ਤੇ ਵਿਦਿਆਰਥੀਆਂ ਲਈ ਵਿਆਜ਼ ਮੁਕਤ 10 ਲੱਖ ਰੁਪਏ ਦਾ ਲੋਨ ਸ਼ਾਮਲ ਹਨ।

ਇਹ ਪਹਿਲਕਦਮੀਆਂ, ਜਿਹਨਾਂ ਤਹਿਤ ਸਮਾਜ ਦੇ ਸਾਰੇ ਵਰਗਾਂ ਨੁੰ ਲਿਆ ਗਿਆ ਹੈ, ਵਿਚ ਹਰ ਘਰ ਨੁੰ ਹਰ ਮਹੀਨੇ 400 ਯੂਨਿਟ ਮੁਫਤ ਬਿਜਲੀ ਪ੍ਰਦਾਨ ਕਰਨਾ ਅਤੇ ਸਾਰੇ ਨੀਲੇ ਕਾਰਡ ਧਾਰਕਾਂ ਦੇ ਬਕਾਇਆ ਬਿਜਲੀ ਮੁਆਫ ਕਰਨਾ ਵੀ ਸ਼ਾਮਲ ਹੈ। ਗਰੀਬੀ ਰੇਖਾ ਤੋਂ ਹੇਠਲੇ ਸਾਰੇ ਪਰਿਵਾਰ ਜਿਹਨਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਗਏ ਹਨ,ਉਹ ਵੀ ਬਹਾਲ ਕਰ ਦਿੱਤੇ ਜਾਣਗੇ।

ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ 10 ਲੱਖ ਰੁਪਏ ਦੇ ਸਿਹਤ ਬੀਮਾ ਯੋਜਨਾ ਦਾ ਵੀ ਐਲਾਨ ੀਤਾ ਜਿਸ ਤਹਿਤ ਇਲਾਜ, ਦਵਾਈਆਂ, ਟੈਸਟ, ਸਰਜਰੀਆਂ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਉਪਲਬਧ ਹੋਣਗੇ।

ਇਸਦੇ ਨਾਲ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਭਾਰਤ ਅਤੇ ਵਿਦੇਸ਼ਾਂ ਵਿਚ ਉਚੇਰੀ ਸਿੱਖਿਆ ਲਈ ਜਾਣ ਦੇ ਇੱਛੁਕ ਨੌਜਵਾਨਾਂ ਵਾਸਤੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਟੂਡੈਂਟ ਐਜੂਕੇਸ਼ਨ ਕਾਰਡ ਤਹਿਤ 10 ਲੱਖ ਰੁਪਏ ਦਾ ਲੋਨ ਉਹਨਾਂ ਵਿਦਿਆਰਥੀਆਂ ਨੁੰ ਮਿਲੇਗਾ ਜੋ ਕਾਲਜ ਫੀਸ ਭਰਨਾ ਚਾਹੁੰਦੇ ਹਨ ਜਾਂ ਆਈਲੈਟਸ ਵਰਗੀ ਕੋਚਿੰਗ ਫੀਸ ਅਦਾ ਕਰਨਾ ਚਾਹੁੰਦੇ ਹਨ। ਉਹਨਾਂ ਐਲਾਨ ਕੀਤਾ ਕਿ ਐਸ ਸੀ ਵਿਦਿਆਰਥੀਆਂ ਲਈ ਇਸ ਸਹੂਲਤ ਤੋਂ ਇਲਾਵਾ ਐਸ ਸੀ ਸਕਾਲਰਸ਼ਿਪ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ।

ਖੇਤੀਬਾੜੀ ਖੇਤਰ ਵਿਚ ਪਹਿਲਕਦਮੀਆਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸੂਬਾ ਵਿਧਾਨ ਸਭਾ ਵਿਚ ਕਾਨੁੰਨ ਪਾਸ ਕਰ ਕੇ ਤਿੰਨ ਕਾਲੇ ਖੇਤੀ ਕਾਨੂੰਨ ਪੰਜਾਬ ਵਿਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਸਰਕਾਰ ਕਿਸਾਨਾਂ ਵਾਸਤੇ ਫਲਾਂ ਤੇ ਸਬਜ਼ੀਆਂ ਲਈ ਘੱਟੋ ਘੱਟ ਸਮਰਥਨ ਮੁੱਲ (ਐਮ ਐਸ ਪੀ) ਸ਼ੁਰੂ ਕਰੇਗੀ ਤੇ ਘੱਟ ਭਾਅ ਮਿਲਣ ’ਤੇ ਕਿਸਾਨਾਂ ਨੁੰ ਮੁਆਵਜ਼ਾ ਵੀ ਦੇਵੇਗੀ।

ਸਰਦਾਰ ਬਾਦਲ ਨੇ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਸਿਹਤ ਤੇ ਸਿੱਖਿਆ ’ਤੇ ਵਧੇਰੇ ਧਿਆਨ ਦੇਵੇਗੀ। ਉਹਨਾਂ ਕਿਹਾ ਕਿ ਹਰ ਜ਼ਿਲ੍ਹੇ ਵਿਚ 500 ਬੈਡਾਂ ਵਾਲੇ ਸਰਕਾਰੀ ਮੈਡੀਕਲ ਕਾਲਜ ਸਥਾਪਿਤ ਕਰੇਗੀ ਜੋ ਸੁਪਰ ਸਪੈਸ਼ਲਟੀ ਸਹੂਲਤਾਂ ਨਾਲ ਲੈਸ ਹੋਣਗੇ।
ਉਹਨਾਂ ਇਹ ਵੀ ਐਲਾਨ ਕੀਤਾ ਕਿ ਮੈਡੀਕਲ ਕਾਲਜਾਂ ਸਮੇਤ ਸੂਬੇ ਦੇ ਪ੍ਰੋਫੈਸ਼ਨਲ ਕਾਲਜਾਂ ਵਿਚ ਸਰਕਾਰੀ ਸਕੂਲਾਂ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਲਈ 33 ਫੀਸਦੀ ਸੀਟਾਂ ਰਾਖਵੀਂਆਂ ਕੀਤੀਆਂ ਜਾਣਗੀਆਂ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰੀ ਖੇਤਰ ਵਿਚ 1 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਪ੍ਰਾਈਵੇਟ ਖੇਤਰਵਿਚ 10 ਲੱਖ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਉਹਨਾਂ ਨੇ ਸਾਰੀਆਂ ਸਰਕਾਰੀ ਨੌਕਰੀਆਂ ਵਿਚ ਮਹਿਲਾਵਾਂ ਲਈ 50 ਫੀਸਦੀ ਰਾਖਵੇਂਕਰਨ ਦਾ ਵੀ ਐਲਾਨ ਕੀਤਾ। ਉਹਨਾਂ ਕਿਹਾ ਕਿ ਪ੍ਰਾਈਵੇਟ ਸੈਕਟਰ ਵਿਚ 75 ਫੀਸਦੀ ਨੌਕਰੀਆਂ ਪੰਜਾਬੀਆਂ ਲਈ ਰਾਖਵੀਂਆਂ ਹੋਣਗੀਆਂ।

ਉਹਨਾਂ ਇਹ ਵੀ ਐਲਾਨ ਕੀਤਾ ਕਿ ਸਫਾਈ ਕਰਮਚਾਰੀਆਂ ਸਮੇਤ ਠੇਕੇ ’ਤੇ ਕੰਮ ਕਰਦੇ ਸਾਰੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ ਤੇ ਸਾਰੀਆਂ ਸਰਕਾਰੀ ਸੇਵਾਵਾਂ ਨੁੰ ਇਕ ਸਾਲ ਦੇ ਅੰਦਰ ਅੰਦਰ ਡਿਜੀਟਲ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਅਤੇ ਕਾਂਗਰਸ ਸਰਕਾਰ ਵੱਲੋਂ ਬੰਦ ਕੀਤੇ ਸੇਵਾ ਕੇਂਦਰ ਮੁੜ ਸ਼ੁਰੂ ਕੀਤੇ ਜਾਣਗੇ।

ਉਹਨਾਂ ਇਹ ਵੀ ਐਲਾਨ ਕੀਤਾ ਕਿ ਵੱਡੀਆਂ ਕੰਪਨੀਆਂ ਨੂੰ ਸੋਲਰ ਐਨਰਜੀ ਲਈ ਉਤਸ਼ਾਹਿਤ ਕੀਤਾ ਜਾਵੇਗਾ ਤੇ ਇਸ ਵਾਸਤੇ ਇਹਨਾਂ ਦੇ ਟਰਾਂਸਮਿਸ਼ਨ ਚਾਰਜਿਜ਼ ਖਤਮ ਕੀਤੇ ਜਾਣਗੇ ਤੇ ਸੂਬੇ ਵਿਚ ਆਈ ਟੀ ਹਬ ਬਣਾਏ ਜਾਣਗੇ।

ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਲੋਕਾਂ ਨਾਲ ਕੀਤੇ ਵਾਅਦੇ ਨਿਭਾਏ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਕਿਸਾਨਾਂ ਨੁੰ ਮੁਫਤ ਬਿਜਲੀ ਦਾ ਵਾਅਦਾ ਕੀਤਾ ਜੋ ਪੂਰਾ ਕੀਤਾ। ਉਹਨਾਂ ਕਿਹਾ ਕਿ ਅਸੀਂ ਸਮਾਜਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਆਟਾ ਦਾਲ ਸਕੀਮ ਤੇ ਸ਼ਗਨ ਸਕੀਮ ਦਾ ਐਲਾਨ ਕੀਤਾ ਤੇ ਇਹ ਸ਼ੁਰੂ ਕੀਤੀਆਂ। ਉਹਨਾਂ ਕਿਹਾ ਕਿ ਅਸੀਂ ਪੰਜਾਬ ਨੁੰ ਬਿਜਲੀ ਸਰਪਲੱਸ ਬਣਾਉਣ ਦਾ ਵਾਅਦਾ ਕੀਤਾ ਤੇ ਪੂਰਾ ਕੀਤਾ। ਇਸੇ ਤਰੀਕ ਅਸੀਂ ਲੋਕਾਂ ਨੁੰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਪ੍ਰਦਾਨ ਕੀਤਾ ਤੇ ਚਾਰ ਤੇ ਛੇ ਮਾਰਗੀ ਹਾਈਵੇ ਬਣਾਈਆਂ ਤੇ ਕੌਮਾਂਤਰੀ ਹਵਾਈ ਅੱਡੇ ਬਣਾਏ। ਉਹਨਾਂ ਕਿਹਾ ਕਿ ਅਸੀਂ ਜੋ ਕਿਹਾ, ਉਹ ਕੀਤਾ ਤੇ ਜੋ ਕਹਾਂਗੇ, ਉਹ ਕਰਾਂਗੇ।

ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਅਕਾਲੀ ਸਰਕਾਰਾਂ ਨੇ ਹਮੇਸ਼ਾ ਸੁਬੇ ਵਿਚ ਸ਼ਾਂਤੀ, ਫਿਰਕੂ ਸਦਭਾਵਨਾ, ਆਪਸੀ ਭਾਈਚਾਰੇ ਤੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ।ੂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਵਾਸਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕੀ ਤੇ ਵਾਅਦਿਆਂ ਤੋਂ ਮੁਕਰ ਗਏ। ਉਹਨਾਂ ਕਿਹਾ ਕਿ ਜਿਥੇ ਤੱਕ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਸਵਾਲ ਹੈ, ਉਹਨਾਂ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਨਾਲ ਸਬੰਧਤ ਸਾਰੇ ਮਾਮਲਿਆਂ ’ਤੇ ਦੋਗਲਾ ਸਟੈਂਡ ਅਪਦਾਇਆ। ਕੇਜਰੀਵਾਲ ਨੇ ਐਸ ਵਾਈ ਐਲ ਅਤੇ ਪਰਾਲੀ ਸਾੜਨ ਦੇ ਮਾਮਲੇ ਵਿਚ ਪੰਜਾਬ ਦੇ ਹਿੱਤਾਂ ਨਾਲ ਧੋਖਾ ਕੀਤਾ ਤੇ ਹਾਲ ਹੀ ਵਿਚ ਸੂਬੇ ਵਿਚਲੇ ਥਰਮਲ ਪਲਾਂਟ ਬੰਦ ਕਰਵਾਉਣ ਦਾ ਯਤਨ ਕੀਤਾ। ਉਹਨਾਂ ਕਿਹਾ ਕਿ 300 ਯੁਨਿਟ ਮੁਫਤ ਬਿਜਲੀ ਦਾ ਵਾਅਦਾ ਵੀ ਅਫਵਾਹ ਹੈ ਕਿਉਂਕਿ ਕੇਜਰੀਵਾਲ ਨੇ ਕਿਹਾ ਹੈ ਕਿ ਇਕ ਵੀ ਯੂਨਿਟ ਵੱਧ ਹੋ ਗਿਆ ਤਾਂ ਸਾਰਾ ਬਿੱਲ ਦੇਣਾ ਪਵੇਗਾ ਜਿਵੇਂ ਦਿੱਲੀ ਵਿਚ ਲੋਕ ਦਿੰਦੇ ਹਨ।

ਡੀ.ਸੀ.ਦਫਤਰ ਦੇ ਕਰਮਚਾਰੀਆਂ ਵੱਲੋ ਅੱਜ ਕਲਮਛੋੜ ਹੜਤਾਲ

0

ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਕੀਤਾ ਰੋਸ਼ ਮੁਜਾਹਰਾ
ਸੁਖਜਿੰਦਰ ਮਾਨ
ਬਠਿੰਡਾ, 02 ਅਗਸਤ – ਪੰਜਾਬ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਝੰਡੇ ਹੇਠ ਅਪਣੀਆਂ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਾਮਿਆਂ ਵਲੋਂ ਅੱਜ ਪ੍ਰਧਾਨ ਕੁਲਦੀਪ ਸਰਮਾਂ ਦੀ ਅਗਵਾਈ ਹੇਠ ਕਲਮਛੋੜ ਹੜਤਾਲ ਕਰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗੇਟ ਅੱਗੇ ਰੋਸ ਮੁਜਾਹਰਾ ਵੀ ਕੀਤਾ ਗਿਆ। ਇਸ ਰੋਸ਼ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਮਾਲ ਵਿਭਾਗ ਨੇ ਪਿਛਲੇ ਦਿਨੀ ਇੱਕ ਨੋਟੀਫਿਕੇਸਨ ਕਰਕੇ ਡੀ.ਸੀ. ਦਫਤਰ ਦੀਆਂ ਕਈ ਸਾਖਾਵਾਂ ਨੂੰ ਖਤਮ ਕਰ ਦਿੱਤਾ ਗਿਆ ਹੈ।ਜਿਸ ਨਾਲ ਡੀ.ਸੀ. ਦਫਤਰ ਦੇ ਮੁਲਾਜਮਾਂ ਦੀ ਤਰੱਕੀ ਵਿੱਚ ਖੜੋਤ ਆਏਗੀ, ਉਥੇ ਆਮ ਪਬਲਿਕ ਨੂੰ ਵੀ ਦਿਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਵੀ ਬਹੁਤ ਜਿਆਦਾ ਵਿਘਨ ਪਵੇਗਾ।ਇਸ ਤੋ ਇਲਵਾ ਪੰਜਾਬ ਸਰਕਾਰ ਵੱਲੋ ਲਾਗੂ ਕੀਤੇ ਜਾ ਰਹੇ 6ਵੇ ਤਨਖਾਹ ਕਮਿਸ਼ਨ ਦੀ ਰਿਪੋਰਟ ਮੁਲਾਜਮ ਮਾਰੂ ਸਿੱਧ ਹੋਈ ਹੈ।ਜਿਸਨੂੰ ਮੁਲਾਜਮ ਵਰਗ ਵੱਲੋ ਮੁੱਢ ਤੋ ਹੀ ਨਕਾਰ ਦਿੱਤਾ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਭਲਕੇ ਸਾਰੇ ਪੰਜਾਬ ਦੇ ਡੀ.ਸੀ. ਦਫਤਰਾਂ ਵਿੱਚ ਕਲਮਛੋੜ ਰੱਖੀ ਜਾਵੇਗੀ ਅਤੇ 4 ਅਗਸਤ ਨੂੰ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜੱਦੀ ਪਿੰਡ ਕਾਂਗੜ ਵਿਖੇ ਸਾਰੇ ਪੰਜਾਬ ਦੇ ਡੀ.ਸੀ. ਦਫਤਰਾਂ ਦੇ ਮੁਲਾਜਮ ਰੋਸ਼ ਧਰਨਾ ਦੇਣਗੇ।

ਅਕਾਲੀ ਦਲ ਤੇ ਬਸਪਾ ਸੰਸਦ ਮੈਂਬਰਾਂ ਨੇ ਕਿਸਾਨ ਅੰਦੋਲਨ ’ਤੇ ਧਿਆਨ ਖਿੱਚਣ ਲਈ ਸੰਸਦ ਮੈਂਬਰਾਂ ਨੁੰ ਕਣਕ ਦੀਆਂ ਬੱਲੀਆਂ ਕੀਤੀਆਂ ਭੇਂਟ

ਸੁਖਜਿੰਦਰ ਮਾਨ

ਚੰਡੀਗੜ੍ਹ, 2 ਅਗਸਤ : ਇਕ ਵਿਲੱਖਣ ਪ੍ਰਦਰਸ਼ਨ ਵਿਚ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਮੈਂਬਰਾਂ ਨੁੰ ਕਣਕ ਦੀਆਂ ਬੱਲੀਆਂ ਦੇ ਕੇ ਦਿੱਲੀ ਦੇ ਬਾਰਡਰਾਂ ’ਤੇ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨ ਵਿਚ ਡਟੇ ਹਜ਼ਾਰਾਂ ਕਿਸਾਨਾਂ ਦੀ ਦਸ਼ਾ ਉਜਾਗਰ ਕੀਤੀ ਤੇ ਉਹਨਾਂ ਲਈ ਨਿਆਂ ਮੰਗਿਆ।
ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ, ਜੋ ਪ੍ਰਦਰਸਸ਼ਨ ਦੀ ਅਗਵਾਈ ਕਰ ਰਹੇ ਸਨ, ਨੇ ਐਨ ਡੀ ਏ ਦੇ ਮੰਤਰੀਆਂ ਤੇ ਸੰਸਦ ਮੈਂਬਰਾਂ ਨੁੰ ਇਹ ਕਣਕ ਦੀਆਂ ਬੱਲੀਆਂ ਭੇਂਟ ਕੀਤੀਆਂ ਤੇ ਉਹਨਾਂ ਨੁੰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਵਿਆਰ ’ਤੇ ਆਤਮ ਚਿੰਤਨ ਕਰਨ ਵਾਸਤੇ ਆਖਿਆ। ਜਿਥੇ ਮੰਤਰੀਆਂ ਨੇ ਕਣਕ ਦੀਆਂ ਬੱਲੀਆਂ ਸਵੀਕਾਰ ਨਹੀਂ ਕੀਤੀਆਂ, ਉਥੇ ਹੀ ਬਹੁਤ ਸਾਰੇ ਸੰਸਦ ਮੈੀਬਰਾਂ ਨੇ ਨਾ ਸਿਰਫ ਇਹ ਪ੍ਰਵਾਨ ਕੀਤੀਆਂ ਬਲਮਿ ਰਮਾ ਦੇਵੀ ਨੇ ਇਹ ਬੱਲੀਆਂ ਮੱਥੇ ’ਤੇ ਲਾ ਕੇ ਇਹਨਾਂ ਪ੍ਰਤੀ ਸਤਿਕਾਰ ਦਰਸਾਇਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਜੇਕਰ ਅਸੀਂ ਰੋਜ਼ ਭੋਜਨ ਛੱਕ ਰਹੇ ਹਾਂ ਤਾਂ ਇਸ ਲਈ ਕਿਸਾਨਾਂ ਨੂੰ ਧੰਨਵਾਦ ਕਰਨਾ ਬਣਦਾ ਹੈ। ਉਹਨਾਂ ਕਿਹਾ ਕਿ ਹੈਰਾਨੀਵ ਾਲੀ ਗੱਲ ਹੈ ਕਿ  ਇਕ ਭਾਈਚਾਰਾ ਜੋ ਸਭ ਲੀ ਕੰਮ ਕਰਦਾ ਹੈ, ਨਾਲ ਕੇਂਦਰ ਸਰਕਾਰ ਬਦਸਲੂਕੀ ਕਰ ਰਹੀ ਹੈ ਤੇ ਤਿੰਨ ਕਾਲੇ ਖੇਤੀ ਕਾਨੁੰਨ ਰੱਦ ਕਰਨ ਤੋਂ ਇਨਕਾਰੀ ਹੈ। ਉਹਨਾਂ ਕਿਹਾ ਕਿ ਅਸੀਂ ਅੱਜ ਸੰਸਦ ਮੈਂਬਰਾਂ ਨੁੰ ਕਣਕ ਦੀਆਂ ਬੱਲੀਆਂ ਭੇਂਟ ਕਰ ਕੇ ਉਹਨਾਂ ਨੁੰ ਆਪਣੇ ਨੀਤੀ ਘਾੜਿਆਂ ਦੀ ਆਪਣੀ ਜ਼ਮੀਰ ਉਹਨਾਂ ਪ੍ਰਤੀ ਜਗਾਉਣ ਦੀ ਅਪੀਲ ਕੀਤੀ ਹੈ ਜੋ ਸਾਨੂੰ ਭੋਜਨ ਦੇ ਰਹੇ ਹਨ।

ਕਾਲੇ ਕਾਨੂੰਨ ਵਾਪਸ ਲਵੋ ਅਤੇ ਕਿਸਾਨੋ ਕੀ ਮਾਂਗੇ ਪੂਰੀ ਕਰੋ ਦੇ ਨਾਅਰੇ ਆਉਂਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੇਂਦਰ ਸਰਕਾਰ ਨੇ ਦਿੱਲੀ ਦੇ ਬਾਰਡਰਾਂ ’ਤੇ ਪਿਛਲੇ 8 ਮਹੀਨਿਆਂ ਤੋਂ ਡਟੇ ਕਿਸਾਨਾਂ ਦੀਆਂ ਤਕਲੀਫਾਂ ਪ੍ਰਤੀ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਦੇ ਸੰਸਦ ਮੈਂਬਰ ਮੌਜੂਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਦੇ ਪਹਿਲੇ ਦਿਨ ਤੋਂ ਹੀ ਤਿੰਨ ਖੇਤੀ ਕਾਨੂੰਨ ਰੱਦ ਕਰਨ ’ਤੇ ਚਰਚਾ ਕਰਨ ਦੀ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਵਾਰ ਵਾਰ ਕੰਮ ਰੋਕੂ ਮਤੇ ਪੇਸ਼ ਕੀਤੇ ਜਿਹਨਾਂ ਦੀ ਆਗਿਆ ਨਹੀਂ  ਦਿੱਤੀ ਗਈ। ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਵਾਜ਼ ਸੁਣਨ ਲਈ ਤਿਆਰ ਨਹੀਂ ਤੇ ਇਸੇ ਕਾਰਨ ਅਸੀਂ ਹਰ ਰੋਜ਼ ਸੰਸਦ ਦੇ ਬਾਹਰ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਕਾਲੇ ਕਾਨੂੰਨ ਰੱਦ ਕੀਤੇ ਜਾਣ ਤੱਕ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਾਗੇ।ਸਰਦਾਰਨੀ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਕਿਸਾਨ ਅੰਦੋਲਨ ਨੁੰ ਬਦਨਾਮ ਕਰਨ ਅਤੇ ਇਸ ਪਵਿੱਤਰ ਕਾਰਜ ਵਿਚ ਸ਼ਹੀਦ ਹੋਏ ਕਿਸਾਨਾਂ ਦੀ ਸ਼ਹਾਦਤ ਨੁੰ ਛੁਟਿਆਉਣ ਦੇ ਯਤਨਾਂ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕਿਸਾਨਾਂ ਬਾਰੇ ਮੰਦਾ ਬੋਲਿਆ ਜਾ ਰਿਹਾ ਹੈ ਤੇ ਇਹਨਾਂ ਨੁੰ ਅਤਿਵਾਦੀ ਤੇ ਮੱਵਾਲੀ ਦੱਸਿਆ ਜਾ ਰਿਹਾ ਹੈ ਕਿਉਂਕਿ ਇਹ ਖੇਤੀਬਾੜੀ ਅਰਥਚਾਰੇ ਖਿਲਾਫ ਕਾਰਪੋਰੇਟਾਂ ਵੱਲੋਂ ਰਚੀ ਜਾ ਰਹੀ ਸਾਜ਼ਿਸ਼ ਦੇ ਖਿਲਾਫ ਡਟੇ ਹਨ।

ਬਠਿੰਡਾ ਦੀ ਐਮ ਪੀ ਨੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦਾ ਰਿਕਾਰਡ ਨਾ ਹੋਣ ਦਾ ਬਿਆਨ ਦੇ ਕੇ ਅੰਦੋਲਨ ਦੇ ਸ਼ਹੀਦਾਂ ਨੁੰ ਛੁਟਿਆਉਣ ਦੇ ਯਤਨਾਂ ਦੀ ਵੀ ਨਿਖੇਧੀ ਕੀਤੀ । ਉਹਨਾਂ ਕਿਹਾ ਕਿ ਕੇਂਦਰ ਦਾ ਅਜਿਹਾ ਬਿਆਨ ਉਦੋਂ ਆਇਆ ਹੈ ਜਦੋਂ ਅੰਦੋਲਨ ਵਿਚ 537 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ।

ਮੁੱਖ ਮੰਤਰੀ ਵੱਲੋਂ ਨੌਜਵਾਨਾਂ ਅੰਦਰ ਛੁਪੀ ਹੋਈ ਪ੍ਰਤਿਭਾ ਉਜਾਗਰ ਕਰਨ ਲਈ ਵੈੱਬ ਚੈਨਲ ‘ਰੰਗਲਾ ਪੰਜਾਬ’ ਦੀ ਸ਼ੁਰੂਆਤ

0

ਸੁਖਜਿੰਦਰ ਮਾਨ

ਚੰਡੀਗੜ੍ਹ, 2 ਅਗਸਤ: ਸੂਬਾ ਭਰ ਵਿਚ ਛੁਪੀ ਹੋਈ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੈੱਬ ਚੈਨਲ ‘ਰੰਗਲਾ ਪੰਜਾਬ’ (ranglapunjab.in) ਦੀ ਵਚਰੂਅਲ ਤੌਰ ਉਤੇ ਸ਼ੁਰੂਆਤ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਚੈਨਲ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਪਾਸਾਰ ਕਰਨ ਵਿੱਚ ਸਹਾਈ ਸਿੱਧ ਹੋਵੇਗਾ ਅਤੇ ਉੱਭਰ ਰਹੇ ਕਲਾਕਾਰਾਂ ਨੂੰ ਗਾਇਕੀ, ਡਾਂਸਿੰਗ ਅਤੇ ਕਲਾ ਤੇ ਸੱਭਿਆਚਾਰ ਦੀਆਂ ਹੋਰ ਵੰਨਗੀਆਂ ਵਿਚ ਆਪਣੇ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਦੇ ਅਥਾਹ ਮੌਕੇ ਮੁਹੱਈਆ ਕਰਵਾਏਗਾ।

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਵਿਲੱਖਣ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਰੰਗਲਾ ਪੰਜਾਬ’ ਚੈਨਲ ਪੰਜਾਬੀ ਤੇ ਹਿੰਦੀ ਫਿਲਮ ਅਤੇ ਸੰਗੀਤ ਇੰਡਸਟਰੀ ਵਿਚ ਪ੍ਰਤਿਭਾਸ਼ਾਲੀ ਕਲਾਕਾਰਾਂ ਲਈ ਨਵੇਂ ਦਿਸਹੱਦੇ ਕਾਇਮ ਕਰੇਗਾ ਅਤੇ ਇਨ੍ਹਾਂ ਦੀਆਂ ਪ੍ਰਤਿਭਾਵਾਂ ਨਾਲ ਉੱਘੇ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਨੂੰ ਪ੍ਰਤਿਭਾ ਦੇ ਨਵੇਂ ਮੌਕਿਆਂ ਨੂੰ ਚੁਣਨ ਦਾ ਰਸਤਾ ਖੁੱਲ੍ਹ ਸਕਦਾ ਹੈ। ਉਨ੍ਹਾਂ ਨੇ ਗਾਇਕੀ ਅਤੇ ਸਾਜ਼-ਸੰਗੀਤ ਦੇ ਨਵੇਂ ਰੁਝਾਨ ਵਿਚ ਗੂੜੀ ਸਮਝ ਰੱਖਣ ਵਾਲੇ ਨੌਜਵਾਨਾਂ ਨੂੰ ‘ਹੀਰ-ਰਾਂਝਾ’, ‘ਸੋਹਣੀ-ਮਹੀਵਾਲ’ ਅਤੇ ‘ਸੱਸੀ ਪੁਨੂੰ’ ਵਰਗੀਆਂ ਪ੍ਰਸਿੱਧ ਲੋਕ ਧਾਰਾਵਾਂ ਵੀ ਗਾਉਣ ਲਈ ਆਖਿਆ ਜੋ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਦਾ ਅਟੁੱਟ ਹਿੱਸਾ ਹਨ।

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਕੈਨੇਡਾ, ਯੂ.ਐਸ.ਏ. ਅਤੇ ਆਸਟ੍ਰੇਲੀਆ ਵਿਚ ਵਸਦੇ ਪੰਜਾਬੀ ਨੌਜਵਾਨ ਇਸ ਪਲੇਟਫਾਰਮ ਜ਼ਰੀਏ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰਨਗੇ। ਉਨ੍ਹਾਂ ਕਿਹਾ ਕਿ ਭਾਵੇਂ ਜਰਮਨ ਵਰਗੇ ਵਿਦੇਸ਼ੀ ਮੁਲਕ ਪੰਜਾਬੀ ਨਹੀਂ ਸਮਝਦੇ ਪਰ ਪੰਜਾਬੀ ਸੰਗੀਤ ਤੇ ਗੀਤਾਂ ਨਾਲ ਕੀਲੇ ਜਾਂਦੇ ਹਨ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਨਿਵੇਕਲਾ ਕਦਮ ਪੰਜਾਬੀ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੇਗਾ ਅਤੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਬਿਹਤਰ ਢੰਗ ਨਾਲ ਕਰਨ ਲਈ ਵੀ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿਚ ਗਾਇਕੀ ਅਤੇ ਡਾਂਸਿੰਗ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾਣਗੀਆਂ ਜਿਨ੍ਹਾਂ ਨੂੰ ਵੈੱਬ ਚੈਨਲ ਉਤੇ ਸ਼ੇਅਰ ਕਰਨ ਤੋਂ ਪਹਿਲਾਂ ਪੰਜਾਬ ਆਰਟਸ ਕੌਂਸਲ ਦੇ ਮੈਂਬਰਾਂ ਦੀਆਂ ਮਾਹਿਰ ਕਮੇਟੀ ਵੱਲੋਂ ਵਿਸਥਾਰਤ ਸਕਰੀਨਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਵੱਖ-ਵੱਖ ਸ਼ੈਲੀਆਂ ਵਿਚ ਚੁਣੇ ਗਏ ਕਲਾਕਾਰਾਂ ਦਰਮਿਆਨ ਵੀ ਮੁਕਾਬਲਾ ਕਰਵਾਇਆ ਜਾਵੇਗਾ ਤਾਂ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾ ਸਕੇ।

ਸ੍ਰੀ ਚੰਨੀ ਨੇ ਮੁੱਖ ਮੰਤਰੀ ਨੂੰ ਬੈੱਡ ਐਂਡ ਬਰੇਕਫਾਸਟ/ਹੋਮਸਟੇਅ ਸਕੀਮ-2021 ਤਹਿਤ ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਬਾਰੇ ਵੀ ਜਾਣੂੰ ਕਰਵਾਇਆ। ਇਸ ਨਾਲ ਸੂਬੇ ਵਿਚ ਪੇਂਡੂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਨਾਗਰਿਕਾਂ ਨੂੰ ਆਪਣੀਆਂ ਰਿਹਾਇਸ਼ੀ ਥਾਵਾਂ ਨੂੰ ਕਿਰਾਏ ਉਤੇ ਦੇ ਕੇ ਰੋਜ਼ਗਾਰ ਕਮਾਉਣ ਲਈ ਮੌਕਾ ਪ੍ਰਦਾਨ ਹੋਣਗੇ।

ਇਸ ਸਮਾਗਮ ਵਿਚ ਵਧੀਕ ਮੁੱਖ ਸਕੱਤਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਸੰਜੇ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਨੇ ਸ਼ਿਰਕਤ ਕੀਤੀ।

ਮੁੱਖ ਮੰਤਰੀ ਵੱਲੋਂ ਸਨਅਤੀ ਗਤੀਵਿਧੀਆਂ ਲਈ ਹੋਰ ਇਲਾਕੇ ਖੋਲ੍ਹਣ ਦੀ ਇਜਾਜ਼ਤ

0

ਸੁਖਜਿੰਦਰ ਮਾਨ

ਚੰਡੀਗੜ੍ਹ, 2 ਅਗਸਤ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਵਿਚ ਉਦਯੋਗਿਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਦੀ ਕੋਸ਼ਿਸ਼ ਵਜੋਂ ਸਨਅਤ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਚੇਂਜ ਆਫ ਲੈਂਡ ਯੂਜ਼ (ਸੀ.ਐਲ.ਯੂ.) ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਮਾਸਟਰ ਪਲਾਨ ਦੇ ਖੇਤੀ ਜ਼ੋਨ ਵਿਚ ਉਦਯੋਗਿਕ ਗਤੀਵਿਧੀਆਂ ਦੀ ਇਜਾਜ਼ਤ ਦੇਣ ਦੀ ਨੀਤੀ ਦੇ ਤਹਿਤ ਸੀ.ਐਲ.ਯੂ., ਲਾਲ ਲਕੀਰ ਜਾਂ ਘੱਟੋ-ਘੱਟ 6 ਕਰਮ (30-33 ਫੁੱਟ) ਪਹੁੰਚ ਮਾਰਗ ਦੀ ਨੇੜਲੀ ਆਬਾਦੀ (ਘੱਟੋ-ਘੱਟ 50 ਪੱਕੇ ਮਕਾਨ) ਲਈ ਕ੍ਰਮਵਾਰ 100 ਮੀਟਰ ਅਤੇ 250 ਮੀਟਰ ਦੂਰੀ ਉਤੇ ਗਰੀਨ ਅਤੇ ਆਰੇਂਜ ਇੰਡਸਟਰੀ ਲਈ ਲਾਗੂ ਹੋਣ ਯੋਗ ਹੋਵੇਗਾ।

ਮੁੱਖ ਮੰਤਰੀ ਨੇ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਨੂੰ ਰੈੱਡ ਕੈਟਾਗਰੀ ਵਾਲੇ ਉਦਯੋਗ ਦੀ ਨਜ਼ਰਸਾਨੀ ਕਰਨ ਲਈ ਆਖਿਆ ਅਤੇ ਸਾਰੇ ਮਾਸਟਰ ਪਲਾਨ ਵਿਚ ਅਜਿਹੇ ਉਦਯੋਗ ਲਈ ਵੱਖ ਜ਼ੋਨਾਂ ਦੀ ਵਿਵਸਥਾ ਕਰਨ ਦੇ ਹੁਕਮ ਦਿੱਤੇ।

ਉਨ੍ਹਾਂ ਨੇ ਮੋਹਾਲੀ ਵਿਚ ਮੈਡੀਕਲ ਆਕਸੀਜਨ ਮੈਨੂਫੈਕਚਰਿੰਗ ਪਲਾਂਟ ਦੇ ਵਿਸਥਾਰ ਲਈ ਵਿਸ਼ੇਸ਼ ਇਜਾਜ਼ਤ ਦਿੱਤੀ। ਉਨ੍ਹਾਂ ਨੇ ਟਾਊਨ ਐਂਡ ਕੰਟਰੀ ਪਲਾਨਿੰਗ ਅਜਿਹੇ ਸਾਰੇ ਪਲਾਂਟਾਂ ਨੂੰ ਖੁੱਲ੍ਹਾ ਸਹਿਯੋਗ ਦੇਣ ਲਈ ਆਖਿਆ ਤਾਂ ਕਿ ਮੈਡੀਕਲ ਆਕਸੀਜਨ ਦੇ ਉਤਪਾਦਨ ਨੂੰ ਹੁਲਾਰਾ ਦਿੱਤਾ ਜਾ ਸਕੇ।

ਵੀਡੀਓ ਕਾਨਫਰੰਸਿੰਗ ਰਾਹੀਂ ਪੰਜਾਬ ਰੀਜਨਲ ਐਂਡ ਟਾਊਨ ਪਲਾਨਿੰਗ ਡਿਵੈਲਪਮੈਂਟ ਬੋਰਡ ਦੀ 42ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਜੋ ਇਸ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਸਾਰੇ ਰੈੱਡ, ਗਰੀਨ ਅਤੇ ਆਰੇਂਜ ਇੰਡਸਟਰੀਅਲ ਯੂਨਿਟਾਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਰਧਾਰਤ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਜੀਰੋ ਡਿਸਚਾਰਜ ਜਾਂ ਸੋਧੇ ਹੋਏ ਪਾਣੀ ਦੀ ਵਰਤੋਂ ਲਈ ਸੰਭਾਵਿਤ ਵਰਤੋਂਕਾਰਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ।

ਇਕ ਹੋਰ ਫੈਸਲੇ ਵਿਚ ਮੁੱਖ ਮੰਤਰੀ ਨੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦੀ ਨਿਗਮ ਹੱਦ ਤੋਂ ਚਾਰ ਕਿਲੋਮੀਟਰ ਦੀ ਦੂਰੀ, ਨਿਗਮ ਵਾਲੇ ਸ਼ਹਿਰਾਂ ਅਤੇ ਕਲਾਸ-ਏ ਸ਼ਹਿਰਾਂ ਤੋਂ ਤਿੰਨ ਕਿਲੋਮੀਟਰ ਅਤੇ ਬਾਕੀ ਸ਼ਹਿਰਾਂ ਤੋਂ 2 ਕਿਲੋਮੀਟਰ ਦੂਰੀ ਉਤੇ ਹਾਈਵੇਅ ਨਾਲ ਮਿਕਸਡ ਲੈਂਡ ਯੂਜ਼ ਜ਼ੋਨਾਂ ਵਿਚ ਉਦਯੋਗਾਂ ਦੀ ਸਥਾਪਨਾ ਨੂੰ ਇਜਾਜ਼ਤ ਦੇ ਦਿੱਤੀ ਹੈ।ਇਹ ਫੈਸਲਾ ਉਦਯੋਗਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਸੂਬਾ ਭਰ ਵਿਚ ਵੱਧ ਤੋਂ ਵੱਧ ਜਗ੍ਹਾ ਦੇਣ ਵਿਚ ਸਹਾਈ ਹੋਵੇਗਾ।

ਮੁੱਖ ਮੰਤਰੀ ਨੇ ਐਸ.ਏ.ਐਸ. ਨਗਰ (ਮੋਹਾਲੀ) ਵਿਚ ਪ੍ਰਾਈਵੇਟ ਡਿਵੈਲਪਰਾਂ ਦੇ ਨਾਲ-ਨਾਲ ਗਮਾਡਾ ਵੱਲੋਂ ਵਿਕਸਤ ਕੀਤੇ ਜਾਣ ਵਾਲੇ ਸੈਕਟਰ 101 ਅਤੇ 103 ਵਿਚ ਉਦਯੋਗਿਕ ਪਾਰਕ ਸਥਾਪਤ ਕਰਨ ਲਈ ਬੋਰਡ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਉਨ੍ਹਾਂ ਨੇ ਬੋਰਡ ਨੂੰ ਨਿਊ ਚੰਡੀਗੜ੍ਹ ਵਿਚ 50 ਏਕੜ ਰਕਬੇ ਵਿਚ ਰਿਹਾਇਸ਼ੀ ਕਾਲੋਨੀ ਦੀ ਇਜਾਜ਼ਤ ਦੇ ਦਿੱਤੀ ਹੈ ਜਿਸ ਨਾਲ ਆਬਾਦੀ ਦੀ ਘਣਤਾ ਦੇ ਨਿਯਮਾਂ ਨਾਲ ਛੇੜਛਾੜ ਕੀਤੇ ਬਗੈਰ ਘੱਟੋ-ਘੱਟ ਲੋੜੀਂਦਾ ਰਕਬਾ 100 ਤੋਂ ਘਟ ਕੇ 50 ਏਕੜ ਹੋ ਗਿਆ। ਇਹ ਸੋਧ ਨਿਊ ਚੰਡੀਗੜ੍ਹ ਵਿਚ ਮਕਾਨ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਰਹਿ ਗਏ ਇਲਾਕਿਆਂ ਦੀ ਢੁਕਵੀਂ ਵਰਤੋਂ ਨੂੰ ਯਕੀਨੀ ਬਣਾਉਣ ਵਿਚ ਸਹਾਈ ਹੋਵੇਗਾ।

ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਮਕਾਨ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਮੁੱਖ ਸਕੱਤਰ ਵਿਨੀ ਮਹਾਜਨ, ਵਿੱਤ ਕਮਿਸ਼ਨਰ ਮਾਲ ਰਵਨੀਤ ਕੌਰ, ਵਿੱਤ ਕਮਿਸ਼ਨਰ ਪੇਂਡੂ ਵਿਕਾਸ ਸੀਮਾ ਜੈਨ, ਵਧੀਕ ਮੁੱਖ ਸਕੱਤਰ ਉਦਯੋਗ ਤੇ ਵਪਾਰ ਹੁਸਨ ਲਾਲ, ਪ੍ਰਮੁੱਖ ਸਕੱਤਰ ਮਕਾਨ ਤੇ ਸ਼ਹਿਰੀ ਵਿਕਾਸ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਵਾਤਾਵਰਣ ਅਤੇ ਜਲਵਾਯੂ ਤਬਦੀਲੀ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਅਜੋਏ ਸਿਨਹਾ, ਡਾਇਰੈਕਟਰ ਟਾਊਨ ਐਂਡ ਕੰਟਰੀ ਪਲਾਨਿੰਗ ਪਰਦੀਪ ਅਗਰਵਾਲ, ਚੀਫ ਟਾਊਨ ਐਂਡ ਕੰਟਰੀ ਪਲਾਨਿੰਗ ਪੰਕਜ ਬਾਵਾ ਤੋਂ ਇਲਾਵਾ ਵੱਖ-ਵੱਖ ਵਿਕਾਸ ਅਥਾਰਟੀਆਂ ਦੇ ਮੁੱਖ ਪ੍ਰਸ਼ਾਸਕ ਵੀ ਹਾਜ਼ਰ ਸਨ।

ਰੋਡਵੇਜ਼ ਕਾਮਿਆਂ ਨੇ ਕੀਤੀ ਗੇਟ ਰੈਲੀ

0

ਬਠਿੰਡਾ, 02 ਅਗਸਤ (ਸੁਖਜਿੰਦਰ ਮਾਨ)-ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਸੱਦੇ ਹੇਠ ਅੱਜ ਸਥਾਨਕ ਪੀਆਰਟੀਸੀ ਡਿੱਪੂ ਅੱਗੇ ਧਰਨਾ ਲਗਾਉਂਦਿਆਂ ਕਾਮਿਆਂ ਵਲੋਂ ਗੇਟ ਰੈਲੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਆਗੂ ਕੁਲਵੰਤ ਸਿੰਘ, ਸਰਪ੍ਰਸਤ ਕੁਲਦੀਪ ਸਿੰਘ , ਮੀਤ ਪ੍ਰਧਾਨ ਗੁਰਦੀਪ ਸਿੰਘ ਅਤੇ ਪ੍ਰਧਾਨ ਸੰਦੀਪ ਸਿੰਘ ਆਦਿ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਢੇ 4 ਸਾਲਾਂ ‘ਚ ਕੱਚੇ ਮੁਲਾਜ਼ਮਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਜਲਦ ਇਨਾਂ੍ਹ ਵਾਅਦਿਆਂ ਨੂੰ ਪੂਰਾ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਵਿਚ ਜਿਥੇ ਵੀ ਮੰਤਰੀ ਤੇ ਹੋਰ ਸੱਤਾਧਾਰੀ ਆਗੂ ਜਾਣਗੇ, ਉਨਾਂ੍ਹ ਦਾ ਵਿਰੋਧ ਕੀਤਾ ਜਾਵੇਗਾ।

ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਨੇ ਦਿੱਤਾ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ

ਬਠਿੰਡਾ, 02 ਅਗਸਤ (ਸੁਖਜਿੰਦਰ ਮਾਨ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਵੱਲੋਂ ਅੱਜ ਪੰਥਕ ਤੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਸਥਾਨਕ ਮਿੰਨੀ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਕਿਹਾ ਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਘਟਨਾਵਾਂ ਦੀ ਚਾਰ ਹਫਤਿਆਂ ਵਿੱਚ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਨਸ਼ਿਆਂ ਦਾ ਖਾਤਮਾ ਕਰਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਕਰਵਾਉਣ ਦੇ ਵਾਅਦੇ ਕੀਤੇ ਸਨ ਪਰ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ। ਇਸੇ ਤਰ੍ਹਾਂ ਉਨ੍ਹਾਂ ਕਿਸਾਨੀ ਮੁੱਦਿਆਂ ਦੇ ਹੱਲ ਦੀ ਵੀ ਮੰਗ ਕੀਤੀ। ਪੰਥਕ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ 8 ਅਗਸਤ ਨੂੰ ਵੱਡਾ ਸੰਘਰਸ਼ ਉਲੀਕਿਆ ਜਾਵੇਗਾ, ਜਿਸਦੀ ਜਿੰਮੇਵਾਰੀ ਸਰਕਾਰ ਹੋਵੇਗੀ। ਉਨ੍ਹਾਂ ਬੇਅਦਬੀ ਘਟਨਾਵਾਂ ਦੀ ਜਾਂਚ ਕਰ ਰਹੀ ਜਾਂਚ ਟੀਮ ਵੱਲੋਂ ਸੌਦਾ ਸਾਧ ਨੂੰ ਰਾਹਤ ਦੇਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਹਤੀ। ਇਸ ਮੌਕੇ ਹਰਫੂਲ ਸਿੰਘ ਖ਼ਾਲਸਾ, ਮਹਿੰਦਰ ਸਿੰਘ ਖ਼ਾਲਸਾ, ਸੁਖਦੇਵ ਸਿੰਘ ਕਾਲਾ, ਸਿਮਰਨਜੋਤ ਸਿੰਘ ਖਾਲਸਾ ਆਦਿ ਆਗੂ ਵੀ ਹਾਜ਼ਰ ਸਨ।

ਜਗਰੂਪ ਗਿੱਲ ਦੀ ਆਪ ’ਚ ਸਮੂਲੀਅਤ ਤੋਂ ਬਾਅਦ ਸ਼ਹਿਰ ਦੇ ਬਦਲੇ ਸਿਆਸੀ ਸਮੀਕਰਨ

ਬਠਿੰਡਾ ਸ਼ਹਿਰੀ ਹਲਕੇ ’ਚ ਹੁਣ ਸਖ਼ਤ ਤਿਕੌਣਾ ਮੁਕਾਬਲਾ ਹੋਣ ਦੀ ਚਰਚਾ

ਸੁਖਜਿੰਦਰ ਮਾਨ

ਬਠਿੰਡਾ, 02 ਅਗਸਤ -ਕਾਂਗਰਸ ਪਾਰਟੀ ਦੇ ਵੱਡੇ ਥੰਮ ਮੰਨੇ ਜਾਂਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ ਦੇ ਅੱਜ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਬਠਿੰਡਾ ਸ਼ਹਿਰੀ ਹਲਕੇ ਦੇ ਸਿਆਸੀ ਸਮੀਕਰਨ ਬਦਲ ਗਏ ਹਨ। ਹੁਣ ਇਸ ਹਲਕੇ ’ਚ ਸਖ਼ਤ ਤਿਕੌਣਾ ਮੁਕਾਬਲਾ ਹੋਣ ਦੀ ਸੰਭਾਵਨਾ ਬਣ ਗਈ ਹੈ। ਲੋਕਾਂ ’ਚ ਚੱਲ ਰਹੀ ਦੰਦਕਥਾ ਮੁਤਾਬਕ ਸ: ਗਿੱਲ ਇਸ ਹਲਕੇ ਤੋਂ ਵਿਧਾਇਕ ਤੇ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸੱਜ਼ਰਾ ਸਿਆਸੀ ਸ਼ਰੀਕ ਬਣਕੇ ਟੱਕਰ ਦੇਣ ਦੀ ਸਮਰੱਥਾ ਰੱਖਦੇ ਹਨ। ਹਾਲਾਂਕਿ ਇਸਤੋਂ ਹਲਕੇ ਤੋਂ ਨੁਮਾਇੰਦਗੀ ਕਰ ਚੁੱਕੇ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਸਖ਼ਤ ਮਿਹਨਤ ਕਰ ਰਹੇ ਹਨ ਤੇ ਉਨ੍ਹਾਂ ਪਿਛਲੇ ਕੁੱਝ ਸਮੇਂ ਦੌਰਾਨ ਮੁੜ ਅਪਣੇ ਭਾਈਚਾਰੇ ਵਿਚ ਸਾਖ਼ ਬਣਾਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਲਗਾਤਾਰ ਸੱਤ ਵਾਰ ਕੋਂਸਲਰ ਰਹਿਣ ਦੇ ਬਾਵਜੂਦ ਮੇਅਰ ਨਾ ਬਣਾਏ ਜਾਣ ਤੋਂ ਦੁਖ਼ੀ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ ਆਨੇ-ਬਹਾਨੇ ਵਿਤ ਮੰਤਰੀ ’ਤੇ ਨਿਸ਼ਾਨੇ ਲਗਾ ਰਹੇ ਸਨ। ਮੇਅਰ ਨਾ ਬਣਾਉਣ ਕਾਰਨ ਸ਼ਹਿਰ ਵਿਚ ਪਿਛਲੇ ਦਿਨਾਂ ‘ਚ ਉਨ੍ਹਾਂ ਦੇ ਹੱਕ ਵਿਚ ਚੱਲੀ ਹਮਦਰਦੀ ਲਹਿਰ ਵੀ ਹਾਲੇ ਤੱਕ ਕੁੱਝ ਫ਼ੀਸਦੀ ਬਰਕਰਾਰ ਹੈ। ਸੂਤਰਾਂ ਮੁਤਾਬਕ ਆਉਣ ਵਾਲੇ ਕੁੱਝ ਦਿਨਾਂ ’ਚ ਆਪ ਵਲੋਂ ਬਠਿੰਡਾ ’ਚ ਵੱਡਾ ਇਕੱਠ ਕਰਕੇ ਸ: ਗਿੱਲ ਨੂੰ ਹਲਕੇ ਦੀ ਜਿੰਮੇਵਾਰੀ ਦਿੱਤੀ ਜਾ ਰਹੀ ਹੈ। ਹਾਲਾਂਕਿ ਆਪ ਆਗੂ ਸਪੱਸ਼ਟ ਕਰ ਚੁੱਕੇ ਹਨ ਕਿ ਹਲਕਾ ਇੰਚਾਰਜ਼ ਟਿਕਟ ਦੀ ਪੱਕੀ ਗਰੰਟੀ ਨਹੀਂ, ਪ੍ਰੰਤੂ ਜਗਰੂਪ ਸਿੰਘ ਗਿੱਲ ਦੇ ਵੱਡੇ ਸਿਆਸੀ ਕੱਦਬੁੱਤ ਨੂੰ ਦੇਖਦਿਆਂ ਉਨ੍ਹਾਂ ਨੂੰ ਹੀ ਸੰਭਾਵੀਂ ਉਮੀਦਵਾਰ ਮੰਨਿਆ ਜਾ ਰਿਹਾ ਹੈ। ਉਜ ਉਨ੍ਹਾਂ ਦੀ ਆਮਦ ਦੇ ਚੱਲਦਿਆਂ ਪਿਛਲੇ ਕੁੱਝ ਮਹੀਨਿਆਂ ਤੋਂ ਟਿਕਟ ਲਈ ‘ਪਾਪੜ’ ਵੇਲ ਰਹੇ ਕੁੱਝ ਆਪ ਆਗੂਆਂ ਵਿਚਕਾਰ ਮਾਯੂਸੀ ਦੇਖਣ ਨੂੰ ਮਿਲ ਰਹੀ ਹੈ ਪ੍ਰੰਤੂ ਪਾਰਟੀ ਦੇ ਇੱਕ ਸੂਬਾਈ ਆਗੂ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ’ਚ ਸਭ ਕੁੱਝ ਠੀਕ ਹੋ ਜਾਵੇਗਾ। ਦੂਜੇ ਪਾਸੇ ਬੇਸ਼ੱਕ ਕਾਂਗਰਸ ਨੇ ਅਪਣੀ ਆਦਤ ਮੁਤਾਬਕ ਆਖ਼ਰੀ ਸਮੇਂ ਤੱਕ ਪਾਰਟੀ ਉਮੀਦਵਾਰਾਂ ਦਾ ਐਲਾਨ ਕਰਨਾ ਹੈ ਪ੍ਰੰਤੂ ਇੱਥੋਂ ਸੰਭਾਵੀਂ ਉਮੀਦਵਾਰ ਮੰਨੇ ਜਾਣ ਵਾਲੇ ਸਿਆਸਤ ਦੇ ਪੱਕੇ ਖਿਡਾਰੀ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਸਿਆਸੀ ਸਥਿਤੀ ਨੂੰ ਭਾਂਪਦਿਆਂ ਹੁਣ ਤੋਂ ਹੀ ਅਪਣੀ ਕਿਲੇਬੰਦੀ ਨੂੰ ਮਜਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦਿਨਾਂ ’ਚ ਨਾ ਸਿਰਫ ਕੁੱਝ ਥਾਣਾ ਮੁਖੀ ਬਦਲੇ ਗਏ ਹਨ, ਬਲਕਿ ਨਿਗਮ ਕੋਂਸਲਰਾਂ ਤੇ ਸਥਾਨਕ ਆਗੂਆਂ ਨੂੰ ਮਹੱਤਤ ਦੇਣੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਲੰਮਾ ਸਮਾਂ ਕਾਂਗਰਸ ਵਿਚ ਰਹਿਣ ਕਾਰਨ ਸ: ਗਿੱਲ ਟਿਕਟ ਤੋਂ ਵਿਰਵੇਂ ਰਹੇ ਪੁਰਾਣੇ ਟਕਸਾਲੀ ਕਾਂਗਰਸੀ ਆਗੂਆਂ ਤੇ ਹੋਰ ਕਈ ਅਹੁੱਦੇਦਾਰਾਂ ਨੂੰ ਅਪਣੇ ਨਾਲ ਤੋਰ ਸਕਦੇ ਹਨ। ਉਧਰ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਇਸ ਵਾਰ ਚੌਥੀ ਦਫ਼ਾ ਮੈਦਾਨ ਵਿਚ ਉਤਰਨ ਦੀ ਤਿਆਰੀ ਚੁੱਕੇ ਹਨ। ਉਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਪਿਛਲੇ ਦਿਨੀਂ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਕੀਤਾ ਜਾ ਚੁੱਕਾ ਹੈ। ਸਿਆਸੀ ਮਾਹਰਾਂ ਮੁਤਾਬਕ ਵਿਤ ਮੰਤਰੀ ਸ: ਬਾਦਲ ਅਪਣੀ ਮਜਬੂਤ ਟੀਮ ਤੇ ਸ਼ਹਿਰ ਵਿਚ ਕਰਵਾਏ ਵਿਕਾਸ ਦੇ ਸਹਾਰੇ ਚੋਣ ਮੈਦਾਨ ਵਿਚ ਉਤਰਨਗੇ, ਜਦੋਂਕਿ ਆਪ ਆਗੂ ਦਿੱਲੀ ਮਾਡਲ ਤੇ ਰਾਜਨੀਤੀ ਵਿਚ ਬਦਲਾਅ ਅਤੇ ਅਕਾਲੀ ਉਮੀਦਵਾਰ ਦੀ ਸਾਰੀ ਟੇਕ ਕਾਂਗਰਸ ਦੀ ਧੱਕੇਸ਼ਾਹੀ ਅਤੇ ਪਿਛਲੀ ਅਕਾਲੀ ਸਰਕਾਰ ਦੌਰਾਨ ਸ਼ਹਿਰ ਦੇ ਹੋਏ ਵਿਕਾਸ ਕੰਮਾਂ ’ਤੇ ਰਹਿਣ ਦੀ ਉਮੀਦ ਹੈ।

ਖ਼ੁਸਬਾਜ਼ ਜਟਾਣਾ ਨੇ ਮੀਂਹ ਕਾਰਨ ਹੋਏ ਨੁਕਸਾਨ ਦਾ ਲਿਆ ਜਾਇਜ਼ਾ

ਸੁਖਜਿੰਦਰ ਮਾਨ
ਬਠਿੰਡਾ, 1 ਅਗੱਸਤ :ਜਿਲਾ ਬਠਿੰਡਾ ਦੇ ਦਿਹਾਤੀ ਪ੍ਰਧਾਨ ਅਤੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਖੁਸਬਾਜ ਸਿੰਘ ਜਟਾਣਾ ਵੱਲੋਂ ਅੱਜ ਹਲਕੇ ਦੇ ਪਿੰਡਾਂ ਜਗਾ ਰਾਮ ਤੀਰਥ, ਫਤਹਿਗੜ੍ਹ ਨੌਅਬਾਦ, ਬਹਿਮਣ ਕੌਰ ਸਿੰਘ ਅਤੇ ਸਿੰਗੋ ਵਿਖੇ ਭਾਰੀ ਮਾਨਸੂਨੀ ਬਾਰਸ ਨਾਲ ਨੁਕਸਾਨੀ ਗਈ ਸਾਉਣੀ ਦੀ ਫਸਲ ਦਾ ਮੁਆਇਨਾ ਕੀਤਾ। ਇਸ ਮੌਕੇ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਹਲਕੇ ਦੇ 5-7 ਪਿੰਡਾਂ ਦੀ ਲਗਭਗ 5000 ਏਕੜ ਦੇ ਕਰੀਬ ਨੁਕਸਾਨੀ ਗਈ ਫਸਲ ਲਈ ਪੀੜਤ ਕਿਸਾਨਾਂ ਨੂੰ ਜਲਦ ਤੋਂ ਜਲਦ ਸਹਾਇਤਾ ਦਿੱਤੀ ਜਾਵੇ। ਇਸ ਮੌਕੇ ਉਹਨਾਂ ਵੱਲੋਂ ਉਕਤ ਪਿੰਡਾਂ ਦੇ ਕਈ ਮਕਾਨਾਂ ਦਾ ਜਾਇਜਾ ਲਿਆ ਜੋ ਕਿ ਭਾਰੀ ਮੀਂਹ ਨਾਲ ਨੁਕਸਾਨੇ ਗਏ ਹਨ, ਇਸ ਮੌਕੇ ਉਹਨਾਂ ਨੇ ਮੌਕੇ ਤੇ ਮੌਜੂਦ ਸੰਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਨੁਕਸਾਨੀ ਗਈ ਫਸਲ ਦੀ ਗਿਰਦਾਵਰੀ ਕਰ ਅਤੇ ਘਰਾਂ ਬਾਰੇ ਸਹੀ ਅੰਕੜਾ ਤਿਆਰ ਕਰਨ ਤਾਂ ਜੋਂ ਇਸਨੂੰ ਲੈਕੇ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਇਹ ਰਿਪੋਰਟ ਸੌੰਪ ਸਕਣ ਤਾਂ ਜੋ ਪੀੜਤ ਕਿਸਾਨਾਂ ਅਤੇ ਨਿਵਾਸੀਆਂ ਨੂੰ ਉਚਿਤ ਮੁਆਵਜਾ ਜਲਦ ਤੋਂ ਜਲਦ ਦਿੱਤਾ ਜਾ ਸਕੇ। ਜਿਕਰਯੋਗ ਹੈ ਕਿ ਖੁਸਬਾਜ ਸਿੰਘ ਜਟਾਣਾ ਦੀ ਮੇਹਨਤ ਸਦਕਾ ਪਹਿਲਾਂ ਵੀ ਫਸਲੀ ਨੁਕਸਾਨ ਹੋਣ ਤੇ ਪੀੜਤ ਕਿਸਾਨਾਂ ਨੂੰ ਕਰੋੜਾਂ ਰੁਪਏ ਮੁਆਵਜੇ ਦੇ ਤੌਰ ਤੇ ਮਿਲ ਚੁਕੇ ਹਨ। ਉਹਨਾਂ ਕਿਹਾ ਮੈ ਹਮੇਸਾ ਹੀ ਆਪਣੇ ਕਿਸਾਨ ਵੀਰਾਂ ਮਜਦੂਰ ਵੀਰਾਂ ਨਾਲ ਖੜਾ ਹਾਂ ਅਤੇ ਖੜਾ ਰਹਾਂਗਾ।.