Bathinda News: ਨੀਟ ਪੇਪਰ ਘੁਟਾਲੇ ਖਿਲਾਫ ਜੰਤਰ ਮੰਤਰ ‘ਤੇ ਹੋਏ ਵਿਦਿਆਰਥੀ ਸੰਘਰਸ਼ ਦੀ ਜਿੱਤ ਨੂੰ ਮੁਬਾਰਕ ਕਹਿਣ ਅਤੇ ਵਾਅਦਾ ਕੀਤੇ ਮੁੱਦਿਆਂ ‘ਤੇ ਵਿਦਿਆਰਥੀ ਸੰਘਰਸ਼ ਚੌਕਸੀ ਕਾਇਮ ਰੱਖਣ ਦਾ ਸੰਦੇਸ਼ ਦੇਣ ਲਈ ਅੱਜ ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਪੰਜਾਬ ਦੇ ਜ਼ਿਲ੍ਹਾ ਕੇਂਦਰਾਂ ‘ਤੇ ਵੱਡੀਆਂ ਜਨਤਕ ਰੈਲੀਆਂ ਅਤੇ ਮੁਜਾਹਰਾ ਕਰਨ ਦੇ ਦਿੱਤੇ ਸੱਦੇ ਤਹਿਤ ਜ਼ਿਲਾ ਬਠਿੰਡਾ ਵੱਲੋਂ ਮਿਨੀ ਸਕੱਤਰੇਤ ਅੱਗੇ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਮੁਜਾਹਰਾ ਕੀਤਾ ਗਿਆ । ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਆਗੂ ਹਰਪ੍ਰੀਤ ਕੌਰ ਜੇਠੂਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਮਨਵਾਉਣ ਰਾਹੀਂ ਵਿਦਿਆਰਥੀ ਅੰਦੋਲਨ ਨੇ ਅਹਿਮ ਮੁਢਲੀ ਜਿੱਤ ਹਾਸਿਲ ਕੀਤੀ ਹੈ ਪਰ ਨਾਲ ਹੀ ਜਥੇਬੰਦੀ ਨੇ ਵਿਦਿਆਰਥੀ ਵਰਗ ਨੂੰ ਸੁਚੇਤ ਕਰਦਿਆਂ ਕਿਹਾ ਕਿ ਹਕੂਮਤੀ ਕਿਰਦਾਰ ਤੇ ਵਿਹਾਰ ਨੂੰ ਯਾਦ ਰੱਖਿਆ ਜਾਣਾ ਚਾਹੀਦਾ ਹੈ, ਦਰਜ ਹੋਏ ਕੇਸ ਰੱਦ ਕਰਵਾਉਣ ਤੇ ਮੁਆਵਜ਼ਾ ਹਾਸਲ ਕਰਨ ਲਈ ਸੰਘਰਸ਼ ਚੌਕਸੀ ਦੀ ਲੋੜ ਪੈਣੀ ਹੈ ਕਿਉਂਕਿ ਸਰਕਾਰਾਂ ਮਗਰੋਂ ਝੂਠੇ ਕੇਸ ਵਾਪਸ ਲੈਣ ਤੋਂ ਵੀ ਭੱਜਦੀਆਂ ਆਈਆਂ ਹਨ ਤੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਵੀ ਟਾਲਾ ਵੱਟਿਆ ਜਾਂਦਾ ਰਿਹਾ ਹੈ।
ਇਸ ਲਈ ਵਿਦਿਆਰਥੀ ਵਰਗ ਨੂੰ ਅਵੇਸਲੇ ਹੋਣ ਦੀ ਥਾਂ ਚੇਤਨ ਪਹਿਰੇਦਾਰੀ ਕਰਨੀ ਚਾਹੀਦੀ ਹੈ। ਕੁਝ ਖੇਤਰਾਂ ‘ਚ ਵਿਦਿਆਰਥੀਆਂ ਨਾਲ ਹੋ ਰਹੇ ਸਲੂਕ ਦੀਆਂ ਖਬਰਾਂ ਵੀ ਹਕੂਮਤ ਦੀ ਨੀਅਤ ਦੇ ਸੰਕੇਤ ਦੇ ਰਹੀਆਂ ਹਨ ਕਿ ਇਹ ਹਕੂਮਤ ਵਿਦਿਆਰਥੀ ਨੂੰ ਸਬਕ ਸਿਖਾਉਣ ਦੇ ਮਨਸੂਬੇ ਪਾਲ ਰਹੀ ਹੈ ਇਸ ਦਾ ਜਵਾਬ ਦੇਣ ਲਈ ਵਿਦਿਆਰਥੀ ਵਰਗ ਨੂੰ ਏਕਾ ਕਾਇਮ ਰੱਖਣ ਦੀ ਲੋੜ ਹੈ।ਆਗੂਆਂ ਨੇ ਕਿਹਾ ਇਸ ਮੁੱਢਲੀ ਜਿੱਤ ਦੇ ਹੌਸਲੇ ਨੂੰ ਸਿੱਖਿਆ ਤੇ ਰੁਜਗਾਰ ਦੇ ਹੱਕ ਲਈ ਵੱਡੇ ਸੰਘਰਸ਼ ਇਰਾਦਿਆਂ ‘ਚ ਬਦਲਣ ਦੀ ਲੋੜ ਹੈ। ਸਿੱਖਿਆ ਮੰਤਰੀ ਦੇ ਅਸਤੀਫੇ ਰਾਹੀਂ ਚਾਹੇ ਸਰਕਾਰ ਨੂੰ ਵਿਦਿਆਰਥੀਆਂ ਨੇ ਕਟਹਿਰੇ ‘ਚ ਖੜ੍ਹੇ ਕਰਕੇ ਟੈਸਟ ਪ੍ਰਣਾਲੀ ਦੇ ਭ੍ਰਿਸ਼ਟਾਚਾਰ ਅੰਦਰ ਉਸ ਦੀ ਜਵਾਬਦੇਹੀ ਤੈਅ ਕਰਵਾਈ ਹੈ ਪਰ ਇਕ ਮੰਤਰੀ ਦੇ ਬਦਲੇ ਜਾਣਾ ਆਪਣੇ ਆਪ ਵਿੱਚ ਸਿੱਖਿਆ ਖੇਤਰ ਅੰਦਰ ਕਿਸੇ ਬਦਲਾਅ ਦਾ ਸਾਧਨ ਨਹੀਂ ਬਣਨ ਲੱਗਿਆ। ਇਸ ਤਬਦੀਲੀ ਲਈ ਸਿੱਖਿਆ ਖੇਤਰ ਅੰਦਰ ਲਾਗੂ ਹੋ ਰਹੀਆਂ ਮੌਜੂਦਾ ਕਾਰਪੋਰੇਟ ਪੱਖੀ ਸਾਮਰਾਜੀ ਨੀਤੀਆਂ ਦੇ ਹੱਲੇ ਨੂੰ ਰੋਕਣ ਦੀ ਲੋੜ ਹੈ। ਇਹ ਜਿੱਤ ਸਿੱਖਿਆ ਖੇਤਰ ਅੰਦਰ ਇਹਨਾਂ ਨੀਤੀਆਂ ਖ਼ਿਲਾਫ਼ ਮੁਲਕ ਪੱਧਰੇ ਸੰਘਰਸ਼ਾਂ ਦੀ ਸ਼ੁਰੂਆਤ ਬਣਨੀ ਚਾਹੀਦੀ ਹੈ। ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਸਭ ਲਈ ਸਿੱਖਿਆ ਤੇ ਰੁਜ਼ਗਾਰ ਦੇ ਹੱਕ ਲਈ ਮੁਲਕ ਪੱਧਰੀ ਵਿਦਿਆਰਥੀ ਲਹਿਰ ਦੀ ਉਸਾਰੀ ਕਰਨ ਲਈ ਜੁਟ ਜਾਣ।
ਇਹ ਵੀ ਪੜ੍ਹੋ Bathinda Central University ਵਿਵਾਦਾਂ ‘ਚ; ਪੀਐਚਡੀ ਸਕਾਲਰ ਵੱਲੋਂ ਗਾਈਡ ’ਤੇ ਜਿਨਸੀ ਸੋੋਸ਼ਣ ਦੇ ਦੋਸ਼
ਸਿੱਖਿਆ ਦੇ ਨਿੱਜੀਕਰਨ, ਵਪਾਰੀਕਰਨ ਤੇ ਕੇਂਦਰੀਕਰਨ ਖਿਲਾਫ ਵਿਸ਼ਾਲ ਸੰਘਰਸ਼ ਲਹਿਰ ਦੀ ਉਸਾਰੀ ਕਰਨ। ਸਭ ਲਈ ਸਿੱਖਿਆ ਤੇ ਰੁਜ਼ਗਾਰ ਦਾ ਹੱਕ ਬੁਲੰਦ ਕਰਦਿਆਂ ਕੌਮੀ ਸਿੱਖਿਆ ਨੀਤੀ 2020 ਨੂੰ ਰੱਦ ਕਰਵਾਉਣ ਲਈ ਸੰਘਰਸ਼ ਦੇ ਰਾਹ ਪੈਣ। ਆਪਣੇ ਹੱਕਾਂ ਲਈ ਸੰਘਰਸ਼ਾਂ ‘ਤੇ ਰਾਹ ‘ਤੇ ਅੱਗੇ ਵਧਦਿਆਂ, ਅਖੌਤੀ ਆਰਥਿਕ ਸੁਧਾਰਾਂ ਦੇ ਹੱਲੇ ਖਿਲਾਫ ਜੂਝ ਰਹੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ, ਮੁਲਾਜਮਾਂ ਤੇ ਹੋਰਨਾਂ ਮਿਹਨਤਕਸ਼ ਵਰਗਾਂ ਨਾਲ ਜੋਟੀ ਪਾਈ ਜਾਵੇ। ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹਮਲੇ ਖਿਲਾਫ ਜੂਝਦੀ ਲੋਕ ਲਹਿਰ ਦਾ ਹਿੱਸਾ ਬਣ ਕੇ ਤੁਰਿਆ ਜਾਵੇ। ਅੱਜ ਦੇ ਇਕੱਠ ਵਿੱਚ ਪੰਜਾਬ ਸਰਕਾਰ ਵੱਲੋਂ ਸਫਾਈ ਕਰਮਚਾਰੀਆਂ, ਮਨਰੇਗਾ ਕਰਮਚਾਰੀਆਂ ਤੇ ਹੋਰਨਾਂ ਮਿਹਨਤਕਸ਼ ਵਰਗਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਕੀਤੇ ਜਾ ਰਹੇ ਜਬਰ ਦੀ ਸਖ਼ਤ ਨਿੰਦਾ ਕੀਤੀ ਗਈ। ਸਫ਼ਾਈ ਕਰਮਚਾਰੀਆਂ ਵੱਲੋਂ 30 ਜੁਲਾਈ ਨੂੰ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ। ਅੱਜ ਦੇ ਇਕੱਠ ਨੂੰ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਨਛੱਤਰ ਸਿੰਘ ਢੱਡੇ, ਮਾਲਣ ਕੌਰ ਕੋਠਾ ਗੁਰੂ, ਹਰਪ੍ਰੀਤ ਕੌਰ ਜੇਠੂਕੇ, ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ, ਰਾਮ ਸਿੰਘ ਕੋਟਗੁਰੂ, ਜਸਪਾਲ ਸਿੰਘ ਕੋਠਾ ਗੁਰੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਪੀਐਸਯੂ (ਸ਼ਹੀਦ ਰੰਧਾਵਾ) ਦੇ ਆਗੂ ਬਿੰਦਰ ਸਿੰਘ ਬਠਿੰਡਾ ਨੇ ਵੀ ਸੰਬੋਧਨ ਕੀਤਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।






