ਪੰਜਾਬ ਵਿੱਚ ਪ੍ਰੋ-ਇੰਕੰਬੈਂਸੀ, ਭਗਵੰਤ ਮਾਨ ਸਰਕਾਰ ਤੋਂ ਜਨਤਾ ਬੇਹੱਦ ਖੁਸ਼, ਫਿਰ ਤੋਂ ਸਰਕਾਰ ਬਣਾਉਣ ਲਈ ਬੇਤਾਬ- ਕੇਜਰੀਵਾਲ

Date:

spot_img

ਪਹਿਲਾਂ ਵੀ ਅਸ਼ਵਮੇਘ ਯੱਗ ਦਾ ਘੋੜਾ ਪੰਜਾਬ ਵਿੱਚ ਰੋਕਿਆ ਗਿਆ ਸੀ, ਹੁਣ ਵੀ ਭਾਜਪਾ ਦਾ ਵਿਜੇ ਰੱਥ ਪੰਜਾਬ ਦੇ ਲੋਕ ਰੋਕਣਗੇ- ਕੇਜਰੀਵਾਲ

ਪੰਜਾਬ ਦੇ 6 ਰਾਜ ਸਭਾ ਮੈਂਬਰ ਭਾਜਪਾ ਨੇ ਚੋਰੀ ਕੀਤੇ ਹਨ, ਪੰਜਾਬ ਦੇ ਲੋਕ ਇਸ ਦਾ ਬਦਲਾ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਲੈਣਗੇ- ਕੇਜਰੀਵਾਲ

Delhi News: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਦਿੱਲੀ ਆਏ ਪਾਰਟੀ ਵਿਧਾਇਕਾਂ ਨਾਲ ਕਪੂਰਥਲਾ ਹਾਊਸ ਵਿਖੇ ਸੰਵਾਦ ਕੀਤਾ। ਉਨ੍ਹਾਂ ਕਿਹਾ ਕਿ ਚਾਰ ਸਾਲ ਬਾਅਦ ਵੀ ਪੰਜਾਬ ਵਿੱਚ ਪ੍ਰੋ-ਇੰਕੰਬੈਂਸੀ (ਸਰਕਾਰ ਪੱਖੀ ਲਹਿਰ) ਹੈ। ਭਗਵੰਤ ਮਾਨ ਸਰਕਾਰ ਦੇ ਕੰਮਾਂ ਤੋਂ ਲੋਕ ਬੇਹੱਦ ਖੁਸ਼ ਹਨ ਅਤੇ ਮੁੜ ਸਰਕਾਰ ਬਣਾਉਣ ਲਈ ਕਾਹਲੇ ਹਨ। ਪੰਜਾਬ ਵਿੱਚ ਮੁਫ਼ਤ ਬਿਜਲੀ, 10 ਲੱਖ ਦਾ ਬੀਮਾ, ਸ਼ਾਨਦਾਰ ਸੜਕਾਂ, ਪਿੰਡਾਂ ਵਿੱਚ 3100 ਖੇਡ ਮੈਦਾਨ ਅਤੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਰਿਹਾ ਹੈ। ਪੰਜਾਬ ਵਿੱਚ ਪਹਿਲੀ ਵਾਰ ਇੰਨੇ ਵੱਡੇ ਪੱਧਰ ‘ਤੇ ਕੰਮ ਹੋਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਸ਼ਵਮੇਧ ਯੱਗ ਦਾ ਘੋੜਾ ਪੰਜਾਬ ਵਿੱਚ ਰੋਕਿਆ ਗਿਆ ਸੀ ਅਤੇ ਹੁਣ ਵੀ ਭਾਜਪਾ ਦਾ ਵਿਜੇ ਰੱਥ ਪੰਜਾਬ ਦੇ ਲੋਕ ਹੀ ਰੋਕਣਗੇ। ਭਾਜਪਾ ਨੇ ਪੰਜਾਬ ਦੇ ਛੇ ਰਾਜ ਸਭਾ ਮੈਂਬਰ ਚੋਰੀ ਕੀਤੇ ਹਨ, ਜਿਸ ਦਾ ਬਦਲਾ ਪੰਜਾਬ ਦੇ ਲੋਕ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੈਣਗੇ।ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪ ਕੇ ਕਪੂਰਥਲਾ ਹਾਊਸ ਪਹੁੰਚੇ ਪੰਜਾਬ ਦੇ ‘ਆਪ’ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੇ ਨੂੰ 4 ਸਾਲ ਹੋ ਗਏ ਹਨ। ਹੁਣ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ 10 ਮਹੀਨੇ ਬਾਕੀ ਰਹਿ ਗਏ ਹਨ।

ਇਹ ਵੀ ਪੜ੍ਹੋ 👉 ਸਾਬਕਾ ਮੇਅਰ ਮਹਿਤਾ ਵੱਲੋਂ 2.5 ਕਰੋੜ ਰੁਪਏ ਦੇ ਫੁੱਟਪਾਥ ਨਿਰਮਾਣ ਕਾਰਜ ਦਾ ਉਦਘਾਟਨ

ਚੋਣਾਂ ਦੇ ਆਖ਼ਰੀ ਸਾਲ ਵਿੱਚ ਅਜਿਹੀਆਂ ਬਹੁਤ ਘੱਟ ਸਰਕਾਰਾਂ ਹੁੰਦੀਆਂ ਹਨ ਕਿ ਉਸ ਸੂਬੇ ਦੇ ਲੋਕ ਆਪਣੀ ਸਰਕਾਰ ਦੀਆਂ ਤਾਰੀਫ਼ਾਂ ਕਰ ਰਹੇ ਹੋਣ। ਕਿਹਾ ਜਾਂਦਾ ਹੈ ਕਿ ਚਾਰ ਸਾਲ ਬਾਅਦ ‘ਐਂਟੀ-ਇੰਕੰਬੈਂਸੀ’ (ਸੱਤਾ ਵਿਰੋਧੀ ਲਹਿਰ) ਬਹੁਤ ਜ਼ਿਆਦਾ ਹੋ ਜਾਂਦੀ ਹੈ। ਪਰ 4 ਸਾਲ ਬਾਅਦ ਅੱਜ ਪੰਜਾਬ ਦੇ ਹਰ ਪਿੰਡ ਅਤੇ ਮੁਹੱਲੇ ਵਿੱਚ ਐਂਟੀ-ਇੰਕੰਬੈਂਸੀ ਨਹੀਂ, ਸਗੋਂ ‘ਪ੍ਰੋ-ਇੰਕੰਬੈਂਸੀ’ (ਸਰਕਾਰ ਪੱਖੀ ਲਹਿਰ) ਹੈ ਕਿ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ। ਪੰਜਾਬ ਦੇ ਲੋਕ ਦਿਲੋਂ ਪੰਜਾਬ ਸਰਕਾਰ ਦੀ ਤਾਰੀਫ਼ ਕਰ ਰਹੇ ਹਨ। ਪੰਜਾਬ ਵਿੱਚ 44 ਹਜ਼ਾਰ ਕਿਲੋਮੀਟਰ ਸ਼ਾਨਦਾਰ ਸੜਕਾਂ ਬਣ ਰਹੀਆਂ ਹਨ। ਹੁਣ ਤੱਕ 9 ਹਜ਼ਾਰ ਕਿਲੋਮੀਟਰ ਸੜਕਾਂ ਬਣ ਚੁੱਕੀਆਂ ਹਨ ਅਤੇ ਅਗਲੇ ਇੱਕ-ਦੋ ਮਹੀਨਿਆਂ ਵਿੱਚ ਸਾਰੀਆਂ ਸੜਕਾਂ ਬਣ ਜਾਣਗੀਆਂ। ਇੰਨੀਆਂ ਸ਼ਾਨਦਾਰ ਸੜਕਾਂ ਅੱਜ ਤੱਕ ਪੰਜਾਬ ਵਿੱਚ ਕਦੇ ਨਹੀਂ ਬਣੀਆਂ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਗਲੀ-ਗਲੀ ਅੰਦਰ ਸੜਕਾਂ ਅਤੇ ਗਲੀਆਂ ਬਣ ਰਹੀਆਂ ਹਨ। ਸੋਮਵਾਰ ਨੂੰ ਸੀਐਮ ਭਗਵੰਤ ਮਾਨ ਨੇ ਪਿੰਡਾਂ ਵਿੱਚ ਸ਼ਾਨਦਾਰ 250 ਖੇਡ ਮੈਦਾਨਾਂ ਦਾ ਉਦਘਾਟਨ ਕੀਤਾ ਹੈ। ਪੰਜਾਬ ਨੇ ਦੇਸ਼ ਦੇ ਸਭ ਤੋਂ ਵਧੀਆ ਖਿਡਾਰੀ ਪੈਦਾ ਕੀਤੇ ਹਨ। ਚੰਗੇ ਖਿਡਾਰੀ ਉਦੋਂ ਨਿਕਲੇ, ਜਦੋਂ ਸਰਕਾਰਾਂ ਉਨ੍ਹਾਂ ਦੀ ਕੋਈ ਮਦਦ ਨਹੀਂ ਕਰਦੀਆਂ ਸਨ। ਹੁਣ ਮਾਨ ਸਰਕਾਰ ਹਰ ਪਿੰਡ ਵਿੱਚ ਸ਼ਾਨਦਾਰ ਖੇਡ ਮੈਦਾਨ ਬਣਾ ਰਹੀ ਹੈ। ਪੰਜਾਬ ਦੇ 3100 ਪਿੰਡਾਂ ਵਿੱਚ ਸ਼ਾਨਦਾਰ ਖੇਡ ਮੈਦਾਨ ਬਣਾਏ ਜਾਣਗੇ। ਇਸ ਤੋਂ ਇਲਾਵਾ, 6 ਹਜ਼ਾਰ ਪਿੰਡਾਂ ਦੇ ਅੰਦਰ ਆਮ ਖੇਡ ਮੈਦਾਨ ਬਣਨਗੇ। ਇਸ ਤਰ੍ਹਾਂ ਪੰਜਾਬ ਦੇ ਹਰ ਪਿੰਡ ਦੇ ਅੰਦਰ ਬੱਚਿਆਂ ਨੂੰ ਖੇਡ ਦਾ ਮੈਦਾਨ ਮਿਲੇਗਾ।

ਇਹ ਵੀ ਪੜ੍ਹੋ 👉 National News : BJP ਨੇ ਅਮਿਤ ਸ਼ਾਹ ਨੂੰ ਪੱਛਮੀ ਬੰਗਾਲ ”ਚ ਦਿੱਤੀ ਵੱਡੀ ਜ਼ਿੰਮੇਵਾਰੀ !

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਰੇ ਗੰਦੇ ਟੋਭਿਆਂ ਦੀ ਸਫ਼ਾਈ ਕਰਵਾ ਦਿੱਤੀ ਗਈ ਹੈ। ਹਰ ਖੇਤ ਦੇ ਅੰਦਰ ਸਿੰਚਾਈ ਦਾ ਪਾਣੀ ਭੇਜਿਆ ਜਾ ਰਿਹਾ ਹੈ। ਕਿਸਾਨਾਂ ਨੂੰ ਖੇਤੀ ਦੀ ਲੋੜ ਲਈ ਦਿਨ ਵੇਲੇ ਬਿਜਲੀ ਮਿਲਣ ਲੱਗੀ ਹੈ। ਪਿਛਲੀਆਂ ਸਰਕਾਰਾਂ ਵਿੱਚ ਰਾਤ ਦੇ 3 ਵਜੇ ਬਿਜਲੀ ਆਉਂਦੀ ਸੀ ਅਤੇ ਕਿਸਾਨ ਨੂੰ ਰਾਤ ਭਰ ਜਾਗਣ ਲਈ ਮਜਬੂਰ ਹੋਣਾ ਪੈਂਦਾ ਸੀ। ਬਿਜਲੀ ਮੁਫ਼ਤ ਹੋ ਗਈ, 10 ਲੱਖ ਰੁਪਏ ਦਾ ਬੀਮਾ ਹੋ ਗਿਆ, ਜਲਦੀ ਹੀ ਮਹਿਲਾਵਾਂ ਨੂੰ ਹਜ਼ਾਰ ਰੁਪਏ ਮਿਲਣੇ ਸ਼ੁਰੂ ਹੋ ਜਾਣਗੇ। ਇੰਨੇ ਸਾਰੇ ਕੰਮ ਹੁਣ ਤੱਕ ਪੰਜਾਬ ਵਿੱਚ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ। ਪਿਛਲੀ ਸਰਕਾਰ ਹਮੇਸ਼ਾ ਕਹਿੰਦੀ ਸੀ ਕਿ ਖ਼ਜ਼ਾਨਾ ਖਾਲੀ ਹੈ, ਪਰ ਅਸੀਂ ਕਦੇ ਨਹੀਂ ਕਿਹਾ ਕਿ ਖ਼ਜ਼ਾਨਾ ਖਾਲੀ ਹੈ, ਕਿਉਂਕਿ ਸਾਡੀ ਇਮਾਨਦਾਰ ਸਰਕਾਰ ਹੈ। ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਬਹੁਤ ਵੱਡਾ ਸੰਕਟ ਛਾਇਆ ਹੋਇਆ ਹੈ। ਭਾਜਪਾ ਨੇ ਲੋਕਤੰਤਰ ਨੂੰ ਹਾਈਜੈਕ ਕਰ ਲਿਆ ਹੈ, ਲੋਕਤੰਤਰ ਦਾ ਕਤਲ ਕਰ ਦਿੱਤਾ ਹੈ। ਪੂਰੇ ਦੇਸ਼ ਵਿੱਚ ਕੋਈ ਵੀ ਪਾਰਟੀ ਜਿੱਤ ਕੇ ਆ ਜਾਵੇ, ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਸ ਤੋਂ ਬਾਅਦ ਇਹ ਈਡੀ-ਸੀਬੀਆਈ ਅਤੇ ਪੈਸੇ ਦੇ ਜ਼ੋਰ ‘ਤੇ ਉਸ ਪਾਰਟੀ ਦੇ ਵਿਧਾਇਕ ਤੋੜ ਲੈਂਦੇ ਹਨ, ਪਾਰਟੀਆਂ ਤੋੜ ਦਿੰਦੇ ਹਨ, ਜੇਲ੍ਹ ਭੇਜ ਦਿੰਦੇ ਹਨ ਅਤੇ ਸਰਕਾਰਾਂ ਡੇਗ ਦਿੰਦੇ ਹਨ। ਜਿੱਤਣ ਲਈ ਇਹ ਲੋਕ ਵੋਟਾਂ ਕੱਟ ਦਿੰਦੇ ਹਨ ਅਤੇ ਆਪਣੀਆਂ ਵੋਟਾਂ ਜੁੜਵਾ ਲੈਂਦੇ ਹਨ। ਸੋਮਵਾਰ ਨੂੰ ਪੱਛਮੀ ਬੰਗਾਲ ਚੋਣਾਂ ਦਾ ਆਇਆ ਨਤੀਜਾ ਕੋਈ ਚੋਣ ਨਹੀਂ ਸੀ। ਪਿਛਲੇ 3-4 ਮਹੀਨਿਆਂ ਤੋਂ ਅਸੀਂ ਦੇਖ ਰਹੇ ਹਾਂ ਕਿ ਪੱਛਮੀ ਬੰਗਾਲ ਦੇ ਅੰਦਰ ਤਾਂਡਵ ਚੱਲ ਰਿਹਾ ਹੈ। ਇਸੇ ਤਰ੍ਹਾਂ ਇਨ੍ਹਾਂ ਨੇ ਬਿਹਾਰ ਅਤੇ ਮਹਾਰਾਸ਼ਟਰ ਵਿੱਚ ਕੀਤਾ।

ਇਹ ਵੀ ਪੜ੍ਹੋ 👉 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, ‘ਪੰਜਾਬ ਦੇ ਗੱਦਾਰ’ ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਕੀਤੀ ਮੰਗ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਮੈਂ ਜੇਲ੍ਹ ਗਿਆ, ਉਸ ਤੋਂ ਪਹਿਲਾਂ ਨਵੀਂ ਦਿੱਲੀ ਵਿਧਾਨ ਸਭਾ ਵਿੱਚ 1 ਲੱਖ 48 ਹਜ਼ਾਰ ਵੋਟਾਂ ਸਨ। ਜਦੋਂ ਮੈਂ ਵਾਪਸ ਆਇਆ ਤਾਂ 1 ਲੱਖ 6 ਹਜ਼ਾਰ ਵੋਟਾਂ ਹੀ ਬਚੀਆਂ ਸਨ। ਇਨ੍ਹਾਂ ਨੇ ਕਰੀਬ 6 ਮਹੀਨਿਆਂ ਦੇ ਅੰਦਰ 42 ਹਜ਼ਾਰ ਵੋਟਾਂ ਕਟਵਾ ਦਿੱਤੀਆਂ। ਪਿਛਲੀ ਵਾਰ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਮੈਂ 30 ਹਜ਼ਾਰ ਵੋਟਾਂ ਨਾਲ ਜਿੱਤਿਆ ਸੀ। ਇਨ੍ਹਾਂ ਨੇ 42 ਹਜ਼ਾਰ ਵੋਟਾਂ ਕਟਵਾ ਦਿੱਤੀਆਂ ਅਤੇ ਇਸ ਵਾਰ ਮੈਂ 3 ਹਜ਼ਾਰ ਵੋਟਾਂ ਨਾਲ ਹਾਰ ਗਿਆ। ਵਿਰੋਧੀ ਧਿਰ ਕਿਵੇਂ ਜਿੱਤ ਸਕਦੀ ਹੈ, ਜਦੋਂ ਉਸ ਦੀਆਂ ਸਾਰੀਆਂ ਵੋਟਾਂ ਹੀ ਕਟਵਾ ਦਿੱਤੀਆਂ ਜਾਣਗੀਆਂ। ਅੱਜ ਪੂਰੇ ਦੇਸ਼ ਦੇ ਅੰਦਰ ਇਹੀ ਤਾਂਡਵ ਚੱਲ ਰਿਹਾ ਹੈ। ਅੱਜ ਦੇਸ਼ ਦੇ ਲੋਕਤੰਤਰ ਉੱਤੇ ਸੰਕਟ ਹੈ। ਸਾਡੇ ਦੇਸ਼ ਦੇ ਸੁਤੰਤਰਤਾ ਸੰਗਰਾਮੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਾਨੂੰ ਆਜ਼ਾਦੀ ਦਿਵਾਈ ਸੀ, ਅੱਜ ਉਸ ਆਜ਼ਾਦੀ ਉੱਤੇ ਸੰਕਟ ਖੜ੍ਹਾ ਹੋ ਗਿਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਈ 2014 ਵਿੱਚ ਦੇਸ਼ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣੀ ਸੀ। ਉਸ ਦੌਰਾਨ ‘ਮੋਦੀ ਜੀ ਦੀ ਹਨੇਰੀ’ ਚੱਲ ਰਹੀ ਸੀ। ਉਸ ਤੋਂ ਬਾਅਦ ਹਰਿਆਣਾ, ਮਹਾਰਾਸ਼ਟਰ, ਝਾਰਖੰਡ ਸਮੇਤ ਜਿੱਥੇ ਵੀ ਚੋਣਾਂ ਹੋਈਆਂ, ਇਹ ਲੋਕ ਜਿੱਤਦੇ ਚਲੇ ਗਏ। ਫਿਰ ਫਰਵਰੀ 2015 ਵਿੱਚ ਦਿੱਲੀ ਦੀ ਚੋਣ ਹੋਈ ਅਤੇ 70 ਵਿੱਚੋਂ ਸਿਰਫ਼ 3 ਸੀਟਾਂ ਭਾਜਪਾ ਦੀਆਂ ਆਈਆਂ। ਉਨ੍ਹਾਂ ਕਿਹਾ ਕਿ ਜਦੋਂ ਭਗਵਾਨ ਸ੍ਰੀ ਰਾਮ ਅਯੁੱਧਿਆ ਦੇ ਰਾਜਾ ਬਣੇ ਤਾਂ ਉਨ੍ਹਾਂ ਨੇ ਆਪਣਾ ਅਸ਼ਵਮੇਧ ਦਾ ਘੋੜਾ ਛੱਡਿਆ ਸੀ ਕਿ ਇਹ ਘੋੜਾ ਜਿੱਥੇ ਜਾਵੇਗਾ, ਉਹ ਭਗਵਾਨ ਰਾਮ ਦੀ ਜ਼ਮੀਨ ਹੋ ਜਾਵੇਗੀ। ਭਗਵਾਨ ਸ੍ਰੀ ਰਾਮ ਦੇ ਦੋਵਾਂ ਬੱਚਿਆਂ ਲਵ-ਕੁਸ਼ ਦੇ ਮੰਦਰ ਅੰਮ੍ਰਿਤਸਰ ਵਿੱਚ ਹਨ। ਜਦੋਂ ਉੱਥੇ ਭਗਵਾਨ ਸ੍ਰੀ ਰਾਮ ਦਾ ਘੋੜਾ ਪਹੁੰਚਿਆ ਤਾਂ ਦੋਵਾਂ ਬੱਚਿਆਂ ਨੇ ਘੋੜੇ ਨੂੰ ਰੋਕ ਲਿਆ। ਤਦ ਤੋਂ ਕਿਹਾ ਜਾਂਦਾ ਹੈ ਕਿ ਅਸ਼ਵਮੇਧ ਦਾ ਘੋੜਾ ਰੋਕਣ ਵਾਲੇ ਲਵ-ਕੁਸ਼ ਸਨ।

ਇਹ ਵੀ ਪੜ੍ਹੋ 👉 CM Bhagwant Singh Mann ਦੀ ਅਗਵਾਈ ਹੇਠ ਵਿਧਾਇਕਾਂ ਦਾ ਕਾਫ਼ਲਾ ਦਿੱਲੀ ਲਈ ਹੋਇਆ ਰਵਾਨਾ

ਇਸੇ ਤਰ੍ਹਾਂ, ਆਮ ਆਦਮੀ ਪਾਰਟੀ ਅਤੇ ਦਿੱਲੀ ਵਾਲਿਆਂ ਨੇ 2015 ਵਿੱਚ ਮੋਦੀ ਜੀ ਦਾ ਅਸ਼ਵਮੇਧ ਘੋੜਾ ਰੋਕਿਆ ਸੀ, ਨਹੀਂ ਤਾਂ ਮੋਦੀ ਜੀ ਦਾ ਘੋੜਾ ਚੱਲਦਾ ਜਾ ਰਿਹਾ ਸੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜੇ ਵੀ ਮੋਦੀ ਜੀ ਦੀ ਹਨੇਰੀ ਚੱਲ ਰਹੀ ਹੈ। ਇਹ ਲੋਕ ਅਸਾਮ, ਪੱਛਮੀ ਬੰਗਾਲ, ਬਿਹਾਰ, ਮਹਾਰਾਸ਼ਟਰ, ਦਿੱਲੀ ਜਿੱਤ ਗਏ। ਹਰ ਪਾਸੇ ਜਿੱਤਦੇ ਜਾ ਰਹੇ ਹਨ, ਅਗਲੇ ਸਾਲ ਫਰਵਰੀ ਵਿੱਚ ਪੰਜਾਬ ਦੀਆਂ ਚੋਣਾਂ ਹੋਣਗੀਆਂ। ਪੰਜਾਬ ਵਿੱਚ ਨਾ ਸਿਰਫ਼ ਮੋਦੀ ਜੀ ਦਾ ਅਸ਼ਵਮੇਧ ਘੋੜਾ ਰੁਕੂਗਾ, ਸਗੋਂ ਪੰਜਾਬ ਚੋਣਾਂ ਤੋਂ ਬਾਅਦ ਮੋਦੀ ਸਰਕਾਰ ਡਿੱਗੇਗੀ ਅਤੇ ਪੰਜਾਬੀ ਹੀ ਮੋਦੀ ਸਰਕਾਰ ਦਾ ਅੰਤ ਕਰਨਗੇ। ਪੰਜਾਬ ਦੀ ਚੋਣ ਮੋਦੀ ਜੀ ਦੀ ਆਖਰੀ ਚੋਣ ਹੋਵੇਗੀ, ਇਹ ਮੇਰਾ ਦਿਲ ਕਹਿੰਦਾ ਹੈ। ਇਹ ਸਭ ਕਿਵੇਂ ਹੋਵੇਗਾ, ਮੈਨੂੰ ਨਹੀਂ ਪਤਾ। ਆਮ ਆਦਮੀ ਪਾਰਟੀ ਪੰਜਾਬ ਤਾਂ ਜਿੱਤੇਗੀ, ਪਰ ਇਸ ਦੇ ਲਈ ਮਿਹਨਤ ਕਰਨੀ ਪਵੇਗੀ। ਘਰ-ਘਰ ਜਾ ਕੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਹੋਵੇਗਾ ਕਿ ਭਾਜਪਾ ਪੰਜਾਬ ਅਤੇ ਪੰਜਾਬੀਆਂ ਨਾਲ ਨਫ਼ਰਤ ਕਰਦੀ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਲਈ ਇੱਕ ਵੀ ਕੰਮ ਨਹੀਂ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਵਿੱਚ ਇਨ੍ਹਾਂ ਦੀ ਸਰਕਾਰ ਹੈ। ਆਰਡੀਐਫ ਵਿੱਚ ਪੰਜਾਬ ਸਰਕਾਰ ਨੂੰ ਦੁੱਗਣਾ ਪੈਸਾ ਦੇ ਦਿੰਦੇ, ਪਰ ਇਹ ਲੋਕ ਪੰਜਾਬੀਆਂ ਦਾ ਹੱਕ ਵੀ ਖੋਹ ਰਹੇ ਹਨ। ਇਹ ਕਹਿ ਰਹੇ ਹਨ ਕਿ ਜੇ ਪੰਜਾਬ ਵਿੱਚ ਸਰਕਾਰ ਬਣੀ ਤਾਂ ਪੰਜਾਬ ਦਾ ਸਾਰਾ ਪਾਣੀ ਹਰਿਆਣਾ ਨੂੰ ਦੇ ਦੇਣਗੇ। ਭਾਖੜਾ ਨਹਿਰ, ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਵੀ ਹਰਿਆਣਾ ਨੂੰ ਦੇ ਦੇਣਗੇ। ਸਭ ਤੋਂ ਵੱਡੀ ਗੱਲ, ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਤਿੰਨੋਂ ਖੇਤੀ ਕਾਨੂੰਨ ਪੰਜਾਬ ਅੰਦਰ ਲਾਗੂ ਕਰ ਦੇਣਗੇ। ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਆ ਗਈ ਤਾਂ ਪੂਰੇ ਪੰਜਾਬ ਨੂੰ ਤਹਿਸ-ਨਹਿਸ ਕਰ ਦੇਣਗੇ, ਪੰਜਾਬ ਨੂੰ ਰੌਂਦ ਸੁੱਟਣਗੇ। ਪਰ ਇਨ੍ਹਾਂ ਦੀ ਇੰਨੀ ਵੀ ਔਕਾਤ ਨਹੀਂ ਹੈ।

ਇਹ ਵੀ ਪੜ੍ਹੋ 👉 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ 250 ਪੇਂਡੂ ਖੇਡ ਮੈਦਾਨਾਂ ਦਾ ਉਦਘਾਟਨ; ਕਿਹਾ, ਪੰਜਾਬ ਦੇ ਪਿੰਡਾਂ ਤੋਂ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋਣਗੇ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਤੱਕ ਭਾਰਤ ‘ਤੇ ਕਿਸੇ ਨੇ ਵੀ ਹਮਲਾ ਕੀਤਾ, ਉਹ ਪੱਛਮ ਵੱਲੋਂ ਆਇਆ ਅਤੇ ਪੰਜਾਬ ਨੇ ਆਪਣਾ ਖੂਨ ਵਹਾ ਕੇ ਉਨ੍ਹਾਂ ਨੂੰ ਰੋਕਿਆ, ਪਰ ਇਸ ਵਾਰ ਦੇਸ਼ ਦੇ ਅੰਦਰੋਂ ਹੀ ਇੱਕ ਦੁਸ਼ਮਣ ਪੈਦਾ ਹੋਇਆ ਹੈ, ਇਨ੍ਹਾਂ ਨੂੰ ਵੀ ਪੰਜਾਬ ਦੇ ਲੋਕ ਆਪਣੇ ਤਨ, ਮਨ ਅਤੇ ਧਨ ਨਾਲ ਰੋਕਣਗੇ। ਅਸੀਂ ਸਭ ਨੇ ਮਿਲ ਕੇ ਇਨ੍ਹਾਂ ਨੂੰ ਰੋਕਣਾ ਹੈ ਅਤੇ ਦੇਸ਼ ਨੂੰ ਆਪਣਾ ਲੋਕਤੰਤਰ ਵਾਪਸ ਦਿਵਾਉਣਾ ਹੈ। ਬਾਬਾ ਸਾਹਿਬ ਦੇ ਸੰਵਿਧਾਨ ਨੂੰ ਮੁੜ ਲਾਗੂ ਕਰਵਾਉਣਾ ਹੈ। ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਇਹ ਪੰਜਾਬ ਅਤੇ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ 7 ਲੋਕ ਜੋ ਸਾਨੂੰ ਛੱਡ ਕੇ ਚਲੇ ਗਏ, ਭਾਜਪਾ ਨੇ ਇਨ੍ਹਾਂ ਦੀ ਚੋਰੀ ਕੀਤੀ ਹੈ। ਇਹ 6 ਸੀਟਾਂ ਕਿਸੇ ਦੇ ਪਿਤਾ ਦੀਆਂ ਨਹੀਂ ਸਨ। ਇਹ ਛੇ ਸੀਟਾਂ ਪੰਜਾਬੀਆਂ ਦੀਆਂ ਸਨ। ਪੰਜਾਬ ਵਿੱਚ ਭਾਜਪਾ ਦੇ 2 ਵਿਧਾਇਕ ਹਨ ਅਤੇ 6 ਰਾਜ ਸਭਾ ਮੈਂਬਰ ਹਨ, ਅਜਿਹਾ ਹੋ ਨਹੀਂ ਸਕਦਾ। ਭਾਜਪਾ ਨੇ ਪੰਜਾਬ ਦੇ ਲੋਕਾਂ ਦੀਆਂ 6 ਰਾਜ ਸਭਾ ਸੀਟਾਂ ‘ਤੇ ਡਾਕਾ ਮਾਰਿਆ ਹੈ। ਪੰਜਾਬ ਦੇ ਲੋਕ ਇਸ ਦਾ ਬਦਲਾ ਅਗਲੇ ਸਾਲ ਫਰਵਰੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੈਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda ‘ਚ ਮੰਗਲਵਾਰ ਸ਼ਾਮ ਨੂੰ ਗਣਪਤੀ ਵਿਸਰਜਨ ਦੌਰਾਨ ਮਾਸੂਮ ਭੈਣ-ਭਰਾ ਨਹਿਰ ‘ਚ ਰੁੜੇ

Bathinda News: Bathinda 'ਚ ਮੰਗਲਵਾਰ ਦੇਰ ਸ਼ਾਮ ਨੂੰ ਵਾਪਰੀ...

ਅਮਰਜੀਤ ਸਿੰਘ ਚਾਵਲਾ ‘ਤੇ ਲੱਗੇ ਗੰਭੀਰ ਦੋਸ਼ਾਂ ‘ਤੇ ਸੁਖਬੀਰ ਬਾਦਲ ਅਜੇ ਵੀ ਚੁੱਪ ਕਿਉਂ?:- ਬਲਤੇਜ ਪੰਨੂ

👉ਪ੍ਰਦਰਸ਼ਨਾਂ ਵਿੱਚ ਔਰਤਾਂ ਨੂੰ ਨਾਲ ਲੈ ਕੇ ਜਾਣ ਵਾਲੀ...