ਸੁਖਜਿੰਦਰ ਮਾਨ
ਬਠਿੰਡਾ, 6 ਜਨਵਰੀ: ਲੰਘੀ 31 ਦਸੰਬਰ ਨੂੰ ਸਦਾ ਲਈ ਵਿਛੋੜਾ ਦੇ ਗਏ ਮਾਤਾ ਹਰਪਾਲ ਕੌਰ ਨੂੰ ਅੱਜ ਸੈਕੜੇ ਲੋਕਾਂ ਨੇ ਸ਼ਰਧਾਂਜਲੀ ਭੇਂਟ ਕੀਤੀ। ਸਥਾਨਕ ਗੁਰਦੂਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਚ ਹੋਏ ਇਸ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਮਾਤਾ ਹਰਪਾਲ ਕੌਰ ਨੂੰ ਇਕ ਨੇਕ ਰੂਹ ਤੇ ਸਿੱਖਿਆ ਦਾਨੀ ਦੇ ਤੌਰ ’ਤੇ ਯਾਦ ਕਰਦਿਆਂ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਲਈ ਪ੍ਰੇਰਤ ਕੀਤਾ। ਲੰਮਾ ਸਮਾਂ ਸਿੱਖਿਆ ਵਿਭਾਗ ’ਚ ਬਤੌਰ ਅਧਿਆਪਕ ਸੇਵਾਵਾਂ ਨਿਭਾਉਣ ਵਾਲੇ ਮਾਤਾ ਹਰਪਾਲ ਕੌਰ ਬਤੌਰ ਸੀਐਚਟੀ ਸੇਵਾਮੁਕਤ ਹੋਏ ਸਨ। ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਵਿਧਾਇਕ ਜਗਦੇਵ ਸਿੰਘ ਕਮਾਲੂ ਆਦਿ ਨੇ ਪ੍ਰਵਾਰ ਨਾਲ ਦੁੱਖ ਪ੍ਰਗਟਾਉਂਦਿਆਂ ਵਹਿਗੁਰੂ ਅੱਗੇ ਮਾਤਾ ਜੀ ਨੂੰ ਅਪਣੇ ਚਰਨਾਂ ਵਿਚ ਨਿਵਾਸ਼ ਬਖ਼ਸਣ ਦੀ ਅਰਦਾਸ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜੀਤ ਸਿੰਘ ਸੰਦੋਹਾ ਨੇ ਮਾਤਾ ਜੀ ਦੇ ਜੀਵਨ ’ਤੇ ਝਾਤ ਪਾਉਂਦਿਆਂ ਉਨ੍ਹਾਂ ਨੂੰ ਸੰਦੋਹਾ ਪਿੰਡ ਦੀ ਪਹਿਲੀ ਅਧਿਆਪਕ ਨੂੰਹ ਤੇ ਉਨ੍ਹਾਂ ਦੇ ਸਵਰਗਵਾਸੀ ਪਤੀ ਸ: ਤੇਜਾ ਸਿੰਘ ਨੂੰ ਪਹਿਲਾਂ ਅਧਿਆਪਕ ਦਸਦਿਆਂ ਇੰਨ੍ਹਾਂ ਵਲੋਂ ਅਪਣੇ ਪਿੰਡ ਤੇ ਪੂਰੇ ਇਲਾਕੇ ਵਿਚ ਸਿੱਖਿਆ ਦੇ ਖੇਤਰ ’ਚ ਪਾਏ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਮਾਤਾ ਹਰਪਾਲ ਕੌਰ ਦੇ ਪੁੱਤਰਾਂ ਗੁਰਸ਼ਰਨ ਸਿੰਘ ਮਾਨ ਡਿਪਟੀ ਡਾਇਰੈਕਟਰ ਬਾਗਵਾਨੀ ਵਿਭਾਗ ਪੰਜਾਬ ਤੇ ਸੁਖਜੀਵਨ ਸਿੰਘ ਮਾਨ ਸੀਨੀਅਰ ਸਹਾਇਕ ਲੋਕ ਨਿਰਮਾਣ ਵਿਭਾਗ ਨੇ ਸੰਗਤ ਦਾ ਧੰਨਵਾਦ ਕੀਤਾ।
ਮਾਤਾ ਹਰਪਾਲ ਕੌਰ ਨੂੰ ਸੈਂਕੜੇ ਲੋਕਾਂ ਨੇ ਭੇਂਟ ਕੀਤੀ ਸ਼ਰਧਾਂਜਲੀ
11 Views