ਟਰਾਂਸਪੋਰਟ ਮੰਤਰੀ ਨੇ ਟੈਕਸੀ ਆਪ੍ਰੇਟਰਾਂ ਨਾਲ ਮੀਟਿੰਗਾਂ ਤੋਂ ਬਾਅਦ ਦਿੱਤਾ ਜਾਇਜ਼ ਮੰਗਾਂ ’ਤੇ ਵਿਚਾਰ ਕਰਨ ਦਾ ਭਰੋਸਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਦਸੰਬਰ:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਟੈਕਸੀ ਆਪ੍ਰੇਟਰਾਂ ਨੂੰ ਵੱਡੀ ਰਾਹਤ ਦੇਣ ’ਤੇ ਵਿਚਾਰ ਕਰ ਰਹੀ ਹੈ ਜਿਸ ਤਹਿਤ ਟੈਕਸੀ ਆਪ੍ਰੇਟਰਾਂ ਨੂੰ ਵੀ ਪ੍ਰਾਈਵੇਟ ਬੱਸ ਆਪ੍ਰੇਟਰਾਂ ਵਾਂਗ ਕੋਰੋਨਾ ਕਾਲ ਦੌਰਾਨ ਦਿੱਤੀ ਗਈ ਟੈਕਸ ਮੁਆਫ਼ੀ ਦੇ ਬਰਾਬਰ ਟੈਕਸ ਮੁਆਫ਼ੀ ਦਿੱਤੇ ਜਾਣ ਦਾ ਮਾਮਲਾ ਵਿਚਾਰ ਅਧੀਨ ਹੈ।ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਪੰਜਾਬ ਟੈਕਸੀ ਆਪ੍ਰੇਟਰਜ਼ ਯੂਨੀਅਨ ਦੇ ਨੁਮਾਇੰਦਿਆਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਦਿਆਂ ਇਹ ਜਾਣਕਾਰੀ ਦਿੱਤੀ। ਕੈਬਨਿਟ ਮੰਤਰੀ ਨੇ ਕਿਹਾ ਕੋਰੋਨਾ ਕਾਲ ਦੇ ਸਮੇਂ ਦੌਰਾਨ ਸਾਰੇ ਕੰਮ-ਕਾਰ ਠੱਪ ਹੋਣ ਕਾਰਨ ਕੰਟਰੈਕਟ ਅਤੇ ਸਟੇਜ ਕੈਰਿਜ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਟੈਕਸ ਮੁਆਫ਼ੀ ਦਿੱਤੀ ਗਈ ਸੀ। ਹੁਣ ਟੈਕਸੀ ਆਪ੍ਰੇਟਰਾਂ ਨੂੰ ਵੀ ਉਸੇ ਸਮਾਂ-ਸੀਮਾ ਲਈ ਟੈਕਸ ਮੁਆਫ਼ੀ ਦੇਣ ਲਈ ਸਰਕਾਰ ਵਿਚਾਰ ਕਰ ਰਹੀ ਹੈ।ਮੰਤਰੀ ਨੇ ਟੈਕਸੀ ਆਪ੍ਰੇਟਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਆਰ.ਟੀ.ਏ. ਦਫ਼ਤਰਾਂ ਵਿੱਚ ਖੱਜਲ-ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ। ਸ. ਭੁੱਲਰ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਸਰਕਾਰੀ ਦਫ਼ਤਰਾਂ ਵਿੱਚ ਏਜੰਟਾਂ ਦੀ ਆਮਦ ’ਤੇ ਪੂਰਨ ਪਾਬੰਦੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਜ਼ਿਆਦਾਤਰ ਸੇਵਾਵਾਂ ਨੂੰ ਆਨਲਾਈਨ ਕੀਤਾ ਗਿਆ ਹੈ ਤਾਂ ਜੋ ਟੈਕਸੀ ਆਪ੍ਰੇਟਰਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਹਾਲੇ ਵੀ ਕੁੱਝ ਪ੍ਰਵਾਨਗੀਆਂ ਮੈਨੂਅਲ ਹਨ, ਜਿਨ੍ਹਾਂ ਨੂੰ ਛੇਤੀ ਹੀ ਆਨਲਾਈਨ ਕਰ ਦਿੱਤਾ ਜਾਵੇਗਾ।ਟਰਾਂਸਪੋਰਟ ਮੰਤਰੀ ਨੇ ਟੈਕਸੀ ਆਪ੍ਰੇਟਰਾਂ ਦੀ ਮੰਗ ਕਿ ਲੋਕਲ ਪੰਜਾਬ ਪਰਮਿਟ ਗੱਡੀਆਂ ਨੂੰ ਗੁਆਂਢੀ ਸੂਬਿਆਂ ਵਿੱਚ ਜਾਣ ਲਈ ਆਨਲਾਈਨ ਮਨਜ਼ੂਰੀ ਦੇਣ ਦੀ ਵਿਵਸਥਾ ਕੀਤੀ ਜਾਵੇ, ਬਾਰੇ ਵਿਭਾਗ ਦੇ ਅਧਿਕਾਰੀਆਂ ਨੂੰ ਵਿਚਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਟੈਕਸੀ ਆਪ੍ਰੇਟਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕਰਨ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਸ. ਭੁੱਲਰ ਨੇ ਟੈਕਸੀ ਆਪ੍ਰੇਟਰਾਂ ਨੂੰ ਵੀ ਅਪੀਲ ਕੀਤੀ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਰਦੀ ਪਾਉਣ ਅਤੇ ਆਪਣੇ ਵਾਹਨਾਂ ਵਿੱਚ ਸੁਰੱਖਿਆ ਯੰਤਰ ਰੱਖਣਾ ਯਕੀਨੀ ਬਣਾਉਣ।
ਪ੍ਰਾਈਵੇਟ ਬੱਸ ਆਪ੍ਰੇਟਰਾਂ ਤੋਂ ਬਾਅਦ ਹੁਣ ਪੰਜਾਬ ਦੇ ਟੈਕਸੀ ਆਪ੍ਰੇਟਰਾਂ ਨੂੰ ਵੀ ਮਿਲੇਗੀ ਟੈਕਸ ਮੁਆਫ਼ੀ ’ਚ ਛੋਟ
ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇਪਾਲ ਦੀ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਰੋਹ ਵਿੱਚ ਹੋਣਗੇ ਮੁੱਖ ਮਹਿਮਾਨ
ਸੁਖਜਿੰਦਰ ਮਾਨ
ਬਠਿੰਡਾ, 7 ਦਸੰਬਰ :ਪੰਜਾਬ ਕੇਂਦਰੀ ਯੂਨੀਵਰਸਿਟੀ,ਬਠਿੰਡਾ (ਸੀਯੂਪੀਬੀ) ਦੇ ਵਾਈਸ ਚਾਂਸਲਰ ਪ੍ਰੋ.ਰਾਘਵੇਂਦਰ ਪ੍ਰਸਾਦ ਤਿਵਾਰੀ ਨੂੰ ਨੇਪਾਲ ਦੀ ਸਭ ਤੋਂ ਨਾਮਵਰ ਤ੍ਰਿਭੁਵਨ ਯੂਨੀਵਰਸਿਟੀ (ਟੀਯੂ) ਵੱਲੋਂ 9 ਦਸੰਬਰ, 2022 ਨੂੰ ਹੋਣ ਵਾਲੇ 48ਵੇਂ ਟੀਯੂ ਡਿਗਰੀ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਸਾਲ 1959 ਵਿੱਚ ਸਥਾਪਿਤ ਤ੍ਰਿਭੁਵਨ ਯੂਨੀਵਰਸਿਟੀ (ਟੀਯੂ ) ਨੇਪਾਲ ਵਿੱਚ ਉੱਚ ਸਿੱਖਿਆ ਦੀ ਪਹਿਲੀ ਰਾਸ਼ਟਰੀ ਸੰਸਥਾ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਯੂਨੀਵਰਸਿਟੀ ਦੇ ਚਾਂਸਲਰ ਹਨ, ਜਦੋਂ ਕਿ ਸਿੱਖਿਆ ਮੰਤਰੀ ਪ੍ਰੋ-ਚਾਂਸਲਰ ਹਨ।ਪੰਜਾਬ ਕੇਂਦਰੀ ਯੂਨੀਵਰਸਿਟੀ, ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇਪਾਲ ਦੇ ਮਾਨਯੋਗ ਪ੍ਰਧਾਨ ਮੰਤਰੀ ਅਤੇ ਟੀਯੂ ਦੇ ਚਾਂਸਲਰ ਸ਼?ਰੀ ਸ਼ੇਰ ਬਹਾਦੁਰ ਦੇਓਬਾ; ਨੇਪਾਲ ਦੇ ਸਿੱਖਿਆ, ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਮਾਨਯੋਗ ਮੰਤਰੀ ਅਤੇ ਟੀਯੂ ਦੇ ਪ੍ਰੋ-ਚਾਂਸਲਰ ਸ਼੍ਰੀ ਦੇਵੇਂਦਰ ਪੌਡੇਲ ਅਤੇ ਤ੍ਰਿਭੁਵਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਧਰਮਕਾਂਤ ਵਾਸਕੋਟਾ ਦੀ ਹਾਜ਼ਰੀ ਵਿੱਚ ਡਿਗਰੀ ਪ੍ਰਾਪਤ ਕਰਨ ਵਾਲੇ ਅਤੇ ਸੋਨੇ ਦੇ ਤਗਮੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ।
ਇਸ ਖ਼ਬਰ ਨਾਲ ਸੀਯੂਪੀਬੀ ਕੈਂਪਸ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਹੈ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 13 ਸਾਲਾਂ ਦੇ ਸਫ਼ਰ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਨੂੰ ਵਿਦੇਸ਼ ਵਿੱਚ ਕਿਸੇ ਸਰਕਾਰੀ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ।ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਉਨ੍ਹਾਂ ਨੂੰ ਟੀਯੂ ਡਿਗਰੀ ਵੰਡ ਸਮਾਰੋਹ ਲਈ ਸੱਦਾ ਦੇਣ ਲਈ ਤ੍ਰਿਭੁਵਨ ਯੂਨੀਵਰਸਿਟੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਨੇਪਾਲ ਦੇ ਚੰਗੇ ਦੁਵੱਲੇ ਸਬੰਧ ਹਨ। ਨਜ਼ਦੀਕੀ ਗੁਆਂਢੀ ਹੋਣ ਦੇ ਨਾਤੇ, ਭਾਰਤ ਅਤੇ ਨੇਪਾਲ ਦੋਸਤੀ ਅਤੇ ਸਹਿਯੋਗ ਦੇ ਇੱਕ ਵਿਲੱਖਣ ਰਿਸ਼ਤੇ ਨੂੰ ਸਾਂਝਾ ਕਰਦੇ ਹਨ, ਜਿੱਥੇ ਦੋਵਾਂ ਦੇਸ਼ਾਂ ਦੇ ਨਾਗਰਿਕ ਖੁੱਲ੍ਹੀਆਂ ਸਰਹੱਦਾਂ ਦੇ ਨਾਲ-ਨਾਮ ਆਪਸੀ ਭਾਈਚਾਰਾ, ਸੱਭਿਆਚਾਰ, ਵਿਸ਼ਵਾਸ, ਜੀਵਨ ਸ਼ੈਲੀ ਅਤੇ ਵਿਸ਼ਵ ਦ੍ਰਿਸ਼ਟੀਕੋਣ ਵਿੱਚ ਸਮਾਨਤਾ ਦਾ ਆਨੰਦ ਮਾਣਦੇ ਹਨ।ਪ੍ਰੋ. ਤਿਵਾਰੀ ਨੇ ਕਿਹਾ ਕਿ ਨੇਪਾਲ ਦੀ ਤ੍ਰਿਭੁਵਨ ਯੂਨੀਵਰਸਿਟੀ ਦਾ ਦੌਰਾ ਸਾਨੂੰ ਸਿੱਖਿਆ ਅਤੇ ਖੋਜ ਦੇ ਖੇਤਰਾਂ ਵਿੱਚ ਸੀਯੂਪੀਬੀ ਅਤੇ ਟੀਯੂ ਦੋਵਾਂ ਦਰਮਿਆਨ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਉਤਸ਼ਾਹਿਤ ਕਰੇਗਾ।
ਅੰਤਰ ਰਾਸ਼ਟਰੀ ਖਿਡਾਰੀ ਜਸਵੀਰ ਨੇ ਵਧਾਇਆ ਦੇਸ਼ ਦਾ ਮਾਣ : ਰੁਪਿੰਦਰ ਸਿੰਘ ਬਰਾੜ
ਰੋਇੰਗ ਅੰਤਰ ਰਾਸ਼ਟਰੀ ਖਿਡਾਰੀ ਦਾ ਬਠਿੰਡਾ ਪੁੱਜਣ ਤੇ ਕੀਤਾ ਭਰਵਾਂ ਸਵਾਗਤ
ਸੁਖਜਿੰਦਰ ਮਾਨ
ਬਠਿੰਡਾ, 7 ਦਸੰਬਰ : ਜ਼ਿਲ੍ਹੇ ਅਧੀਨ ਪੈਂਦੇ ਪਿੰਡ ਲਾਲੇਆਣਾ ਦੇ ਖਿਡਾਰੀ ਜਸਵੀਰ ਸਿੰਘ ਨੇ ਰੋਇੰਗ ਗੇਮ ਚ ਭਾਰਤ ਦੇਸ਼ ਦੀ ਨੁਮਾਇੰਦਗੀ ਕਰਦਿਆਂ ਏਸ਼ੀਅਨ ਰੋਇੰਗ ਚੈਪੀਅਨਸ਼ਿਪ ਜੋ ਥਾਈਲੈਂਡ ਵਿਖੇ ਆਯੋਜਿਤ ਕੀਤੀ ਗਈ, ਚ ਇਸ ਖਿਡਾਰੀ ਨੇ ਲਾਈਟ ਵੇਟ ਕੋਸਲੈਸ 4 ਈਵੈਂਟ ਵਿਚੋਂ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ, ਜਿਸ ਦਾ ਬਠਿੰਡਾ ਪੁੱਜਣ ਤੇ ਡਿਪਟੀ ਕਮਿਸ਼ਨਰ ਬਠਿੰਡਾ ਸ਼?ਰੀ ਸ਼ੌਕਤ ਅਹਿਮਦ ਪਰੇ, ਜ਼ਿਲ੍ਹਾ ਖੇਡ ਅਫਸਰ ਸ. ਰੁਪਿੰਦਰ ਸਿੰਘ ਬਰਾੜ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਦੁਆਰਾ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਖੇਡ ਅਫਸਰ ਅਤੇ ਸਮੂਹ ਖੇਡ ਵਿਭਾਗ ਕੋਚਾਂ ਦੁਆਰਾ ਖਿਡਾਰੀ ਜਸਵੀਰ ਸਿੰਘ ਅਤੇ ਉਸਦੇ ਮਾਪਿਆ ਨੂੰ ਵਧਾਈ ਦਿੱਤੀ ਗਈ।ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਸ. ਰੁਪਿੰਦਰ ਸਿੰਘ ਨੇ ਕਿਹਾ ਕਿ ਰੋਇੰਗ ਗੇਮ ਦੇ ਅੰਤਰ ਰਾਸ਼ਟਰੀ ਖਿਡਾਰੀ ਜਸਵੀਰ ਸਿੰਘ ਨੇ ਬਠਿੰਡਾ ਜ਼ਿਲ੍ਹੇ ਦਾ ਹੀ ਨਹੀਂ, ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਉਨਾਂ ਕਿਹਾ ਕਿ ਅਜਿਹੇ ਖਿਡਾਰੀ ਹੀ ਦੂਸਰੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਉਤਸ਼ਾਹਿਤ ਹੋਣਾ ਚਾਹੀਦਾ ਹੈ।
ਇਸ ਦੌਰਾਨ ਅੰਤਰ ਰਾਸ਼ਟਰੀ ਖਿਡਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਏਸ਼ੀਅਨ ਰੋਇੰਗ ਚੈਪੀਅਨਸਿਪ ਚ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਤੋਂ ਪਹਿਲਾ ਸਾਲ 2018 ਵਿਚ ਸੀਨੀਅਰ ਨੈਸ਼ਨਲ ਰੋਇੰਗ ਚੈਪੀਅਨਸਿਪ ਵਿਚੋਂ ਇਕ ਗੋਲਡ ਤੇ ਇਕ ਸਿਲਵਰ ਮੈਡਲ ਪ੍ਰਾਪਤ ਕਰ ਚੁੱਕਾ ਹੈ। ਇਸੇ ਤਰ੍ਹਾਂ ਸਾਲ 2019 ਵਿਚ ਸੀਨੀਅਰ ਨੈਸ਼ਨਲ ਰੋਇੰਗ ਚੈਪੀਅਨਸਿਪ ਹੈਦਰਾਬਾਦ ਵਿਚੋਂ 2 ਗੋਲਡ ਮੈਡਲ ਪ੍ਰਾਪਤ ਕਰ ਚੁੱਕਾ ਹੈ ਤੇ ਏਸੀਅਨ ਰੋਇੰਗ ਚੈਪੀਅਨਸ਼ਿਪ 2019 ਤੱਕ ਸਾਊਕ ਕੋਰੀਆ ਵਿਖੇ ਕਰਵਾਈ ਗਈ, ਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਸਾਲ 2021 ਵਿਚ ਸੀਨੀਅਰ ਨੈਸਨਲ ਰੋਇੰਗ ਚੈਪੀਅਨਸਿਪ ਪੂਨੇ ਵਿਚੋਂ 3 ਸਿਲਵਰ ਮੈਡਲ ਪ੍ਰਾਪਤ ਕੀਤੇ ਹਨ ਅਤੇ ਏਸੀਅਨ ਰੋਇੰਗ ਚੈਪੀਅਨਸਿਪ ਥਾਈਲੈਂਡ ਵਿਖੇ ਸਿਲਵਰ ਮੈਡਲ ਪ੍ਰਾਪਤ ਕਰ ਚੁੱਕਾ ਹੈ। ਇਸੇ ਤਰ੍ਹਾਂ ਸਾਲ 2022 ਵਿਚ ਨੈਸ਼ਨਲ ਗੇਮਜ ਗੁਜਰਾਤ ਵਿਚੋਂ 1 ਸਿਲਵਰ ਮੈਡਲ ਜਿੱਤ ਚੁੱਕਾ ਹੈ।
ਬਾਬਾ ਫ਼ਰੀਦ ਕਾਲਜ ਵੱਲੋਂ ਐਗਰੀਕਲਚਰ ਜਾਗਰੂਕਤਾ ਸੈਮੀਨਾਰ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 7 ਦਸੰਬਰ : ਬਾਬਾ ਫ਼ਰੀਦ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਐਚ.ਡੀ.ਐਫ.ਸੀ. ਬੈਂਕ ਦੇ ਸਹਿਯੋਗ ਨਾਲ ’ਸਬਜ਼ੀਆਂ ਦੀ ਫ਼ਸਲ ਅਤੇ ਵਾਢੀ ਦੀਆਂ ਤਕਨੀਕਾਂ ਨੂੰ ਅਪਣਾਉਣ’ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਦਿਉਣ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਪਿੰਡ ਦੇ ਲਗਭਗ 30 ਕਿਸਾਨਾਂ ਨੇ ਭਾਗ ਲਿਆ। ਇਸ ਸੈਮੀਨਾਰ ਵਿੱਚ ਡਾ. ਅੰਕਿਤ ਸ਼ਰਮਾ, ਸ. ਗੁਰਦੀਪ ਸਿੰਘ, ਡਾ. ਨਿਵੇਦਿਤਾ ਗੁਪਤਾ, ਸ੍ਰੀ ਨਵੀਨ ਸ਼ੁਕਲਾ, ਸ. ਕੁਲਵਿੰਦਰ ਢਿੱਲੋਂ ਅਤੇ ਸ੍ਰੀ ਮੋਹਿਤ ਗਰਗ ਨੇ ਸੰਬੋਧਨ ਕੀਤਾ।ਐਸੋਸੀਏਟ ਪ੍ਰੋਫੈਸਰ ਡਾ. ਨਵਦੀਪ ਕੌਰ ਨੇ ਕਿਸਾਨਾਂ ਅਤੇ ਬੁਲਾਰਿਆਂ ਦਾ ਸਵਾਗਤ ਕਰਦਿਆਂ ਇਸ ਕਿਸਾਨ ਜਾਗਰੂਕਤਾ ਕੈਂਪ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਇਸ ਸੈਮੀਨਾਰ ਦਾ ਮੁੱਖ ਥੀਮ ’ਉੱਤਮ ਖੇਤੀ, ਖ਼ੁਸ਼ਹਾਲ ਕਿਸਾਨ’ ਸੀ ਜਿਸ ਦੌਰਾਨ ਸਹਾਇਕ ਕਿੱਤਿਆਂ ਅਤੇ ਵਾਢੀ ਤੋਂ ਬਾਅਦ ਦੀਆਂ ਤਕਨੀਕਾਂ ਨੂੰ ਅਪਣਾਉਣ ’ਤੇ ਜ਼ੋਰ ਦਿੱਤਾ ਗਿਆ ਇਸ ਗੱਲ ’ਤੇ ਚਰਚਾ ਕੀਤੀ ਗਈ ਕਿ ਖਾਦਾਂ ਦੀ ਜ਼ਿਆਦਾ ਮਾਤਰਾ ਵਿੱਚ ਵਰਤੋ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਫ਼ਸਲ ਦਾ ਝਾੜ ਨਹੀਂ ਵਧੇਗਾ ਸਗੋਂ ਇਹ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੈ ਅਤੇ ਇਸ ਨਾਲ ਮਿੱਟੀ ਦੀ ਗੁਣਵੱਤਾ ਵੀ ਖ਼ਰਾਬ ਹੋਵੇਗੀ ਬੁਲਾਰਿਆਂ ਨੇ ਸਬਜ਼ੀਆਂ ਦੀ ਨਰਸਰੀ ਉਤਪਾਦਨ ’ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਕਿਸ ਤਰ੍ਹਾਂ ਸੀਜ਼ਨ ਤੋਂ ਪਹਿਲਾਂ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ ਉਨ੍ਹਾਂ ਨੇ ਡੀਹਾਈਡ?ਰੇਟਿਡ ਫਲ ਅਤੇ ਸਬਜ਼ੀਆਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਦੱਸਿਆ ਕਿ ਡੀਹਾਈਡ?ਰੇਟਿਡ ਪ੍ਰਕਿਰਿਆ ਲਈ ਕਿਸ ਤਰ੍ਹਾਂ ਦੀਆਂ ਮਸ਼ੀਨਾਂ ਉਪਲਬਧ ਹਨ। ਸੈਮੀਨਾਰ ਦੌਰਾਨ ਐਚ.ਡੀ.ਐਫ.ਸੀ ਬੈਂਕ ਦੇ ਅਧਿਕਾਰੀਆਂ ਨੇ ਬੈਂਕ ਤੋਂ ਲੋਨ ਲੈਣ ਦੇ ਤਰੀਕੇ ਅਤੇ ਇਸ ਦੀ ਮੁੜ ਅਦਾਇਗੀ ਬਾਰੇ ਦੱਸਿਆ ਉਨ੍ਹਾਂ ਨੇ ਕਰਜ਼ੇ ਦੀ ਪ੍ਰਕਿਰਿਆ ਬਾਰੇ ਕਿਸਾਨਾਂ ਵੱਲੋਂ ਪੁੱਛੇ ਗਏ ਸੁਆਲਾਂ ਦੇ ਤਸੱਲੀਬਖ਼ਸ਼ ਜਵਾਬ ਦੇ ਕੇ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕੀਤਾ । ਕਿਸਾਨਾਂ ਨੇ ਸਬਜ਼ੀਆਂ ਦੀ ਫ਼ਸਲ, ਸਬਸਿਡੀਆਂ ਅਤੇ ਫ਼ਸਲਾਂ ਦੇ ਮੰਡੀਕਰਨ ਬਾਰੇ ਕਈ ਸਵਾਲ ਪੁੱਛੇ ਸੈਸ਼ਨ ਦੇ ਅੰਤ ਵਿੱਚ ਬਾਬਾ ਫ਼ਰੀਦ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਐਸੋਸੀਏਟ ਡੀਨ ਡਾ. ਵਿਨੀਤ ਚਾਵਲਾ ਨੇ ਸਾਰਿਆਂ ਲਈ ਧੰਨਵਾਦੀ ਸ਼ਬਦ ਕਹੇ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਮਾਲੀ ਪ੍ਰਬੰਧਨ ਚ ਮਾਨ ਸਰਕਾਰ ਹੋਈ ਫੇਲ੍ਹ – ਬਲਬੀਰ ਸਿੱਧੂ
ਪੰਜਾਬੀ ਖ਼ਬਰਸਾਰ ਬਿਉਰੋ
ਮੋਹਾਲੀ, 7 ਦਸੰਬਰ – ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਦੇ ਵਿਗੜ ਰਹੇ ਮਾਲੀ ਹਾਲਾਤਾਂ ਨੂੰ ਠੀਕ ਨਾ ਕਰਨ ਵਿਚ ਨਾਕਾਮ ਰਹਿਣ ਉੱਤੇ ‘ਆਪ’ ਸਰਕਾਰ ਨੂੰ ਸਖ਼ਤ ਤਾੜਣਾ ਕੀਤੀ ਹੈ। ਭਾਰਤੀ ਰਿਜ਼ਰਵ ਬੈਂਕ ਦੀ ਰਿਪੋਰਟ ਦੇ ਅਨੁਸਾਰ, ਸੂਬੇ ਉੱਤੇ ਗਰੰਟੀਆਂ ਸਮੇਤ 3,05,126.3 ਕਰੋੜ ਰੁਪਏ ਦਾ ਕਰਜ਼ਾ ਹੈ। ਸਿੱਧੂ ਨੇ ਕਿਹਾ ਕਿ ਇਹ ਸਰਕਾਰ ਸੂਬੇ ਵਿੱਚ ਕੋਈ ਵੀ ਸਿੱਧਾ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) ਜਾਂ ਕੋਈ ਵੱਡਾ ਘਰੇਲੂ ਨਿਵੇਸ਼ ਲਿਆਉਣ ਵਿੱਚ ਅਸਫਲ ਰਹੀ ਹੈ।ਸਿੱਧੂ ਨੇ ਕਿਹਾ ਕਿ ਪੰਜਾਬ ਦੇ ਉੱਘੇ ਅਰਥ-ਸਾਸ਼ਤਰੀ ਨੇ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਤੋਂ ਪੰਜਾਬ ਦੀ ਮਾਲੀ ਹਾਲਤ ਨੂੰ ਤੁਰੰਤ ਸੁਧਾਰ ਲਈ ਬੇਨਤੀ ਕੀਤੀ ਹੈ ਅਤੇ ਅਰਥਚਾਰੇ ਨੂੰ ਮੁੜ ਸੁਰਜੀਤ ਕਰਨ ਲਈ ਯੋਜਨਾ ਨੂੰ ਯਕੀਨੀ ਬਣਾਉਣ ਨੂੰ ਕਿਹਾ ਹੈ।ਉਸਨੇ ਅੱਗੇ ਕਿਹਾ ਕਿ ਵਿੱਤੀ ਨੀਤੀ ਗੈਰ-ਕਾਰਜਸ਼ੀਲ ਹੋ ਗਈ ਹੈ, ਜਿਸ ਨੂੰ ਮੁੜ-ਉਥਾਨ ਕਰਨਾ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਪੰਜਾਬ ਦੀ ਮਾੜੀ ਸਿਹਤ ਨੂੰ ਮੁੜ ਸੁਰਜੀਤ ਕਰਨ ਲਈ ਕੋਈ ਰਣਨੀਤੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਵੱਲੋਂ ਕੀਤੇ ਗਏ ਮਾਲੀ ਸੁਧਾਰ ਦੇ ਵੱਡੇ ਵਾਅਦਿਆਂ ਨੂੰ ਯਾਦ ਕਰਨ। ਕਾਰੋਬਾਰ ਕਰਨ ਨੂੰ ਆਸਾਨ ਬਣਾਉਣ, ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਦੇਸ਼ੀ ਨਿਵੇਸ਼ ਨੂੰ ਖਿੱਖਣ ਦੇ ਉਨ੍ਹਾਂ ਦੇ ਦਾਅਵੇ ਸਿਰਫ਼ ਮਾਈਲੇਜ ਹਾਸਲ ਕਰਨ ਦੀਆਂ ਚਾਲਾਂ ਸਨ।ਸਿੱਧੂ ਨੇ ਅੱਗੇ ਕਿਹਾ ਕਿ ਅਸਲ ਵਿੱਚ ਸਰਕਾਰ ਕੋਲ ਸੂਬੇ ਲਈ ਕੋਈ ਬੁਨਿਆਦੀ ਯੋਜਨਾ ਨਹੀਂ ਹੈ। ਇਹ ਸਪੱਸ਼ਟ ਤੌਰ ’ਤੇ ਦੇਖਿਆ ਜਾ ਰਿਹਾ ਹੈ ਕਿ ਇੱਕ ਬਹੁਤ ਵੱਡਾ ਮਾਲੀ ਘਾਟਾ ਹੈ ਜਿਸ ਨੂੰ ਉਦੋਂ ਤੱਕ ਪੂਰਾ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਇਸ ਨੂੰ ਜ਼ਮੀਨੀ ਪੱਧਰ ’ਤੇ ਸਖ਼ਤ ਯਤਨ ਨਹੀਂ ਕੀਤੇ ਜਾਂਦੇ। ਵਿੱਤੀ ਪੈਕੇਜ ਦੀ ਮੰਗ ਕਰਨਾ ਸਿਰਫ ਆਖਰੀ ਉਪਾਅ ਹੋਵੇਗਾ ਪਰ ਇਸ ਨੂੰ ਸਮਝਦਾਰੀ ਨਾਲ ਵਰਤੋਂ ਕਰਨ ਅਤੇ ਭਵਿੱਖ ਵਿਚ ਇਸ ਤਰ੍ਹਾਂ ਦੇ ਸਮੋ ਪੈਦਾ ਕਰਨਾ ਸਮੇਂ ਦੀ ਮੰਗ ਹੈ।ਸਨਅਤਕਾਰ ਵੱਲੋਂ ਸੂਬੇ ਵਿੱਚ ਨਿਵੇਸ਼ ਕਰਨ ਤੋਂ ਡਰ ਰਹੇ ਹਨ ਕਿਉਂਕਿ ਹਾਲ ਹੀ ਵਿੱਚ ਪੈਦਾ ਹੋਏ ਮਾਫੀਆ ਕਲਚਰ ਕਾਰਣ ਵਿਸ਼ਵ ਪੱਧਰ ’ਤੇ ਪੰਜਾਬ ਦੇ ਅਕਸ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬਿਨਾਂ ਤੱਥਾਂ ਜਾਣੇ ਮੀਡੀਆ ਵੱਲੋਂ ਕੀਤੀ ਰਿਪੋਰਟਿੰਗ ਕਾਰਣ ਇਸ ਦਾ ਮੁੱਲ ਪੰਜਾਬ ਨੂੰ ਮਹਿੰਗਾ ਪੈ ਰਿਹਾ ਹੈ।ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰ ਗੋਲਡੀ ਬਰਾੜ ਦੀ ਨਜ਼ਰਬੰਦੀ ਬਾਰੇ ਦਿੱਤੇ ਬਿਆਨ ਕਾਰਣ ਹਫੜਾ-ਦਫੜੀ ਮਚ ਗਈ ਹੈ ਅਤੇ ਉੱਥੇ ਹੀ ਇੱਕ ਰਿਪੋਰਟਰ ਵੱਲੋਂ ਵਾਇਰਲ ਹੋਈ ਆਡੀਓ ਕਾਲ ਰਿਕਾਰਡਿੰਗ ਨਾਲ ਉਸ ਦੀ ਹਿਰਾਸਤ ਨੂੰ ਲੈ ਕੇ ਸ਼ੰਕੇ ਪੈਦਾ ਹੋ ਰਿਹਾ ਹੈ।ਭਗਵੰਤ ਮਾਨ ਨੂੰ ਪਹਿਲਾਂ ਆਪਣੇ ਤੱਥ ਸਾਫ਼ ਕਰਨੇ ਚਾਹੀਦੇ ਹਨ ਅਤੇ ਫਿਰ ਪੰਜਾਬ ਦੀ ਜਨਤਾ ਨੂੰ ਠੋਸ ਆਧਾਰ ’ਤੇ ਸੰਬੋਧਨ ਕਰਨਾ ਚਾਹੀਦਾ ਹੈ। ਪਹਿਲਾਂ ਪੰਜਾਬ ਵਿੱਚ ਬੀਐਮਡਬਲਯੂ ਦੇ ਪੰਜਾਬ ਵਿਚ ਨਿਵੇਸ਼ ਬਾਰੇ ਉਨ੍ਹਾਂ ਦੇ ਬਿਆਨ ਭਰੋਸੇ ’ਤੇ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਇੱਕ ਗੈਰ-ਸੰਜੀਦਾ ਸਿਆਸਤਦਾਨ ਹਨ, ਜਿੰਨ੍ਹਾਂ ਨੂੰ ਭਾਰੀ ਫ਼ਤਵਾ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਕੈਬਨਿਟ ਨਾਲ ਲੰਮਾ ਸਮਾਂ ਗੁਜਰਾਤ ਵਿੱਚ ਰਹਿਣ ਲਈ ਚੁਣਿਆ, ਜੋ ਕਿ ਪੰਜਾਬ ਦੇ ਮੁੱਦਿਆਂ ਪ੍ਰਤੀ ਉਨ੍ਹਾਂ ਦੀ ਅਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ। ਘੱਟੋ-ਘੱਟ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਪ੍ਰਤੀ ਹਮਦਰਦੀ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਉਨ੍ਹਾਂ ’ਤੇ ਭਰੋਸਾ ਕੀਤਾ ਹੈ।
ਪੰਜਾਬ ਸਰਕਾਰ ਨੌਜਵਾਨਾਂ ਨੌਕਰੀਆਂ ਲੈਣ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਬਨਣ ਲਈ ਕਰੇਗੀ ਉਤਸ਼ਾਹ
ਦਿੱਲੀ ਦੇ ਨਾਲ-ਨਾਲ ਪੰਜਾਬ ਚ ਜਲਦ ਸ਼ੁਰੂ ਹੋਵੇਗਾ ਬਿਜ਼ਨਿਸ ਪਲਾਸਟਰ ਪ੍ਰੋਗਰਾਮ
ਕੈਬਨਿਟ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿੰਨ ਰੋਜ਼ਾ ਸੈਮੀਨਾਰ ਦੀ ਕੀਤੀ ਸ਼ਲਾਘਾ
ਬਠਿੰਡਾ ਰੂਰਲ ਓਲੰਪਿਕਸ ਦੇ ਜੇਤੂ ਖਿਡਾਰੀਆਂ ਨੂੰ ਕੀਤੇ ਇਨਾਮ ਤਕਸੀਮ
ਸੁਖਜਿੰਦਰ ਮਾਨ
ਬਠਿੰਡਾ, 7 ਦਸੰਬਰ : ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਤੇ ਉਸ ਦਾ ਭਵਿੱਖ ਹੁੰਦੇ ਹਨ, ਉਨਾਂ ਸਮਾਂ ਕੋਈ ਵੀ ਦੇਸ਼ ਵਿਕਾਸ ਨਹੀਂ ਕਰ ਸਕਦਾ ਜਦੋਂ ਤੱਕ ਨੌਜਵਾਨ ਤਰੱਕੀ ਨਹੀਂ ਕਰਦੇ। ਉਨ੍ਹਾਂ ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸਪੀਟੀਯੂ) ਵਿਖੇ ਤਿੰਨ ਰੋਜ਼ਾ ਸਵੈ ਰੋਜ਼ਗਾਰ ਸੈਮੀਨਾਰ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕਿਹਾ ਕਿ ਨੌਜਵਾਨਾਂ ਨੂੰ ਤਰੱਕੀ ਦੇ ਰਾਹ ਵੱਲ ਲੈ ਕੇ ਜਾਣ ਤੇ ਨਵੀਂ ਸੋਚ ਪੈਦਾ ਕਰਨ ਲਈ ਸਰਕਾਰ ਵਲੋਂ ਨਵੇਂ ਉੱਧਮ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਬਠਿੰਡਾ (ਸ਼ਹਿਰੀ) ਸ ਜਗਰੂਪ ਸਿੰਘ ਗਿੱਲ, ਵਿਧਾਇਕ ਬਠਿੰਡਾ (ਦਿਹਾਤੀ) ਸ ਅਮਿਤ ਰਤਨ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼?ਰੀ ਅੰਮ੍ਰਿਤ ਲਾਲ ਅਗਰਵਾਲ, ਚੈਅਰਮੇਨ ਜੰਗਲਾਤ ਵਿਭਾਗ ਸ੍ਰੀ ਰਾਕੇਸ਼ ਪੁਰੀ, ਚੇਅਰਮੈਨ ਸੂਗਰਫੈਡ ਪੰਜਾਬ ਸ੍ਰੀ ਨਵਦੀਪ ਜੀਦਾ ਅਤੇ ਡਿਪਟੀ ਕਮਿਸ਼ਨਰ ਸ਼?ਰੀ ਸ਼ੌਕਤ ਅਹਿਮਦ ਪਰੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਕੈਬਨਿਟ ਮੰਤਰੀ ਸ. ਮੀਤ ਹੇਅਰ ਨੇ ਸਵੈ ਰੋਜ਼ਗਾਰ ਤੇ ਕਿੱਤਾ ਮੁਖੀ ਬਣਾਉਣ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦਾ ਸੁਪਨਾ ਹੈ ਕਿ ਭਾਰਤ ਦੀ 140 ਕਰੋੜ ਦੀ ਆਬਾਦੀ ਵਿਚੋਂ ਦੇਸ਼, ਪੰਜਾਬ ਦੇ ਨੌਜਵਾਨ ਨੂੰ ਨੌਕਰੀਆਂ ਕਰਨ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਵਾਲੇ ਬਨਾਉਣਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਵੈ ਰੋਜਗਾਰ ਦੇ ਕਾਬਿਲ ਬਣਾਉਣ ਲਈ ਸੂਬਾ ਸਰਕਾਰ ਵਲੋਂ ਦਿੱਲੀ ਦੇ ਨਾਲ-ਨਾਲ ਪੰਜਾਬ ਵਿੱਚ ਵੀ ਬਿਜਨਿਸ ਪਲਾਸਟਰ ਪ੍ਰੋਗਰਾਮ ਜਲਦ ਸ਼ੁਰੂ ਕੀਤਾ ਜਾਵੇਗਾ, ਜਿਸ ਰਾਹੀਂ ਐਨੋਵੇਸ਼ਨ ਕੌਂਸਲ ਬਣਾ ਕੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦਾ ਧਿਆਨ ਸਵੈ ਰੋਜ਼ਗਾਰ ਵਾਲੇ ਪਾਸੇ ਕੇਂਦਰਿਤ ਕਰਨ ਲਈ ਸਹਾਈ ਹੋਵੇਗਾ ਤਾਂ ਜੋ ਉਹ ਸਵੈ ਰੋਜ਼ਗਾਰ ਪ੍ਰਾਪਤ ਕਰਕੇ ਆਪਣੇ ਪੈਰਾ ਤੇ ਖੜ੍ਹੇ ਹੋ ਕੇ ਖੁਦ, ਪੰਜਾਬ ਤੇ ਦੇਸ਼ ਨੂੰ ਬੁਲੰਦੀਆਂ ਤੇ ਲਿਜਾਣ ਦਾ ਮਾਣ ਹਾਸਲ ਕਰ ਸਕਣ।
ਇਸ ਦੌਰਾਨ ਕੈਬਨਿਟ ਮੰਤਰੀ ਸ. ਮੀਤ ਹੇਅਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਵੱਖ-ਵੱਖ ਅਦਾਰਿਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਤਿੰਨ ਰੋਜ਼ਾ ਸੈਮੀਨਾਰ ਦੀ ਸ਼ਲਾਘਾ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਸੈਮੀਨਾਰ ਦੌਰਾਨ ਵੱਖ-ਵੱਖ ਅਦਾਰਿਆਂ ਵਿੱਚ ਆਪਣੇ ਪੈਰ ਜਮਾਂ ਚੁੱਕੇ ਕਾਰੋਬਾਰੀਆਂ ਨੇ ਵਿਦਿਆਰਥੀਆਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਨੌਜਵਾਨ ਵਿਦਿਆਰਥੀਆਂ ਨੂੰ ਆਪਣਾ ਸਵੈ ਰੋਜ਼ਗਾਰ ਸਥਾਪਤ ਕਰਨ ਲਈ ਪ੍ਰੇਰਿਤ ਵੀ ਕੀਤਾ। ਇਸ ਉਪਰੰਤ ਕੈਬਨਿਟ ਮੰਤਰੀ ਸ. ਮੀਤ ਹੇਅਰ ਵਲੋਂ ਬਠਿੰਡਾ ਰੂਰਲ ਓਲੰਪਿਕਸ 2022 ਦੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਉਨ੍ਹਾਂ ਨੂੰ ਖੇਡਾਂ ਵਿੱਚ ਹੋਰ ਮੱਲ੍ਹਾ ਮਾਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪਲਵੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰਪੀ ਸਿੰਘ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੂਟਾ ਸਿੰਘ ਸਿੱਧੂ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮਿਸ ਅੰਕਿਤਾ ਅਗਰਵਾਲ, ਜ਼ਿਲ੍ਹਾ ਖੇਡ ਅਫ਼ਸਰ ਸ. ਰੁਪਿੰਦਰ ਸਿੰਘ, ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ ਤੋਂ ਇਲਾਵਾ ਮੈਡਮ ਮਨਦੀਪ ਕੌਰ ਰਾਮਗੜ੍ਹੀਆ, ਐਮਸੀ ਸੁਖਦੀਪ ਸਿੰਘ ਢਿੱਲੋਂ, ਆਪ ਆਗੂ ਬੱਲੀ ਬਲਜੀਤ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।
ਦਿੱਲੀ ਨਗਰ ਨਿਗਮ ਚੋਣਾਂ ਵਿੱਚ ’ਆਪ’ ਦੀ ਜਿੱਤ ’ਤੇ ਪੰਜਾਬ ਦੇ ਮੰਤਰੀਆਂ ਨੇ ਪਾਏ ਭੰਗੜੇ
ਪਹਿਲੀ ਵਾਰ ਦਿੱਲੀ ਨਗਰ ਨਿਗਮ ’ਚ ਮੇਅਰ ਬਣਾਏਗੀ ਆਮ ਆਦਮੀ ਪਾਰਟੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਦਸੰਬਰ: ਦਿੱਲੀ ਨਗਰ ਨਿਗਮ (ਐਮਸੀਡੀ) ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸ਼ਾਨਦਾਰ ਜਿੱਤ ’ਤੇ ਪੰਜਾਬ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਜਿੱਤ ਦੀ ਖ਼ਬਰ ਸੁਣਦਿਆਂ ਹੀ ’ਆਪ’ ਵਰਕਰਾਂ ਨੇ ਚੰਡੀਗੜ੍ਹ ਸਥਿਤ ਪਾਰਟੀ ਹੈੱਡਕੁਆਰਟਰ ’ਤੇ ਇਕੱਠੇ ਹੋ ਕੇ ਲੱਡੂ ਵੰਡ ਕੇ ਇਕ ਦੂਜੇ ਨੂੰ ਜਿੱਤ ਦੀ ਵਧਾਈ ਦਿੱਤੀ। ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਚੇਤਨ ਸਿੰਘ ਜੌੜਾਮਾਜਰਾ, ਲਾਲਚੰਦ ਕਟਾਰੂਚੱਕ, ਹਰਭਜਨ ਸਿੰਘ ਈ.ਟੀ.ਓ ਅਤੇ ਲਾਲਜੀਤ ਭੁੱਲਰ ਨੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਢੋਲ ਦੀ ਤਾਲ ’ਤੇ ਭੰਗੜਾ ਪਾ ਕੇ ਜਿੱਤ ਦੀ ਖੁਸ਼ੀ ਮਨਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ’ਆਪ’ ਆਗੂਆਂ ਨੇ ਕਿਹਾ ਕਿ ਦੇਸ਼ ਭਰ ’ਚ ਲੋਕ ਆਮ ਆਦਮੀ ਪਾਰਟੀ ਨੂੰ ਪਸੰਦ ਕਰ ਰਹੇ ਹਨ। ਦੇਸ਼ ਦੇ ਲੋਕ ਹੁਣ ਭਾਜਪਾ-ਕਾਂਗਰਸ ਦੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਚੰਗੇ ਬਦਲ ਵਜੋਂ ਦੇਖ ਰਹੇ ਹਨ। ਇਸੇ ਲਈ ਆਮ ਆਦਮੀ ਪਾਰਟੀ ਇੱਕ ਤੋਂ ਬਾਅਦ ਇੱਕ ਲਗਾਤਾਰ ਵੱਡੀਆਂ ਜਿੱਤਾਂ ਦਰਜ ਕਰ ਰਹੀ ਹੈ।
ਦਿੱਲੀ ਐਮਸੀਡੀ ਚੋਣਾਂ ਵਿੱਚ ਕੁੱਲ 250 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਨੇ 134 ਵਾਰਡ, ਭਾਰਤੀ ਜਨਤਾ ਪਾਰਟੀ ਨੇ 104, ਕਾਂਗਰਸ ਪਾਰਟੀ ਨੇ 9 ਵਾਰਡ ਜਿੱਤੇ ਅਤੇ 3 ਵਾਰਡ ਆਜ਼ਾਦ ਉਮੀਦਵਾਰਾਂ ਦੇ ਹਿੱਸੇ ਗਏ। ਐੱਮ ਸੀ ਡੀ ਵਿੱਚ ਬਹੁਮਤ ਲਈ 126 ਸੀਟਾਂ ਦੀ ਲੋੜ ਸੀ ਅਤੇ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਆਪਣਾ ਮੇਅਰ ਬਣਾਉਣ ਸਪੱਸ਼ਟ ਬਹੁਮਤ ਹਾਸਲ ਕੀਤਾ। ਵੋਟ ਸ਼ੇਅਰ ਦੇ ਮਾਮਲੇ ਵਿਚ ਵੀ ਆਮ ਆਦਮੀ ਪਾਰਟੀ ਸਿਖਰ ’ਤੇ ਰਹੀ। ਪਾਰਟੀ ਨੂੰ 2017 ਦੀਆਂ ਚੋਣਾਂ ਵਿੱਚ 26% ਦੇ ਮੁਕਾਬਲੇ 42%, ਭਾਵ ਲਗਭਗ 16% ਵੱਧ ਵੋਟਾਂ ਮਿਲੀਆਂ। ਭਾਜਪਾ ਨੂੰ 39 ਅਤੇ ਕਾਂਗਰਸ ਨੂੰ ਸਿਰਫ਼ 12 ਫ਼ੀਸਦੀ ਵੋਟ ਮਿਲੇ। ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਭਾਜਪਾ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਕਰੀਬ 80 ਸੀਟਾਂ ਦੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ। ਪਿਛਲੀ ਵਾਰ ਭਾਜਪਾ ਨੇ 181 ਸੀਟਾਂ ਜਿੱਤ ਕੇ ਆਪਣਾ ਮੇਅਰ ਬਣਾਇਆ ਸੀ, ਪਰ ਇਸ ਵਾਰ ਉਨ੍ਹਾਂ ਨੂੰ ਸਿਰਫ਼ 104 ਸੀਟਾਂ ਹੀ ਮਿਲ ਸਕੀਆਂ। ਕਾਂਗਰਸ ਪਾਰਟੀ ਇਸ ਵਾਰ ਦੋਹਰੇ ਅੰਕ ਨੂੰ ਵੀ ਨਹੀਂ ਛੂਹ ਸਕੀ ਅਤੇ ਉਨ੍ਹਾਂ ਦੇ ਸਿਰਫ਼ 9 ਕੌਂਸਲਰ ਹੀ ਚੋਣ ਜਿੱਤ ਸਕੇ।
ਸਰਦ ਰੁੱਤ ਦੇ ਸ਼ੈਸ਼ਨ ਦੌਰਾਨ ਪਹਿਲੇ ਦਿਨ ਹੀ ਪਾਰਲੀਮੈਂਟ ਵਿੱਚ ਪਈ ਮਾਂ ਬੋਲੀ ਪੰਜਾਬੀ ਦੀ ਗੂੰਜ
ਰਾਜ ਸਭਾ ਸਕੱਤਰੇਤ ਨੇ ਸੰਤ ਸੀਚੇਵਾਲ ਨੂੰ ਪੰਜਾਬੀ ਵਿੱਚ ਮੁਹੱਈਆ ਕਰਵਾਏ ਦਸਤਾਵੇਜ
ਪੰਜਾਬ ਦੇ ਵੱਡੇ ਸਾਹਿਤਕਾਰਾਂ ਨੇ ਸੰਤ ਸੀਚੇਵਾਲ ਦੇ ਯਤਨਾਂ ਦੀ ਕੀਤੀ ਪ੍ਰੰਸ਼ਸ਼ਾ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ,7 ਦਸੰਬਰ: ਸਰਦ ਰੁੱਤ ਦੇ ਸ਼ੁਰੂ ਹੋਏ ਪਾਰਲੀਮੈਂਟ ਸ਼ੈਸ਼ਨ ਦੇ ਪਹਿਲੇ ਦਿਨ ਹੀ ਰਾਜ ਸਭਾ ਸਦਨ ਵਿੱਚ ਮਾਂ ਪੰਜਾਬੀ ਬੋਲੀ ਦੀ ਗੂੰਜ ਸੁਣਾਈ ਦਿੱਤੀ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਰਾਜ ਸਭਾ ਦੇ ਨਵੇਂ ਆਏ ਚੇਅਰਮੈਨ ਸ਼੍ਰੀ ਜਗਦੀਪ ਧਨਖੜ ਦਾ ਸਵਾਗਤ ਕਰਦਿਆ ਉਨ੍ਹਾਂ ਦਾ ਇਸ ਗੱਲ ਲਈ ਧੰਨਵਾਦ ਕੀਤਾ ਕਿ ਸਦਨ ਦੇ ਪਟਲ ‘ਤੇ ਦਿੱਤੇ ਜਾਣ ਵਾਲੇ ਦਸਤਾਵੇਜ ਪੰਜਾਬੀ ਵਿੱਚ ਮੁਹੱਈਆ ਕਰਵਾਏ ਗਏ। ਸਦਨ ਵਿੱਚ ਮੈਂਬਰਾਂ ਨੂੰ ਹਮੇਸ਼ਾਂ ਹਿੰਦੀ ਤੇ ਅੰਗਰੇਜ਼ੀ ਵਿੱਚ ਹੀ ਦਸਤਾਵੇਜ ਦਿੱਤੇ ਜਾਂਦੇ ਸਨ। ਇਸ ਸੰਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੌਨਸੂਨ ਸ਼ੈਸ਼ਨ ਦੌਰਾਨ ਵੀ ਪੰਜਾਬੀ ਦੇ ਮੁੱਦੇ ਨੂੰ ਉਠਾਦਿਆ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਮਾਂ ਬੋਲੀ ਪੰਜਾਬੀ ਵਿੱਚ ਦਸਤਾਵੇਜ ਦਿੱਤੇ ਜਾਣ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਰਲੀਮੈਂਟ ਵਿੱਚ ਪੰਜਾਬੀ ਮਾਂ ਬੋਲੀ ਵਿੱਚ ਦਸਤਾਵੇਜ ਦਿੱਤੇ ਜਾਣ ‘ਤੇ ਇਸ ਲਈ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ। ਸੰਤ ਸੀਚੇਵਾਲ ਨੇ ਕਿਹਾ ਕਿ ਇੰਨ੍ਹਾਂ ਦੋਵੇਂ ਮੁੱਖ ਮੰਤਰੀਆਂ ਨੇ ਉਨ੍ਹਾਂ ਨੂੰ ਪੰਜਾਬ ਦੀ ਤਰਜ਼ਮਾਨੀ ਕਰਨ ਲਈ ਰਾਜ ਸਭਾ ਵਿੱਚ ਭੇਜਿਆ ਹੈ। ਉਹ ਯਤਨ ਕਰ ਰਹੇ ਹਨ ਕਿ ਪੰਜਾਬ ਦੇ ਮਸਲਿਆਂ ਨੂੰ ਰਾਜ ਸਭਾ ਵਿੱਚ ਰੱਖਿਆ ਜਾਵੇ। ਸੰਤ ਸੀਚੇਵਾਲ ਨੇ ਸਦਨ ਵਿੱਚ ਕਿਹਾ ਕਿ ਸਾਬਕਾ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਵੀ ਆਪਣੀ ਵਿਦਾਇਗੀ ਸਮੇਂ ਕਿਹਾ ਸੀ ਕਿ ਇੱਕ ਸੰਸਦ ਮੈਂਬਰ ਖੜਾ ਹੋ ਕੇ ਆਪਣੀ ਮਾਤ ਭਾਸ਼ਾ ਵਿੱਚ ਦਸਤਾਵੇਜ ਕਿਉਂ ਮੰਗੇ ਉਸ ਨੂੰ ਤਾਂ ਪਹਿਲਾਂ ਹੀ ਮਹੁੱਈਆ ਕਰਵਾਏ ਜਾਣੇ ਚਾਹੀਦੇ ਹਨ। ਵੈਂਕਈਆ ਨਾਇਡੂ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਬੜੇ ਯਤਨਸ਼ੀਲ ਰਹੇ ਸਨ। ਸੰਤ ਸੀਚੇਵਾਲ ਨੇ ਰਾਜ ਸਭਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਵੀ ਕੀਤਾ ਜਿੰਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਮੁੱਦੇ ‘ਤੇ ਉਨ੍ਹਾਂ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਉਪ ਰਾਸ਼ਟਰਪਤੀ ਸ਼੍ਰੀ ਧਨਖੜ ਨੇ ਪਹਿਲੀ ਮੁਲਾਕਾਤ ਦੌਰਾਨ ਜਿਸ ਢੰਗ ਨਾਲ ਗੱਲ ਸੁਣੀ ਉਸ ਨਾਲ ਹੀ ਅੱਧਾ ਦੁੱਖ ਕੱਟਿਆ ਗਿਆ ਸੀ।
ਪਾਰਲੀਮੈਂਟ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਦੁਆੳੇਣ ਲਈ ਸੰਤ ਸੀਚੇਵਾਲ ਵੱਲੋਂ ਕੀਤੇ ਗਏ ਯਤਨਾਂ ਦਾ ਪੰਜਾਬੀ ਸਾਹਿਤਕਾਰਾਂ ਨੇ ਨਿੱਘਾ ਸਵਾਗਤ ਕੀਤਾ ਹੈ। ਪੰਜਾਬੀ ਦੇ ਸਿਰਮੌਰ ਕਵੀ ਡਾ: ਗੁਰਭਜਨ ਗਿੱਲ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਪੰਜਾਬੀਆਂ ਦਾ ਉਹ ਨਾਇਕ ਹੈ ਜਿਹੜਾ ਪੰਜਾਬੀਆਂ ਦੀ ਰੂਹ ਵਿੱਚ ਵਸਿਆ ਹੋਇਆ ਹੈ। ਪੰਜਾਬ ਦੇ ਪਾਣੀਆਂ ਦੀ ਫਿਕਰਮੰਦੀ ਕਰਨ ਵਾਲੇ ਸੰਤ ਸੀਚੇਵਾਲ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਡਟ ਗਏ ਹਨ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਤੇ ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਡਾ: ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਪਾਰਲੀਮੈਂਟ ਦੇ ਰਾਜ ਸਭਾ ਸਦਨ ਵਿੱਚ ਪੰਜਾਬੀ ਨੂੰ ਲਾਗੂ ਕਰਵਾਉਣ ਵਿੱਚ ਕੂੰਜੀਵਤ ਭੂਮਿਕਾ ਨਿਭਾਈ ਹੈ। ਪੰਜਾਬੀ ਵਿੱਚ ਦਸਤਾਵੇਜ ਮਿਲਣੇ ਇੱਕ ਇਤਿਹਾਸਕ ਵਰਤਾਰਾ ਹੈ ਜਿਹੜਾ ਹੁਣ ਭਵਿੱਖ ਵਿੱਚ ਵੀ ਜਾਰੀ ਰਹਿਣਾ ਚਾਹੀਦਾ ਹੈ। ਡਾ: ਜੌਹਲ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਲੈਕੇ ਪਾਰਲੀਮੈਂਟ ਤੱਕ ਪੰਜਾਬੀ ਮਾਂ ਬੋਲੀ ਨੂੰ ਤਰਜ਼ੀਹ ਦੇਣ ਲਈ ਅਵਾਜ਼ ਬੁਲੰਦ ਕੀਤੀ ਹੈ।
ਮੈਟੀਟੋਰੀਅਸ ਸਕੂਲ ਬਠਿੰਡਾ ਵਿਖੇ ਫਿਜੀਕਸ ਵਿਸੇ ਦਾ ਤਿੰਨ ਰੋਜ਼ਾ ਕੈਂਪ ਸ਼ੁਰੂ
ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਨੇ ਕੀਤੀ ਵਿਸ਼ੇਸ਼ ਸ਼ਿਰਕਤ
ਸੁਖਜਿੰਦਰ ਮਾਨ
ਬਠਿੰਡਾ, 7 ਦਸੰਬਰ: ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਾਇੰਸ ਗਰੁੱਪ ਦੇ ਲੈਕਚਰਾਰਜ ਦੀਆਂ ਪ੍ਰੈਕਟੀਕਲ ਐਕਟੀਵਿਟੀ ਕਰਵਾਉਣ ਲਈ ਫਿਜੀਕਸ ਲੈਕਚਰਾਰ ਦੀ ਤਿੰਨ ਰੋਜ਼ਾ ਵਰਕਸ਼ਾਪ ਟਰੇਨਿੰਗ ਕੈਂਪ ਦਾ ਆਯੋਜਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੀ ਅਗਵਾਈ ਵਿੱਚ ਮੈਟੀਟੋਰੀਅਸ ਸਕੂਲ ਬਠਿੰਡਾ ਵਿਖੇ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਕਬਾਲ ਸਿੰਘ ਬੁੱਟਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਵਰਕਸ਼ਾਪ ਵਿੱਚ ਬਠਿੰਡੇ ਜਿਲ੍ਹੇ ਦੇ 34 ਦੇ ਲਗਭਗ ਲੈਕਚਰਾਰ ਭਾਗ ਲੈ ਰਹੇ ਹਨ। ਟਰੇਨਿੰਗ ਕੈਂਪ ਵਿੱਚ ਲੈਕਚਰਾਰਜ 11 ਵੀ ਅਤੇ 12ਵੀ ਵਿਸੇ ਦੇ ਸਿਲੇਬਸ ਵਿੱਚ ਆਉਂਦੇ ਪ੍ਰੈਕਟੀਕਲ ਐਕਟੀਵਿਟੀ ਕਰਨਗੇ। ਵਰਕਸ਼ਾਪ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪ੍ਰੋਜੈਕਟਰ ਈ ਕੰਟੈਨਟ ਦੀ ਵਰਤੋਂ ਕਰਨਗੇ। ਅਤੇ ਆਪਣੇ ਤਜ਼ਰਬੇ ਸਾਥੀ ਅਧਿਆਪਕਾ ਨਾਲ ਸਾਂਝੇ ਕਰਨਗੇ। ਇਸ ਮੋਕੇ ਹੋਰਨਾਂ ਤੋਂ ਇਲਾਵਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਮਹਿੰਦਰ ਪਾਲ ਸਿੰਘ, ਪ੍ਰਿੰਸੀਪਲ ਰਾਜਿੰਦਰ ਸਿੰਘ, ਡਾਕਟਰ ਗੁਰਪ੍ਰੀਤ ਸਿੰਘ, ਲੈਕਚਰਾਰ ਕੰਵਲਜੀਤ ਸਿੰਘ ਅਤੇ ਲੈਕਚਰਾਰ ਵਿਸ਼ਾਲ ਕੁਮਾਰ ਹਾਜ਼ਰ ਸਨ।
ਨਿਗੁੂਣੇ ਮੁਆਵਜ਼ੇ ਦੇ ਕੇ ਬਣਾਈ ਜਾ ਰਹੀ ਭਾਰਤ ਮਾਲਾ ਸੜਕ ਦੇ ਵਿਰੋਧ ’ਚ ਕਿਸਾਨ ਡੀਸੀ ਨੂੰ ਮਿਲੇ
ਸੁਖਜਿੰਦਰ ਮਾਨ
ਬਠਿੰਡਾ ,7 ਦਸੰਬਰ: ਭਾਰਤਮਾਲਾ ਸੜਕ ਬਣਾਉਣ ਲਈ ਧੱਕੇ ਨਾਲ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਦਾ ਵਫਦ ਸੂਬਾ ਸਕੱਤਰ ਤੇ ਜਿਲਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਮਿਲਿਆ । ਵਫਦ ਵੱਲੋਂ ਡਿਪਟੀ ਕਮਿਸ਼ਨਰ ਅੱਗੇ ਮੰਗ ਰੱਖੀ ਗਈ ਕਿ ਭਾਰਤ ਮਾਲਾ ਸੜਕ ਦੇ ਨਿਰਮਾਣ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਸੰਬੰਧਤ ਕਿਸਾਨਾਂ ਦੀ ਪੂਰਨ ਸਹਿਮਤੀ ਲਈ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਇਸ ਸਬੰਧੀ ਮੀਟਿੰਗ ਹੋਈ ਸੀ ਜਿੰਨਾਂ ਭਰੋਸਾ ਦਿੱਤਾ ਸੀ ਕਿ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜਬਰੀ ਜ਼ਮੀਨ ਐਕਵਾਇਅਰ ਨਹੀਂ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਜੋ ਜਮੀਨ ਐਕਵਾਇਰ ਕੀਤੀ ਜਾ ਰਹੀ ਹੈ ਉਸ ਦਾ ਮੁਆਵਜ਼ਾ ਲੰਮੇਂ ਸਮੇਂ ਤੋਂ ਕਾਬਜ ਕਿਸਾਨਾਂ ਨੂੰ ਦੇਣ ਦੀ ਬਜਾਏ ਸਾਂਝੇ ਖਾਤੇ ਵਿੱਚ ਬਿਨਾਂ ਮਾਲਕੀ ਵਾਲੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ । ਬਹੁਤ ਸਾਰੇ ਕਿਸਾਨਾਂ ਨੂੰ ਵਪਾਰਕ ਵਰਤੋਂ ਵਾਲੀ ਜ਼ਮੀਨ ਦਾ ਰੇਟ ਵੀ ਸਧਾਰਨ ਜ਼ਮੀਨ ਦੇ ਬਰਾਬਰ ਹੀ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹੀਆਂ ,ਖਾਲਿਆਂ, ਮੋਟਰਾਂ, ਦਰੱਖਤਾਂ ਦਾ ਮਾਮਲਾ ਵੀ ਵਿਚੇ ਲਟਕ ਰਿਹਾ ਹੈ। ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨਾਂ ਦੀ ਸਹਿਮਤੀ ਬਿਨਾਂ ਕਿਸੇ ਵੀ ਕਿਸਾਨ ਦੀ ਜ਼ਮੀਨ ਜਬਰੀ ਅਕਵਾਇਰ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਇਸ ਖਿਲਾਫ ਐਕਸ਼ਨ ਉਲੀਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕੱਲ੍ਹ ਪਿੰਡ ਰਾਏ ਖੰਨਾ ਵਿਖੇ ਪ੍ਰਸ਼ਾਸਨ ਧੱਕੇ ਨਾਲ ਜ਼ਮੀਨ ਤੇ ਕਬਜ਼ਾ ਕਰਨ ਗਿਆ ਸੀ ਜਿਸਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿਰੋਧ ਕਰਕੇ ਰੋਕ ਦਿੱਤਾ ਗਿਆ ਸੀ। ਅੱਜ ਦੇ ਇਕੱਠ ਵਿੱਚ ਜ਼ਿਲ੍ਹਾ ਆਗੂ ਬਸੰਤ ਸਿੰਘ ਕੋਠਾਗੁਰੂ, ਜਸਵੀਰ ਸਿੰਘ ਬੁਰਜ ਸੇਮਾ, ਜਗਦੇਵ ਸਿੰਘ ਜੋਗੀ ਵਾਲਾ ,ਬਲਾਕ ਆਗੂ ਹੁਸਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਧਰਮਪਾਲ ਸਿੰਘ ਜੰਡੀਆਂ ਤੋ ਇਲਾਵਾ ਪਿੰਡਾਂ ਦੇ ਕਿਸਾਨ ਹਾਜ਼ਰ ਸਨ।






