Sunday, May 17, 2026
Home Blog Page 2342

ਇੰਗਲੈਂਡ ਦੇ ਪਹਿਲੇ ਗੈਰ ਗੋਰੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ ਰਿਸ਼ੀ ਸ਼ੂਨਕ 

ਰਿਸ਼ੀ ਸੂਨਕ ਦੇ ਵੱਡ-ਵਡੇਰੇ ਅਣਵੰਡੇ ਪੰਜਾਬ ਦੇ ਗੁੱਜਰਾਂਵਾਲਾ ਦੇ ਸਨ ਰਹਿਣ ਵਾਲੇ
ਪੰਜਾਬੀ ਖਬਰਸਾਰ ਬਿਉਰੋ 
ਲੰਡਨ, 24 ਅਕਤੂਬਰ: ਜਿਸ ਅੰਗਰੇਜ਼ ਦੇ ਰਾਜ ‘ ਚ ਕਦੇ ਸੂਰਜ ਨਹੀਂ ਛਿਪਦਾ ਸੀ ਤੇ ਭਾਰਤ ਉਪਰ ਇੰਨਾਂ ਦਾ ਕਰੀਬ 300 ਸਾਲ ਰਾਜ ਰਿਹਾ, ਅੱਜ ਦੀਵਾਲੀ ਮੌਕੇ ਉਸੇ ਭਾਰਤ ਦੇ ਇੱਕ ਪੰਜਾਬੀ ਪੁੱਤ ਰਿਸੀ ਸੂਨਕ ਇੰਗਲੈਂਡ ਦੇ ਪਹਿਲੇ ਭਾਰਤੀ ਮੁਲ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਮੌਜੂਦਾ ਪ੍ਰਧਾਨ ਮੰਤਰੀ ਲਿਜ ਟਰੱਸ ਵਲੋਂ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਕੰਜਰਵੇਟਿਵ ਪਾਰਟੀ ਦੇ ਲੀਡਰ ਵਜੋਂ ਅੱਗੇ ਆਏ ਰਿਸ਼ੀ ਹੁਣ ਮੁਕਾਬਲੇ ਵਿੱਚ ਇਕੱਲੇ ਰਹਿ ਗਏ ਹਨ, ਜਿਸਦੇ ਚੱਲਦੇ ਉਨ੍ਹਾਂ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ। ਜਿਕਰਯੋਗ ਹੈ ਕਿ ਰਿਸ਼ੀ ਸ਼ੂਨਕ ਦੇ ਪੁਰਖੇ ਅਣਵੰਡੇ ਪੰਜਾਬ ਦੇ ਗੁਜਰਾਂਵਾਲਾ ਦੇ ਰਹਿਣ ਵਾਲੇ ਸਨ, ਜਿੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਜੀਅ ਕਦੇ ਇੰਨਾਂ ਅੰਗਰੇਜ਼ਾਂ ਦੀ ਪੰਜਾਬ ਵੱਲ ਅੱਖ ਚੁੱਕ ਕੇ ਦੇਖਣ ਦੀ ਜੁਰਅਤ ਨਹੀਂ ਰਹੀ ਸੀ। ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਸੂਨਕ ਦੇ ਵਡੇਰੇ ਭਾਰਤ ਵਿੱਚ ਆ ਕੇ ਵਸ ਗਏ, ਜਿੱਥੋਂ ਉਹ ਅਫਰੀਕਾ ਚਲੇ ਗਏ ਤੇ ਅਖੀਰ ਇੰਗਲੈਂਡ ਵਸ ਗਏ। ਇੰਗਲੈਂਡ ਦੇ ਰਿਚਮੰਡ ਹਲਕੇ ਤੋਂ ਸਾਲ 2015 ਤੋਂ ਐਮ ਪੀ ਚੱਲੇ ਆ ਰਹੇ ਰਿਸ਼ੀ ਦਾ ਵਿਆਹ ਭਾਰਤੀ ਮੂਲ ਦੇ ਇੰਗਲੈਂਡ ਵਾਸੀ ਅਰਬਪਤੀ ਐਨ ਆਰ ਮੂਰਤੀ ਨਰਾਇਣ ਦੀ ਪੁੱਤਰੀ ਅਕਸਤਾ ਨਾਲ ਹੋਇਆ ਸੀ ਦੇ ਦੋਨਾਂ ਦੇ ਘਰ ਦੋ ਬੇਟੀਆਂ ਹਨ। ਇੱਥੇ ਇਹ ਵੀ ਦੱਸਣ ਬਣਦਾ ਹੈ ਕਿ ਇਸਤੋਂ ਪਹਿਲਾਂ ਜੁਲਾਈ ਮਹੀਨੇ ਵਿੱਚ ਵੀ ਰਿਸ਼ੀ ਸ਼ੂਨਕ ਨੇ ਪ੍ਰਧਾਨ ਮੰਤਰੀ ਦੇ ਅਹੁੱਦੇ ਲਈ ਦਾਅਵੇਦਾਰੀ ਜਤਾਈ ਸੀ ਜਦ ਤਤਕਾਲੀ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਨੇ ਅਹੁੱਦੇ ਤੋਂ ਅਸਤੀਫਾ ਦਿੱਤਾ ਸੀ ਪਰੰਤੂ ਉਹ ਲਿੱਜ ਟਰੱਸ ਨਾਲ ਹੋਏ ਸਖ਼ਤ ਮੁਕਾਬਲੇ ਕਾਰਨ ਦੋੜ ਵਿਚੋਂ ਬਾਹਰ ਹੋ ਗਏ ਸਨ ਪਰੰਤੂ ਹੁਣ ਟਰੱਸ ਵਲੋਂ ਅਸਤੀਫਾ ਦੇਣ ਤੋਂ ਬਾਅਦ ਕੰਜਰਵੇਟਿਵ ਪਾਰਟੀ ਦੇ ਸੰਸਦਾਂ ਨੇ ਉਨ੍ਹਾਂ ਉਪਰ ਭਰੋਸਾ ਜਤਾਇਆ ਹੈ।

ਮੁੱਖ ਮੰਤਰੀ ਦੀ ਕੋਠੀ ਮੂਹਰੇ ਮਨਾਈ ਕਿਸਾਨਾਂ ਨੇ ਸੰਘਰਸ਼ੀ ਦੀਵਾਲੀ

0
ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਕਿਸਾਨਾਂ ਵੱਲੋਂ ਰਾਤ ਨੂੰ ਵੀ ਡਟੇ ਰਹਿਣ ਅਤੇ ਮੰਗਾਂ ਲਾਗੂ ਕਰਾਉਣ ਤੱਕ ਕੋਠੀ ਦਾ ਘਿਰਾਓ ਜਾਰੀ ਰੱਖਣ ਦਾ ਐਲਾਨ
ਪੰਜਾਬੀ ਖਬਰਸਾਰ ਬਿਉਰੋ 
ਸੰਗਰੂਰ, 24 ਅਕਤੂਬਰ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਮੰਨੀਆਂ ਮੰਗਾਂ ਲਾਗੂ ਕਰਨ ‘ਚ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਟਾਲਮਟੋਲ ਵਿਰੁੱਧ ਇੱਥੇ ਲਾਏ ਗਏ ਪੱਕੇ ਕਿਸਾਨ ਮੋਰਚੇ ਦੇ ਸੋਲ੍ਹਵੇਂ ਦਿਨ ਸੰਘਰਸ਼ੀ ਦੀਵਾਲੀ ਵੀ ਮੁੱਖ ਮੰਤਰੀ ਦੀ ਕੋਠੀ ਮੂਹਰੇ ਹੀ ਮਨਾਈ ਜਿਸ ਵਿੱਚ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਨੌਜਵਾਨ ਸ਼ਾਮਲ ਹੋਏ। ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੋਸ਼ ਲਾਇਆ ਕਿ ਮੋਰਚੇ ਦੌਰਾਨ ਸ਼ਹੀਦ ਹੋਏ ਦੋ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦੇ ਮੁਆਵਜ਼ੇ ਬਾਰੇ ਵੀ ਸਰਕਾਰ ਚੁੱਪ ਧਾਰੀ ਬੈਠੀ ਹੈ। ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਠੋਸ ਸੁਝਾਵਾਂ ਸਮੇਤ 8 ਦਿਨ ਪਹਿਲਾਂ ਭੇਜੇ ਗਏ ਯਾਦ ਪੱਤਰ ‘ਚ ਦਰਜ ਮੰਗਾਂ ਬਾਰੇ ਵੀ ਜ਼ਿਲ੍ਹਾ ਸੰਗਰੂਰ ਦੇ ਅਧਿਕਾਰੀਆਂ ਰਾਹੀਂ ਤਾਂ ਵਾਰ ਵਾਰ ਕੁੱਝ ਵੇਰਵੇ ਭੇਜੇ ਜਾ ਰਹੇ ਹਨ ਪ੍ਰੰਤੂ ਕਿਸਾਨ ਆਗੂਆਂ ਵੱਲੋਂ ਇਨ੍ਹਾਂ ਵੇਰਵਿਆਂ ਵਿੱਚ ਸੰਭਵ ਵਾਧੇ ਕਰਨ ਬਾਰੇ ਮੁੱਖ ਮੰਤਰੀ ਦੁਆਰਾ ਸਮਾਂ ਕੱਢਣ ਦੀ ਅਪੀਲ ਲਗਾਤਾਰ ਅਣਸੁਣੀ ਕੀਤੀ ਗਈ ਹੈ। ਯਾਦ ਪੱਤਰ ਵਿੱਚ ਪੰਜਾਬ ਦੇ ਹਿੱਸੇ ਆਏ ਦਰਿਆਈ ਪਾਣੀਆਂ ਦੀ ਖੇਤੀ ਲਈ ਪੂਰੀ ਪੂਰੀ ਵਰਤੋਂ ਦਾ ਰੋਡ ਮੈਪ ਤਿਆਰ ਕਰਕੇ ਕਿਸਾਨਾਂ ਨੂੰ ਦੇਣ ਅਤੇ ਇਸਦੀ ਨਾਂ-ਮਾਤਰ ਵਰਤੋਂ ਬਾਰੇ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ ਸਮੇਤ ਪੰਜਾਬ ਖੇਤੀਬਾੜੀ ਵਿਭਾਗ ਦੇ ਵੇਰਵੇ ਵੀ ਜਨਤਕ ਕੀਤੇ ਜਾਣ। ਜ਼ੀਰੇ ਨੇੜੇ ਪ੍ਰਦੂਸ਼ਣ ਦਾ ਗੜ੍ਹ ਬਣੀ ਦੀਪ ਮਲਹੋਤਰਾ ਦੀ ਸ਼ਰਾਬ ਫੈਕਟਰੀ ਦਾ ਪ੍ਰਦੂਸ਼ਣ ਰੋਕਣ ਬਾਰੇ ਜਥੇਬੰਦੀ ਨਾਲ ਬਣੀ ਸਹਿਮਤੀ ਅਨੁਸਾਰ ਇਸ ਫੈਕਟਰੀ ਨੂੰ ਤੁਰਤ ਬੰਦ ਕਰਨ; ਪੀਣ ਵਾਲੇ ਪਾਣੀ ਦੀ ਸਪਲਾਈ ਦੇ ਨਿੱਜੀਕਰਨ ਬਾਰੇ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਵੱਲੋਂ ਸੰਸਾਰ ਬੈਂਕ ਨਾਲ ਕੀਤੇ ਸਮਝੌਤੇ ਰੱਦ ਕਰਨ ਅਤੇ ਪੀਣ ਵਾਲੇ ਸਾਫ਼ ਪਾਣੀ ਲਈ ਸਰਕਾਰੀ ਜਲ ਸਪਲਾਈ ਪ੍ਰਬੰਧ ਪਹਿਲਾਂ ਵਾਂਗ ਮੁੜ ਬਹਾਲ ਕਰਨ ਬਾਰੇ ਠੋਸ ਰੋਡ ਮੈਪ ਬਣਾਉਣ ਦਾ ਵਚਨ ਦਿੱਤਾ ਜਾਵੇ। ਭਾਰਤ ਮਾਲ਼ਾ ਹਾਈਵੇ ਪ੍ਰਾਜੈਕਟ ਲਈ ਜਬਰੀ ਜ਼ਮੀਨਾਂ ਐਕਵਾਇਰ ਕਰਨ ਖ਼ਿਲਾਫ਼ ਚਾਰ ਜ਼ਿਲ੍ਹਿਆਂ ਵਿੱਚ ਲਗਾਤਾਰ ਧਰਨੇ ਲਾਈ ਬੈਠੇ ਕਿਸਾਨਾਂ ਨੂੰ ਮੀਟਿੰਗ ਵਿੱਚ ਤਹਿ ਹੋਏ ਤਰੀਕੇ ਮੁਤਾਬਕ ਮੁਆਵਜ਼ੇ ਦੀ ਰਾਸ਼ੀ ਜਾਰੀ ਕਰਨ ਦਾ ਫੈਸਲਾ ਸਿਰੇ ਲਾ ਕੇ ਘਰੀਂ ਤੋਰਿਆ ਜਾਵੇ।ਆਪਣੀ ਜ਼ਮੀਨ ਨੂੰ ਨਿਰਵਿਘਨ ਪੱਧਰ/ਨੀਵੀਂ ਕਰਨ ਲਈ ਵਾਹੀਯੋਗ ਜ਼ਮੀਨ ਨੂੰ ਮਾਈਨਿੰਗ ਕਾਨੂੰਨ ‘ਚੋਂ ਬਾਹਰ ਕੱਢਿਆ ਜਾਵੇ। ਔਸਤ ਝਾੜ ਅਤੇ ਕਾਸ਼ਤ ਗਰਦੌਰੀ ਦੀਆਂ ਸ਼ਰਤਾਂ ਰੱਦ ਕਰਕੇ ਅਤੇ ਨਮੀ 22% ਕਰਕੇ ਝੋਨੇ ਦੀ ਨਿਰਵਿਘਨ ਖਰੀਦ ਦੀ ਗਰੰਟੀ ਕੀਤੀ ਜਾਵੇ। ਝੋਨੇ ਦੀ ਥਾਂ ਸੌਣੀ ਦੀਆਂ ਹੋਰ ਫ਼ਸਲਾਂ ਦੀ ਲਾਭਕਾਰੀ ਐੱਮ ਐੱਸ ਪੀ ਮਿਥ ਕੇ ਪੂਰੀ ਖ੍ਰੀਦ ਦੀ ਕਾਨੂੰਨੀ ਗਰੰਟੀ ਲਈ ਠੋਸ ਰੋਡ ਮੈਪ ਲਿਆਉਣ ਦਾ ਵਾਅਦਾ ਕੀਤਾ ਜਾਵੇ। ਕੁਦਰਤੀ ਕਰੋਪੀਆਂ ਜਾਂ ਨਵੇਂ ਨਵੇਂ ਰੋਗਾਂ ਸੁੰਡੀਆਂ ਨਾਲ ਹੋਏ ਸਾਰੀਆਂ ਫਸਲਾਂ ਦੇ ਖਰਾਬੇ ਦੀ ਰਹਿੰਦੀ ਗਰਦੌਰੀ ਤੁਰੰਤ ਮੁਕੰਮਲ ਕਰਕੇ ਤਹਿਸ਼ੁਦਾ ਮੁਆਵਜ਼ੇ ਕਾਸ਼ਤਕਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਵੰਡਣ ਦਾ ਕੰਮ ਤੁਰੰਤ ਨਿਪਟਾਇਆ ਜਾਵੇ। ਲੰਪੀ ਸਕਿਨ ਰੋਗ ਨਾਲ ਮਰੀਆਂ ਗਊਆਂ ਦਾ ਮੁਆਵਜ਼ਾ ਦੇਣ, ਭੰਗਾਲਾ(ਫਾਜਿਲਕਾ) ਵਿਖੇ 1300 ਏਕੜ ਰਕਬੇ ਨੂੰ ਬੰਦ ਪਏ ਨਹਿਰੀ ਪਾਣੀ ਦੀ ਸਪਲਾਈ ਬਹਾਲ ਕਰਨ ਅਤੇ ਅਬਾਦਕਾਰਾਂ ਨੂੰ ਨਾ ਉਜਾੜਨ ਦੇ ਮੀਟਿੰਗ ਵਿੱਚ ਨਿੱਬੜੇ ਠੋਸ ਕੇਸਾਂ ਦੇ ਨਿਪਟਾਰੇ ਲਈ ਲੋੜੀਂਦੇ ਲਿਖਤੀ ਦਸਤਾਵੇਜ਼ ਸੌਂਪੇ ਜਾਣ। ਬਿਨਾਂ ਸਾੜੇ ਪਰਾਲੀ ਦੇ ਨਿਪਟਾਰੇ ਲਈ 200 ਪ੍ਰਤੀ ਕੁਇੰਟਲ ਬੋਨਸ ਦੇਣਾ ਤਾਂ ਦੂਰ ਦੀ ਗੱਲ ਰਹੀ, ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਸਖ਼ਤੀ ਬੰਦ ਕਰਨ ਦੀ ਖ਼ੁਦ ਮੰਨੀ ਹੋਈ ਮੰਗ ਨੂੰ ਠੋਸ ਰੂਪ ਵਿੱਚ ਲਾਗੂ ਕਰਨ ਬਾਰੇ ਲਿਖਤੀ ਹਦਾਇਤਨਾਮਾ ਜਾਰੀ ਕੀਤਾ ਜਾਵੇ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਸਾਨਾਂ ਮਜ਼ਦੂਰਾਂ ਨੂੰ ਚੌਕਸ ਕੀਤਾ ਕਿ ਪੰਜਾਬ ਦੇ ਕੁੱਝ ਖਾਨਦਾਨੀ ਫਿਰਕਾਪ੍ਰਸਤ ਆਗੂਆਂ ਅਤੇ ਕੁੱਝ ਭਟਕੇ ਹੋਏ ਨੌਜਵਾਨਾਂ ਵੱਲੋਂ ਲੋਕਾਂ ਦੇ ਭਖਦੇ ਮਸਲਿਆਂ ਤੋਂ ਧਿਆਨ ਭਟਕਾ ਕੇ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਸੰਘਰਸ਼ ਦੀ ਫੇਟ ਤੋਂ ਬਚਾਉਣ ਲਈ ਲੋਕਾਂ ‘ਚ ਪਾਟਕ ਪਾਉਣ ਦੀ ਨੀਤੀ ਦੀ ਸਖ਼ਤ ਨਿੰਦਾ ਕੀਤੀ। ਇਸੇ ਤਰ੍ਹਾਂ ਐਸ ਵਾਈ ਐੱਲ ਨਹਿਰ ਵਰਗੇ ਭਰਾਤਰੀ ਭਾਵ ਨਾਲ ਹੱਲ ਹੋ ਸਕਣ ਵਾਲੇ ਮੁੱਦਿਆਂ ਨੂੰ ਬੇਲੋੜਾ ਵਾਦ-ਵਿਵਾਦ ਬਣਾ ਕੇ ਉਭਾਰਨ ਦੀ ਵੀ ਸਖ਼ਤ ਅਲੋਚਨਾ ਕੀਤੀ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਜਗਰੂਪ ਸਿੰਘ ਲਹਿਰਾ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹਰ ਕਿਰਤੀ ਵਰਗ ਨਾਲ ਧੋਖਾ ਕਰਨ ਦੀ ਨਿਖੇਧੀ ਕੀਤੀ ਅਤੇ ਕਿਸਾਨ ਮੋਰਚੇ ਦੀ ਹਮਾਇਤ ਜਾਰੀ ਰੱਖਣ ਦਾ ਐਲਾਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਬਹਾਦਰ ਸਿੰਘ ਸੰਗਰੂਰ ਨੇ ਨਿਭਾਈ ਅਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਜਰਨੈਲ ਸਿੰਘ ਜਵੰਦਾ, ਮਨਜੀਤ ਸਿੰਘ ਘਰਾਚੋਂ, ਹਰਮੰਦਰ ਸਿੰਘ ਡੇਮਰੂ, ਗੁਰਪ੍ਰੀਤ ਕੌਰ ਬਰਾਸ, ਮਨਜੀਤ ਕੌਰ ਸੁਨਾਮ ਨੇ ਵੀ ਸੰਬੋਧਨ ਕੀਤਾ। ਇਸ ਮੌਕੇਂ ਸੂਬਾ ਆਗੂ ਰੂਪ ਸਿੰਘ ਛੰਨਾਂ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਅਤੇ ਜ਼ਿਲ੍ਹਾ ਪੱਧਰੇ ਆਗੂ ਅਮਰੀਕ ਸਿੰਘ ਗੰਢੂਆਂ, ਸੁਦਾਗਰ ਸਿੰਘ ਘੁਡਾਣੀ, ਅਮਰਜੀਤ ਸਿੰਘ ਸੈਦੋਕੇ, ਗੁਰਭੇਜ ਸਿੰਘ ਰੋਹੀਵਾਲਾ, ਬਸੰਤ ਸਿੰਘ ਕੋਠਾਗੁਰੂ ਵੀ ਹਾਜ਼ਰ ਸਨ। ਪੰਡਾਲ ਨੂੰ ਜਾਣਕਾਰੀ ਦਿੱਤੀ ਗਈ ਕਿ ਰਾਤ ਨੂੰ ਲੋਕ ਕਲਾ ਮੰਚ ਮੁੱਲਾਂਪੁਰ ਦੀ ਟੀਮ ਵੱਲੋਂ ਸੁਰਿੰਦਰ ਸ਼ਰਮਾ ਦੀ ਅਗਵਾਈ ਹੇਠ ਅਗਾਂਹਵਧੂ ਨਾਟਕ “ਇਨ੍ਹਾਂ ਜ਼ਖਮਾਂ ਦਾ ਕੀ ਕਰੀਏ” ਦੀ ਪੇਸ਼ਕਾਰੀ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਹਰ ਯਤਨ ਕਰਨ ਲਈ ਕਿਹਾ

0

ਅਧਿਕਾਰੀਆਂ ਨੂੰ ਚੌਕਸ ਰਹਿਣ ਲਈ ਕਿਹਾ ਤਾਂ ਜੋ ਲੋਕ ਦੀਵਾਲੀ ਦਾ ਤਿਉਹਾਰ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਸਕਣ
ਰੋਸ਼ਨੀਆਂ ਦੇ ਤਿਉਹਾਰ ‘ਤੇ ਆਈ.ਏ.ਐਸ. ਤੇ ਆਈ.ਪੀ.ਐਸ. ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
ਸੁਖਜਿੰਦਰ ਮਾਨ
ਚੰਡੀਗੜ੍ਹ, 21 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਆਈ.ਏ.ਐਸ. ਤੇ ਆਈ.ਪੀ.ਐਸ. ਅਧਿਕਾਰੀਆਂ ਨੂੰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਕਿਹਾ।ਮੁੱਖ ਮੰਤਰੀ ਨੇ ਦੀਵਾਲੀ ਦੇ ਸ਼ੁਭ ਮੌਕੇ ‘ਤੇ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਅਧਿਕਾਰੀ ਸੂਬਾ ਸਰਕਾਰ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਨ੍ਹਾਂ ਨੂੰ ਪੰਜਾਬ ਦੀ ਤਰੱਕੀ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਸਮੇਂ ਦੀ ਲੋੜ ਹੈ। ਭਗਵੰਤ ਮਾਨ ਨੇ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਨੇਕ ਕਾਰਜ ਲਈ ਪਹਿਲਾਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਹੁਣ ਅਧਿਕਾਰੀਆਂ ਦੀ ਵਾਰੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਸੂਬੇ ਨੂੰ ਉੱਚ ਵਿਕਾਸ ਦੀ ਲੀਹ ‘ਤੇ ਪਾਇਆ ਜਾਵੇ ਤਾਂ ਜੋ ਸਾਡੇ ਮਹਾਨ ਆਜ਼ਾਦੀ ਘੁਲਾਟੀਆਂ ਦੇ ਸੁਪਨੇ ਪੂਰੇ ਕੀਤੇ ਜਾ ਸਕਣ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਹਰ ਅਧਿਕਾਰੀ ਆਪਣੀ ਪੂਰੀ ਵਾਹ ਲਾਵੇਗਾ। ਭਗਵੰਤ ਮਾਨ ਨੇ ਦੀਵਾਲੀ ਦੇ ਮੌਕੇ ‘ਤੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।ਮੁੱਖ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਚੌਕਸ ਰਹਿਣ ਦਾ ਸੱਦਾ ਵੀ ਦਿੱਤਾ ਤਾਂ ਜੋ ਲੋਕ ਰੋਸ਼ਨੀ ਦੇ ਇਸ ਤਿਉਹਾਰ ਨੂੰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾ ਸਕਣ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਜੇ ਕੋਈ ਅਜਿਹਾ ਹਾਦਸਾ ਵਾਪਰਦਾ ਹੈ ਤਾਂ ਜਾਨੀ-ਮਾਲੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਉਪਰਾਲੇ ਕੀਤੇ ਜਾਣ। ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਦੀਵਾਲੀ ਦੀ ਰਾਤ ਨੂੰ ਕਿਸੇ ਵੀ ਤਰ੍ਹਾਂ ਦੀ ਮੰਦਭਾਗੀ ਘਟਨਾ ਨਾਲ ਨਜਿੱਠਣ ਲਈ ਸੂਬੇ ਭਰ ਦੇ ਹਸਪਤਾਲਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ।

ਕੰਪਿਊਟਰ ਅਧਿਆਪਕਾਂ ਨੂੰ ਛੇਵੇਂ ਪੇਅ ਕਮਿਸ਼ਨ ਦਾ ਲਾਭ  ਦੇਣ ਦੀ ਤਿਆਰੀ  : ਹਰਜੋਤ ਸਿੰਘ ਬੈਂਸ

0
ਸਕੂਲ ਸਿੱਖਿਆ ਮੰਤਰੀ ਵਲੋਂ ਪੁਰਾਣੀ ਪੈਨਸ਼ਨ ਸਕੀਮ ਮੁੜ ਲਾਗੂ ਕਰਨ ਲਈ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ
ਪੰਜਾਬੀ ਖਬਰਸਾਰ ਬਿਉਰੋ 
ਚੰਡੀਗੜ੍ਹ,  22 ਅਕਤੂਬਰ:ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਕਿਹਾ ਕਿ ਪਿਕਟਸ ਸੁਸਾਇਟੀ ਅਧੀਨ ਕੰਮ ਕਰਦੇ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਛੇਵੇਂ ਪੇਅ ਕਮਿਸ਼ਨ ਅਨੁਸਾਰ ਗਰੇਡ ਪੇਅ ਅਤੇ ਸਰਵਿਸ ਰੂਲਜ ਲਾਗੂ ਕਰਨ ਸਬੰਧੀ ਕਾਰਵਾਈ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਅਤੇ ਇਸ  ਇਸ ਸਬੰਧੀ ਸਿੱਖਿਆ ਵਿਭਾਗ ਵਲੋਂ ਆਪਣੇ ਨਾਲ ਸਬੰਧਤ ਕੰਮ ਪੂਰਾ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਲਈ ਫਾਈਲ ਵਿੱਤ ਵਿਭਾਗ ਅਤੇ ਪ੍ਰਸੋਨਲ ਵਿਭਾਗ ਨੂੰ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਵਿੱਤ ਅਤੇ ਪ੍ਰਸੋਨਲ ਵਿਭਾਗ ਤੋਂ ਪ੍ਰਵਾਨਗੀ ਜਲਦ ਮਿਲਣ ਦੀ ਸੰਭਾਵਨਾ ਹੈ ਜਿਸ ਨਾਲ ਕੰਪਿਊਟਰ ਅਧਿਆਪਕਾਂ ਨੂੰ ਲਾਭ ਦੇਣ ਸਬੰਧੀ ਐਲਾਨ ਬਹੁਤ ਜਲਦ ਕਰ ਦਿੱਤਾ ਜਾਵੇਗਾ।ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਨੂੰ ਛੇਵੇਂ ਪੇਅ ਕਮਿਸ਼ਨ ਅਨੁਸਾਰ ਗਰੇਡ ਪੇਅ ਅਤੇ ਸਰਵਿਸ ਰੂਲਜ ਲਾਗੂ ਕਰਨ ਲਈ ਵਿੱਤ ਅਤੇ ਪ੍ਰਸੋਨਲ ਵਿਭਾਗ  ਦੀ ਪ੍ਰਵਾਨਗੀ ਲੈਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਕਾਰਵਾਈ ਦੀ ਉਹ ਖੁਦ ਲਗਾਤਾਰ ਨਿਗਰਾਨੀ ਕਰ ਰਹੇ ਹਨ ਅਤੇ ਇਸ ਮਾਮਲੇ ਸਬੰਧੀ ਵਿੱਤ ਅਤੇ ਪ੍ਰਸੋਨਲ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਸੰਪਰਕ ਵਿਚ ਹਨ।
ਉਨ੍ਹਾਂ ਕਿਹਾ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਿਵੇਂ ਪਹਿਲਾਂ ਕੱਚੇ ਮੁਲਾਜ਼ਮਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਨੀਤੀ ਬਣਾਈ ਗਈ ਸੀ ਜਿਸ ਤਹਿਤ ਬੀਤੇ ਕੱਲ੍ਹ ਹੀ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਲਈ ਅਰਜ਼ੀ ਪ੍ਰਾਪਤ ਕਰਨ ਲਈ ਪੋਰਟਲ ਖੋਲਿਆਂ ਗਿਆ ਹੈ। ਇਸ ਤਰ੍ਹਾਂ ਹੀ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਜੇਕਰ ਸਿੱਖਿਆ ਵਿਭਾਗ ਦਾ ਕੋਈ ਕਰਮਚਾਰੀ ਸਰਕਾਰ ਦੀ ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਵੀ ਪੱਕੇ ਹੋਣ ਤੋਂ ਰਹਿ ਜਾਂਦਾ ਹੈ ਤਾਂ ਉਸ ਨੂੰ  ਪੱਕਾ ਕਰਨ ਲਈ ਸਾਡੀ ਸਰਕਾਰ ਵਚਨਬੱਧ ਹੈ। ਸ.ਬੈਂਸ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਾਰੇ ਅਧਿਆਪਕ ਅਤੇ ਨਾਨ ਟੀਚਿੰਗ ਸਟਾਫ਼ ਦੀਆਂ ਸਾਰੀਆਂ ਜਾਇਜ਼ ਮੰਗਾਂ ਤੋਂ ਉਹ ਪੂਰੀ ਤਰ੍ਹਾਂ ਜਾਣੂ ਹਨ ਅਤੇ ਇਨ੍ਹਾਂ ਜਾਇਜ਼ ਮੰਗਾਂ ਨੂੰ ਹੱਲ ਕਰਨ ਲਈ ਵਚਨਬੱਧ ਹਨ ਅਤੇ ਇਹ ਮੰਗਾਂ ਜਲਦ ਪੂਰਾ ਕੀਤੀਆਂ ਜਾਣਗੀਆਂ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਦੀ ਕੈਬਨਿਟ ਵਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਫ਼ੈਸਲੇ ਲਈ ਧੰਨਵਾਦ ਕਰਦਿਆਂ ਕਿਹਾ ਸਰਕਾਰ ਦੇ ਇਸ ਕਦਮ ਨੇ ਸਾਬਤ ਕਰ ਦਿੱਤਾ ਹੈ ਕਿ ਮਾਨ ਸਰਕਾਰ ਮੁਲਾਜ਼ਮ ਹਿਤੈਸ਼ੀ ਹੈ।

ਪੰਜਾਬ ਨੂੰ ਕੌਮਾਂਤਰੀ ਮੰਚ ਉਤੇ ਵਪਾਰ ਲਈ ਤਰਜੀਹੀ ਸਥਾਨ ਵਜੋਂ ਉਭਾਰੇਗਾ ਜੀ-20 ਸੰਮੇਲਨਃ ਮੁੱਖ ਮੰਤਰੀ

0
ਸੰਮੇਲਨ ਨੂੰ ਸਫ਼ਲ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਦਾ ਐਲਾਨ, ਅੰਮ੍ਰਿਤਸਰ ’ਚ ਤਿਆਰੀਆਂ ਦਾ ਲਿਆ ਜਾਇਜ਼ਾ
* ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੰਜਾਬੀਆਂ ਨੂੰ ਦਿੱਤੀ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਵਧਾਈ
ਪੰਜਾਬੀ ਖਬਰਸਾਰ ਬਿਉਰੋ 
ਅੰਮਿ੍ਤਸਰ, 22 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਮਾਰਚ-2023 ਵਿੱਚ ਪਾਵਨ ਨਗਰੀ ਅੰਮ੍ਰਿਤਸਰ ਵਿਖੇ ਹੋਣ ਵਾਲਾ ਵੱਕਾਰੀ ਜੀ-20 ਸੰਮੇਲਨ ਕੌਮਾਂਤਰੀ ਮੰਚ ਉਤੇ ਪੰਜਾਬ ਨੂੰ ਵਪਾਰ ਲਈ ਤਰਜੀਹੀ ਸਥਾਨ ਵਜੋਂ ਉਭਾਰੇਗਾ ਅਤੇ ਸਾਨੂੰ ਆਪਣੀਆਂ ਪ੍ਰਾਪਤੀਆਂ ਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਣ ਦਾ ਮੌਕਾ ਮੁਹੱਈਆ ਕਰੇਗਾ।ਸੰਮੇਲਨ ਨੂੰ ਸਫ਼ਲ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੁਨਹਿਰੀ ਮੌਕਾ ਹੈ ਜਦੋਂ ਪੰਜਾਬ ਨੂੰ ਬਿਹਤਰੀਨ ਮੌਕਿਆਂ ਵਾਲੀ ਧਰਤੀ ਵਜੋਂ ਉਭਾਰਿਆ ਜਾ ਸਕਦਾ ਹੈ ਤਾਂ ਕਿ ਵੱਧ ਤੋਂ ਵੱਧ ਨਿਵੇਸ਼ ਲਿਆ ਕੇ ਅਸੀਂ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਸਿਰਜ ਸਕੀਏ।
ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਥੇ ਸਿਵਲ ਸਕੱਤਰੇਤ ਵਿਖੇ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਮਾਰਚ ਮਹੀਨੇ ਹੋਣ ਵਾਲੇ ਇਸ ਸੰਮੇਲਨ ਵਿਚ ਵਿਸ਼ਵ ਦੇ ਮੋਹਰੀ ਮੁਲਕ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਣ ਉਤੇ ਸੂਬਾ ਆਪਣੇ ਆਪ ਨੂੰ ਸੁਭਾਗਾ ਸਮਝਦਾ ਹੈ, ਜਿਸ ਵਿਚ ਵਿਸ਼ਵ ਭਰ ਦੇ ਪ੍ਰਮੁੱਖ ਦੇਸ਼ ਸਿੱਖਿਆ ਅਤੇ ਕਿਰਤ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਆਲਮੀ ਸਮਾਗਮ ਦੀ ਸਫਲਤਾ ਲਈ ਵਿਆਪਕ ਪੱਧਰ ਉਤੇ ਇੰਤਜ਼ਾਮ ਕੀਤੇ ਜਾਣਗੇ।
ਇਸ ਮੌਕੇ ਮੱਖ ਮੰਤਰੀ ਨੂੰ ਦੱਸਿਆ ਗਿਆ ਕਿ ਸਮਾਗਮ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਪਾਵਨ ਸ਼ਹਿਰ ਨੂੰ ਪ੍ਰਬੰਧਕੀ ਆਧਾਰ ਉਤੇ ਪੰਜ ਪ੍ਰਮੁੱਖ ਸੈਕਟਰਾਂ ਵਿਚ ਵੰਡਿਆ ਜਾਵੇਗਾ। ਪੁਖਤਾ ਪ੍ਰਬੰਧਨ ਲਈ ਸੂਬੇ ਦੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਇਨ੍ਹਾਂ ਸੈਕਟਰਾਂ ਵਿਚ ਤਾਇਨਾਤ ਕੀਤਾ ਜਾਵੇਗਾ। ਸੰਮੇਲਨ ਦੌਰਾਨ ਇਹ ਅਧਿਕਾਰੀ ਹੀ ਆਪੋ-ਆਪਣੇ ਅਧਿਕਾਰ ਖੇਤਰ ਵਿਚ ਸਮੁੱਚੇ ਕਾਰਜ ਨੂੰ ਸੁਚਾਰੂ ਬਣਾਉਣ ਲਈ ਜ਼ਿੰਮੇਵਾਰ ਹੋਣਗੇ। ਮੁੱਖ ਮੰਤਰੀ ਨੇ ਇਸ ਮੌਕੇ ਸ਼ਹਿਰ ਦੀ ਸੁੰਦਰਤਾ ਅਤੇ ਮੁੱਢਲਾ ਢਾਂਚਾ ਮਜ਼ਬੂਤ ਕਰਨ ਲਈ ਕੀਤੇ ਜਾਣ ਵਾਲੇ ਕੰਮਾਂ ਦੇ ਵੇਰਵੇ ਲਏ ਅਤੇ ਕਿਹਾ ਕਿ ਜੋ ਵੀ ਕੰਮ ਕੀਤਾ ਜਾਵੇ, ਉਹ ਮਿਆਰੀ ਹੋਵੇ, ਜੋ ਲੰਮੇ ਸਮੇਂ ਤੱਕ ਸ਼ਹਿਰ ਵਾਸੀਆਂ ਦੇ ਕੰਮ ਆਵੇ।ਇਸ ਮੌਕੇ ਪ੍ਰੋਗਰਾਮ ਦੀ ਸਫਲਤਾ ਲਈ ਬਣਾਈ ਕੈਬਨਿਟ ਸਬ-ਕਮੇਟੀ ਦੇ ਮੈਂਬਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਤੋਂ ਇਲਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹਾਜ਼ਰ ਸਨ। ਮੀਟਿੰਗ ਉਪਰੰਤ ਮੁੱਖ ਮੰਤਰੀ ਨੇ ਮੰਤਰੀ ਸਹਿਬਾਨ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਪੰਜਾਬ ਵਾਸੀਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਵਧਾਈ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਵੀ ਕੀਤੀ।

ਲੱਖ ਰੁਪਏ ਦੀ ਰਿਸ਼ਵਤ ਮੰਗਣ ਵਾਲੇ ਹੌਲਦਾਰ ਵਿਰੁੱਧ ਪਰਚਾ ਦਰਜ

0
ਆਨਲਾਈਨ ਸ਼ਿਕਾਇਤ ਮਿਲਣ ‘ਤੇ ਵਿਜੀਲੈਂਸ ਨੇ ਕੀਤੀ ਕਾਰਵਾਈ 
ਪੰਜਾਬੀ ਖਬਰਸਾਰ ਬਿਉਰੋ 
ਚੰਡੀਗੜ, 21 ਅਕਤੂਬਰ : ਪੰਜਾਬ ਵਿਜੀਲੈਂਸ ਬਿਊੂਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗਣ ਵਾਲੇ ਹੌਲਦਾਰ ਹਰਮਨਜੀਤ ਸਿੰਘ (ਨੰਬਰ 1310/ ਸੰਗਰੂਰ) ਖਿਲਾਫ ਰਿਸ਼ਵਤਖੋਰੀ ਦਾ ਮੁਕੱਦਮਾ ਦਰਜ ਕੀਤਾ ਹੈ। ਇਹ ਮੁਲਾਜ਼ਮ ਪੁਲਿਸ ਚੌਕੀ, ਕਾਲਾਝਾੜ, ਥਾਣਾ ਭਵਾਨੀਗੜ, ਜਿਲਾ ਸੰਗਰੂਰ ਵਿਖੇ ਤਾਇਨਾਤ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਹੌਲਦਾਰ ਹਰਮਨਜੀਤ ਸਿੰਘ ਖਿਲਾਫ ਸ਼ਿਕਾਇਤਕਰਤਾ ਪੱਪੂ ਸਿੰਘ ਵਾਸੀ ਪਿੰਡ ਬਾਗੜੀਆਂ, ਜਿਲਾ ਮਲੇਰਕੋਟਲਾ ਵੱਲੋਂ ਬਿਊਰੋ ਕੋਲ ਦਰਜ ਕਰਵਾਈ ਇੱਕ ਆਨਲਾਈਨ ਸ਼ਿਕਾਇਤ ਦੇ ਅਧਾਰ ’ਤੇ ਇਹ ਕੇਸ ਦਰਜ ਕੀਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਮੁਲਾਜ਼ਮ ਇੱਕ ਕੇਸ ਵਿੱਚ ਉਸਦੀ ਮੱਦਦ ਕਰਨ ਦੇ ਇਵਜ਼ ਵਿੱਚ ਰਿਸ਼ਵਤ ਮੰਗ ਰਿਹਾ ਹੈ।ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਨਾਲ ਪੇਸ਼ ਕੀਤੇ ਤੱਥਾਂ ਤੇ ਸਬੂਤਾਂ ਦੀ ਪੜਤਾਲ ਉਪਰੰਤ ਉਕਤ ਪੁਲਿਸ ਮੁਲਾਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਰਿਸ਼ਵਤਖੋਰੀ ਦਾ ਮਾਮਲਾ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਪੜਤਾਲ ਜਾਰੀ ਹੈ।

ਆਰ.ਪੀ.ਜੀ. ਹਮਲੇ ਦੇ ਮੁੱਖ ਦੋਸ਼ੀ ਚੜਤ ਦੀ ਪੁੱਛ-ਗਿੱਛ  ਦੇ ਅਧਾਰ ’ਤੇ ਇੱਕ ਏਕੇ-56 ਰਾਈਫਲ ਬਰਾਮਦਗੀ ਅਤੇ ਦੋ ਪਨਾਹਗ਼ਾਰਾਂ ਦੀ ਗਿ੍ਰਫਤਾਰੀ ਹੋਈ

0
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਅਜਮੇਰ ਤੋਂ ਗਿ੍ਰਫਤਾਰ ਕੀਤਾ ਦੋਸ਼ੀ ਮੁਹੰਮਦ ਤੌਸੀਫ ਚਿਸ਼ਤੀ ਕੈਨੇਡਾ ਸਥਿਤ ਲਖਬੀਰ ਲੰਡਾ ਦਾ ਹੈ ਨਜ਼ਦੀਕੀ 
ਪੰਜਾਬੀ ਖਬਰਸਾਰ ਬਿਉਰੋ 
ਚੰਡੀਗੜ, 22 ਅਕਤੂਬਰ:ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰ.ਪੀ.ਜੀ.) ਹਮਲੇ ਦੇ ਮੁੱਖ ਦੋਸ਼ੀ ਚੜਤ ਸਿੰਘ ਨੂੰ ਮੁੰਬਈ ਤੋਂ ਗਿ੍ਰਫਤਾਰ ਕਰਨ ਤੋਂ ਕੁਝ ਹੀ ਸਮੇਂ ਬਾਅਦ ਪੰਜਾਬ ਪੁਲਿਸ ਨੇ ਉਕਤ ਦੋਸ਼ੀ ਦੇ ਖੁਲਾਸਿਆਂ ਦੇ ਅਧਾਰ ਤੇ ਇੱਕ ਏਕੇ-56 ਅਸਾਲਟ ਰਾਈਫਲ ਦੀ ਬਰਾਮਦਗੀ  ਅਤੇ ਉਸਦੇ ਦੋ ਸਹਿਯੋਗੀਆਂ ਨੂੰ ਗਿ੍ਰਫਤਾਰ ਕੀਤਾ ਹੈ, ਜੋ ਉਕਤ ਨੂੰ ਪਨਾਹ ਦਿੰਦੇ  ਸਨ। ਜ਼ਿਕਰਯੋਗ ਹੈ ਕਿ  9 ਮਈ, 2022 ਨੂੰ ਮੋਹਾਲੀ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਲਗਭਗ 19:45 ਵਜੇ ਇੱਕ ਆਰਪੀਜੀ ਹਮਲਾ ਕੀਤਾ ਗਿਆ ਸੀ।ਗਿਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਈਅਦ ਮੁਹੰਮਦ ਤੌਸੀਫ ਚਿਸ਼ਤੀ ਉਰਫ ਚਿੰਕੀ ਵਾਸੀ ਅਜਮੇਰ, ਰਾਜਸਥਾਨ ਅਤੇ ਸੁਨੀਲ ਕੁਮਾਰ ਉਰਫ ਕਾਲਾ ਵਜੋਂ ਹੋਈ ਹੈ।ਇਹ ਕਾਰਵਾਈ , ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਦੁਆਰਾ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਅਮਲ ਵਿੱਚ ਲਿਆਂਦੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ  ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਮੁਲਜਮ ਚੜਤ ਸਿੰਘ ਦੇ ਖੁਲਾਸੇ ‘ਤੇ ਪੁਲਿਸ ਟੀਮਾਂ ਨੇ ਇੱਕ ਏਕੇ-56 ਸਮੇਤ 100 ਕਾਰਤੂਸ ਅਤੇ ਇੱਕ .30 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ।ਉਨਾਂ ਦੱਸਿਆ ਕਿ ਚੜਤ ਸਿੰਘ ਦੀ  ਪੁੱਛਗਿੱਛ ਤੋਂ ਬਾਅਦ ਹੀ ਉਕਤ  ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਟੀਮਾਂ ਨੇ ਰਾਜਸਥਾਨ ਦੇ ਅਜਮੇਰ ਤੋਂ ਸਈਦ ਮੁਹੰਮਦ ਤੌਸੀਫ ਚਿਸ਼ਤੀ ਉਰਫ ਚਿੰਕੀ ਨੂੰ ਗਿ੍ਰਫਤਾਰ ਕੀਤਾ ਹੈ।ਡੀਜੀਪੀ ਨੇ ਕਿਹਾ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜਮ ਚਿੰਕੀ ਪਿਛਲੇ 5-7 ਸਾਲਾਂ ਤੋਂ ਲਖਬੀਰ ਲੰਡਾ ਦੇ ਸੰਪਰਕ ਵਿੱਚ ਸੀ ਅਤੇ ਲੰਡਾ ਦੇ ਨਿਰਦੇਸ਼ਾਂ ‘ਤੇ ਚਿੰਕੀ ਨੇ ਅਜਮੇਰ ਵਿੱਚ ਅਲ-ਖਾਦਿਮ ਨਾਮ ਦੇ ਇੱਕ ਗੈਸਟ ਹਾਊਸ ਵਿੱਚ ਚੜਤ ਲਈ ਠਹਿਰਨ ਦਾ ਪ੍ਰਬੰਧ ਕੀਤਾ ਸੀ। ਚੜਤ ਨੇ ਕਬੂਲਿਆ ਹੈ ਕਿ ਲੰਡਾ ਨੇ ਚਿੰਕੀ ਨੂੰ ਕਰੀਬ 3 ਤੋਂ 4 ਲੱਖ ਰੁਪਏ ਭੇਜੇ ਹਨ।
ਉਨਾਂ ਦੱਸਿਆ ਕਿ ਚੜਤ ਦੇ ਇੱਕ ਹੋਰ ਸਾਥੀ ਜਿਸਦੀ ਦੀ ਪਛਾਣ ਸੁਨੀਲ ਕੁਮਾਰ ਉਰਫ ਕਾਲਾ ਵਜੋਂ ਹੋਈ ਹੈ ਅਤੇ ਜਿਸ ਨੇ ਚੜਤ ਸਿੰਘ ਨੂੰ ਅਮਰੀਕਾ ਸਥਿਤ ਜਗਰੂਪ ਸਿੰਘ ਉਰਫ ਰੂਪ ਦੇ ਨਿਰਦੇਸ਼ਾਂ ‘ਤੇ ਛੁਪਣਗਾਹ ਮੁਹੱਈਆ ਕਰਵਾਈ ਸੀ, ਨੂੰ ਵੀ ਰੋਪੜ ਤੋਂ ਗਿ੍ਰਫਤਾਰ ਕਰ ਲਿਆ ਗਿਆ ਹੈ। ਸ੍ਰੀ ਆਨੰਦਪੁਰ ਸਾਹਿਬ ਦਾ ਰਹਿਣ ਵਾਲਾ ਜਗਰੂਪ ਰੂਪ ਲਖਬੀਰ ਲੰਡਾ ਦਾ ਕਰੀਬੀ ਮੰਨਿਆ ਜਾਂਦਾ ਹੈ।ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਨੂੰ ਅਪਰਾਧ ਮੁਕਤ ਬਣਾਉਣ ਲਈ ਯਤਨਸ਼ੀਲ ਹੈ।ਜ਼ਿਕਰਯੋਗ ਹੈ ਕਿ ਮੁਲਜਮ ਚੜਤ  ਜੋ ਇੱਕ ਆਦਤਨ ਅਪਰਾਧੀ ਹੈ ਅਤੇ ਪੰਜਾਬ ਵਿੱਚ ਕਤਲ, ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਕਈ ਘਿਨਾਉਣੇ ਅਪਰਾਧਾਂ ਦੇ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਰਾਹੀਂ ਪਾਕਿਸਤਾਨ ਆਈਐੱਸਆਈ ਦੇ ਸਰਗਰਮ ਸਹਿਯੋਗ ਨਾਲ ਸਰਹੱਦ ਪਾਰੋਂ ਇੱਕ ਆਰਪੀਜੀ, ਇੱਕ ਏਕੇ-47 ਅਤੇ ਹੋਰ ਹਥਿਆਰ ਵੀ ਮੰਗਵਾਏ ਸਨ। ਮੁਲਜਮ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜਾ ਕੱਟ ਰਿਹਾ ਸੀ ਅਤੇ ਆਰ.ਪੀ.ਜੀ. ਹਮਲੇ ਦੇ ਸਮੇਂ ਉਹ ਪੈਰੋਲ ’ਤੇ ਬਾਹਰ ਆਇਆ ਹੋਇਆ ਸੀ। ਆਪਣੀ ਪੈਰੋਲ ਦੀ ਮਿਆਦ ਦੇ ਦੌਰਾਨ, ਚੜਤ ਨੇ ਆਰਪੀਜੀ ਹਮਲੇ ਨੂੰ ਅੰਜਾਮ ਦੇਣ ਲਈ ਤਰਨਤਾਰਨ ਖੇਤਰ ਤੋਂ ਨਿਸਾਨ ਕੁੱਲਾ ਅਤੇ ਹੋਰਾਂ ਸਮੇਤ ਆਪਣੇ ਸਾਥੀਆਂ ਨੂੰ ਦੁਬਾਰਾ ਇਕੱਠਾ ਕੀਤਾ, ਜਿਸਦਾ ਉਦੇਸ਼ ਰਾਜ ਵਿੱਚ ਫਿਰਕੂ ਸਦਭਾਵਨਾ ਅਤੇ ਸਾਂਤੀ ਨੂੰ ਢਾਹ ਲਾਉਣਾ ਸੀ।

ਮੁੱਖ ਮੰਤਰੀ ਦੀ ਅਗਵਾਈ ਵਿਚ ਮੰਤਰੀ ਮੰਡਲ ਵੱਲੋਂ ਪੰਜਾਬੀ ਭਾਸ਼ਾ ਦੀ ਡੂੰਘੀ ਜਾਣਕਾਰੀ ਰੱਖਣ ਵਾਲੇ ਨੌਜਵਾਨਾਂ ਨੂੰ ਹੀ ਸਰਕਾਰੀ ਨੌਕਰੀਆਂ ਦੇਣ ਦਾ ਫੈਸਲਾ

0

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਮਹਾਨ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚੁੱਕਿਆ ਇਤਿਹਾਸਕ ਕਦਮ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 21 ਅਕਤੂਬਰ: ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਮਹਾਨ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇਤਿਹਾਸਕ ਫੈਸਲਾ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਅੱਜ ਪੰਜਾਬ ਸਿਵਲ ਸਰਵਿਸਜ਼ (ਸੇਵਾਵਾਂ ਦੀਆਂ ਆਮ ਤੇ ਸਾਂਝੀਆਂ ਸ਼ਰਤਾਂ) ਨਿਯਮ-1994 ਦੇ ਨਿਯਮ-17 ਅਤੇ ਪੰਜਾਬ ਰਾਜ (ਗਰੁੱਪ-ਡੀ) ਸੇਵਾ ਨਿਯਮ-1963 ਵਿਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦਾ ਮਨੋਰਥ ਪੰਜਾਬ ਸਰਕਾਰ ਵਿਚ ਸਰਕਾਰੀ ਨੌਕਰੀਆਂ ’ਚ ਅਜਿਹੇ ਉਮੀਦਵਾਰਾਂ ਦੀ ਹੀ ਨਿਯੁਕਤੀ ਹੋਵੇਗੀ ਜੋ ਪੰਜਾਬੀ ਭਾਸ਼ਾ ਦੀ ਡੂੰਘੀ ਜਾਣਕਾਰੀ ਰੱਖਦੇ ਹਨ।
ਇਹ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਿਵਲ ਸਰਵਿਸਜ਼ (ਸੇਵਾਵਾਂ ਦੀਆਂ ਆਮ ਤੇ ਸਾਂਝੀਆਂ ਸ਼ਰਤਾਂ) ਨਿਯਮ-1994 ਦੇ ਨਿਯਮ 17 ਦੇ ਮੁਤਾਬਕ ਕੀਤੀ ਗਈ ਵਿਵਸਥਾ ਦੇ ਅਨੁਸਾਰ ਓਦੋਂ ਤੱਕ ਗਰੁੱਪ-ਸੀ ਵਿਚ ਕਿਸੇ ਵੀ ਅਸਾਮੀ ਲਈ ਵਿਅਕਤੀ ਨਿਯੁਕਤ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਕਿ ਉਹ ਮੈਟ੍ਰਿਕ ਪੱਧਰ ਦੇ ਬਰਾਬਰ ਪੰਜਾਬੀ ਭਾਸ਼ਾ ਦੀ ਯੋਗਤਾ ਪ੍ਰੀਖਿਆ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਨਹੀਂ ਕਰਦਾ ਅਤੇ ਇਹ ਪ੍ਰੀਖਿਆ ਸਬੰਧਤ ਅਸਾਮੀ ਲਈ ਮੁਕਾਬਲੇ ਦੀ ਪ੍ਰੀਖਿਆ ਤੋਂ ਇਲਾਵਾ ਭਰਤੀ ਏਜੰਸੀਆਂ ਦੁਆਰਾ ਲਈ ਜਾਵੇਗੀ। ਪੰਜਾਬੀ ਭਾਸ਼ਾ ਦੀ ਪ੍ਰੀਖਿਆ ਲਾਜ਼ਮੀ ਯੋਗਤਾ ਪ੍ਰੀਖਿਆ ਹੋਵੇਗੀ ਅਤੇ ਪੰਜਾਬੀ ਭਾਸ਼ਾ ਵਿੱਚ ਘੱਟੋ-ਘੱਟ 50 ਫੀਸਦੀ ਅੰਕ ਪ੍ਰਾਪਤ ਕਰਨ ਵਿੱਚ ਅਸਫਲ ਰਹਿਣ ‘ਤੇ ਉਮੀਦਵਾਰ ਨੂੰ ਉਨ੍ਹਾਂ ਦੀ ਅਸਾਮੀ ਲਈ ਦਿੱਤੀ ਪ੍ਰੀਖਿਆ ਵਿੱਚੋਂ ਆਏ ਅੰਕ ਅਤੇ ਹੋਰ ਨੰਬਰ ਹਾਸਲ ਕਰਨ ਦੇ ਬਾਵਜੂਦ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਅੰਤਿਮ ਮੈਰਿਟ ਸੂਚੀ ਵਿੱਚ ਵਿਚਾਰੇ ਜਾਣ ਲਈ ਅਯੋਗ ਕਰ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਪੰਜਾਬ ਰਾਜ (ਗਰੁੱਪ-ਡੀ) ਸੇਵਾ ਨਿਯਮ-1963 ਦੇ ਨਿਯਮ 5 ਦੀ ਧਾਰਾ ਡੀ ਵਿਚ ਸੋਧ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਮੁਤਾਬਕ ਕੀਤੀ ਗਈ ਵਿਵਸਥਾ ਅਨੁਸਾਰ ਕੋਈ ਵੀ ਵਿਅਕਤੀ ਸੇਵਾ ਵਿਚ ਕਿਸੇ ਵੀ ਅਸਾਮੀ ਲਈ ਉਦੋਂ ਤੱਕ ਨਿਯੁਕਤ ਨਹੀਂ ਹੋਵੇਗਾ, ਜਦੋਂ ਤੱਕ ਉਹ ਮਿਡਲ ਦੇ ਪੱਧਰ ਦੇ ਬਰਾਬਰ ਪੰਜਾਬੀ ਭਾਸ਼ਾ ਦੀ ਯੋਗਤਾ ਪ੍ਰੀਖਿਆ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਨਹੀਂ ਕਰਦਾ ਅਤੇ ਇਹ ਪ੍ਰੀਖਿਆ ਸਬੰਧਤ ਅਸਾਮੀ ਲਈ ਮੁਕਾਬਲੇ ਦੀ ਪ੍ਰੀਖਿਆ ਤੋਂ ਇਲਾਵਾ ਭਰਤੀ ਏਜੰਸੀਆਂ ਦੁਆਰਾ ਲਈ ਜਾਵੇਗੀ। ਪੰਜਾਬੀ ਭਾਸ਼ਾ ਦੀ ਪ੍ਰੀਖਿਆ ਲਾਜ਼ਮੀ ਯੋਗਤਾ ਪ੍ਰੀਖਿਆ ਹੋਵੇਗੀ ਅਤੇ ਪੰਜਾਬੀ ਭਾਸ਼ਾ ਵਿੱਚ ਘੱਟੋ-ਘੱਟ 50 ਫੀਸਦੀ ਅੰਕ ਪ੍ਰਾਪਤ ਕਰਨ ਵਿੱਚ ਅਸਫਲ ਰਹਿਣ ‘ਤੇ ਉਮੀਦਵਾਰ ਨੂੰ ਉਸ ਦੀ ਅਸਾਮੀ ਲਈ ਦਿੱਤੀ ਪ੍ਰੀਖਿਆ ਵਿੱਚੋਂ ਆਏ ਅੰਕ ਅਤੇ ਹੋਰ ਨੰਬਰ ਹਾਸਲ ਕਰਨ ਦੇ ਬਾਵਜੂਦ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਅੰਤਿਮ ਮੈਰਿਟ ਸੂਚੀ ਵਿੱਚ ਵਿਚਾਰੇ ਜਾਣ ਲਈ ਅਯੋਗ ਕਰ ਦਿੱਤਾ ਜਾਵੇਗਾ।
ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦਾ ਜੁਰਮਾਨਾ ਵਧਾਉਣ ਲਈ ਪੰਜਾਬ ਮਾਈਨਰ ਮਿਨਰਲਜ਼ ਰੂਲ 2013 ਵਿੱਚ ਸੋਧ
ਸੂਬੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਕੈਬਨਿਟ ਨੇ ਪੰਜਾਬ ਮਾਈਨਰ ਮਿਨਰਲਜ਼ ਰੂਲਜ਼ 2013 ਦੇ ਨਿਯਮ 7.5 ਵਿੱਚ ਸੋਧ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ, ਜਿਸ ਤਹਿਤ ਜੁਰਮਾਨਾ ਪੰਜ ਹਜ਼ਾਰ ਤੇ 25 ਹਜ਼ਾਰ ਦੀ ਹੱਦ ਤੋਂ ਵਧਾ ਕੇ 50 ਹਜ਼ਾਰ ਤੇ 2.5 ਲੱਖ ਤੱਕ ਕਰ ਦਿੱਤਾ ਗਿਆ ਹੈ। ਇਸ ਸਬੰਧੀ ਫੈਸਲਾ ਇਸ ਗੱਲ ਦੇ ਮੱਦੇਨਜ਼ਰ ਲਿਆ ਗਿਆ ਹੈ ਕ ਗੈਰ-ਕਾਨੂੰਨੀ ਮਾਈਨਿੰਗ ਵਿੱਚ ਲੱਗੇ ਲੋਕ ਜੁਰਮਾਨੇ ਤੋਂ ਡਰਨ। ਜੁਰਮਾਨੇ ਦੀਆਂ ਮੌਜੂਦਾ ਦਰਾਂ ਬਹੁਤ ਘੱਟ ਸਨ ਅਤੇ ਇਹ ਕਾਫ਼ੀ ਸਮਾਂ ਪਹਿਲਾਂ ਲਾਗੂ ਕੀਤੀਆਂ ਗਈਆਂ ਸਨ। ਮੌਜੂਦਾ ਦਰਾਂ ਪੰਜ ਹਜ਼ਾਰ ਤੋਂ ਲੈ ਕੇ 25 ਹਜ਼ਾਰ ਰੁਪਏ ਸਨ, ਜੋ ਕਿ ਕਾਫ਼ੀ ਘੱਟ ਸਨ। ਇਸ ਲਈ ਕੈਬਨਿਟ ਨੇ ਇਹ ਦਰਾਂ ਦਸ ਗੁਣਾ ਵਧਾਉਣ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਹੁਣ ਢੋਆ-ਢੁਆਈ ਤੇ ਹੋਰ ਛੋਟੇ ਵਾਹਨਾਂ, ਟਰੱਕ ਤੇ ਮਲਟੀ ਐਕਸਲ ਟਰੱਕ ਜਾਂ ਹੋਰ ਵਾਹਨਾਂ ਦੇ ਹਿਸਾਬ ਨਾਲ ਇਹ ਦਰਾਂ 50 ਹਜ਼ਾਰ ਤੋਂ ਲੈ ਕੇ 2.50 ਲੱਖ ਰੁਪਏ ਤੱਕ ਹੋਣਗੀਆਂ।
‘ਪੰਜਾਬ ਐਗਰੀਕਲਚਰ ਪ੍ਰੋਡਿਊਸ ਮਾਰਕਿਟਸ ਐਕਟ-1961’ ਵਿੱਚ ਸੋਧ ਨੂੰ ਮਨਜ਼ੂਰੀ
ਸੂਬੇ ਵਿੱਚ ਵਿੱਤੀ ਖਰਚਿਆਂ ਵਿਚ ਕਟੌਤੀ ਤੇ ਪ੍ਰਬੰਧਕੀ ਬੋਝ ਘਟਾਉਣ ਲਈ ਕੈਬਨਿਟ ਨੇ ਪੰਜਾਬ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਤੇ ਸੀਨੀਅਰ ਵਾਈਸ ਚੇਅਰਮੈਨ ਦੀਆਂ ਆਸਾਮੀਆਂ ਖ਼ਤਮ ਕਰਨ ਲਈ ‘ਪੰਜਾਬ ਐਗਰੀਕਲਚਰ ਪ੍ਰੋਡਿਊਸ ਮਾਰਕਿਟਸ ਐਕਟ, 1961’ ਦੀ ਧਾਰਾ 3(1) ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਵਾਈਸ ਚੇਅਰਮੈਨ ਤੇ ਸੀਨੀਅਰ ਵਾਈਸ ਚੇਅਰਮੈਨ ਦੀਆਂ ਆਸਾਮੀਆਂ ਦੀ ਸਿਰਜਣਾ ਕ੍ਰਮਵਾਰ 2010 ਤੇ 2016 ਵਿੱਚ ਕੀਤੀ ਗਈ ਸੀ।
ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਦੀਆਂ ਆਸਾਮੀਆਂ ਖ਼ਤਮ ਕਰ ਕੇ ਮੁੱਖ ਮੰਤਰੀ ਫੀਲਡ ਅਫ਼ਸਰਾਂ ਦੀਆਂ 23 ਆਸਾਮੀਆਂ ਸਿਰਜਣ ਦਾ ਫੈਸਲਾ
ਸ਼ਿਕਾਇਤ ਨਿਵਾਰਣ ਪ੍ਰਣਾਲੀ ਦੀ ਕਾਇਆ-ਕਲਪ ਕਰਨ ਲਈ ਪੰਜਾਬ ਕੈਬਨਿਟ ਨੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਦੀਆਂ 23 ਆਸਾਮੀਆਂ ਖ਼ਤਮ ਕਰ ਕੇ ਜ਼ਿਲ੍ਹਾ ਪੱਧਰ ਉਤੇ ਇੰਨੀ ਹੀ ਗਿਣਤੀ ਵਿੱਚ ਮੁੱਖ ਮੰਤਰੀ ਫੀਲਡ ਅਫ਼ਸਰਾਂ ਦੀਆਂ ਆਸਾਮੀਆਂ ਸਿਰਜਣ ਦਾ ਫੈਸਲਾ ਕੀਤਾ ਹੈ। ਇਸ ਅਹਿਮ ਫੈਸਲੇ ਨਾਲ ਸੂਬਾ ਵਾਸੀਆਂ ਨੂੰ ਅਜਿਹਾ ਪਲੇਟਫਾਰਮ ਮਿਲੇਗਾ, ਜਿਸ ਰਾਹੀਂ ਉਹ ਆਪਣੀਆਂ ਸ਼ਿਕਾਇਤਾਂ ਦਾ ਵਿਸ਼ਲੇਸ਼ਣ ਕਰਵਾਉਣ ਮਗਰੋਂ ਪਾਰਦਰਸ਼ੀ ਤੇ ਸਮਾਂਬੱਧ ਢੰਗ ਨਾਲ ਨਿਬੇੜਾ ਕਰਵਾ ਸਕਣਗੇ। ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਇਨ੍ਹਾਂ ਮੁੱਖ ਮੰਤਰੀ ਫੀਲਡ ਅਫ਼ਸਰਾਂ ਦੇ ਕੰਮ ਦੀ ਬਾਕਾਇਦਾ ਨਿਗਰਾਨੀ ਰੱਖਣਗੇ ਅਤੇ ਉਹ ਸ਼ਿਕਾਇਤਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਨਿਬੇੜੇ ਲਈ ਲੋੜੀਂਦੀ ਸਹਾਇਤਾ ਵੀ ਮੁਹੱਈਆ ਕਰਨਗੇ।
ਪੰਜਾਬ ਰਾਜ ਬਿਜਲੀ ਬੋਰਡ (ਹੁਣ ਪੀ.ਐਸ.ਪੀ.ਸੀ.ਐਲ) ਦੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ਉਤੇ ਨੌਕਰੀ ਦੇਣ ਦੀ ਸਕੀਮ ਮਨਜ਼ੂਰ
ਮੰਤਰੀ ਮੰਡਲ ਨੇ ਪੰਜਾਬ ਰਾਜ ਬਿਜਲੀ ਬੋਰਡ ਜੋ ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਹੈ, ਦੇ 16 ਅਪ੍ਰੈਲ, 2010 ਤੋਂ ਪਹਿਲਾਂ ਦੇ ਮ੍ਰਿਤਕ ਕਰਮਚਾਰੀਆਂ/ਅਧਿਕਾਰੀਆਂ ਦੇ ਵਾਰਸਾਂ ਜੋ ਪਹਿਲਾਂ ਮੁਆਵਜ਼ਾ ਨੀਤੀ ਦੇ ਘੇਰੇ ਵਿਚ ਆਉਂਦੇ ਸਨ, ਨੂੰ ਤਰਸ ਦੇ ਆਧਾਰ ਉਤੇ ਨੌਕਰੀ ਦੇਣ ਲਈ ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਫੈਸਲੇ ਦੇ ਅਨੁਸਾਰ ਤਰਸ ਦੇ ਆਧਾਰ ਉਤੇ ਨੌਕਰੀ ਸੰਭਾਵੀ ਤੌਰ ‘ਤੇ ਸਿਰਫ ਉਨ੍ਹਾਂ ਮਾਮਲਿਆਂ ‘ਤੇ ਲਾਗੂ ਹੋਵੇਗੀ ਜਿੱਥੇ ਮ੍ਰਿਤਕ ਕਰਮਚਾਰੀ ਦੀ ਮੌਤ ਦੀ ਮਿਤੀ 04 ਅਪ੍ਰੈਲ, 2010 ਤੋਂ ਪਹਿਲਾਂ ਸੀ ਅਤੇ ਜਿਨ੍ਹਾਂ ਨੂੰ ਪਹਿਲਾਂ ਮੁਆਵਜ਼ਾ ਨੀਤੀ ਅਧੀਨ ਵਿਚਾਰਿਆ ਗਿਆ ਸੀ। ਇਨ੍ਹਾਂ ਵਿਚ ਉਹ ਕੇਸ ਵੀ ਸ਼ਾਮਲ ਹਨ, ਜਿਨ੍ਹਾਂ ਵਿਚ ਮੁਲਾਜ਼ਮ ਦੀ ਮੌਤ ਦੀ ਮਿਤੀ ਸਾਲ 2002 (ਉਹ ਸਾਲ ਜਿਸ ਵਿੱਚ ਤਰਸ ਦੇ ਆਧਾਰ ਨਿਯੁਕਤੀ ਸਬੰਧੀ ਨੀਤੀ ਨੂੰ ਬੰਦ ਕਰ ਦਿੱਤਾ ਗਿਆ ਸੀ) ਤੋਂ ਪਹਿਲਾਂ ਸੀ। ਤਰਸ ਦੇ ਆਧਾਰ ਉਤੇ ਨੌਕਰੀ ਦੀ ਇਜਾਜ਼ਤ ਦੇਣ ਵਾਲੀ ਇਹ ਸਕੀਮ ਆਪਸ਼ਨਲ ਹੈ। ਜਿਹੜੇ ਵਾਰਸ ਇਸ ਸਕੀਮ ਦੇ ਤਹਿਤ ਤਰਸ ਦੇ ਆਧਾਰ ‘ਤੇ ਨੌਕਰੀ ਨਹੀਂ ਲੈਣਾ ਚਾਹੁੰਦੇ, ਉਨ੍ਹਾਂ ਨੂੰ ਮੁਆਵਜ਼ਾ ਪਾਲਿਸੀ ਦੇ ਤਹਿਤ ਪਹਿਲਾਂ ਤੋਂ ਹੀ ਪ੍ਰਾਪਤ ਕੀਤੇ ਗਏ ਲਾਭ ਜਾਂ ਵਿਸ਼ੇਸ਼ ਪੈਨਸ਼ਨ ਦੇ ਲਾਭ ਬਰਕਰਾਰ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਪੰਜਾਬ ਸਰਕਾਰ ਨੇ ਪਟਿਆਲਾ ਅਤੇ ਈਸਟ ਪੰਜਾਬ ਸਟੇਟ ਯੂਨੀਅਨ ਟਾਊਨਸਿਪ ਡਿਵੈਲਪਮੈਂਟ ਬੋਰਡ ਦਾ ਕੀਤਾ ਪੁਨਰਗਠਨ

0

ਮੁੱਖ ਮੰਤਰੀ ਭਗਵੰਤ ਮਾਨ ਬੋਰਡ ਦੇ ਚੇਅਰਮੈਨ, ਕੈਬਨਿਟ ਮੰਤਰੀ ਬ੍ਰਮ ਸੰਕਰ ਜਿੰਪਾ ਸੀਨੀਅਰ ਵਾਈਸ ਚੇਅਰਮੈਨ ਅਤੇ ਨੀਨਾ ਮਿੱਤਲ ਵਾਈਸ ਚੇਅਰਮੈਨ ਨਿਯੁਕਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 21 ਅਕਤੂਬਰ: ਪੰਜਾਬ ਸਰਕਾਰ ਨੇ ਸੁੱਕਰਵਾਰ ਨੂੰ ਪਟਿਆਲਾ ਅਤੇ ਈਸਟ ਪੰਜਾਬ ਸਟੇਟ ਯੂਨੀਅਨ ਟਾਊਨਸਿਪ ਡਿਵੈਲਪਮੈਂਟ ਬੋਰਡ ਦਾ ਪੁਨਰਗਠਨ ਕੀਤਾ ਅਤੇ ਮੁੱਖ ਮੰਤਰੀ ਸ. ਭਗਵੰਤ ਮਾਨ ਇਸ ਦੇ ਚੇਅਰਮੈਨ ਵੱਜੋਂ ਨਿਯੁਕਤ ਕੀਤੇ ਗਏ। ਕੇ.ਏ.ਪੀ. ਸਿਨਹਾ, ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸਨਰ (ਮਾਲ), ਵੱਲੋਂ ਇੱਥੇ ਕੀਤੇ ਇੱਕ ਸਰਕੂਲਰ ਅਨੁਸਾਰ ਪੈਪਸੂ ਟਾਊਨਸਿਪ ਡਿਵੈਲਪਮੈਂਟ ਬੋਰਡ ਐਕਟ, 1954 (ਪੈਪਸੂ ਐਕਟ ਨੰਬਰ 2, 1955) ਦੀ ਧਾਰਾ 4 ਅਤੇ ਉਸ ਨੂੰ ਹੋਰ ਸਾਰੀਆਂ ਸਕਤੀਆਂ ਦੇ ਅਧੀਨ ਉਕਤ ਐਕਟ ਦੀ ਧਾਰਾ 3 ਦੇ ਤਹਿਤ ਪਟਿਆਲਾ ਅਤੇ ਪੂਰਬੀ ਪੰਜਾਬ ਰਾਜ ਯੂਨੀਅਨ ਟਾਊਨਸਿਪ ਡਿਵੈਲਪਮੈਂਟ ਬੋਰਡ ਦਾ ਪੁਨਰਗਠਨ ਕੀਤਾ ਅਤੇ ਪੰਜਾਬ ਦੇ ਰਾਜਪਾਲ ਨੇ ਚੇਅਰਮੈਨ, ਸੀਨੀਅਰ ਵਾਈਸ ਚੇਅਰਮੈਨ, ਵਾਈਸ ਚੇਅਰਮੈਨ ਅਤੇ ਇਸ ਦੇ ਮੈਂਬਰਾਂ ਦੇ ਨਾਵਾਂ ‘ਤੇ ਮੁਹਰ ਲਗਾਈ। ਮੁੱਖ ਮੰਤਰੀ ਭਗਵੰਤ ਮਾਨ ਸਮੇਤ ਇਸ ਬੋਰਡ ‘ਚ ਪੰਜਾਬ ਦੇ ਮਾਲ ਮੰਤਰੀ ਬ੍ਰਮ ਸੰਕਰ ਜਿੰਪਾ ਸੀਨੀਅਰ ਵਾਈਸ ਚੇਅਰਮੈਨ ਅਤੇ ਰਾਜਪੁਰਾ ਤੋਂ ਵਿਧਾਇਕ ਸ੍ਰੀਮਤੀ ਨੀਨਾ ਮਿੱਤਲ ਵਾਈਸ ਚੇਅਰਮੈਨ ਹੋਣਗੇ। ਨਾਲ ਹੀ ਰਿਤੇਸ਼ ਬਾਂਸਲ, ਗੁਰਵੀਰ ਸਿੰਘ ਸਰਾਓ, ਸੁਮਿਤ ਬਖਸੀ ਅਤੇ ਜਤਿੰਦਰ ਵਰਮਾ ਨੂੰ ਬੋਰਡ ਦੇ ਮੈਂਬਰਾਂ ਵੱਜੋਂ ਨਿਯੁਕਤ ਕੀਤਾ ਗਿਆ ਹੈ। ਸਰਕਾਰ ਨੇ ਪੰਜਾਬ ਮਾਲ ਵਿੱਤੀ ਕਮਿਸਨਰ ਅਤੇ ਪਟਿਆਲਾ ਦੇ ਡਿਪਟੀ ਕਮਿਸਨਰ ਨੂੰ ਬੋਰਡ ਦੇ ਮੈਂਬਰ ਅਤੇ ਰਾਜਪੁਰਾ ਦੇ ਉਪ ਮੰਡਲ ਮੈਜਿਸਟਰੇਟ ਨੂੰ ਇਸ ਬੋਰਡ ਦਾ ਪ੍ਰਸਾਸਕ ਨਿਯੁਕਤ ਕੀਤਾ ਹੈ।

ਪੰਜਾਬ ਨੂੰ ਹੁਣ ਕੇਵਲ ਭਾਜਪਾ ਦੀ ਸਰਕਾਰ ਹੀ ਬਚਾ ਸਕੇਗੀ -ਦਿਆਲ ਸੋਢੀ

0

ਸੁਖਜਿੰਦਰ ਮਾਨ
ਬਠਿੰਡਾ, 21 ਅਕਤੂਬਰ: ਪੰਜਾਬ ਨੂੰ ਹੁਣ ਕੇਵਲ ਭਾਜਪਾ ਦੀ ਸਰਕਾਰ ਹੀ ਬਚਾ ਸਕਦੀ ਹੈ, ਜਿਸਦੇ ਲਈ ਲੋਕਾਂ ਨੇ ਮਨ ਬਣਾ ਲਿਆ ਹੈ। ਇਹ ਦਾਅਵਾ ਕਰਦਿਆਂ ਅੱਜ ਹਲਕਾ ਮੌੜ ਦੇ ਪਿੰਡ ਗਹਿਰੀ ਬਾਰਾਂ ਸਿੰਘ ਵਿਖੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਨੇ ਕਿਹਾ ਕਿ ਅੱਜ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਹਨ ਇਸ ਦੀ ਜਿੰਮੇਵਾਰ ਪੰਜਾਬ ਦੀ ਮੌਜੂਦਾ ਆਮ ਪਾਰਟੀ ਦੀ ਸਰਕਾਰ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ ਹਿਤੈਸੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਅੱਜ ਕਿਸਾਨ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਸੜਕਾਂ ਤੇ ਧਰਨੇ ਲਾਉਣੇ ਪੈ ਰਹੇ ਹਨ, ਬੇਰੁਜਗਾਰ ਨੌਜਵਾਨ ਪਾਣੀ ਦੀਆਂ ਟੈਂਕੀਆਂ ਉੱਪਰ ਚੜ੍ਹੇ ਹੋਏ ਹਨ। ਪੰਜਾਬ ਦੀਆਂ ਔਰਤਾਂ ਆਪਣੇ ਖਾਤਿਆਂ ਵਿੱਚ ਇੱਕ ਹਜਾਰ ਰੁਪਏ ਆਉਣ ਦੀ ਉਡੀਕ ਕਰ ਰਹੀਆਂ ਹਨ। ਇਸ ਕਰਕੇ ਪੰਜਾਬ ਦੇ ਲੋਕ ਆਪਣੇ -ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਮੌਜੂਦਾ ਪੰਜਾਬ ਸਰਕਾਰ ਤੇ ਤੰਜ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਵੱਲੋਂ ਵੱਡੇ -ਵੱਡੇ ਬੋਰਡ ਲਗਾ ਕੇ ਦੱਸਿਆ ਜਾ ਰਿਹਾ ਹੈ ਕਿ “ਸਾਡਾ ਕੰਮ ਬੋਲਦਾ ਹੈ। ਉਹਨਾਂ ਕਿਹਾ ਕਿ ਅੱਜ ਜੇ ਕੰਮ ਬੋਲਦਾ ਹੁੰਦਾ ਤਾਂ ਲੋਕਾਂ ਨੂੰ ਸੜਕਾਂ ਤੇ ਧਰਨੇ ਨਾ ਲਾਉਣੇ ਪੈਂਦੇ। ਉਹਨਾਂ ਕਿਹਾ ਕਿ ਹੁਣ ਲੋਕਾਂ ਨੂੰ ਸਮਝ ਆ ਗਈ ਹੈ ਕਿ ਹੁਣ ਕੇਵਲ ਭਾਜਪਾ ਦੀ ਸਰਕਾਰ ਹੀ ਪੰਜਾਬ ਵਿੱਚ ਅਮਨ- ਸਾਂਤੀ, ਤਰੱਕੀ ਅਤੇ ਖੁਸਹਾਲੀ ਲਿਆ ਸਕੇਗੀ ਕਿਉਂਕਿ ਸਾਡੇ ਗੁਆਂਢੀ ਸੂਬਿਆਂ ਵਿੱਚ ਭਾਜਪਾ ਦੀਆਂ ਬਣੀਆਂ ਸਰਕਾਰਾਂ ਇਸ ਦੀ ਉਦਾਹਰਨ ਹਨ। ਜਿਸ ਕਰਕੇ ਉਹ ਸੂਬੇ ਤਰੱਕੀ ਅਤੇ ਖੁਸਹਾਲੀ ਦੇ ਰਾਹ ਤੇ ਪਏ ਹਨ। ਇਸ ਮੌਕੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਲਗਭਗ 10 ਪਰਿਵਾਰ ਭਾਜਪਾ ਵਿੱਚ ਸਾਮਲ ਹੋਏ। ਇਸ ਮੌਕੇ ਤੇ ਪਾਰਟੀ ਦੇ ਬਲਾਕ ਪ੍ਰਧਾਨ ਰਮੇਸ ਸਿੰਘ ਝੰਡੂਕੇ, ਜਰਨਲ ਸਕੱਤਰ ਡਾਕਟਰ ਮਲਕੀਤ ਸਿੰਘ, ਬਲਾਕ ਕਮੇਟੀ ਮੈਂਬਰ ਜਗਤਾਰ ਸਿੰਘ ਭੱਟੀ ਹਾਜਰ ਸਨ।

Our Visitor

1906495