Friday, May 15, 2026
Home Blog Page 2441

ਮਾਂ ਦੇ ਸਦਮੇ ਕਾਰਨ ਨਾਬਾਲਿਗ ਬੱਚੇ ਨੇ ਕੀਤੀ ਆਤਮਹੱਤਿਆ

0

ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ,13 ਜੁਲਾਈ: ਹਾਲੇ ਦੋ ਦਿਨ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ’ਚ ਸੱਪ ਦੇ ਡੱਸਣ ਕਾਰਨ ਨੌਜਵਾਨ ਦੀ ਹੋਈ ਮੌਤ ਦੇ ਦੂਜੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਬਾਪ ਦੀ ਹੋਈ ਮੌਤ ਦੀਆਂ ਖ਼ਬਰਾਂ ਦੀ ਸਿਆਹੀ ਸੁੱਕੀ ਨਹੀਂ ਸੀ ਕਿ ਅੱਜ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮਾਛੀਵਾੜਾ ਅਧੀਨ ਆਉਂਦੇ ਪਿੰਡ ਖੇੜਾ ’ਚ ਇੱਕ ਨਾਬਾਲਗ ਬੱਚੇ ਵੱਲੋਂ ਅਪਣੀ ਮਾਂ ਦੀ ਮੌਤ ਦੇ ਸਦਮੇ ਕਾਰਨ ਖ਼ੁਦਕਸ਼ੀ ਕਰਕੇ ਆਤਮ-ਹੱਤਿਆ ਕਰਨ ਦੀ ਦੁਖਦਾਈ ਖ਼ਬਰ ਮਿਲੀ ਹੈ। ਮਿ੍ਰਤਕ ਬੱਚੇ ਦੀ ਪਹਿਚਾਣ ਅਰਮਾਨਦੀਪ ਸਿੰਘ ਵਜੋਂ ਹੋਈ ਹੈ। ਮਾਛੀਵਾੜਾ ਪੁਲਿਸ ਦੇ ਅਧਿਕਾਰੀਆਂ ਨੇ ਦਸਿਆ ਕਿ ਮਿ੍ਰਤਕ ਬੰਚੇ ਦੇ ਪਿਤਾ ਪਰਸਾ ਸਿੰਘ ਦੇ ਬਿਆਨਾਂ ਉਪਰ ਕਾਰਵਾਈ ਕੀਤੀ ਜਾ ਰਹੀ ਹੈ। ਸੂਚਨਾ ਮੁਤਾਬਕ ਮਿ੍ਰਤਕ ਅਰਮਾਨਦੀਪ ਸਿੰਘ ਦੀ ਮਾਤਾ ਨੇ ਕੁੱਝ ਸਮਾਂ ਪਹਿਲਾਂ ਆਤਮਹੱਤਿਆ ਕਰ ਲਈ ਸੀ। ਜਿਸਤੋਂ ਬਾਅਦ ਉਕਤ ਬੱਚਾ ਕਾਫ਼ੀ ਉਦਾਸ ਰਹਿਣ ਲੱਗਿਆ ਸੀ। ਇਸਤੋਂ ਇਲਾਵਾ ਉਸਦਾ ਵੱਡਾ ਭਰਾ ਵੀ ਆਸਾਧਾਰਣ ਦਸਿਆ ਜਾ ਰਿਹਾ ਹੈ, ਜਿਸਦੀ ਸਾਂਭ-ਸੰਭਾਲ ਉਹੀ ਕਰਦਾ ਸੀ ਤੇ ਉਸਦਾ ਪਿਤਾ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਘਰ ਵਿਚ ਇਕੱਲਤਾ ਤੇ ਮਾਂ ਦੀ ਮੌਤ ਕਾਰਨ ਅਰਮਾਨਦੀਪ ਉਦਾਸ ਰਹਿੰਦਾ ਸੀ ਤੇ ਹੁਣ ਉਸਨੇ ਵੀ ਘਰ ਵਿਚ ਫ਼ਾਹਾ ਲੈ ਕੇ ਆਤਮਹੱਤਿਆ ਕਰ ਲਈ। ਇਸ ਘਟਨਾ ਕਾਰਨ ਇਲਾਕੇ ਵਿਚ ਲੋਕਾਂ ਵਲੋਂ ਦੁੱਖ ਪ੍ਰਗਟਾਇਆ ਜਾ ਰਿਹਾ ਹੈ।

ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ’ਤੇ ਹਮਲਾ

0

ਸੁਖਜਿੰਦਰ ਮਾਨ
ਚੰਡੀਗੜ੍ਹ, 12 ਜੁਲਾਈ : ਦਿੱਲੀ ਤੋਂ ਵਾਪਸ ਆ ਰਹੇ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ‘ਤੇ ਕੁੱਝ ਅਗਿਆਤ ਲੋਕਾਂ ਵਲੋਂ ਹਮਲਾ ਕਰਨ ਦੀ ਸੂਚਨਾ ਹੈ। ਹਾਲਾਂਕਿ ਉਹ ਇਸ ਹਮਲੇ ਵਿਚ ਵਾਲ ਵਾਲ ਬਚ ਗਏ ਪ੍ਰੰਤੂ ਜਿੱਥੇ ਉਹ ਬੈਠੇ ਸਨ, ਉਸ ਸਾਈਡ ਦਾ ਸ਼ੀਸ਼ਾ ਟੁੱਟਗਿਆ। ਦਸਣਾ ਬਣਦਾ ਹੈ ਕਿ ਐਡਵੋਕੇਟ ਜਨਰਲ ਸਿੱਧੂ ਦਿੱਲੀ ਤੋਂ ਗੈਂਗਸਟਰ ਲਾਰੈਂਸ ਬਿਸਨੋਈ ਦੇ ਮਾਮਲੇ ’ਚ ਦਿੱਲੀ ਤੋਂ ਰੇਲਗੱਡੀ ਰਾਹੀਂ ਵਾਪਸ ਆ ਰਹੇ ਸਨ। ਇਸ ਦੌਰਾਨ ਜਦ ਉਹ ਪਾਣੀਪਤ ਕੋਲ ਪੁੱਜੇ ਤਾਂ ਉਨ੍ਹਾਂ ’ਤੇ ਹਮਲਾ ਹੋ ਗਿਆ। ਇਸ ਮਾਮਲੇ ਦੀ ਪੁਲਿਸ ਵਲੋਂ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਬਾਅਦ ਵਿਚ ਚੰਡੀਗੜ੍ਹ ਪੁੱਜੇ ਸ: ਸਿੱਧੂ ਨੇ ਕਿਹਾ ਕਿ ੳਨ੍ਹਾਂ ਇਹ ਮਾਮਲਾ ਡੀਜੀਪੀ ਦੇ ਧਿਆਨ ਵਿਚ ਲਿਆ ਦਿੱਤਾ ਹੈ ਤੇ ਜਾਂਚ ਤੋਂ ਬਾਅਦ ਹੀ ਸਾਰੀ ਸਚਾਈ ਸਾਹਮਣੇ ਆਵੇਗੀ।

ਮੁਫ਼ਤ ਬਿਜਲੀ ਦਾ ਜਾਰੀ ਹੋਇਆ ਨੋਟੀਫਿਕੇਸ਼ਨ, ਸਭ ਨੂੰ ਮਿਲੇਗੀ 600 ਯੂਨਿਟ

0

ਐਸ.ਸੀ, ਬੀ.ਸੀ ਤੇ ਸੁਤੰਤਰਤਾ ਸੈਨਾਨੀਆਂ ਦੀ ਕਿਲੋਵਾਟ ਦੀ ਸ਼ਰਤ ’ਤੇ ਕੀਤੀ ਖ਼ਤਮ
ਸੁਖਜਿੰਦਰ ਮਾਨ
ਚੰਡੀਗੜ, 12 ਜੁਲਾਈ : ਚੋਣਾਂ ਤੋਂ ਪਹਿਲਾਂ ਹਰੇਕ ਪੰਜਾਬੀ ਨੂੰ 600 ਮੁਫ਼ਤ ਯੂਨਿਟ ਦੇਣ ਦੀ ਕੀਤੀ ਗਰੰਟੀ ਨੂੰ ਪੂਰਾ ਕਰਦਿਆਂ ਜਿੱਥੇ ਇਸ 1 ਜੁਲਾਈ ਤੋਂ ਬਾਅਦ ਇਸ ਵਾਅਦੇ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਸੀ, ਉਥੇ ਇਸ ਗਰੰਟੀ ਪੂਰਾ ਕਰਨ ਲਈ ਅੱਜ ਜਾਰੀ ਨੋਟੀਫਿਕੇਸ਼ਨ ’ਚ ਵੱਡੀ ਰਾਹਤ ਦਿੰਦਿਆਂ ਇੱਕ ਕਿਲੋਵਾਟ ਲੋਡ ਵਾਲੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਹੈੇ। ਜਾਰੀ ਨੋਟੀਫਿਕੇਸ਼ਨ ਵਿਚ ਬੇਸ਼ੱਕ ਜਨਰਲ ਵਰਗ ਦਾ ਕੋਈ ਵਿਸ਼ੇਸ ਜਿਕਰ ਨਹੀਂ ਕੀਤਾ ਗਿਆ, ਪ੍ਰੰਤੂ ਐੱਸਸੀ, ਬੀਸੀ, ਬੀਪੀਐੱਲ ਤੇ ਆਜਾਦੀ ਘੁਲਾਟੀਆਂ ਲਈ ਇਕ ਕਿੱਲੋਵਾਟ ਦੀ ਸ਼ਰਤ ਹਟਾ ਦਿੱਤੀ ਹੈ। ਦਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਵਲੋਂ ਇਹ ਮੁਫ਼ਤ 600 ਯੂਨਿਟ ਦੀ ਸਹੂਲਤ ਸਿਰਫ ਰਿਹਾਇਸ਼ੀ ਘਰਾਂ ਲਈ ਦਿੱਤੀ ਜਾਵੇਗੀ। ਗੌਰਤਲਬ ਹੈ ਕਿ ਇਸ ਮੁਫ਼ਤ ਗਰੰਟੀ ਦੀ ਇਸ ਸਕੀਮ ਵਿਚ ਜਨਰਲ ਵਰਗ ਲਈ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜੇਕਰ 2 ਮਹੀਨਿਆਂ ਦੇ ਵਿਚ 600 ਯੂਨਿਟ ਤੋਂ ਇੱਕ ਵੀ ਯੂਨਿਟ ਵਧ ਜਾਂਦੀ ਹੈ ਤਾਂ ਸਾਰੀਆਂ ਯੂਨਿਟਾਂ ਦੇ ਪੈਸੇ ਦੇਣੇ ਪੈਣਗੇ।

ਪੰਜਾਬ ਨੂੰ ਨਵੀਂ ਤੇ ਨਵਿਆਉਣਯੋਗ ਊਰਜਾ ਨਿਪੁੰਨ ਤੇ ਸਮੱਰਥ ਸੂਬਾ ਬਣਾਵਾਂਗੇ: ਅਮਨ ਅਰੋੜਾ

0

ਕੈਬਨਿਟ ਮੰਤਰੀ ਨੇ ਪੇਡਾ ਦੀ ਪਲੇਠੀ ਮੀਟਿੰਗ ਵਿੱਚ ਊਰਜਾ ਦੇ ਨਵੇਂ ਸਾਧਨਾਂ ਦੇ ਪ੍ਰਚਾਰ ਤੇ ਪਸਾਰ ਉਤੇ ਦਿੱਤਾ ਜ਼ੋਰ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਜੁਲਾਈ: ਪੰਜਾਬ ਨੂੰ ਨਵੀਂ ਤੇ ਨਵਿਆਉਣਯੋਗ ਊਰਜਾ ਨਿਪੁੰਨ ਤੇ ਸਮੱਰਥ ਬਣਾਉਣ ਲਈ ਵਿਆਪਕ ਕਦਮ ਚੁੱਕੇ ਜਾਣਗੇ ਅਤੇ ਪੰਜਾਬ ਨੂੰ ਇਸ ਨਵੀਂ ਊਰਜਾ ਸੰਪੰਨ ਸੂਬਾ ਬਣਾਉਣ ਲਈ ਕੋਈ ਕਸਰ ਨਹੀਂ ਛੱਡਾਂਗੇ। ਇਹ ਗੱਲ ਪੰਜਾਬ ਦੇ ਨਵੇਂ ਬਣੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਅਮਨ ਅਰੋੜਾ ਨੇ ਅੱਜ ਇੱਥੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੇ। ਸ੍ਰੀ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿੱਚ ਵਾਤਾਵਰਣ ਪੱਖੀ ਮਾਹੌਲ ਸਿਰਜਣ ਅਤੇ ਊਰਜਾ ਦੇ ਰਵਾਇਤੀ ਸਰੋਤਾਂ ਦੇ ਨਾਲ ਆਧੁਨਿਕ ਸਰੋਤਾਂ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਵੀਂ ਊਰਜਾ ਦੇ ਸੋਮੇ ਜਿਵੇਂ ਕਿ ਸੋਲਰ, ਬਾਇਓ ਮਾਸ ਤੇ ਹਾਈਡਲ ਪ੍ਰਾਜੈਕਟਾਂ ਨੂੰ ਸਥਾਪਤ ਕਰਕੇ ਇਸ ਦੇ ਪ੍ਰਚਾਰ ਤੇ ਪਸਾਰ ਉਤੇ ਧਿਆਨ ਦੇਣ ਲਈ ਕਿਹਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਪ੍ਰਦੂਸ਼ਣ ਅੱਜ ਆਲਮੀ ਸਮੱਸਿਆ ਬਣ ਗਿਆ ਹੈ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਸੁਥਰਾ ਮਾਹੌਲ ਅਤੇ ਸ਼ੁੱਧ ਵਾਤਾਵਾਰਣ ਦਿੱਤਾ ਜਾਵੇ ਜਿਸ ਲਈ ਊਰਜਾ ਦੇ ਰਵਾਇਤੀ ਸੋਮਿਆਂ ਤੋਂ ਅੱਗੇ ਵਧਦਿਆਂ ਨਵੇਂ ਸਰੋਤਾਂ ਨੂੰ ਹੁਲਾਰਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਵੀ ਇਸ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਸਾਰੇ ਦੇਸ਼ ਨਵੀਂ ਊਰਜਾ ਦੇ ਖੇਤਰ ਉਤੇ ਧਿਆਨ ਦੇ ਰਹੇ ਹਨ। ਸ੍ਰੀ ਅਰੋੜਾ ਨੇ ਵਿਭਾਗ ਦੇ ਅਧਿਕਾਰੀਆਂ ਨਵੀਂ ਊਰਜਾ ਦੇ ਨਵੇਂ ਪ੍ਰਾਜੈਕਟ ਲਗਾਉਣ ਲਈ ਇਸ ਦੇ ਰਾਹ ਤਲਾਸ਼ਣ ਅਤੇ ਇਸ ਸੰਬੰਧੀ ਵਿਆਪਕ ਵਿਸਥਾਰਤ ਰਿਪੋਰਟ ਬਣਾਉਣ ਲਈ ਕਿਹਾ।ਇਸ ਮੌਕੇ ਪੇਡਾ ਦੇ ਚੇਅਰਮੈਨ ਐਚ.ਐਸ.ਹੰਸਪਾਲ ਤੇ ਪੇਡਾ ਦੇ ਸੀ.ਈ.ਓ. ਸੁਮੀਤ ਜਾਰੰਗਲ ਵੀ ਹਾਜ਼ਰ ਸਨ।

ਨਵੇਂ ਰੂਟਾਂ ਦੇ ਮੱਦੇਨਜ਼ਰ ਪੀ.ਆਰ.ਟੀ.ਸੀ. ਆਪਣੇ ਬੇੜੇ ‘ਚ ਸ਼ਾਮਲ ਕਰੇਗੀ ਨਵੀਆਂ 219 ਬੱਸਾਂ: ਲਾਲਜੀਤ ਸਿੰਘ ਭੁੱਲਰ

0

ਸੁਖਜਿੰਦਰ ਮਾਨ
ਚੰਡੀਗੜ੍ਹ, 12 ਜੁਲਾਈ: ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਬੱਸ ਰੂਟ ਪਰਮਿਟਾਂ ਦੇ ਸਨਮੁਖ ਪੀ.ਆਰ.ਟੀ.ਸੀ. ਵੱਲੋਂ ਲੋਕਾਂ ਦੀ ਸਹੂਲਤ ਲਈ ਆਪਣੇ ਬੇੜੇ ਵਿੱਚ 219 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਇਥੇ ਦੱਸਿਆ ਕਿ ਨਵੇਂ ਰੂਟਾਂ ਲਈ ਪੀ.ਆਰ.ਟੀ.ਸੀ. ਨੂੰ ਹੋਰ ਨਵੀਆਂ ਬੱਸਾਂ ਦੀ ਜਰੂਰਤ ਸੀ ਜਿਸ ਕਰਕੇ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ 219 ਸਧਾਰਣ ਨਵੀਆਂ ਬੱਸਾਂ ਸਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪ੍ਰਵਾਨਗੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਦੇ ਦਿੱਤੀ ਗਈ ਹੈ।ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਵਿੱਚ ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣ ਦੀ ਪ੍ਰਕਿਰਿਆ ਅਰੰਭ ਦਿੱਤੀ ਗਈ ਹੈ ਅਤੇ ਟੈਂਡਰ ਕੱਢਿਆ ਜਾ ਚੁੱਕਾ ਹੈ ਜਿਸ ਦੀ ਆਖਰੀ ਤਰੀਕ 2 ਅਗਸਤ ਹੈ।
ਮੰਤਰੀ ਨੇ ਦੱਸਿਆ ਕਿ ਕਿਲੋਮੀਟਰ ਸਕੀਮ ਦਾ ਆਪ੍ਰੇਟਰ/ਬੱਸ ਮਾਲਕ ਪੀ.ਆਰ.ਟੀ.ਸੀ. ਨੂੰ ਮੁਕੰਮਲ ਤੌਰ ‘ਤੇ ਨਵੀਂ ਬੱਸ ਮੁਹੱਈਆ ਕਰਵਾਏਗਾ। ਬੱਸ ਦੇ ਰੱਖ-ਰਖਾਅ/ਡਰਾਈਵਰ/ਇੰਸ਼ੋਰੈਂਸ/ਲੋਨ ਦੀ ਅਦਾਇਗੀ ਆਦਿ ਦੀ ਜ?ਿੰਮੇਵਾਰੀ ਆਪ੍ਰੇਟਰ/ਬੱਸ ਮਾਲਕ ਦੀ ਹੋਵੇਗੀ ਜਿਸ ਬਦਲੇ ਆਪ੍ਰੇਟਰ/ਬੱਸ ਮਾਲਕ ਨੂੰ ਟੈਂਡਰ ਵਿੱਚ ਆਏ ਘੱਟੋ-ਘੱਟ ਰੇਟ ਅਨੁਸਾਰ ਉਸ ਦੀ ਬੱਸ ਵੱਲੋਂ ਤੈਅ ਕੀਤੇ ਗਏ ਕਿਲੋਮੀਟਰਾਂ ਦੇ ਆਧਾਰ ‘ਤੇ ਹਰੇਕ ਮਹੀਨੇ ਅਦਾਇਗੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਵੱਲੋਂ ਬੱਸ ਲਈ ਸਿਰਫ ਕੰਡਕਟਰ ਮੁਹੱਈਆ ਕਰਵਾਇਆ ਜਾਵੇਗਾ ਅਤੇ ਬੱਸ ਤੋਂ ਹੋਣ ਵਾਲੀ ਰੂਟ ਆਮਦਨ ਪੀ.ਆਰ.ਟੀ.ਸੀ. ਦੇ ਖਾਤੇ ਵਿੱਚ ਜਮ੍ਹਾ ਹੋਵੇਗੀ। ਇਨ੍ਹਾਂ 219 ਬੱਸਾਂ ਨਾਲ ਪੀ.ਆਰ.ਟੀ.ਸੀ. ਆਪਣੀ ਨਿਰਧਾਰਤ ਮਾਇਲੇਜ ਪੂਰੀ ਕਰਨ ਵਿੱਚ ਸਫਲ ਹੋਵੇਗੀ ਜਿਸ ਨਾਲ ਨਾ ਸਿਰਫ ਲੋਕਾਂ ਨੂੰ ਬਿਹਤਰ ਸਫਰ ਸਹੂਲਤ ਮੁਹੱਈਆ ਹੋਵੇਗੀ ਅਤੇ ਪੀ.ਆਰ.ਟੀ.ਸੀ. ਦੀ ਆਮਦਨ ਵਿੱਚ ਇਜਾਫਾ ਹੋਵੇਗਾ, ਸਗੋਂ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
ਪੰਜਾਬ ਤੋਂ ਦਿੱਲੀ ਵਾਲਵੋ ਬੱਸ ਸਰਵਿਸ ’ਤੇ 17,500 ਸਵਾਰੀਆਂ ਨੇ ਕੀਤਾ ਸਫਰ
ਚੰਡੀਗੜ੍ਹ, 12 ਜੁਲਾਈ: ਪੰਜਾਬ ਤੋਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਹਾਲ ਹੀ ਵਿੱਚ ਸੁਰੂ ਕੀਤੀ ਗਈ ਨਵੀਂ ਵਾਲਵੋ ਬੱਸ ਸੇਵਾ ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਹੁਣ ਤੱਕ ਇਸ ਬੱਸ ਸਰਵਿਸ ਦਾ ਲਗਭਗ 17,500 ਸਵਾਰੀਆਂ ਲਾਹਾ ਲੈ ਚੁੱਕੀਆਂ ਹਨ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 15 ਜੂਨ ਨੂੰ ਬੱਸ ਸੇਵਾ ਦਾ ਉਦਘਾਟਨ ਕਰਨ ਦੇ 25 ਦਿਨਾਂ ਦੇ ਅੰਦਰ-ਅੰਦਰ ਪੰਜਾਬ ਤੋਂ ਦਿੱਲੀ ਕੌਮਾਂਤਰੀ ਏਅਰਪੋਰਟ ਦਰਮਿਆਨ ਚੱਲਣ ਵਾਲੀ ਵਾਲਵੋ ਬੱਸ ਸੇਵਾ ਆਮ ਲੋਕਾਂ ਲਈ ਫਾਇਦੇਮੰਦ ਸਾਬਤ ਹੋ ਰਹੀ ਹੈ।ਮੰਤਰੀ ਨੇ ਕਿਹਾ ਕਿ ਪੰਜਾਬ ਰੋਡਵੇਜ, ਪਨਬੱਸ ਅਤੇ ਪੀ.ਆਰ.ਟੀ.ਸੀ. ਦੀਆਂ 20 ਵਾਲਵੋ ਬੱਸਾਂ ਰੋਜਾਨਾ ਅੰਮਿ੍ਤਸਰ, ਪਠਾਨਕੋਟ, ਲੁਧਿਆਣਾ, ਹੁਸ?ਿਆਰਪੁਰ, ਕਪੂਰਥਲਾ, ਜਲੰਧਰ, ਪਟਿਆਲਾ, ਨਵਾਂਸਹਿਰ, ਰੋਪੜ, ਮੋਗਾ ਅਤੇ ਚੰਡੀਗੜ੍ਹ ਤੋਂ ਕੌਮਾਂਤਰੀ ਏਅਰਪੋਰਟ ਨਵੀਂ ਦਿੱਲੀ ਤੱਕ ਚਲ ਰਹੀਆਂ ਹਨ।

ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਬਠਿੰਡਾ ਵਿੱਚ ਬਣਾਇਆ ਜਾਵੇ ਸਕਿੱਲ ਹੱਬ: ਵੀਨੂੰ ਗੋਇਲ

0

ਸੁਖਜਿੰਦਰ ਮਾਨ

ਬਠਿੰਡਾ, 12 ਜੁਲਾਈ : ਆਤਮ ਨਿਰਭਰ ਭਾਰਤ ਦੇ ਮਿਸਨ ਨੂੰ ਸਾਕਾਰ ਕਰਨ ਲਈ ਭਾਜਪਾ ਆਗੂ ਅਤੇ ਸਮਾਜ ਸੇਵੀ ਵੀਨੂੰ ਗੋਇਲ ਦੀ ਅਗਵਾਈ ਵਿੱਚ ਡਾਇਮੰਡ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਤੋਂ ਬਠਿੰਡਾ ਵਿੱਚ ਔਰਤਾਂ ਲਈ ਸਕਿੱਲ ਹੱਬ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਹੱਬ ਵਿੱਚ ਸਿਰਫ ਔਰਤਾਂ ਨੂੰ ਹੀ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਖਲਾਈ ਦੇ ਨਾਲ-ਨਾਲ ਔਰਤਾਂ ਨੂੰ ਆਤਮ ਨਿਰਭਰ ਭਾਰਤ ਲਈ ਕੇਂਦਰੀ ਸਕੀਮਾਂ ‘ਤੇ ਕੰਮ ਕਰਨਾ ਵੀ ਸਿਖਾਇਆ ਜਾਵੇ, ਤਾਂ ਜੋ ਔਰਤਾਂ ਸਸਕਤ ਹੋ ਕੇ ਸਮਾਜ ‘ਚ ਆਤਮ ਵਿਸਵਾਸ ਨਾਲ ਆਪਣਾ ਜੀਵਨ ਬਤੀਤ ਕਰ ਸਕਣ ਅਤੇ ਕੇਂਦਰੀ ਸਕੀਮਾਂ ਦੇ ਲਾਭ ਬਾਰੇ ਵੀ ਸਮਾਜ ਨੂੰ ਦੱਸਿਆ ਜਾ ਸਕੇ। ਜ?ਿਕਰਯੋਗ ਹੈ ਕਿ ਸਮਾਜ ਸੇਵੀ ਵੀਨੂੰ ਗੋਇਲ ਦੀ ਅਗਵਾਈ ‘ਚ ਪਿਛਲੇ 19 ਸਾਲਾਂ ਤੋਂ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਦੀ ਦਿਸਾ ‘ਚ ਮੁਫਤ ਸਿਲਾਈ, ਕਢਾਈ ਅਤੇ ਹੋਰ ਕਿੱਤਿਆਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਜੋ ਹਰ ਸਾਲ ਜੂਨ ਮਹੀਨੇ ‘ਚ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਵੈ-ਰੁਜਗਾਰ ਸਿਖਲਾਈ ਕੈਂਪਾਂ ਵਿੱਚ ਹੁਣ ਤੱਕ 30 ਹਜਾਰ ਦੇ ਕਰੀਬ ਔਰਤਾਂ ਇਸ ਦਾ ਲਾਭ ਲੈ ਚੁੱਕੀਆਂ ਹਨ। ਸਮਾਜ ਸੇਵੀ ਅਤੇ ਭਾਜਪਾ ਆਗੂ ਵੀਨੂੰ ਗੋਇਲ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਪਰੋਕਤ ਕੋਰਸ ਨੂੰ ਵਧੀਆ ਸੈੱਟਅੱਪ ਕਰਕੇ ਪੂਰੇ ਸਾਲ ਚਲਾਇਆ ਜਾਵੇ, ਤਾਂ ਸਵੈ-ਰੁਜਗਾਰ ਅਤੇ ਪਲੇਸਮੈਂਟ ਰਾਹੀਂ ਬੇਰੁਜਗਾਰੀ ਨੂੰ ਕਾਫੀ ਹੱਦ ਤੱਕ ਖਤਮ ਕੀਤਾ ਜਾ ਸਕਦਾ ਹੈ। ਉਪਰੋਕਤ ਮੰਗ ਵੀਨੂੰ ਗੋਇਲ ਨੇ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਸੌਂਪਣ ਸਮੇਂ ਕੀਤੀ, ਤਾਂ ਜੋ ਔਰਤਾਂ ਨੂੰ ਢੁੱਕਵਾਂ ਪਲੇਟਫਾਰਮ ਮਿਲ ਸਕੇ ਅਤੇ ਜੂਨ ਮਹੀਨੇ ਦੀ ਬਜਾਏ ਪੂਰੇ ਸਾਲ ਔਰਤਾਂ ਨੂੰ ਸਿਖਲਾਈ ਦਿੱਤੀ ਜਾ ਸਕੇ, ਤਾਂ ਜੋ ਵੱਧ ਤੋਂ ਵੱਧ ਔਰਤਾਂ ਇਸਦਾ ਫਾਇਦਾ ਉਠਾ ਸਕੇ। ਇਸ ਸਬੰਧੀ ਕੇਂਦਰੀ ਮੰਤਰੀ ਵੱਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਜਲਦੀ ਹੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਔਰਤਾਂ ਲਈ ਸਕਿੱਲ ਹੱਬ ਸਥਾਪਤ ਕਰਨ ਦੀ ਕੋਸਿਸ ਕਰਨਗੇ। ਇਸ ਦੌਰਾਨ ਡਾਇਰੈਕਟਰ ਐਮ.ਕੇ ਮੰਨਾ, ਸੰਤੋਸ, ਸਿਮਰਨਜੀਤ, ਪਿੰਕੀ ਅਤੇ ਸੁਸਾਇਟੀ ਦੇ ਹੋਰ ਮੈਂਬਰ ਹਾਜਰ ਸਨ।

ਸੰਘਰਸ਼ੀ ਅਧਿਆਪਕਾਂ ਦੀ ਪੈਡਿੰਗ ਰੈਗੂਲਰਾਈਜੇਸ਼ਨ ਸਬੰਧੀ ਸਿੱਖਿਆ ਮੰਤਰੀ ਦੇ ਨਾਂ ਸੌਂਪਿਆ ਮੰਗ ਪੱਤਰ

0

ਇਨਸਾਫ਼ ਨਾ ਮਿਲਣ ‘ਤੇ ਡੀ.ਪੀ.ਆਈ. (ਸੈ: ਸਿੱ:) ਦਫਤਰ ਵਿਖੇ ਹੋਵੇਗਾ ਗੁਪਤ ਐਕਸ਼ਨ: ਡੀ.ਟੀ.ਐਫ.
ਡੀ.ਟੀ.ਐਫ. ਨੇ ਸਿੱਖਿਆ ਮੰਤਰੀ ਤੋਂ ਸੰਘਰਸ਼ੀ ਅਧਿਆਪਕਾਂ ਦਾ ਮਾਮਲਾ ਹੱਲ ਕਰਨ ਦੀ ਕੀਤੀ ਮੰਗ
ਡੀਪੀਆਈ (ਸੈ: ਸਿੱ:) ਵੱਲੋਂ ਸਰਕਾਰ ਨਾਲ ਹੋਏ ਫੈਸਲੇ ਨੂੰ ਲਾਗੂ ਨਾ ਕਰਨਾ ਨਿਖੇਧੀਯੋਗ: ਡੀ.ਟੀ.ਐਫ.
ਸੁਖਜਿੰਦਰ ਮਾਨ
ਬਠਿੰਡਾ, 12 ਜੁਲਾਈ: ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੀ ਜਿਲ੍ਹਾ ਇਕਾਈ ਬਠਿੰਡਾ ਵੱਲੋਂ ਐੱਸ.ਐੱਸ.ਏ, ਰਮਸਾ, ਆਦਰਸ਼ ਤੇ ਮਾਡਲ ਸਕੂਲਾਂ ਦੇ ਰੈਗੂਲਰ ਹੋਏ 8886 ਅਧਿਆਪਕਾਂ ਵਿੱਚੋਂ ਸੰਘਰਸ਼ਾਂ ਦੌਰਾਨ ਮੋਹਰੀ ਭੂਮਿਕਾ ਨਿਭਾਉਣ ਵਾਲੇ ਅਧਿਆਪਕ ਆਗੂ ਹਰਿੰਦਰ ਪਟਿਆਲਾ ਅਤੇ ਮੈਡਮ ਨਵਲਦੀਪ ਸ਼ਰਮਾਂ ਦੇ ਪੱਖਪਾਤੀ ਢੰਗ ਨਾਲ ਰੋਕੇ ਰੈਗੂਲਰ ਆਰਡਰ ਜਾਰੀ ਕਰਵਾਉਣ ਦੀ ਮੰਗ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਹੀਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਂ ‘ਮੰਗ ਪੱਤਰ‘ ਸੌਂਪਿਆ ਗਿਆ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਪ੍ਰਵਾਨਗੀ ਹੋਣ ਦੇ ਬਾਵਜੂਦ ਡੀਪੀਆਈ (ਸੈਕੰਡਰੀ ਸਿੱਖਿਆ) ਵੱਲੋਂ ਬੇਲੋੜੀ ਦੇਰੀ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਜਥੇਬੰਦੀ ਵੱਲੋਂ ਮੋਹਾਲੀ ਵਿਖੇ ਐਲਾਨੇ ਸੂਬਾਈ ਗੁਪਤ ਐਕਸ਼ਨ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।ਇਸ ਮੌਕੇ ਡੀ.ਟੀ.ਐਫ. ਦੇ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ ਜਨਰਲ ਸਕੱਤਰ ਰਾਜੇਸ਼ ਮੋਂਗਾ ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਰੋਮਾਣਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਬੀਤੀ 15 ਜੂਨ ਨੂੰ ਮੁੱਖ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਮੰਤਰੀ ਵੱਲੋਂ ਇਹ ਮਾਮਲਾ ਹਰ ਹਾਲਤ 30 ਜੂਨ ਤੱਕ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਮੰਤਰੀ ਵੱਲੋਂ ਇਸ ਸਬੰਧੀ ਪੰਜਾਬ ਸਰਕਾਰ ਦੀ ਪ੍ਰਵਾਨਗੀ ਹੋਣ ਦੀ ਜਾਣਕਾਰੀ ਵੀ ਦਿੱਤੀ ਗਈ ਸੀ। ਪ੍ਰੰਤੂ ਡੀ.ਪੀ.ਆਈ. (ਸੈ: ਸਿ:) ਦਫਤਰ ਵੱਲੋਂ ਇਸ ਵਾਜਿਬ ਮੰਗ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ। ਅਜਿਹੇ ਵਿੱਚ ਕਈ ਸਾਲਾਂ ਤੋਂ ਬੇਇਨਸਾਫੀ ਅਤੇ ਪੱਖਪਾਤ ਦਾ ਸ਼ਿਕਾਰ ਅਧਿਆਪਕਾਂ ਦੇ ਮਾਮਲੇ ਸਬੰਧੀ ਸਮੁੱਚੇ ਅਧਿਆਪਕ ਵਰਗ ਵਿੱਚ ਸਖਤ ਰੋਸ ਹੈ। ਆਗੂਆਂ ਨੇ ਦੱਸਿਆ ਕਿ 8,886 ਅਧਿਆਪਕਾਂ ਦੀ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ 2018 ਤੋਂ ਕੀਤੀ ਰੈਗੂਲਰਾਈਜੇਸ਼ਨ ਦੌਰਾਨ ਬਾਕੀ ਅਧਿਆਪਕਾਂ ਵਾਂਗ ਰੈਗੂਲਰ ਦੀ ਆਪਸ਼ਨ ਲੈ ਚੁੱਕੇ ਦੋ ਅਧਿਆਪਕਾਂ ਹਰਿੰਦਰ ਸਿੰਘ (ਪੰਜਾਬੀ ਮਾਸਟਰ) ਅਤੇ ਮੈਡਮ ਨਵਲਦੀਪ ਸ਼ਰਮਾ (ਮੌਜੂਦਾ ਸਮੇਂ ਸਿੱਧੀ ਭਰਤੀ ਮੁੱਖ ਅਧਿਆਪਕਾ) ਦੀ ਮਿਤੀ 01-04-2018 ਤੋਂ ਪੈਡਿੰਗ ਰੈਗੂਲਰਾਈਜੇਸ਼ਨ ਅਤੇ ਸਾਰੇ ਤਨਖਾਹ ਬਕਾਏ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਹਾਲੇ ਤੱਕ ਮੁਕੰਮਲ ਨਹੀਂ ਕੀਤਾ ਗਿਆ ਹੈ। ਜੱਥਬੰਦੀ ਦੀ ਸੂਬਾ ਕਮੇਟੀ ਵੱਲੋਂ ਬੀਤੀ 11 ਜੁਲਾਈ ਨੂੰ ਡੀ.ਪੀ.ਆਈ. (ਸੈ:ਸਿ:) ਨੂੰ ਵੀ ਇਸ ਸਬੰਧੀ ਇੱਕ ਹਫਤੇ ਦਾ ਸੰਘਰਸ਼ੀ ਨੋਟਿਸ ਦਿੱਤਾ ਗਿਆ ਹੈ ਅਤੇ ਮਾਮਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਉਹਨਾਂ ਦੇ ਦਫਤਰ ਵਿਖੇ ਸੂਬਾ ਪੱਧਰੀ ਗੁਪਤ ਐਕਸ਼ਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਮੰਗ ਪੱਤਰ ਰਾਹੀਂ ਸਿੱਖਿਆ ਮੰਤਰੀ ਤੋਂ ਇਹ ਮਾਮਲਾ ਹੱਲ ਕਰਨ ਸਬੰਧੀ ਡੀ.ਪੀ.ਆਈ. (ਸੈ: ਸਿ:) ਨੂੰ ਫੌਰੀ ਲੋੜੀਂਦੇ ਨਿਰਦੇਸ਼ ਜਾਰੀ ਕਰਨ ਦੀ ਮੰਗ ਵੀ ਕੀਤੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ ਐਮ ਐਫ ਦੇ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਧਾਲੀਵਾਲ ਡੀਟੀਐਫ ਦੇ ਨਰਿੰਦਰ ਬੱਲੂਆਣਾ, ਅੰਮਿ੍ਰਤਪਾਲ ਸੈਣੇਵਾਲਾ, ਅਮੋਲਕ ਸਿੰਘ, ਸੁਰੇਸ਼ ਕੁਮਾਰ, ਅਵਤਾਰ ਮਲੂਕਾ ਆਦਿ ਹਾਜ਼ਰ ਸਨ ।

ਮੁੱਖ ਮੰਤਰੀ ਵੱਲੋਂ ਨਵੇਂ ਵਾਹਨਾਂ ਲਈ ਈ-ਰਜਿਸਟਰੇਸ਼ਨ ਸਰਟੀਫਿਕੇਟ ਸੇਵਾ ਦੀ ਸ਼ੁਰੂਆਤ

0

ਆਮ ਆਦਮੀ ਨੂੰ ਉਸ ਦੇ ਘਰੇ ਸਮਾਰਟ ਰਜਿਸਟ੍ਰੇਸ਼ਨ ਸਰਟੀਫਿਕੇਟ ਪੁੱਜਦਾ ਕਰਨ ਲਈ ਚੁੱਕਿਆ ਇਤਿਹਾਸਕ ਕਦਮ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਜੁਲਾਈ: ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਬਿਨਾਂ ਕਿਸੇ ਅੜਿੱਕੇ ਤੋਂ ਸੁਚਾਰੂ ਤਰੀਕੇ ਨਾਲ ਹੋਣੀ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਇਕ ਨਵੀਂ ਨਾਗਰਿਕ ਸੇਵਾ ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਸੂਬੇ ਭਰ ਵਿੱਚ ਆਮ ਆਦਮੀ ਨੂੰ ਰਾਹਤ ਦੇਣ ਲਈ ਆਟੋ-ਮੋਬਾਈਲ ਡੀਲਰਾਂ ਰਾਹੀਂ ਨਵੇਂ ਵਾਹਨਾਂ ਦੀ ਈ-ਰਜਿਸਟ੍ਰੇਸ਼ਨ ਦੀ ਇਜਾਜ਼ਤ ਦਿੱਤੀ ਗਈ ਹੈ।ਇਸ ਸੇਵਾ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘‘ਇਹ ਇਤਿਹਾਸਕ ਪਹਿਲਕਦਮੀ ਹੈ, ਜਿਸ ਨਾਲ ਆਮ ਆਦਮੀ ਘਰ ਬੈਠੇ ਹੀ ਸਮਾਰਟ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਾਪਤ ਕਰਨ ਦੇ ਯੋਗ ਹੋਵੇਗਾ।” ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਵਾਹਨ ਖਰੀਦਣ ਦੇ ਇੱਛੁਕ ਪੰਜਾਬੀਆਂ ਲਈ ਇਹ ਸਹੂਲਤ ਵੱਡੀ ਰਾਹਤ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸੂਬੇ ਵਿੱਚ ਸੱਤਾ ਸੰਭਾਲੀ ਹੈ, ਉਦੋਂ ਤੋਂ ਹੀ ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਕਈ ਲੋਕ-ਪੱਖੀ ਕਦਮ ਚੁੱਕੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਨਵੇਂ ਵਾਹਨ ਵੇਚਣ ਵਾਲੇ ਪ੍ਰਾਈਵੇਟ ਡੀਲਰਾਂ ਨੂੰ ਰਜਿਸਟ੍ਰੇਸ਼ਨ ਜਾਰੀ ਕਰਨ ਦਾ ਅਧਿਕਾਰ ਦੇਣ ਦਾ ਉਦੇਸ਼ ਲੋਕਾਂ ਨੂੰ ਵੱਡੀ ਰਾਹਤ ਦੇਣਾ ਹੈ ਤਾਂ ਜੋ ਉਨ੍ਹਾਂ ਨੂੰ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਰਿਜਨਲ ਟਰਾਂਸਪੋਰਟ ਅਥਾਰਟੀਆਂ ਤੇ ਸਬ-ਡਿਵੀਜ਼ਨਲ ਮੈਜਿਸਟਰੇਟਾਂ ਦੇ ਦਫ਼ਤਰਾਂ ਵਿੱਚ ਲੰਮੀਆਂ ਕਤਾਰਾਂ ਵਿੱਚ ਨਾ ਖੜ੍ਹਨਾ ਪਵੇ।
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਦੇ ਸਮੇਂ, ਪੈਸੇ ਤੇ ਊਰਜਾ ਦੀ ਬੱਚਤ ਕਰਨ ਤੋਂ ਇਲਾਵਾ ਇਸ ਕਦਮ ਨਾਲ ਲੋਕਾਂ ਨੂੰ ਸਾਫ਼-ਸੁਥਰਾ, ਪਾਰਦਰਸ਼ੀ, ਕੁਸ਼ਲ ਤੇ ਭਿ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਡੀਲਰ ਨਵੇਂ ਵਾਹਨ ਮਾਲਕਾਂ ਲਈ ਇਸ ਸਹੂਲਤ ਦੀ ਵਰਤੋਂ ਖਰੀਦਦਾਰਾਂ ਦੇ ਆਧਾਰ ਨੰਬਰ ਰਾਹੀਂ ਲਾਗਇਨ ਕਰ ਕੇ ਹਾਸਲ ਕਰਨਗੇ। ਭਗਵੰਤ ਮਾਨ ਨੇ ਕਿਹਾ ਕਿ ਲਾਗਇਨ ਮਗਰੋਂ ਡੀਲਰ ਨਵੇਂ ਵਾਹਨ ਦਾ ਡੇਟਾ/ਦਸਤਾਵੇਜ਼ ਅਪਲੋਡ ਕਰੇਗਾ ਅਤੇ ਪੜਤਾਲ (ਵੈਰੀਫਿਕੇਸ਼ਨ) ਮਾਲਕ ਦੇ ਆਧਾਰ ਨੰਬਰ ਨਾਲ ਕੀਤੀ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਵਾਹਨ ਦੀ ਰਜਿਸਟ੍ਰੇਸ਼ਨ ਲਈ ਫੀਸ ਤੇ ਟੈਕਸ ਆਨਲਾਈਨ ਭਰੇ ਜਾਣਗੇ ਅਤੇ ਨਵੇਂ ਵਾਹਨ ਮਾਲਕ ਨੂੰ ਰਜਿਸਟ੍ਰੇਸ਼ਨ ਨੰਬਰ ਮੌਕੇ ਉਤੇ ਹੀ ਮਿਲ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਪ੍ਰਵਾਨਗੀ ਡੀਲਰ ਦੇ ਪੱਧਰ ਉਤੇ ਹੀ ਹੋ ਜਾਵੇਗੀ ਅਤੇ ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟ ਵੀ ਡੀਲਰ ਹੀ ਲਗਾਏਗਾ। ਭਗਵੰਤ ਮਾਨ ਨੇ ਕਿਹਾ ਕਿ ਰਜਿਸਟ੍ਰੇਸ਼ਨ ਸਰਟੀਫਿਕੇਟ ਵਾਹਨ ਮਾਲਕ ਦੇ ਮੋਬਾਈਲ ਫੋਨ ਉਤੇ ਆਏ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕੇਗਾ, ਜਦੋਂ ਕਿ ਰਜਿਸਟ੍ਰੇਸ਼ਨ ਸਰਟੀਫਿਕੇਟ ਦਾ ਸਮਾਰਟ ਕਾਰਡ ਸਿੱਧਾ ਮਾਲਕ ਦੇ ਪਤੇ ਉਤੇ ਭੇਜਿਆ ਜਾਵੇਗਾ।

ਪੰਜਾਬ ਪੁਲਿਸ ਤੋਂ ਸੂਹ ’ਤੇ ਏ.ਟੀ.ਐਸ. ਗੁਜਰਾਤ ਨੇ ਮੁੰਦਰਾ ਬੰਦਰਗਾਹ ਤੋਂ 75 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ

0

ਨਸੀਲੇ ਪਦਾਰਥਾਂ ਨੂੰ ਅਣਸੀਤੇ ਕੱਪੜਿਆਂ ਦੇ ਕੰਟੇਨਰ ਵਿੱਚ ਛੁਪਾ ਕੇ ਰੱਖਿਆ ਗਿਆ ਸੀ: ਡੀਜੀਪੀ ਗੌਰਵ ਯਾਦਵ
ਨਸਿਆਂ ਵਿਰੁੱਧ ਜਾਰੀ ਜੰਗ ਦੌਰਾਨ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਇੱਕ ਵੱਡੀ ਸਫਲਤਾ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਜੁਲਾਈ: ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਯੂਏਈ ਤੋਂ ਪੰਜਾਬ ਵਿੱਚ ਹੈਰੋਇਨ ਦੀ ਤਸਕਰੀ ਬਾਰੇ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਏਟੀਐਸ ਗੁਜਰਾਤ ਅਤੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪ੍ਰੇਸਨ ਦੌਰਾਨ ਗੁਜਰਾਤ ਦੇ ਮੁੰਦਰਾ ਬੰਦਰਗਾਹ ਵਿਖੇ ਇੱਕ ਕੰਟੇਨਰ ਵਿੱਚੋਂ 75 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।ਨਸੀਲੇ ਪਦਾਰਥ ਨੂੰ ਇੱਕ ਗੱਤੇ ਦੀ ਪਾਈਪ, ਜਿਸ ਨੂੰ ਅੱਗੇ ਇੱਕ ਵੱਡੀ ਪਲਾਸਟਿਕ ਪਾਈਪ ਜ਼ਰੀਏ ਛੁਪਾਇਆ ਗਿਆ ਸੀ, ਦੀ ਵਰਤੋਂ ਕਰਕੇ ਅਣਸੀਤੇ ਕੱਪੜਿਆਂ ਦੇ ਇੱਕ ਕੰਟੇਨਰ ਵਿੱਚ ਛੁਪਾ ਕੇ ਰੱਖਿਆ ਗਿਆ ਸੀ । ਕੰਟੇਨਰ, ਜੋ ਕਿ ਯੂਏਈ ਦੇ ਜੇਬਲ ਅਲੀ ਬੰਦਰਗਾਹ ਤੋਂ ਲੋਡ ਕੀਤਾ ਗਿਆ ਸੀ, ਨੂੰ ਮਾਲੇਰਕੋਟਲਾ, ਪੰਜਾਬ ਦੇ ਇੱਕ ਇੰਪੋਟਰ ਦੁਆਰਾ ਮੰਗਵਾਇਆ ਗਿਆ ਸੀ।
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਕੰਟੇਨਰ ਦੇ ਪੰਜਾਬ ਨਾਲ ਸਬੰਧਤ ਹੋਣ ਕਾਰਨ ਅਜਿਹਾ ਜਾਪਦਾ ਹੈ ਕਿ ਇਹ ਖੇਪ ਪੰਜਾਬ ਦੇ ਰਸਤੇ ਕਿਸੇ ਹੋਰ ਥਾਂ ਪਹੁੰਚਾਈ ਜਾਣੀ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸਦੇ ਪੰਜਾਬ ਨਾਲ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਇਹ ਬਰਾਮਦਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸਾ ਨਿਰਦੇਸਾਂ ‘ਤੇ ਨਸਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਇੱਕ ਵੱਡੀ ਸਫਲਤਾ ਵਜੋਂ ਸਾਹਮਣੇ ਆਈ ਹੈ।ਹੋਰ ਵੇਰਵਿਆਂ ਦਾ ਖੁਲਾਸਾ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਣਕਾਰੀ ਮਿਲਣ ਤੋਂ ਬਾਅਦ, ਪੰਜਾਬ ਪੁਲਿਸ ਦੇ ਸਟੇਟ ਸਪੈਸਲ ਆਪ੍ਰੇਸਨ ਸੈੱਲ (ਐਸ.ਐਸ.ਓ.ਸੀ.) ਐਸ.ਏ.ਐਸ. ਨਗਰ ਨੇ ਤੁਰੰਤ ਪੁਲਿਸ ਟੀਮਾਂ ਨੂੰ ਗੁਜਰਾਤ ਭੇਜਿਆ ਅਤੇ ਮੁੰਦਰਾ ਬੰਦਰਗਾਹ ‘ਤੇ ਤਾਇਨਾਤ ਕੀਤਾ।
ਉਨ੍ਹਾਂ ਦੱਸਿਆ ਕਿ ਕੇਂਦਰੀ ਏਜੰਸੀ ਅਤੇ ਏਟੀਐਸ ਗੁਜਰਾਤ ਨਾਲ ਤਾਲਮੇਲ ਜ਼ਰੀਏ ਕਸਟਮ ਦੀ ਮਦਦ ਨਾਲ ਮੁੰਦਰਾ ਬੰਦਰਗਾਹ ‘ਤੇ ਤਲਾਸੀ ਲਈ ਗਈ। ਉਨ੍ਹਾਂ ਅੱਗੇ ਕਿਹਾ ਕਿ ਢੁੱਕਵੀਂ ਪ੍ਰਕਿਰਿਆ ਅਤੇ ਦਸਤਾਵੇਜ਼ੀ ਕਾਰਵਾਈ ਤੋਂ ਬਾਅਦ ਕੰਟੇਨਰ ਨੂੰ ਖੋਲ੍ਹਿਆ ਗਿਆ ਜਿਸ ਵਿੱਚਂਛ 75 ਕਿਲੋ ਹੈਰੋਇਨ ਦੀ ਵੱਡੀ ਬਰਾਮਦਗੀ ਹੋਈ। ਪਾਰਦਰਸਤਾ ਯਕੀਨੀ ਬਣਾਉਣ ਅਤੇ ਐਨਡੀਪੀਐਸ ਐਕਟ ਦੇ ਦਿਸਾ-ਨਿਰਦੇਸਾਂ ਦੀ ਪਾਲਣਾ ਲਈ ਕਸਟਮ ਅਧਿਕਾਰੀਆਂ ਅਤੇ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਖੇਪ ਨੂੰ ਖੋਲ੍ਹਿਆ ਗਿਆ।ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਇਸ ਖੇਪ ਨਾਲ ਸਬੰਧਾਂ ਦੇ ਸ਼ੱਕ ਵਿੱਚ ਮਾਲੇਰਕੋਟਲਾ ਅਤੇ ਲੁਧਿਆਣਾ ਦੇ ਕੁਝ ਸੱਕੀ ਵਿਅਕਤੀਆਂ ਨੂੰ ਸਬੰਧਤ ਜਲ੍ਹਾ ਪੁਲਿਸ ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ ਹੈ।ਜ਼ਿਕਰਯੋਗ ਹੈ ਕਿ ਇਸ ਸਬੰਧੀ ਏਟੀਐਸ ਗੁਜਰਾਤ ਦੁਆਰਾ ਪੁਲਿਸ ਸਟੇਸਨ ਏਟੀਐਸ ਅਹਿਮਦਾਬਾਦ ਵਿੱਚ ਐਨਡੀਪੀਐਸ ਐਕਟ ਦੀ ਧਾਰਾ 8ਸੀ, 21ਸੀ, 23ਸੀ ਅਤੇ 29 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

ਸਿਹਤ ਵਿਭਾਗ ਵਲੋਂ ਵਿਸ਼ਵ ਖੂਨਦਾਨ ਦਿਵਸ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ 12 ਜੁਲਾਈ: ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ ਸਮਾਗਮ ਆਯੋਜਿਤ ਕੀਤਾ ਗਿਆ।ਇਸ ਸਮਾਗਮ ਰਾਹੀਂ ਸਵੈ-ਇੱਛੁਕ ਖੂਨਦਾਨ ਪ੍ਰੋਗਰਾਮ ਦੇ ਪ੍ਰਚਾਰ ਅਤੇ ਖੂਨਦਾਨ ਦੀ ਸੇਵਾ ਵਿੱਚ ਯੋਗਦਾਨ ਪਾਉਣ ਵਾਲੇ ਸਵੈ-ਇੱਛੁਕ ਖੂਨਦਾਨੀਆਂ ਅਤੇ ਦਾਨੀਆਂ ਦੀਆਂ ਸੰਸਥਾਵਾਂ/ ਐਨਜੀਓਜ਼/ ਕਲੱਬਾਂ ਆਦਿ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਊਸ਼ਾ ਗੋਇਲ, ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਿੰਦਰਪਾਲ ਸਿੰਘ, ਸ੍ਰੀ ਰਾਜੀਵ ਆਰੋੜਾ ਡਾਇਰੈਕਟਰ ਆਲ ਇੰਡੀਆ ਰੇਡੀਓ, ਬਲੱਡ ਬੈਂਕ ਇੰਚਾਰਜ ਡਾ. ਰਿਚੀਕਾ, ਐਲ.ਟੀ. ਨੀਲਮ ਗਰਗ, ਕੌਂਸਲਰ ਵਰੁਣ, ਰਮੇਸ਼ ਅਤੇ ਬਲਾਕ ਐਜੂਕੇਟਰ ਪਵਨਜੀਤ ਕੌਰ ਹਾਜ਼ਰ ਸਨ।ਸਮਾਗਮ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਊਸ਼ਾ ਗੋਇਲ ਨੇ ਕਿਹਾ ਕਿ ਖੂਨਦਾਨ ਦਿਵਸ ਹਰ ਸਾਲ 14 ਜੂਨ ਨੂੰ ਮਨਾਇਆ ਜਾਂਦਾ ਹੈ, ਜਿਸਦਾ ਉਦੇਸ਼ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ।ਖ਼ੂਨਦਾਨ ਨਾ ਸਿਰਫ਼ ਖ਼ੂਨ ਪ੍ਰਾਪਤ ਕਰਨ ਵਾਲੇ ਲਈ ਹੀ ਲਾਭਦਾਇਕ ਹੁੰਦਾ ਹੈ, ਸਗੋਂ ਇਹ ਦਾਨ ਕਰਨ ਵਾਲੇ ਲਈ ਵੀ ਲਾਭਦਾਇਕ ਹੁੰਦਾ ਹੈ। ਖੂਨਦਾਨ ਕੈਂਸਰ ਦੇ ਮਰੀਜ਼ਾਂ, ਖੂਨ ਵਹਿਣ ਦੀਆਂ ਬਿਮਾਰੀਆਂ, ਅਨੀਮੀਆ ਅਤੇ ਅਨੀਮੀਆ ਨਾਲ ਸਬੰਧਤ ਹੋਰ ਬਿਮਾਰੀਆਂ ਦੇ ਇਲਾਜ ਵਿੱਚ ਮਦਦ ਕਰਦਾ ਹੈ।ਸੁਰੱਖਿਅਤ ਖੂਨ ਮੁਹੱਈਆ ਕਰਵਾਉਣਾ ਇਸ ਸਮੇਂ ਸਭ ਤੋਂ ਵੱਡੀ ਲੋੜ ਹੈ ਅਤੇ ਇਸ ਕਾਰਜ਼ ਲਈ ਯੋਗ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾਈ ਜਾ ਸਕੇ।
ਇਸ ਮੌਕੇ ਐਸ.ਐਮ.ਓ ਡਾ. ਮਨਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਦਿਨ ਦਾ ਮੁੱਖ ਮਕਸਦ ਹੀ ਖੂਨਦਾਨੀਆਂ ਨੂੰ ਪ੍ਰੇਰਣਾ ਦੇਣਾ ਅਤੇ ਨਵੇਂ ਯੋਗ ਵਿਅਕਤੀਆਂ ਨੂੰ ਖੂਨਦਾਨ ਪ੍ਰਤੀ ਉਤਸ਼ਾਹਿਤ ਕਰਨਾ ਹੁੰਦਾ ਹੈ ਕਿਉਂਕਿ ਅਜੋਕੇ ਸਮੇਂ ਵਿੱਚ ਵਿਸ਼ਵ ਭਰ ਅੰਦਰ ਖੂਨ ਅਤੇ ਇਸ ਦੇ ਸੈਲਾਂ ਦੀ ਕਾਫ਼ੀ ਘਾਟ ਦਿਖਾਈ ਦਿੰਦੀ ਹੈ, ਜਿਸ ਨੂੰ ਸਵੈ-ਇੱਛੁਕ ਖੂਨਦਾਨੀ ਹੀ ਪੂਰਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਨੂੰ ਆਪਣੇ ਬਲੱਡ ਗਰੁੱਪ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਤਾਂ ਐਮਰਜੈਂਸੀ ਦੌਰਾਨ ਖੂਨਦਾਨ ਕਰਨ ਲੱਗਿਆਂ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਵੱਧ ਤੋਂ ਵੱਧ ਖੂਨਦਾਨ ਵਰਗੇ ਸਮਾਜਿਕ ਭਲਾਈ ਦੇ ਇਸ ਕਾਰਜ ਨਾਲ ਜੁੜਨ ਲਈ ਸਵੈ-ਇੱਛਤ ਖੂਨਦਾਨੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੂਨਦਾਨ ਕਰਨ ਵਾਲੇ ਵਿਅਕਤੀ ਦਾ ਦਿਲ ਅਤੇ ਸਰੀਰ ਫਿੱਟ ਰਹਿੰਦਾ ਹੈ। ਇਸ ਤੋਂ ਇਲਾਵਾ ਖੂਨਦਾਨ ਕਰਨਾ ਭਾਰ ਘਟਾਉਣ ਵਿਚ ਵੀ ਮੱਦਦਗਾਰ ਸਾਬਿਤ ਹੁੰਦਾ ਹੈ।
ਇਸ ਸਮਾਗਮ ਦੇ ਮੁੱਖ ਮਹਿਮਾਨ ਰਾਜੀਵ ਆਰੋੜਾ ਨੇ ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਦੱਸਦਿਆਂ ਕਿਹਾ ਕਿ ਖੂਨਦਾਨ ਕਰਨ ਦੀ ਮਹੱਤਤਾ ਬਾਰੇ ਲੋਕਾਂ ਵਿਚ ਜਾਗਰੂਕਤਾ ਵਧਾਉਣਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਨਿਯਮਤ ਤੌਰ ’ਤੇ ਬਿਨਾਂ ਕਿਸੇ ਨਫ਼ਾ-ਨੁਕਸਾਨ ਬਾਰੇ ਸੋਚਣ ਦੀ ਬਜਾਏ ਸਵੈ-ਇੱਛਤ ਨਾਲ ਖੂਨਦਾਨ ਕਰਨਾ ਚਾਹੀਦਾ।ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਕੇ ਇਸ ਮੁਹਿੰਮ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਦੂਜਿਆਂ ਦਾ ਜੀਵਨ ਬਚਾਓਣ ਲਈ ਅਹਿਮ ਯੋਗਦਾਨ ਪਾ ਸਕਦੇ ਹਨ। ਬੀ.ਟੀ.ਓ. ਡਾ. ਰੂਚਿਕਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 14 ਜੂਨ ਤੋਂ 14 ਜੁਲਾਈ 2022 ਖੂਨਦਾਨ ਸਬੰਧੀ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਰੋਜ਼ਾਨਾ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਮੁਹਿੰਮ ਦੌਰਾਨ ਸਵੈਇੱਛਤ ਖੂਨਦਾਨ ਨੂੰ ਉਤਸ਼ਾਹਿਤ ਕਰਨ ਲਈ ਨੌਜਵਾਨਾਂ ਨਾਲ ਸਬੰਧਤ ਕਲੱਬਾਂ ਅਤੇ ਐਨਜੀਓਜ਼ ਨੂੰ ਸ਼ਾਮਲ ਕਰਕੇ ਕੈਂਪ ਲਗਾਏ ਜਾ ਰਹੇ ਹਨ।ਇਸ ਮੌਕੇ ਬਲੱਡ ਬੈਂਕ ਦੇ ਸਮੂਹ ਸਟਾਫ਼ ਨੇ ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅਹਿਮ ਯੋਗਦਾਨ ਦਿੱਤਾ।

Our Visitor

1903229