Sri Mukatsar Sahib News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਆਪਣੀ ਗੁਆਚੀ ਹੋਈ ਸ਼ਾਨ ਵਾਪਸ ਹਾਸਲ ਕਰੇ ਅਤੇ ਵਿਕਾਸ, ਸੁਸ਼ਾਸਨ ਅਤੇ ਰਾਸ਼ਟਰਹਿੱਤ ਦੀ ਰਾਜਨੀਤੀ ਨੂੰ ਅਪਣਾ ਕੇ ਦੇਸ਼ ਦਾ ਨੰਬਰ ਇੱਕ ਸੂਬਾ ਬਣਨ ਦੀ ਦਿਸ਼ਾ ਵਿੱਚ ਅੱਗੇ ਵਧੇ।ਮੁੱਖ ਮੰਤਰੀ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਸਮੇਤ ਸਾਰੇ ਗੁਰੂ ਸਾਹਿਬਾਨਾਂ, ਸਾਹਿਬਜ਼ਾਦਿਆਂ ਅਤੇ ਮਹਾਂਪੁਰਖਾਂ ਨੂੰ ਨਮਨ ਕਰਦਿਆਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਇਹ ਪਵਿੱਤਰ ਧਰਤੀ ਚਾਲੀ ਮੁਕਤਿਆਂ, ਭਾਈ ਮਹਾਂ ਸਿੰਘ ਜੀ ਅਤੇ ਮਾਈ ਭਾਗੋ ਜੀ ਦੀ ਅਦੁੱਤੀ ਕੁਰਬਾਨੀ ਦੀ ਗਵਾਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦਾ ਰਿਸ਼ਤਾ ਸਾਂਝੇ ਸੱਭਿਆਚਾਰ, ਸਾਂਝੀ ਭਾਸ਼ਾ ਅਤੇ ਸਾਂਝੀਆਂ ਭਾਵਨਾਵਾਂ ਦਾ ਰਿਸ਼ਤਾ ਹੈ। ਉਹ ਪੰਜਾਬ ਦੀ ਜਨਤਾ ਵਿਚਕਾਰ ਕਿਸੇ ਗੁਆਂਢੀ ਸੂਬੇ ਦੇ ਮੁੱਖ ਮੰਤਰੀ ਵਜੋਂ ਨਹੀਂ, ਸਗੋਂ ਛੋਟੇ ਭਰਾ ਅਤੇ ਸ਼ੁੱਭਚਿੰਤਕ ਵਜੋਂ ਆਏ ਹਨ।
ਇਹ ਵੀ ਪੜ੍ਹੋ ਮਹਾਂਪੁਰਖਾਂ ਦੇ ਆਦਰਸ਼ਾਂ ‘ਤੇ ਚੱਲ ਕੇ ਹੀ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ: ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਪਹਿਲਾਂ ਕਾਂਗਰਸ ਅਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ, ਪਰ ਜਨਤਾ ਦੀਆਂ ਉਮੀਦਾਂ ਮੁਤਾਬਕ ਨਤੀਜੇ ਨਹੀਂ ਮਿਲੇ। ਉਨ੍ਹਾਂ ਨੇ ਕਾਂਗਰਸ ‘ਤੇ ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਵਿਕਾਸ ਨੂੰ ਰੋਕਣ ਦਾ ਦੋਸ਼ ਲਗਾਇਆ, ਜਦਕਿ ਆਮ ਆਦਮੀ ਪਾਰਟੀ ‘ਤੇ ਵਾਅਦਾ-ਖਿਲਾਫੀ ਅਤੇ ਪੰਜਾਬ ਨੂੰ ਰਾਜਨੀਤਿਕ ਪ੍ਰਯੋਗਸ਼ਾਲਾ ਬਣਾਉਣ ਦਾ ਦੋਸ਼ ਲਗਾਇਆ।ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਪੰਜਾਬ ਦਾ ਹਰ ਵਰਗ ਪੁੱਛ ਰਿਹਾ ਹੈ ਕਿ ਉਹ ਬਦਲਾਅ ਕਿੱਥੇ ਹੈ ਜਿਸ ਦੀ ਗੱਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਚਾਰ ਸਾਲਾਂ ਬਾਅਦ ਵੀ ਪੂਰਾ ਨਹੀਂ ਹੋਇਆ। ਇਸ ਦੇ ਉਲਟ ਹਰਿਆਣਾ ਸਰਕਾਰ ਨੇ ਦੀਨਦਿਆਲ ਲਾਡੋ ਲੱਛਮੀ ਯੋਜਨਾ ਤਹਿਤ ਗਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਦੀ ਸਹਾਇਤਾ ਦੇਣੀ ਸ਼ੁਰੂ ਕੀਤੀ ਹੈ ਅਤੇ ਕਰੋੜਾਂ ਰੁਪਏ ਦੀ ਰਕਮ ਸਿੱਧੀ ਲਾਭਕਾਰਾਂ ਦੇ ਖਾਤਿਆਂ ਵਿੱਚ ਪਹੁੰਚਾਈ ਜਾ ਚੁੱਕੀ ਹੈ।
ਇਹ ਵੀ ਪੜ੍ਹੋ ਮਹਾਕਾਲ ਦੇ ਰੰਗ ਵਿੱਚ ਰੰਗਿਆ ਬਠਿੰਡਾ, “ਸ਼੍ਰੀ ਸ਼ਿਵ ਮਹਾਪੁਰਾਣ” ਦੇ ਭਗਤੀ ਸਾਗਰ ਵਿੱਚ ਡੁੱਬਿਆ ਸ਼ਹਿਰ
ਉਨ੍ਹਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਸ਼ੇ, ਅਪਰਾਧ, ਨਾਜਾਇਜ਼ ਮਾਈਨਿੰਗ, ਵਿੱਤੀ ਕੁਪ੍ਰਬੰਧਨ ਅਤੇ ਵਿਗੜਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਸਵਾਲ ਚੁੱਕੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਰੁਜ਼ਗਾਰ ਲਈ ਭਟਕ ਰਿਹਾ ਹੈ ਅਤੇ ਹਜ਼ਾਰਾਂ ਨੌਜਵਾਨ ਨਾਜਾਇਜ਼ ਰਸਤਿਆਂ ਰਾਹੀਂ ਵਿਦੇਸ਼ ਜਾਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਭ ਤੋਂ ਵੱਡਾ ਸੰਕਟ ਵਧਦਾ ਨਸ਼ਾ ਹੈ, ਜਿਸ ਨੇ ਕਈ ਪਰਿਵਾਰਾਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਖਤਰੇ ਵਿੱਚ ਪਾ ਦਿੱਤਾ ਹੈ।ਸ੍ਰੀ ਸੈਣੀ ਨੇ ਕਿਹਾ ਕਿ ਪੰਜਾਬ ਵਿੱਚ ਡਰੱਗਜ਼ ਤਸਕਰੀ, ਗੈਂਗਵਾਰ, ਫਿਰੌਤੀ ਅਤੇ ਅਪਰਾਧ ਦੀਆਂ ਘਟਨਾਵਾਂ ਨੇ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਪਾਰੀ, ਉਦਯੋਗਪਤੀ ਅਤੇ ਆਮ ਨਾਗਰਿਕ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ਅਤੇ ਅਪਰਾਧੀਆਂ ਦੇ ਮਨਾਂ ਵਿੱਚੋਂ ਕਾਨੂੰਨ ਦਾ ਡਰ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ।ਕਿਸਾਨਾਂ ਦੇ ਮੁੱਦੇ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਦੀਆਂ 24 ਫਸਲਾਂ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ‘ਤੇ ਕਰ ਰਹੀ ਹੈ।
ਪਿਛਲੇ 11 ਸੀਜ਼ਨਾਂ ਵਿੱਚ 12 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਐਮਐਸਪੀ ‘ਤੇ ਫਸਲ ਖਰੀਦ ਦੇ 1.64 ਲੱਖ ਕਰੋੜ ਰੁਪਏ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਪੰਜਾਬ ਦਾ ਕਿਸਾਨ ਅੱਜ ਵੀ ਆਪਣੇ ਹੱਕਾਂ ਅਤੇ ਚੋਣ ਵਾਅਦਿਆਂ ਲਈ ਸੰਘਰਸ਼ ਕਰ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ “ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ ਅਤੇ ਸਭਕਾ ਪ੍ਰਯਾਸ” ਦੇ ਮੰਤਰ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਿਰਫ ਐਲਾਨ ਨਹੀਂ ਕਰਦੀ ਸਗੋਂ ਨਤੀਜੇ ਦਿੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਵਿੱਚ ਵਿਧਾਨਸਭਾ ਚੋਣਾਂ ਦੇ ਸੰਕਲਪ ਪੱਤਰ ਦੇ 217 ਵਿੱਚੋਂ 66 ਵਾਅਦੇ ਡੇਢ ਸਾਲ ਵਿੱਚ ਪੂਰੇ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਵਾਅਦਿਆਂ ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।ਸ੍ਰੀ ਸੈਣੀ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਦੇ ਭਵਿੱਖ, ਪੰਜਾਬ ਦੀ ਖੁਸ਼ਹਾਲੀ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਸਹੀ ਫੈਸਲਾ ਲਓ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬ ਇੱਕ ਵਾਰ ਫਿਰ ਵਿਕਾਸ, ਖੁਸ਼ਹਾਲੀ ਅਤੇ ਮਾਣ ਦਾ ਨਵਾਂ ਅਧਿਆਏ ਲਿਖੇਗਾ।ਇਸ ਮੌਕੇ ਪ੍ਰੋਗਰਾਮ ਦੇ ਪ੍ਰਬੰਧਕ ਪਾਰਟੀ ਆਗੂ ਸ੍ਰੀਮਤੀ ਮਨਵੀਰ ਕੌਰ ਗਿੱਲ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸ੍ਰੀ ਤਰੁਣ ਭੰਡਾਰੀ, ਸੂਬਾ ਜਨਰਲ ਸਕੱਤਰ ਸਰਦਾਰ ਦਿਆਲ ਸਿੰਘ ਸੋਢੀ, ਜ਼ਿਲ੍ਹਾ ਪ੍ਰਧਾਨ ਮੁਕਤਸਰ ਸਤੀਸ਼ ਅਸੀਜਾ, ਵਿਧਾਨਸਭਾ ਇੰਚਾਰਜ ਰਾਜੇਸ਼ ਪਠੇਲਾ, ਸਾਬਕਾ ਸੰਸਦ ਮੈਂਬਰ ਸਰਦਾਰ ਜਗਮੀਤ ਸਿੰਘ ਬਰਾੜ, ਰਾਹੁਲ ਸਿੱਧੂ, ਪੂਜਾ ਕੱਕੜ, ਬਲਵਿੰਦਰ ਸਿੰਘ ਮਿੰਕਲ, ਗੁਰਚਰਨ ਸਿੰਘ, ਅਮਨਦੀਪ, ਦੇਵਦੱਤ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਮਾਣਯੋਗ ਵਿਅਕਤੀ ਮੌਜੂਦ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


