20 Views
ਦੋਨਾਂ ਪਾਰਟੀਆਂ ‘ਚ ਸੀਟਾਂ ਦੀ ਵੰਡ ਨੂੰ ਲੈ ਕੇ ਚੱਲ ਰਹੀ ਹੈ ਚਰਚਾ
ਨਵੀਂ ਦਿੱਲੀ, 14 ਜਨਵਰੀ: ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚਲ ਰਹੀਆਂ ਸਿਆਸੀ ਸਰਗਰਮੀਆਂ ਦੀ ਲੜੀ ਤਹਿਤ ਬੀਤੇ ਕੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰਨਾਂ ਸੀਨੀਅਰ ਆਪ ਆਗੂਆਂ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ‘ਤੇ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਇਲਾਵਾ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇਸੀ ਵੈਨੁਗੋਪਾਲ ਅਤੇ ਆਪ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਵੀ ਮੌਜੂਦ ਸਨ।
ਹਾਲਾਂਕਿ ਮੀਟਿੰਗ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਇਸ ਮੀਟਿੰਗ ਨੂੰ ਸਿਰਫ਼ ਸਿਸ਼ਟਾਚਾਰ ਮੀਟਿੰਗ ਦੱਸਿਆ ਪ੍ਰੰਤੂ ਚਰਚਾ ਮੁਤਾਬਕ ਸੀਟਾਂ ਦੀ ਵੰਡ ਨੂੰ ਆਖਰੀ ਗੇੜ ਦੇਣ ਲਈ ਦੋਨਾਂ ਪਾਰਟੀਆਂ ਦੇ ਸਿਰੇ ਦੇ ਆਗੂਆਂ ਵੱਲੋਂ ਚਰਚਾ ਕੀਤੀ ਗਈ ਹੈ। ਜਿਸ ਦੇ ਵਿੱਚ ਦਿੱਲੀ ਦੀਆਂ ਸੀਟਾਂ ਦੀ ਵੰਡ ਦਾ ਫਾਰਮੂਲਾ ਲਗਭਗ ਤੈਅ ਹੋ ਗਿਆ ਹੈ ਜਦੋਂ ਕਿ ਪੰਜਾਬ ਤੇ ਹੋਰਨਾਂ ਸੂਬਿਆਂ ਬਾਰੇ ਚਰਚਾ ਹਾਲੇ ਜਾਰੀ ਹੈ। ਗ਼ੌਰਤਲਬ ਹੈ ਕਿ ਦਿੱਲੀ ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ।
ਜਦੋਂ ਕਿ ਆਪ ਵਲੋਂ ਹਰਿਆਣਾ ਸਹਿਤ ਗੁਜਰਾਤ ਆਦਿ ਰਾਜਾਂ ਵਿਚ ਵੀ ਸੀਟਾਂ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਵਿੱਚ ਦੋਨਾਂ ਹੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਵੱਲੋਂ ਕਿਸੇ ਤਰ੍ਹਾਂ ਦੇ ਗਠਜੋੜ ਹੋਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਅਤੇ 13 ਦੀਆਂ 13 ਲੋਕ ਸਭਾ ਸੀਟਾਂ ‘ਤੇ ਆਪਣੇ ਉਮੀਦਵਾਰ ਖੜੇ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਜਿਸ ਦੇ ਚਲਦੇ ਪੰਜਾਬ ਨੂੰ ਲੈ ਕੇ ਗਠਜੋੜ ਪ੍ਰਤੀ ਸ਼ੰਕੇ ਹਾਲੇ ਵੀ ਬਰਕਰਾਰ ਹਨ। ਇਸ ਤੋਂ ਪਹਿਲਾਂ ਇੰਡੀਆ ਗਠਜੋੜ ਦੀ ਵਰਚੁਲੀ ਮੀਟਿੰਗ ਹੋਈ।
ਇਸ ਮੀਟਿੰਗ ਦੇ ਵਿੱਚ ਕਾਂਗਰਸ ਪ੍ਰਧਾਨ ਖੜਗੇ ਸਹਿਤ ਅਰਵਿੰਦ ਕੇਜਰੀਵਾਲ, ਨਿਤੀਸ਼ ਕੁਮਾਰ ਤੇ ਲਾਲੂ ਯਾਦਵ ਸਣੇ 14 ਵਿਰੋਧੀ ਪਾਰਟੀਆਂ ਦੇ ਲੀਡਰ ਸ਼ਾਮਿਲ ਹੋਏ। ਸੂਚਨਾ ਮੁਤਾਬਕ ਇਸ ਮੀਟਿੰਗ ਦੇ ਵਿੱਚ ਮਲਿਕਾਰਜੁਨ ਖੜਗੇ ਨੂੰ ਇੰਡੀਆ ਗਠਜੋੜ ਦਾ ਚੇਅਰਪਰਸਨ ਬਣਾਉਣ ਦਾ ਪ੍ਰਸਤਾਵ ਲਿਆਂਦਾ ਗਿਆ ਜਿਸ ਤੇ ਸਾਰਿਆਂ ਵੱਲੋਂ ਸਹਿਮਤੀ ਜਤਾਈ ਗਈ। ਹਾਲਾਂਕਿ ਇਸ ਦੌਰਾਨ ਨਿਤੀਸ਼ ਕੁਮਾਰ ਨੂੰ ਇੰਡੀਆ ਗਠਜੋੜ ਦਾ ਕਨਵੀਨਰ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ। ਪਰ ਨਿਤੀਸ਼ ਕੁਮਾਰ ਨੇ ਇਸ ਤੋਂ ਇੰਨਕਾਰ ਕਰ ਦਿੱਤਾ।