Sunday, May 17, 2026
Home Blog Page 2340

ਪਰਾਲੀ ਸਾੜਨ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ

0

ਕਿਹਾ, ਝੋਨੇ ਦੀ ਪਰਾਲੀ ਨਾ ਸਾੜਨ ਸਬੰਧੀ ਕਿਸਾਨਾਂ ਨੂੰ ਵੱਧ ਤੋਂ ਵੱਧ ਕੀਤਾ ਜਾਵੇ ਜਾਗਰੂਕ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,27 ਅਕਤੂਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਝੋਨੇ ਦੀ ਪਰਾਲੀ ਨਾ ਸਾੜਨ ਸਬੰਧੀ ਚੈਕਿੰਗ ਲਈ ਬਣਾਈਆਂ ਗਈਆਂ ਵੱਖ-ਵੱਖ ਟੀਮਾਂ, ਖੇਤੀਬਾੜੀ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਦੌਰਾਨ ਜ਼ਿਲ੍ਹੇ ਭਰ ਚ ਲਗਾਏ ਗਏ ਸਮੂਹ ਕਲਸਟਰ ਅਫ਼ਸਰਾਂ ਨੂੰ ਹਿਦਾਇਤ ਕੀਤੀ ਗਈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਜੋ ਸਪੋਟ ਸਾਹਮਣੇ ਆਉਂਦੇ ਹਨ ਉਨ੍ਹਾਂ ਸਬੰਧੀ ਰਿਪੋਰਟ ਰੋਜ਼ਾਨਾ 24 ਘੰਟੇ ਦੇ ਅੰਦਰ-ਅੰਦਰ ਸਬੰਧਤ ਨੋਡਲ ਅਫ਼ਸਰ ਤੇ ਪਟਵਾਰੀ ਤੋਂ ਵੈਰੀਫ਼ਾਈ ਕਰਵਾਉਣੀ ਯਕੀਨੀ ਬਣਾਈ ਜਾਵੇ। ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਮੀਟਿੰਗ ਦੌਰਾਨ ਕਿਹਾ ਕਿ ਜਿਹੜੇ ਏਰੀਏ ਦੀ ਨੋਡਲ ਅਫ਼ਸਰ ਨੋ ਬਰਨਿੰਗ ਸਬੰਧੀ ਜ਼ਿਆਦਾ ਰਿਪੋਰਟ ਪੇਸ਼ ਕਰੇਗਾ ਤਾਂ ਉਸ ਏਰੀਏ ਦਾ ਸਬੰਧਤ ਕਲਸਟਰ ਅਫ਼ਸਰ ਵੱਲੋਂ ਦੌਰਾ ਕੀਤਾ ਜਾਵੇ। ਸ੍ਰੀ ਸ਼ੌਕਤ ਅਹਿਮਦ ਪਰੇ ਨੇ ਵੱਖ-ਵੱਖ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਆਪਣੇ ਦੌਰਿਆਂ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਸਾੜਨ ਦੀ ਥਾਂ ਖੇਤਾਂ ਵਿੱਚ ਉਸ ਦੀ ਸਹੀ ਸਾਂਭ-ਸੰਭਾਲ ਕਰਕੇ ਸਨਅਤੀ ਬਾਲਣ, ਖਾਦ, ਚਾਰਾ ਆਦਿ ਲਈ ਵਰਤ ਕੇ ਵਿੱਤੀ ਲਾਭ ਪ੍ਰਾਪਤ ਕੀਤੇ ਜਾ ਸਕਦੇ ਹਨ, ਬਾਰੇ ਵੀ ਜਾਗਰੂਕ ਕੀਤਾ ਜਾਵੇ। ਇਸ ਤੋਂ ਇਲਾਵਾ ਇਹ ਵੀ ਜਾਗਰੂਕ ਕੀਤਾ ਜਾਵੇ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵੱਡੀ ਮਾਤਰਾ ਵਿਚ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉਥੇ ਹੀ ਹਵਾ ਦੀ ਗੁਣਵੱਤਾ ਪ੍ਰਭਾਵਿਤ ਤਾਂ ਹੁੰਦੀ ਹੀ ਹੈ ਸਗੋਂ ਮਿੱਤਰ ਕੀੜਿਆਂ ਦੇ ਸੜਨ ਨਾਲ ਜ਼ਮੀਨ ਦੀ ਸਿਹਤ ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸਨਰ (ਜ) ਸ਼੍ਰੀ ਰਾਹੁਲ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਮੈਡਮ ਇਨਾਯਤ, ਉਪ ਮੰਡਲ ਮਜਿਸਟ੍ਰੇਟ ਮੌੜ ਸ੍ਰੀ ਵਰਿੰਦਰ ਸਿੰਘ, ਉਪ ਮੰਡਲ ਮੈਜਿਸਟ੍ਰੇਟ ਸ੍ਰੀ ਸਾਰੰਗਪ੍ਰੀਤ ਸਿੰਘ ਔਜਲਾ, ਮੁੱਖ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਖੇਤੀਬਾੜੀ ਵਿਭਾਗ ਨਾਲ ਸਬੰਧਤ ਅਧਿਕਾਰੀ ਆਦਿ ਹਾਜ਼ਰ ਸਨ।

ਰਾਮ ਰਹੀਮ ਦੀਆਂ ਪੰਜਾਬ ’ਚ ਸਰਗਰਮੀਆਂ ‘ਤੇ ਸਾਬਕਾ ਗ੍ਰਹਿ ਮੰਤਰੀ ਰੰਧਾਵਾਂ ਨੇ ਚੁੱਕੇ ਸਵਾਲ

0

ਕਿਹਾ, ਡੇਰਾ ਮੁਖੀ ਮੁੜ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ’ਚ
ਲਗਾਇਆ ਦੋਸ਼: ਬੇਟੀਆਂ ਦਾ ਬਲਾਤਕਾਰ ਤੇ ਬੇਟਿਆਂ ਦਾ ਕਤਲ ਕਰਨ ਵਾਲਾ ਨਹੀਂ ਹੋ ਸਕਦਾ ਗੁਰੂ
ਹਰਿਆਣਾ ਦੀ ਭਾਜਪਾ ਸਰਕਾਰ ਵਲੋਂ ਵਾਰ-ਵਾਰ ਪੈਰੋਲ ਦੇਣ ਦੀ ਮਨਸ਼ਾ ’ਤੇ ਵੀ ਕੀਤਾ ਸ਼ੱਕ ਜ਼ਾਹਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਅਕਤੂਬਰ: ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ਾਂ ਹੇਠ ਹਰਿਆਣਾ ਦੀ ਸੁਨਾਰੀਆਂ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਪੈਰੋਲ ’ਤੇ ਆਉਣ ਤੋਂ ਬਾਅਦ ਵਿੱਢੀਆਂ ਸਰਗਰਮੀਆਂ ‘ਤੇ ਸਵਾਲ ਚੁੱਕਦਿਆਂ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ੰਕਾ ਜ਼ਾਹਰ ਕੀਤੀ ਹੈ ਕਿ ‘‘ ਉਹ ਮੁੜ ਪੰਜਾਬ ’ਚ ਜਾਮ ਏ ਇੰਸਾ ਵਰਗੀ ਘਟਨਾ ਨੂੰ ਅੰਜਾਮ ਦੇ ਕੇ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਤਿਆਰੀ ਵਿਚ ਹੈ। ’’ ਅਜ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਸ: ਰੰਧਾਵਾ ਨੇ ਹਰਿਆਣਾ ਦੀ ਭਾਜਪਾ ਸਰਕਾਰ ਵਲੋਂ ਸੌਦਾ ਸਾਧ ਨੂੰ ਵਾਰ ਵਾਰ ਪੈਰੋਲ ਦੇਣ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਅਜਿਹਾ ਸਿਰਫ਼ ਸਿਆਸੀ ਲਾਹਾ ਖੱਟਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਡੇਰਾ ਮੁਖੀ ਊਪਰ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਹ ਆਨ ਲਾਈਨ ਡੇਰਾ ਪ੍ਰੇਮੀਆਂ ਦੀਆਂ ਹੋ ਰਹੀਆਂ ਸਤਸੰਗਾਂ ਵਿਚ ਖ਼ੁਦ ਨੂੰ ਡੇਰਾ ਮੁਖੀ ਦੱਸ ਰਿਹਾ ਹੈ, ਉਹ ਗਲਤ ਹੈ ਕਿਉਂਕਿ ਬੇਟੀਆਂ ਨਾਲ ਬਲਾਤਕਾਰ ਕਰਨ ਵਾਲਾ ਅਤੇ ਬੇਟਿਆ ਦਾ ਕਤਲ ਕਰਨ ਵਾਲਾ ਗੁਰੂ ਨਹੀਂ ਹੋ ਸਕਦਾ। ਉਨ੍ਹਾਂ ਇਸ ਮਾਮਲੇ ‘ਤੇ ਪੰਜਾਬ ਸਰਕਾਰ ਵਲੋਂ ਕੋਈ ਐਕਸ਼ਨ ਨਾ ਲੈਣ ’ਤੇ ਸਵਾਲ ਖ਼ੜੇ ਕਰਦਿਆਂ ਨਾਲ ਹੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੁਆਰਾ ਧਾਰੀ ਚੁੱਪੀ ’ਤੇ ਵੀ ਉਸਦੇ ਪ੍ਰਧਾਨ ਨੂੰ ਵੀ ਘੇਰਿਆ ਹੈ। ਦਸਣਾ ਬਣਦਾ ਹੈ ਕਿ ਡੇਰਾ ਮੁਖੀ ਵਲੋਂ ਮਿਲੀ 40 ਦਿਨਾਂ ਦੀ ਪੈਰੋਲ ਦੌਰਾਨ ਵੱਡੇ ਪੱਧਰ ’ਤੇ ਸਤਸੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਤੇ ਨਾਲ ਹੀ ਉਸ ਵਲੋਂ ਡੇਰਾ ਪ੍ਰੇਮੀਆਂ ਨੂੰ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਡੇਰਾ ਸਲਾਬਤਪੁਰਾ ਦੀ ਤਰਜ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਦੇ ਬਲਾਕ ਸੰਗਰੂਰ ਵਿਚ ਅਜਿਹਾ ਇੱਕ ਹੋਰ ਡੇਰਾ ਖੋਲਣ ਦੀ ਮੰਨਜੂਰੀ ਦਿੱਤੀ ਗਈ ਹੈ ਜਦੋਂਕਿ ਡੇਰਾ ਮੁਖੀ ਵਲੋਂ ਸਲਾਬਤਪੁਰਾ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਦਿਆਂ ਪਿਲਾਏ ਕਥਿਤ ਜਾਮ ਏ ਇੰਸਾਂ ਦੇ ਵਿਰੋਧ ’ਚ ਸਭ ਤੋਂ ਪਹਿਲੀ ਸਹਾਦਤ ਵੀ ਸੁਨਾਮ ਦੇ ਇੱਕ ਸਿੱਖ ਵਲੋਂ ਦਿੱਤੀ ਗਈ ਸੀ।

ਲੁਧਿਆਣਾ ਸੀਐਲਯੂ ਕੇਸ: ਨਵਜੋਤ ਸਿੱਧੂ ਨੂੰ ਹਾਈਕੋਰਟ ਤੋਂ ਮਿਲੀ ਰਾਹਤ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਅਕਤੂਬਰ: ਪਟਿਆਲਾ ਦੀ ਜੇਲ੍ਹ ’ਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ �ਿਕਟਰ ਨਵਜੋਤ ਸਿੰਘ ਸਿੱਧੂ ਨੂੰ ਅੱਜ ਲੁਧਿਆਣਾ ਸੀਐਲਯੂ ਕੇਸ ’ਚ ਵੱਡੀ ਰਾਹਰ ਦਿੰਦਿਆਂ ਪੰਜਾਬ-ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਅਰਜ਼ੀ ਮਨਜ਼ੂਰ ਕਰ ਲਈ ਹੈ। ਇਸਦਾ ਭਾਵ ਉਹ ਹੁਣ ਇਸ ਕੇਸ ਵਿਚ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਭੁਗਤ ਸਕਣਗੇ। ਜਦੋਂਕਿ ਪਹਿਲਾਂ ਉਨ੍ਹਾਂ ਨੂੰ ਖ਼ੁਦ ਅਦਾਲਤ ਵਿਚ ਪੇਸ਼ ਹੋਣ ਲਈ ਲੁਧਿਆਣਾ ਦੇ ਸੀਜੇਐਮ ਨੇ ਹੁਕਮ ਜਾਰੀ ਕੀਤੇ ਹੋਏ ਸਨ। ਲੰਘੀ 21 ਅਕਤੂਬਰ ਨੂੰ ਵੀ ਸਿੱਧੂ ਦੀ ਅਦਾਲਤ ਵਿਚ ਪੇਸ਼ੀ ਸੀ ਪ੍ਰੰਤੂ ਉਹ ਬੀਮਾਰ ਹੋਣ ਕਾਰਨ ਪੇਸ਼ ਨਹੀਂ ਹੋ ਸਕੇ ਸਨ। ਹਾਲਾਂਕਿ ਉਨ੍ਹਾਂ ਪੇਸ਼ੀ ਤੋਂ ਇੱਕ ਦਿਨ ਪਹਿਲਾਂ ਅਪਣੇ ਵਕੀਲ ਰਾਹੀਂ ਭੇਜੀ ਚਿੱਠੀ ਵਿਚ ਅਦਾਲਤ ਵਿਚ ਪੇਸ਼ੀ ਦੌਰਾਨ ਜਾਨ ਨੂੰ ਖ਼ਤਰਾ ਦਸਿਆ ਸੀ। ਜਿਸਦੇ ਜਵਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਜਾਰੀ ਕਰਕੇ ਉਨ੍ਹਾਂ ਨੂੰ ਚਿੰਤਾ ਮੁਕਤ ਹੋਣ ਦੀ ਅਪੀਲ ਕਰਦਿਆਂ ਪੂਰੀ ਸੁਰੱਖਿਆ ਮੁਹੱਈਆਂ ਕਰਵਾਊਣ ਦਾ ਭਰੋਸਾ ਦਿੱਤਾ ਸੀ। ਗੌਰਤਲਬ ਹੈ ਕਿ ਪੰਜਾਬ ਪੁਲਿਸ ਦੇ ਇੱਕ ਚਰਚਿਤ ਸਾਬਕਾ ਡੀਐਸਪੀ ਬਲਵਿੰਦਰ ਸਿੰਘ ੇਸੇਖੋ ਵਲੋਂ ਲੁਧਿਆਣਾ ਨਗਰ ਨਿਗਮ ਦੇ ਇੱਕ ਕੇਸ ਦੀ ਜਾਂਚ ਦੌਰਾਨ ਤਤਕਾਲੀ ਮੰਤਰੀ ਭਾਰਤ ਭੂਸਨ ਆਸ਼ੂ ਨਾਲ ਵਿਵਾਦ ਹੋ ਗਿਆ ਸੀ, ਜਿਸਦੀ ਇੱਕ ਆਡੀਓ ਵੀ ਵਾਈਰਲ ਹੋਈ ਸੀ। ਸੇਖੋ ਦਾ ਦਾਅਵਾ ਹੈ ਕਿ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਤਤਕਾਲੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਿੱਤੇ ਸਨ, ਜਿਸਦੇ ਲਈ ਉਨ੍ਹਾਂ ਅਦਾਲਤ ਵਿਚ ਗਵਾਹੀ ਮੰਗੀ ਸੀ। ਇਸ ਮਾਮਲੇ ਵਿਚ ਸਿੱਧੂ ਵਲੋਂ ਅਦਾਲਤ ਵਿਚ ਪੇਸ਼ ਨਾ ਹੋਣ ਦੇ ਚੱਲਦੇ ਸੀਜੇਐਮ ਸੁਮਿਤ ਮੱਕੜ ਵੱਲੋਂ 21 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਪ੍ਰੋਡਕਸ਼ਨ ਵਾਰੰਟ ਵੀ ਜਾਰੀ ਕਰ ਦਿੱਤਾ ਗਿਆ ਸੀ।

ਮੁੱਖ ਮੰਤਰੀ ਕੋਲ ਸੁਰੱਖਿਆ ਵਾਹਨਾਂ ਦੀ ਗਿਣਤੀ ਆਪ ਦੇ ਦਾਅਵਿਆਂ ਨੂੰ ਝੁਠਲਾਉਂਦੀ ਹੈ: ਬਾਜਵਾ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਅਕਤੂਬਰ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਖੁਦ ਨੂੰ ਆਮ ਆਦਮੀ ਦੱਸ ਕੇ ਸੱਤਾ ਵਿਚ ਆਏ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਵਿਚ ਲੱਗੇ ਵਾਹਨਾਂ ਦੀ ਗਿਣਤੀ ’ਤੇ ਸਵਾਲ ਉਠਾਏ ਹਨ। ਇੱਥੇ ਜਾਰੀ ਇੱਕ ਬਿਆਨ ਵਿਚ ਸ: ਬਾਜਵਾ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਲੋਕ ਭਰਮਾਊ ਵਾਅਦਿਆਂ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਮਿਸਨ ਪੰਜਾਬ 2022‘ ਤਹਿਤ ਚੋਣ ਪ੍ਰਚਾਰ ਦੌਰਾਨ ਫਰਵਰੀ 2022 ਦੀਆਂ ਚੋਣ ਰੈਲੀਆਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਧਾਰਮਿਕ ਗ੍ਰੰਥਾਂ ਦੀ ਸੁਰੱਖਿਆ ਲਈ ਵਚਨਬੱਧਤਾ ਦਾ ਝੂਠਾ ਵਾਅਦਾ ਕਰ ਕੇ ਲੋਕਾਂ ਨੂੰ ਭਰਮਾਇਆ। ਬਾਜਵਾ ਨੇ ਕਿਹਾ ਕਿ ਉਸ ਸਮੇਂ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਨਹੀਂ ਹਨ। ਪਰ ਸੱਤਾ ਹਥਿਆਉਣ ਤੋਂ ਬਾਅਦ ਹਕੀਕਤ ਬਿਲਕੁਲ ਸਾਹਮਣੇ ਆ ਗਈ ਹੈ। ਪੰਜਾਬ ਦੇ ਲੋਕ ‘ਬਦਲਾਓ’ ਦੇ ਵਾਅਦੇ ਵੱਲੋਂ ਠੱਗੇ ਹੋਏ ਮਹਿਸੂਸ ਕਰ ਰਹੇ ਹਨ ਕਿਉਂਕਿ ਪ੍ਰਸਾਸਨ ਵਿੱਚ ਪੂਰੀ ਤਰਾਂ ਪਾਰਦਰਸਤਾ ਨਹੀਂ ਹੈ। “ਵਿਰੋਧੀ ਧਿਰ ਦਾ ਆਗੂ ਹੋਣ ਦੇ ਨਾਤੇ ਮੇਰੇ ਵੱਲੋਂ ਆਰ ਟੀ ਆਈ ਕਾਨੂੰਨ ਦੇ ਅਧੀਨ ਸਕਿਉਰਿਟੀ ਵਿੰਗ ਅਤੇ ਸੂਬੇ ਦੇ ਟਰਾਂਸਪੋਰਟ ਵਿਭਾਗ ਤੋਂ ਜਾਣਕਾਰੀ ਮੰਗੀ ਗਈ ਸੀ ਕਿ 15 ਮਾਰਚ 2007 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵੱਖ ਵੱਖ ਮੁੱਖ ਮੰਤਰੀਆਂ ਨੂੰ ਕਿੰਨੀਆਂ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਵਿੱਚ ਪੰਜਾਬ ਦੇ ਵੱਖ ਵੱਖ ਮੁੱਖ ਮੰਤਰੀਆਂ ਨੂੰ ਮੁਹੱਈਆ ਕਰਵਾਏ ਗਏ ਸੁਰੱਖਿਆ ਮੁਲਾਜ਼ਮਾਂ ਦਾ ਵੇਰਵਾ ਵੀ ਮੰਗਿਆ ਗਿਆ ਸੀ। ਪਰ ਵਧੀਕ ਡਾਇਰੈਕਟਰ ਜਨਰਲ ਪੁਲਿਸ, ਸਪੈਸਲ ਪ੍ਰੋਟੈਕਸਨ ਯੂਨਿਟ, ਪੰਜਾਬ ਵੱਲੋਂ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਇਹ ਜਾਣਕਾਰੀ ਦੇਣ ਤੋਂ ਗ਼ਲਤ ਢੰਗ ਨਾਲ ਆਰ ਟੀ ਆਈ ਕਾਨੂੰਨ ਦੀ ਧਾਰਾ 24(4) ਅਤੇ 8 ਦੇ ਤਹਿਤ ਇਨਕਾਰ ਕੀਤਾ“।
ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਮੌਜੂਦਾ ਮੁੱਖ ਮੰਤਰੀ ਲੋਕਾਂ ਦੀ ਸੁਰੱਖਿਆ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹਨ ਅਤੇ ਸੁਰੱਖਿਆ ਵਾਹਨਾਂ ਅਤੇ ਕਰਮਚਾਰੀਆਂ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਆਪਣੇ ਤੋਂ ਪਿਛਲੇ ਮੁੱਖ ਮੰਤਰੀਆਂ ਨੂੰ ਵੀ ਪਛਾੜ ਦਿੱਤਾ ਹੈ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਅਖੌਤੀ ਅਹੁਦੇਦਾਰਾਂ ਦੇ ਰਿਸਤੇਦਾਰਾਂ ਸਮੇਤ ਦੂਰ-ਦੁਰਾਡੇ ਦੇ ਰਿਸਤੇਦਾਰ ਵੀ ਮੁੱਖ ਮੰਤਰੀ ਨੂੰ ਦਿੱਤੀ ਗਈ ਸੁਰੱਖਿਆ ਦੀ ਆੜ ਵਿੱਚ ਸਰਕਾਰੀ ਗੱਡੀਆਂ ਦੀ ਦੁਰਵਰਤੋਂ ਕਰ ਰਹੇ ਹਨ। ਸਿਰਫ ਰਿਸਤੇਦਾਰ ਹੀ ਨਹੀਂ, ਇੱਥੋਂ ਤੱਕ ਕਿ ‘ਆਪ‘ ਦੇ ਆਗੂ ਜੋ ਪੰਜਾਬ ਨਾਲ ਨਹੀਂ ਜੁੜੇ, ਉਨ੍ਹਾਂ ਦਾ ਨਾਮ ਵੀ ਲਾਭਪਾਤਰਾਂ ਦੀ ਸੂਚੀ ਵਿੱਚ ਆਉਂਦਾ ਹੈ। ਬਾਜਵਾ ਨੇ ਕਿਹਾ ਕਿ ਸੂਚਨਾ ਦੇ ਅਧਿਕਾਰ ਕਾਨੂੰਨ ਦਾ ਮੁੱਖ ਉਦੇਸ ਫ਼ੈਸਲੇ ਲੈਣ ਵਿੱਚ ਇਮਾਨਦਾਰੀ ਅਤੇ ਪਾਰਦਰਸਤਾ ਨੂੰ ਉਤਸਾਹਿਤ ਕਰਨਾ ਹੈ। ਸੂਚਨਾ ਤੋਂ ਇਨਕਾਰ ਕਰਨਾ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਤਹਿਤ ਛੋਟ ਦੇਣ ਵਾਲੀ ਸ਼ਰਤ ਦੀ ਆੜ ਹੇਠ ਮੌਜੂਦਾ ਪ੍ਰਬੰਧ ਦੇ ਨਜਾਇਜ਼ ਕੰਮਾਂ ਨੂੰ ਸਾਬਤ ਕਰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਦਾ ਨਾਅਰਾ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਕੇ ਸੱਤਾ ਹਥਿਆਉਣ ਲਈ ਵਰਤਿਆ ਗਿਆ। ਸੱਤਾ ਹਥਿਆਉਣ ਦੀ ਆਮ ਆਦਮੀ ਪਾਰਟੀ ਦੀ ਭੁੱਖ ਨੂੰ ਮਿਟਾਉਣ ਲਈ ਸਰਕਾਰੀ ਖ਼ਜ਼ਾਨੇ ਅਤੇ ਮਸੀਨਰੀ ਦੀ ਬੇਸਰਮੀ ਨਾਲ ਕੀਤੀ ਜਾ ਰਹੀ ਦੁਰਵਰਤੋਂ ਮੌਜੂਦਾ ਸਰਕਾਰ ਨੂੰ ਆਪਣੇ ਅਸਲੀ ਰੰਗ ਵਿੱਚ ਦਰਸਾਉਂਦੀ ਹੈ।

ਬੀਬੀ ਜੰਗੀਰ ਕੌਰ ਦਾ ਬਾਦਲ ਪ੍ਰਵਾਰ ’ਤੇ ਪਹਿਲਾਂ ਵੱਡਾ ਹਮਲਾ!

0

ਕਿਹਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ’ਚ ਲਿਫ਼ਾਫ਼ਾ ਕਲਚਰ ਹੋਣਾ ਚਾਹੀਦਾ ਹੈ ਬੰਦ
ਕੀਤਾ ਦਾਅਵਾ, 4 ਵਾਰ ਪ੍ਰਧਾਨ ਬਣੀ, ਪਰ ਐਨ ਮੌਕੇ ’ਤੇ ਹੀ ਲੱਗਿਆ ਸੀ ਪਤਾ
ਇਸ ਵਾਰ ਮੁੜ ਪ੍ਰਧਾਨਗੀ ਲਈ ਤੋਲ ਰਹੀ ਹੈ ਵਜ਼ਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਅਕਤੁੂਬਰ: ਕਿਸੇ ਸਮੇਂ ਬਾਦਲ ਪ੍ਰਵਾਰ ਦੀ ਖ਼ਾਸ ਸਿਪਾਹ-ਸਲਾਰ ਰਹੀ ਬੀਬੀ ਜੰਗੀਰ ਕੌਰ ਨੇ ਹੁਣ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਦੀ ਆਗਾਮੀ 9 ਨਵੰਬਰ ਨੂੰ ਆ ਰਹੀ ਚੋਣ ’ਚ ਮੁੜ ਅਪਣੀ ਕਿਸਮਤ ਅਜਮਾਉਣ ਦਾ ਫੈਸਲਾ ਲੈ ਲਿਆ ਹੈ। ਪਿਛਲੇ ਕੁੱਝ ਦਿਨਾਂ ਤੋਂ ਖੁੱਲੇ ਤੌਰ ’ਤੇ ਪ੍ਰਧਾਨਗੀ ਦੇ ਅਹੁੱਦੇ ਲਈ ਦਾਅਵੇਦਾਰੀ ਜਤਾ ਰਹੀ ‘ਬੀਬੀ’ ਵਲੋਂ ਸੰਪਰਕ ਮੁਹਿੰਮ ਵਿੱਢੀ ਹੋਈ ਹੈ। ਆਉਣ ਵਾਲੇ ਦਿਨਾਂ ‘ਚ ਸ਼੍ਰੋਮਣੀ ਅਕਾਲੀ ਦਲ ਵਲੋਂ ਪ੍ਰਧਾਨਗੀ ਲਈ ਉਮੀਦਵਾਰ ਬਣਾਏ ਜਾਣ ਦੀ ਮੱਧਮ ਸੰਭਾਵਨਾ ਦੇ ਚੱਲਦਿਆਂ ਹੁਣ ਸਾਬਕਾ ਪ੍ਰਧਾਨ ਨੇ ਅਸਿੱਧੇ ਢੰਗ ਨਾਲ ਬਾਦਲ ਪ੍ਰਵਾਰ ’ਤੇ ਵੱਡਾ ਸਿਆਸੀ ਹਮਲਾ ਬੋਲਿਆ ਹੈ। ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦਿੰਦਿਆਂ ਬੀਬੀ ਜੰਗੀਰ ਕੌਰ ਨੇ ਮੰਗ ਕੀਤੀ ਹੈ ਕਿ ‘‘ ਲਿਫ਼ਾਫ਼ਾ’’ ਕਲਚਰ ਖ਼ਤਮ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਬੇਸ਼ੱਕ ਉਹ ਚਾਰ ਵਾਰ ਇਸ ਅਹੁੱਦੇ ’ਤੇ ਰਹੇ ਹਨ ਪ੍ਰੰਤੂ ਉਨ੍ਹਾਂ ਨੂੰ ਵੀ ਪ੍ਰਧਾਨ ਬਣਨ ਬਾਰੇ ਪਤਾ ਆਖ਼ਰ ਦੇ ਵਿਚ ਹੀ ਚੱਲਦਾ ਸੀ। ਜਿਸਦੇ ਨਾਲ ਗਲਤ ਪ੍ਰਭਾਵ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਾਦਲਾਂ ਦੇ ਲਿਫ਼ਾਫੇ ਵਿਚੋਂ ਨਿਕਲਦਾ ਹੈ। ਬੀਬੀ ਨੇ ਇਹ ਵੀ ਕਿਹਾ ਕਿ ਇਸਦੇ ਨਾਲ ਯੋਗਤਾ, ਸਮਰਪਨ, ਕੰਮ ਕਰਨ ਦੀ ਸਮਰੱਥਾ ਆਦਿ ਦੇ ਮਿਆਰਾਂ ਨੂੰ ਵੀ ਨਹੀਂ ਪਰਖਿਆ ਜਾਂਦਾ। ਇੱਥੇ ਦਸਣਾ ਬਣਦਾ ਹੈ ਕਿ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਦੀ ਪਹਿਲੀ ਮਹਿਲਾਂ ਪ੍ਰਧਾਨ ਵਜੋਂ ਜਿੰਮੇਵਾਰ ਸੰਭਾਲਣ ਵਾਲੀ ਬੀਬੀ ਜੰਗੀਰ ਕੌਰ ਹੁਣ ਪਿਛਲੇ ਸਮੇਂ ਤੋਂ ਮੁੜ ਇਸ ਅਹੁੱਦੇ ’ਤੇ ਸੁਸੋਭਿਤ ਹੋਣ ਲਈ ਅੰਦਰਖ਼ਾਤੇ ਵੱਡੀ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਹਿਤ ਕੌਰ ਕਮੇਟੀ ਮੈਂਬਰਾਂ ਕੋਲ ਅਪਣੇ ਦਾਅਵੇਦਾਰੀ ਜਤਾਈ ਜਾ ਚੁੱਕੀ ਹੈ ਜਦੋਂਕਿ ਅਕਾਲੀ ਦਲ ਤੇ ਖ਼ਾਸਕਰ ਬਾਦਲ ਪ੍ਰਵਾਰ ਮੁੜ ਹਰਜਿੰਦਰ ਸਿੰਘ ਧਾਮੀ ’ਤੇ ਹੀ ਦਾਅ ਖੇਡਣਾਂ ਚਾਹੁੰਦਾ ਹੈ। ਅਜਿਹੀ ਹਾਲਾਤ ’ਚ ਬੀਬੀ ਜੰਗੀਰ ਕੌਰ ਦੇ ਵਿਰੋਧੀ ਉਮੀਦਵਾਰ ਵਜੋਂ ਮੈਦਾਨ ’ਚ ਆਉਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿੰਨ੍ਹਾਂ ਨੂੰ ਸਮੂਹ ਬਾਦਲ ਵਿਰੋਧੀ ਧੜਿਆਂ ਦੀ ਅੰਦਰਖ਼ਾਤੇ ਹਿਮਾਇਤ ਮਿਲਦੀ ਦਿਖ਼ਾਈ ਦੇ ਰਹੀ ਹੈ। ਅਜਿਹਾ ਹੋਣ ’ਤੇ ਪਹਿਲਾਂ ਹੀ ਸੂਬੇ ਦੀ ਸਿਆਸਤ ਤੇ ਧਰਮ ਦੇ ਖੇਤਰ ਵਿਚ ਵਿਰੋਧ ਦਾ ਸਾਹਮਣਾ ਕਰ ਰਹੇ ਬਾਦਲ ਪ੍ਰਵਾਰ ਲਈ ਹੋਰ ਮੁਸ਼ਕਿਲਾਂ ਖ਼ੜੀਆਂ ਹੋ ਸਕਦੀਆਂ ਹਨ।

ਲੱਖ ਰੁਪਏ ਦੀ ਰਿਸ਼ਵਤ ਮੰਗਣ ਵਾਲੇ ਸੇਵਾਦਾਰ ਵਿਰੁੱਧ ਵਿਜੀਲੈਂਸ ਵਲੋਂ ਪਰਚਾ ਦਰਜ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 26 ਅਕਤੂਬਰ : ਪੰਜਾਬ ਵਿਜੀਲੈਂਸ ਬਿਊੂਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਤਹਿਸੀਲ ਦਫਤਰ-2, ਅੰਮ੍ਰਿਤਸਰ ਵਿਖੇ ਤਾਇਨਾਤ ਸੇਵਾਦਾਰ ਗੁਰਧੀਰ ਸਿੰਘ ਵੱਲੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਬਦਲੇ ਰਿਸ਼ਵਤਖੋਰੀ ਦਾ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸੇਵਾਦਾਰ ਖਿਲਾਫ ਸ਼ਿਕਾਇਤਕਰਤਾ ਜੈਬੀਰ ਸਿੰਘ ਵਾਸੀ ਪਿੰਡ ਕੱਕਾ ਕੰਡਿਆਲਾ, ਜਿਲਾ ਤਰਨਤਾਰਨ ਵੱਲੋਂ ਬਿਊਰੋ ਕੋਲ ਦਰਜ ਕਰਵਾਈ ਇੱਕ ਆਨਲਾਈਨ ਸ਼ਿਕਾਇਤ ਦੇ ਅਧਾਰ ’ਤੇ ਇਹ ਕੇਸ ਦਰਜ ਕੀਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਮੁਲਾਜ਼ਮ ਨੇ ਉਸ ਦੀ ਸੱਸ ਦੇ ਪਲਾਟ ਦੀ ਰਜਿਸਟਰੀ ਕਰਾਉਣ ਲਈ ਐਨ.ਓ.ਸੀ. ਮੁਹੱਈਆ ਕਰਨ ਦੇ ਇਵਜ਼ ਵਿੱਚ ਇੱਕ ਲੱਖ ਰੁਪਏ ਦੀ ਰਿਸ਼ਵਤ ਲਈ ਸੀ ਜੋ ਕਿ ਐਨ.ਓ.ਸੀ. ਨਾ ਦੇਣ ਕਾਰਨ ਉਸਨੇ ਵਾਪਸ ਕਰ ਦਿੱਤੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਨਾਲ ਪੇਸ਼ ਕੀਤੇ ਤੱਥਾਂ ਤੇ ਸਬੂਤਾਂ ਦੀ ਪੜਤਾਲ ਉਪਰੰਤ ਉਕਤ ਮੁਲਾਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਰਿਸ਼ਵਤਖੋਰੀ ਦਾ ਮਾਮਲਾ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਪੜਤਾਲ ਜਾਰੀ ਹੈ। ਉਸ ਨੂੰ ਵਿਜੀਲੈਂਸ ਬਿਊਰੋ ਕੋਲ ਪੇਸ਼ ਹੋਣ ਲਈ ਨੋਟਿਸ ਵੀ ਭੇਜ ਦਿੱਤਾ ਹੈ।

ਯੂਨਾਈਟਿਡ ਅਕਾਲੀ ਦਲ ਨੇ ਘੱਟ ਗਿਣਤੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਕੀਤੀ ਮੀਟਿੰਗ

0

ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਲਈ ਯੂ. ਏ. ਪੀ. ਏ. ਲਾਉਣ ਅਤੇ ਸਪੈਸ਼ਲ ਕੋਰਟ ਦੀ ਕੀਤੀਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 26 ਅਕਤੂਬਰ: ਯੂਨਾਈਟਿਡ ਅਕਾਲੀ ਦਲ ਦਾ ਵਫ਼ਦ ਅੱਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ.ਇਕਬਾਲ ਸਿੰਘ ਲਾਲਪੁਰਾ ਨੂੰ ਉਨ੍ਹਾਂ ਦੇ ਦਫਤਰ ਵਿੱਚ ਮਿਲਿਆ। ਵਫ਼ਦ ਵਿੱਚ ਪਾਰਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਠਿੰਡਾ, ਬਹਾਦਰ ਸਿੰਘ ਰਾਹੋਂ, ਸਰਪ੍ਰਸਤ ਗੁਰਨਾਮ ਸਿੰਘ ਸਿੱਧੂ, ਸਕੱਤਰ ਜਨਰਲ ਜਤਿੰਦਰ ਸਿੰਘ ਈਸੜੂ, ਪਾਰਟੀ ਆਗੂ ਨਛੱਤਰ ਸਿੰਘ ਦਬੜ੍ਹੀਖਾਨਾ, ਜਸਵਿੰਦਰ ਸਿੰਘ ਘੋਲੀਆ, ਰਛਪਾਲ ਸਿੰਘ ਚੰਡੀਗਡ਼੍ਹ ਅਤੇ ਭੁਪਿੰਦਰ ਸਿੰਘ ਹਾਜ਼ਰ ਸਨ। ਵਫ਼ਦ ਨੇ ਪਿਛਲੇ 75 ਸਾਲਾਂ ਵਿੱਚ ਪੰਜਾਬ ਅਤੇ ਸਿੱਖ ਕੌਮ ਨਾਲ ਹੋਈਆਂ ਜ਼ਾਲਮਾਨਾ ਕਾਰਵਾਈਆਂ ਅਤੇ ਬੇਇਨਸਾਫ਼ੀ ਬਾਰੇ ਚਰਚਾ ਕੀਤੀ। ਮੁਗਲ ਰਾਜ, ਅੰਗਰੇਜ਼ਾਂ ਅਤੇ 1947 ਤੋਂ ਬਾਅਦ ਗੁਆਂਢੀ ਮੁਲਕਾਂ ਨਾਲ ਜੰਗਾਂ ਅਤੇ ਦੇਸ਼ ਦੀ ਤਰੱਕੀ ਵਿੱਚ ਪਾਏ ਯੋਗਦਾਨ, ਸ਼ਹਾਦਤਾਂ ਦੀ ਵਿਆਖਿਆ ਦੇ ਨਾਲ ਦੇਸ਼ ਦੀ ਵੰਡ ਸਮੇਂ ਸਿੱਖਾਂ ਨਾਲ ਕੀਤੇ ਵਾਅਦਿਆਂ ਅਤੇ ਸਰਕਾਰਾਂ ਵੱਲੋਂ ਕੀਤੀ ਅਕ੍ਰਿਤਘਣਤਾ ਬਾਰੇ ਵੀ ਵਿਚਾਰ ਕੀਤੇ। ਤੁਰੰਤ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਵੱਲੋਂ ਸਰਕਾਰੀ ਗੰਨਮੈਨਾਂ ਨਾਲ ਵੀ.ਆਈ.ਪੀ ਵਿਚਰਨ ਨਾਲ ਭੜਕਾਹਟ ਪੈਦਾ ਹੋਣ, ਦੋਸ਼ੀਆਂ ਵਿਰੁੱਧ ਧਾਰਾ ਯੂ.ਏ.ਪੀ.ਏ ਲਗਾਉਣ, ਗੁਰਮੀਤ ਰਾਮ ਰਹੀਮ ਦੀਆਂ ਭੜਕਾਹਟ ਪੈਦਾ ਕਰਨ ਵਾਲੀਆਂ ਕਾਰਵਾਈਆਂ ਸਬੰਧੀ ਅਤੇ ਉਸ ਦੀ ਪੈਰੋਲ ਰੱਦ ਕਰਾਉਣ, ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਅਤੇ ਜਲਦੀ ਸਜ਼ਾਵਾਂ ਦੇਣ ਲਈ ਸਪੈਸ਼ਲ ਕੋਰਟ ਬਣਾਉਣ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਗੋਲੀ ਕਾਂਡ ਵਿੱਚ ਗ੍ਰਿਫ਼ਤਾਰੀ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਦੀਆਂ ਰਿਹਾਈਆਂ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਤੁਰੰਤ ਦਿੱਲੀ ਤੋਂ ਪੰਜਾਬ ਜੇਲ੍ਹ ਬਦਲਣ ਅਤੇ ਪੈਰੋਲ ਦੀ ਮੰਗ ਕੀਤੀ। ਸ. ਇਕਬਾਲ ਸਿੰਘ ਲਾਲਪੁਰਾ ਨੇ ਉਪਰੋਕਤ ਮੁੱਦਿਆਂ ਨੂੰ ਜਾਇਜ਼ ਮੰਨਦੇ ਹੋਏ ਤੁਰੰਤ ਕਾਰਵਾਈ ਕਰਨ ਨੂੰ ਕਿਹਾ ਅਤੇ ਪੰਜਾਬ ਦੇ ਮੁੱਖ ਸਕੱਤਰ, ਡੀ.ਜੀ.ਪੀ ਪੰਜਾਬ ਨੂੰ ਪੱਤਰ ਲਿਖਣ, ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨਾਲ ਪੂਰੀ ਗੰਭੀਰਤਾ ਨਾਲ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਗੱਲਬਾਤ ਕਰਨ ਦਾ ਭਰੋਸਾ ਦਿੱਤਾ।

ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਰੋਡਵੇਜ਼ ਦੇ ਜਨਰਲ ਮੈਨੇਜਰ ਸਣੇ ਚਾਰ ਮੁਲਾਜ਼ਮਾਂ ਮੁਅੱਤਲ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਅਕਤੂਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹੁਕਮਾਂ ‘ਤੇ ਅੱਜ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਸਮੇਤ ਚਾਰ ਮੁਲਾਜ਼ਮਾਂ ਨੂੰ ਬੇਨਿਯਮੀਆਂ ਅਤੇ ਭ੍ਰਿਸ਼ਟ ਗਤੀਵਿਧੀਆਂ ਦੇ ਦੋਸ਼ਾਂ ਤਹਿਤ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਸ੍ਰੀ ਮੁਕਤਸਰ ਸਾਹਿਬ ਡਿਪੂ ਵਿਖੇ ਹੋ ਰਹੀਆਂ ਬੇਨਿਯਮੀਆਂ ਸਬੰਧੀ ਉਨ੍ਹਾਂ ਨੂੰ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਸ ਸਬੰਧੀ ਮੁਢਲੀ ਪੜਤਾਲ ਕਰਵਾਉਣ ਲਈ ਜਾਂਚ ਟੀਮ ਗਠਿਤ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਜਾਂਚ ਟੀਮ ਵੱਲੋਂ ਪੇਸ਼ ਪੜਤਾਲੀਆ ਰਿਪੋਰਟ ਦੇ ਆਧਾਰ ‘ਤੇ ਸ੍ਰੀ ਮੁਕਤਸਰ ਸਾਹਿਬ ਡਿਪੂ ਦੇ ਜਨਰਲ ਮੈਨੇਜਰ ਰਣਜੀਤ ਸਿੰਘ ਬੱਗਾ, ਸਬ ਇੰਸਪੈਕਟਰ ਬਲਵਿੰਦਰ ਸਿੰਘ, ਸੀਨੀਅਰ ਸਹਾਇਕ ਪਰਗਟ ਸਿੰਘ ਅਤੇ ਕੰਡਕਟਰ ਗੁਰਸ਼ਰਨ ਸਿੰਘ ਨੂੰ ਸਰਕਾਰੀ ਖ਼ਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਅਤੇ ਭ੍ਰਿਸ਼ਟਾਚਾਰ ਗਤੀਵਿਧੀਆਂ ਚਲਾਉਣ ਦੇ ਗੰਭੀਰ ਦੋਸ਼ਾਂ ਤਹਿਤ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਅਧਿਕਾਰੀ ਅਤੇ ਕਰਮਚਾਰੀ ਪ੍ਰਾਈਵੇਟ ਬੱਸਾਂ ਦੀ ਅੱਡਾ ਫੀਸ ਤਾਂ ਲੈ ਲੈਂਦੇ ਸਨ ਪਰ ਉਸ ਦੀ ਪਰਚੀ ਨਹੀਂ ਸਨ ਦਿੰਦੇ ਅਤੇ ਬਣਦੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦੀ ਥਾਂ ਆਪਣੀਆਂ ਜੇਬਾਂ ਵਿੱਚ ਪਾ ਲੈਂਦੇ ਸਨ।ਇਨ੍ਹਾਂ ਮੁਲਾਜ਼ਮਾਂ ਨੂੰ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਰੂਲਜ਼, 1970 ਦੇ ਨਿਯਮ 4 (2) (ਏ) ਤਹਿਤ ਤੁਰੰਤ ਡਿਊਟੀ ਤੋਂ ਮੁਅੱਤਲ ਕੀਤਾ ਗਿਆ ਹੈ। ਮੁਲਾਜ਼ਮਾਂ ਦਾ ਮੁਅੱਤਲੀ ਸਮੇਂ ਦੌਰਾਨ ਹੈੱਡ ਕੁਆਰਟਰ ਦਫਤਰ ਡਾਇਰੈਕਟਰ ਸਟੇਟ ਟਰਾਂਸਪੋਰਟ, ਪੰਜਾਬ, ਚੰਡੀਗੜ੍ਹ ਹੋਵੇਗਾ।

ਦੇਸ਼ ਵਿੱਚ ਸਿਆਸੀ ਬਦਲਾਅ ਲਿਆਉਣ ਲਈ ‘ਆਪ’ ਵੱਲ ਦੇਖ ਰਹੇ ਨੇ ਲੋਕ- ਭਗਵੰਤ ਮਾਨ

0

ਹਰਿਆਣਾ ਵਿੱਚ ਬਦਲਾਅ ਦਾ ਮੁੱਢ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਬੱਝੇਗਾ
ਆਦਮਪੁਰ ਵਿੱਚ ‘ਆਪ’ ਉਮੀਦਵਾਰ ਸਤਿੰਦਰ ਸਿੰਘ ਦੇ ਹੱਕ ਵਿੱਚ ਜ਼ੋਰ-ਸ਼ੋਰ ਨਾਲ ਪ੍ਰਚਾਰ
ਪੰਜਾਬ ਵਿਚ ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ-ਭਗਵੰਤ ਮਾਨ
ਪੰਜਾਬੀ ਖ਼ਬਰਸਾਰ ਬਿਉਰੋ
ਆਦਮਪੁਰ (ਹਰਿਆਣਾ), 26 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਭਰ ਵਿੱਚ ਤਬਦੀਲੀ ਦੀ ਹਵਾ ਵਗ ਰਹੀ ਹੈ ਅਤੇ ਗੁਜਰਾਤ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੇ ਲੋਕ ਇਸ ਬਦਲਾਅ ਦੇ ਭਾਈਵਾਲ ਬਣਨ ਲਈ ਕਾਹਲੇ ਹਨ।ਵਿਧਾਨ ਸਭਾ ਹਲਕਾ ਆਦਮਪੁਰ (ਹਰਿਆਣਾ) ਵਿੱਚ ‘ਆਪ’ ਉਮੀਦਵਾਰ ਸਤਿੰਦਰ ਸਿੰਘ ਦੇ ਹੱਕ ਵਿੱਚ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਡੇ ਉਤੇ ਵਿਸ਼ਵਾਸ ਕਰ ਕੇ ਵੋਟਾਂ ਪਾਈਆਂ, ਅਸੀਂ ਇਸ ਵਿਸ਼ਵਾਸ ਨੂੰ ਟੁੱਟਣ ਨਹੀਂ ਦਿਆਂਗੇ। ਉਨ੍ਹਾਂ ਕਿਹਾ ਕਿ ਹੁਣ ਵਾਰੀ ਹਰਿਆਣਾ ਦੀ ਹੈ ਅਤੇ ਹਰਿਆਣਾ ਵਿੱਚ ਇਸ ਬਦਲਾਅ ਦਾ ਮੁੱਢ ਆਦਮਪੁਰ ਹਲਕੇ ਤੋਂ ਬੱਝੇਗਾ। ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਦੇ ਲੋਕ ਜੇ ਵਧੀਆ ਸਿਹਤ ਤੇ ਸਿੱਖਿਆ ਸਹੂਲਤਾਂ ਤੇ ਵਧੀਆ ਪ੍ਰਸ਼ਾਸਨ ਚਾਹੁੰਦੇ ਹਨ ਤਾਂ ਸਾਡੇ ਉਤੇ ਵਿਸ਼ਵਾਸ ਕਰਨ ਅਤੇ ਇਸ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਵਿੱਚ ਸ਼ੁਰੂ ਕੀਤਾ ‘ਮੁਹੱਲਾ ਕਲੀਨਿਕਾਂ’ ਦਾ ਕ੍ਰਾਂਤੀਕਾਰੀ ਕਦਮ ਹੁਣ ਪੰਜਾਬ ਵਿੱਚ ‘ਆਮ ਆਦਮੀ ਕਲੀਨਿਕਾਂ’ ਦੇ ਰੂਪ ਵਿੱਚ ਸਫ਼ਲਤਾ ਦੇ ਨਵੇਂ ਦਿਸਹੱਦੇ ਸਿਰਜ ਰਿਹਾ ਹੈ ਅਤੇ ਹਰ ਰੋਜ਼ ਸੈਂਕੜੇ ਲੋਕ ਇਨ੍ਹਾਂ ਕਲੀਨਿਕਾਂ ਰਾਹੀਂ ਮੁਫ਼ਤ ਡਾਕਟਰੀ ਤੇ ਮੈਡੀਕਲ ਟੈਸਟਾਂ ਦੀ ਸਹੂਲਤ ਦਾ ਲਾਭ ਉਠਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇ ਸਿੱਖਿਆ ਮਾਡਲ ਦੀ ਪੂਰੀ ਦੁਨੀਆ ਵਿੱਚ ਧਾਂਕ ਜੰਮੀ ਹੋਈ ਹੈ ਅਤੇ ਹੁਣ ਪੰਜਾਬ ਵਿੱਚ ਸਿੱਖਿਆ ਖੇਤਰ ਵਿੱਚ ਅਹਿਮ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ।ਭਗਵੰਤ ਮਾਨ ਨੇ ਕਿਹਾ ਕਿ ਇਸ ਸਮੇਂ ਦੇਸ਼ ਸਿਆਸੀ ਤਬਦੀਲੀ ਦੀਆਂ ਬਰੂਹਾਂ ਉਤੇ ਹੈ ਅਤੇ ਲੋਕ ਤਬਦੀਲੀ ਲਈ ਕਾਂਗਰਸ ਤੇ ਭਾਜਪਾ ਤੋਂ ਅੱਗੇ ਜਾ ਕੇ ਹੋਰ ਸਿਆਸੀ ਬਦਲਾਅ ਵੱਲ ਦੇਖ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਸਿਆਸੀ ਤਬਦੀਲੀ ਦਾ ਮੁੱਢ ਗੁਜਰਾਤ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਤੋਂ ਬੱਝੇਗਾ ਅਤੇ ਚੋਣਾਂ ਵਿੱਚ ਜਿੱਤ ਤੋਂ ਬਾਅਦ ਇਨ੍ਹਾਂ ਰਾਜਾਂ ਵਿੱਚ ਸਿੱਖਿਆ ਤੇ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਰਾਹੀਂ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ।ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਨੀਤੀਆਂ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਹੈ, ਜਿਹੜੀ 2004 ਵਿੱਚ ਬੰਦ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ (ਡੀ.ਏ.) ਦੇ ਦਿੱਤਾ ਗਿਆ ਹੈ ਤਾਂ ਜੋ ਮੁਲਾਜ਼ਮਾਂ ਨੂੰ ਮਹਿੰਗਾਈ ਦੀ ਮਾਰ ਤੋਂ ਬਚਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਹਰੇਕ ਬਿਜਲੀ ਬਿੱਲ ਉਤੇ 600 ਯੂਨਿਟਾਂ ਦੀ ਮੁਆਫ਼ੀ ਦਿੱਤੀ ਗਈ ਹੈ। ਇਸ ਨਾਲ ਤਕਰੀਬਨ 50 ਲੱਖ ਦੇ ਕਰੀਬ ਖਪਤਕਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਹੈ।

ਮੰਨੀਆਂ ਮੰਗਾਂ ਲਾਗੂ ਕਰਨ ‘ਚ ਪੰਜਾਬ ਸਰਕਾਰ ਵੱਲੋਂ ਲਗਾਤਾਰ ਵੱਟੀ ਚੁੱਪ ਨੂੰ ਤੁੜਵਾਉਣ ਲਈ 29 ਨੂੰ ਵਹੀਰਾਂ ਘੱਤ ਕੇ ਪਹੁੰਚਣ ਦਾ ਸੱਦਾ

0

ਪੰਜਾਬੀ ਖ਼ਬਰਸਾਰ ਬਿਉਰੋ
ਸੰਗਰੂਰ, 26 ਅਕਤੂਬਰ:ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਮੰਨੀਆਂ ਮੰਗਾਂ ਲਾਗੂ ਕਰਨ ‘ਚ ਪੰਜਾਬ ਸਰਕਾਰ ਵੱਲੋਂ ਲਗਾਤਾਰ ਵੱਟੀ ਚੁੱਪ ਨੂੰ ਤੁੜਵਾਉਣ ਲਈ ਸਾਰੇ ਕਿਸਾਨਾਂ, ਮਜਦੂਰਾਂ ਮਾਂਵਾਂ ਭੈਣਾਂ ਨੂੰ ਪਰਵਾਰਾਂ ਸਮੇਤ ਪੱਕੇ ਮੋਰਚੇ ਚ 29 ਅਕਤੂਬਰ ਨੂੰ ਸੰਗਰੂਰ ਵਹੀਰਾਂ ਘੱਤ ਕੇ ਪਹੁੰਚਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਜਾਣ ਬੁੱਝ ਕੇ ਘੇਸਲ ਵੱਟੀ ਹੋਈ ਹੈ ਇਸ ਲਈ ਸੰਘਰਸ ਨੂੰ ਤੇਜ ਕਰਨ ਦੀ ਅਣਸਰਦੀ ਲੋੜ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ ਲਾਇਆ ਕਿ ਮੋਰਚੇ ਦੌਰਾਨ ਸਹੀਦ ਹੋਏ ਦੋ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦੇ ਮੁਆਵਜੇ ਬਾਰੇ ਵੀ ਸਰਕਾਰ ਚੁੱਪ ਧਾਰੀ ਬੈਠੀ ਹੈ ਅਤੇ ਉਲਟਾ ਬੇਹੂਦਾ ਬਜੁਰਗਾਂ ਨੂੰ ਸੰਘਰਸ ਚ ਨਾ ਲਿਆਉਣ ਦੀ ਮੱਤ ਦੇ ਰਹੀ ਹੈ। ਠੋਸ ਸੁਝਾਵਾਂ ਸਮੇਤ ਪਹਿਲੇ ਦਿਨਾ ਚ ਭੇਜੇ ਗਏ ਯਾਦ ਪੱਤਰ ‘ਚ ਦਰਜ ਮੰਗਾਂ ਬਾਰੇ ਵੀ ਜਿਲ੍ਹਾ ਸੰਗਰੂਰ ਦੇ ਅਧਿਕਾਰੀਆਂ ਰਾਹੀਂ ਤਾਂ ਵਾਰ ਵਾਰ ਕੁੱਝ ਵੇਰਵੇ ਭੇਜੇ ਜਾ ਰਹੇ ਹਨ ਪ੍ਰੰਤੂ ਕਿਸਾਨ ਆਗੂਆਂ ਵੱਲੋਂ ਇਨ੍ਹਾਂ ਵੇਰਵਿਆਂ ਵਿੱਚ ਸੰਭਵ ਵਾਧੇ ਕਰਨ ਬਾਰੇ ਮੁੱਖ ਮੰਤਰੀ ਦੁਆਰਾ ਸਮਾਂ ਕੱਢਣ ਦੀ ਅਪੀਲ ਲਗਾਤਾਰ ਅਣਸੁਣੀ ਕੀਤੀ ਗਈ ਹੈ ਅਤੇ ਅੱਜ ਤੱਕ ਚੁੱਪ ਵੱਟੀ ਹੋਈ ਹੈ। ਯਾਦ ਪੱਤਰ ਵਿੱਚ ਪੰਜਾਬ ਦੇ ਹਿੱਸੇ ਆਏ ਦਰਿਆਈ ਪਾਣੀਆਂ ਦੀ ਖੇਤੀ ਲਈ ਪੂਰੀ ਪੂਰੀ ਵਰਤੋਂ ਦਾ ਰੋਡ ਮੈਪ ਤਿਆਰ ਕਰਕੇ ਕਿਸਾਨਾਂ ਨੂੰ ਦੇਣ ਅਤੇ ਇਸਦੀ ਨਾਂ-ਮਾਤਰ ਵਰਤੋਂ ਬਾਰੇ ਲੋਕ ਸਭਾ ਵਿੱਚ ਪੇਸ ਕੀਤੀ ਗਈ ਰਿਪੋਰਟ ਸਮੇਤ ਪੰਜਾਬ ਖੇਤੀਬਾੜੀ ਵਿਭਾਗ ਦੇ ਵੇਰਵੇ ਵੀ ਜਨਤਕ ਕੀਤੇ ਜਾਣ। ਜੀਰੇ ਨੇੜੇ ਪ੍ਰਦੂਸਣ ਦਾ ਗੜ੍ਹ ਬਣੀ ਦੀਪ ਮਲਹੋਤਰਾ ਦੀ ਸਰਾਬ ਫੈਕਟਰੀ ਦਾ ਪ੍ਰਦੂਸਣ ਰੋਕਣ ਬਾਰੇ ਜਥੇਬੰਦੀ ਨਾਲ ਬਣੀ ਸਹਿਮਤੀ ਅਨੁਸਾਰ ਇਸ ਫੈਕਟਰੀ ਨੂੰ ਤੁਰਤ ਬੰਦ ਕਰਨ; ਪੀਣ ਵਾਲੇ ਪਾਣੀ ਦੀ ਸਪਲਾਈ ਦੇ ਨਿੱਜੀਕਰਨ ਬਾਰੇ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਵੱਲੋਂ ਸੰਸਾਰ ਬੈਂਕ ਨਾਲ ਕੀਤੇ ਸਮਝੌਤੇ ਰੱਦ ਕਰਨ ਅਤੇ ਪੀਣ ਵਾਲੇ ਸਾਫ ਪਾਣੀ ਲਈ ਸਰਕਾਰੀ ਜਲ ਸਪਲਾਈ ਪ੍ਰਬੰਧ ਪਹਿਲਾਂ ਵਾਂਗ ਮੁੜ ਬਹਾਲ ਕਰਨ ਬਾਰੇ ਠੋਸ ਰੋਡ ਮੈਪ ਬਣਾਉਣ ਦਾ ਵਚਨ ਦਿੱਤਾ ਜਾਵੇ। ਭਾਰਤ ਮਾਲਾ ਹਾਈਵੇ ਪ੍ਰਾਜੈਕਟ ਲਈ ਜਬਰੀ ਜਮੀਨਾਂ ਐਕਵਾਇਰ ਕਰਨ ਖਿਲਾਫ ਚਾਰ ਜਿਲ੍ਹਿਆਂ ਵਿੱਚ ਲਗਾਤਾਰ ਧਰਨੇ ਲਾਈ ਬੈਠੇ ਕਿਸਾਨਾਂ ਨੂੰ ਮੀਟਿੰਗ ਵਿੱਚ ਤਹਿ ਹੋਏ ਤਰੀਕੇ ਮੁਤਾਬਕ ਮੁਆਵਜੇ ਦੀ ਰਾਸੀ ਜਾਰੀ ਕਰਨ ਦਾ ਫੈਸਲਾ ਸਿਰੇ ਲਾ ਕੇ ਘਰੀਂ ਤੋਰਿਆ ਜਾਵੇ।ਆਪਣੀ ਜਮੀਨ ਨੂੰ ਨਿਰਵਿਘਨ ਪੱਧਰ/ਨੀਵੀਂ ਕਰਨ ਲਈ ਵਾਹੀਯੋਗ ਜਮੀਨ ਨੂੰ ਮਾਈਨਿੰਗ ਕਾਨੂੰਨ ‘ਚੋਂ ਬਾਹਰ ਕੱਢਿਆ ਜਾਵੇ। ਔਸਤ ਝਾੜ ਅਤੇ ਕਾਸਤ ਗਰਦੌਰੀ ਦੀਆਂ ਸਰਤਾਂ ਰੱਦ ਕਰਕੇ ਅਤੇ ਨਮੀ 22% ਕਰਕੇ ਝੋਨੇ ਦੀ ਨਿਰਵਿਘਨ ਖਰੀਦ ਦੀ ਗਰੰਟੀ ਕੀਤੀ ਜਾਵੇ। ਝੋਨੇ ਦੀ ਥਾਂ ਸੌਣੀ ਦੀਆਂ ਹੋਰ ਫਸਲਾਂ ਦੀ ਲਾਭਕਾਰੀ ਐੱਮ ਐੱਸ ਪੀ ਮਿਥ ਕੇ ਪੂਰੀ ਖ੍ਰੀਦ ਦੀ ਕਾਨੂੰਨੀ ਗਰੰਟੀ ਲਈ ਠੋਸ ਰੋਡ ਮੈਪ ਲਿਆਉਣ ਦਾ ਵਾਅਦਾ ਕੀਤਾ ਜਾਵੇ। ਕੁਦਰਤੀ ਕਰੋਪੀਆਂ ਜਾਂ ਨਵੇਂ ਨਵੇਂ ਰੋਗਾਂ ਸੁੰਡੀਆਂ ਨਾਲ ਹੋਏ ਸਾਰੀਆਂ ਫਸਲਾਂ ਦੇ ਖਰਾਬੇ ਦੀ ਰਹਿੰਦੀ ਗਰਦੌਰੀ ਤੁਰੰਤ ਮੁਕੰਮਲ ਕਰਕੇ ਤਹਿਸੁਦਾ ਮੁਆਵਜੇ ਕਾਸਤਕਾਰ ਕਿਸਾਨਾਂ ਅਤੇ ਖੇਤ ਮਜਦੂਰਾਂ ਨੂੰ ਵੰਡਣ ਦਾ ਕੰਮ ਤੁਰੰਤ ਨਿਪਟਾਇਆ ਜਾਵੇ। ਲੰਪੀ ਸਕਿਨ ਰੋਗ ਨਾਲ ਮਰੀਆਂ ਗਊਆਂ ਦਾ ਮੁਆਵਜਾ ਦੇਣ, ਭੰਗਾਲਾ(ਫਾਜਿਲਕਾ) ਵਿਖੇ 1300 ਏਕੜ ਰਕਬੇ ਨੂੰ ਬੰਦ ਪਏ ਨਹਿਰੀ ਪਾਣੀ ਦੀ ਸਪਲਾਈ ਬਹਾਲ ਕਰਨ ਅਤੇ ਅਬਾਦਕਾਰਾਂ ਨੂੰ ਨਾ ਉਜਾੜਨ ਦੇ ਮੀਟਿੰਗ ਵਿੱਚ ਨਿੱਬੜੇ ਠੋਸ ਕੇਸਾਂ ਦੇ ਨਿਪਟਾਰੇ ਲਈ ਲੋੜੀਂਦੇ ਲਿਖਤੀ ਦਸਤਾਵੇਜ ਸੌਂਪੇ ਜਾਣ। ਬਿਨਾਂ ਸਾੜੇ ਪਰਾਲੀ ਦੇ ਨਿਪਟਾਰੇ ਲਈ 200 ਪ੍ਰਤੀ ਕੁਇੰਟਲ ਬੋਨਸ ਦੇਣਾ ਤਾਂ ਦੂਰ ਦੀ ਗੱਲ ਰਹੀ, ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਸਖਤੀ ਬੰਦ ਕਰਨ ਦੀ ਖੁਦ ਮੰਨੀ ਹੋਈ ਮੰਗ ਨੂੰ ਠੋਸ ਰੂਪ ਵਿੱਚ ਲਾਗੂ ਕਰਨ ਬਾਰੇ ਲਿਖਤੀ ਹਦਾਇਤਨਾਮਾ ਜਾਰੀ ਕੀਤਾ ਜਾਵੇ। ਇਕੱਠ ਨੂੰ ਸੰਬੋਧਨ ਕਰਦੇ ਬਸੰਤ ਸਿੰਘ ਕੋਠਾ ਗੁਰੂ, ਬਿੱਟੂ ਮੱਲਣ ਬਲਾਕ ਪ੍ਰਧਾਨ ਗਿੱਦੜਬਾਹਾ ਅਤੇ ਅੱਜ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੈਠੂਕੇ, ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਆਗੂ ਰੂਪ ਸਿੰਘ ਛੰਨਾ,ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਮੋਰਚੇ ਚ ਹਾਜ਼ਰੀ ਲਵਾਈ।

Our Visitor

1906519