Sunday, May 17, 2026
Home Blog Page 2351

ਬਿਜਲੀ ਮੰਤਰੀ ਵੱਲੋਂ ਸੂਬੇ ਵਿੱਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਆਰ.ਡੀ.ਐਸ.ਐਸ. ਸਕੀਮ ਤਹਿਤ ਵੱਧ ਤੋਂ ਵੱਧ ਫੰਡ ਅਲਾਟ ਕਰਨ ਦੀ  ਮੰਗ

ਪੰਜਾਬ ਵੱਲੋਂ ਭੇਜੇ ਪੈਨਲ ‘ਚੋਂ ਬੀ.ਬੀ.ਐਮ.ਬੀ. ਵਿੱਚ ਮੈਂਬਰ/ਪਾਵਰ ਦੀ ਨਿਯੁਕਤੀ ਨਾ ਕਰਨ ਦਾ ਮੁੱਦਾ ਵੀ ਉਠਾਇਆ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਉਦੈਪੁਰ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀਆਂ ਦੀ ਦੋ ਰੋਜ਼ਾ ਕਾਨਫਰੰਸ ਵਿੱਚ ਕੀਤੀ ਸ਼ਿਰਕਤ
ਪੰਜਾਬ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 14,311 ਮੈਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮੰਗ ਨੂੰ ਪੂਰਾ ਕੀਤਾ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਅਕਤੂਬਰ:ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਸੂਬੇ ਵਿੱਚ ਵੰਡ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਕੇਂਦਰੀ ਬਿਜਲੀ ਮੰਤਰੀ ਆਰਕੇ ਸਿੰਘ ਨੂੰ ਰਿਫਾਰਮ ਬੇਸਡ ਐਂਡ ਰਿਜ਼ਲਟ-ਲਿੰਕਡ ਰੀਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰਡੀਐਸਐਸ) ਤਹਿਤ ਵੱਧ ਤੋਂ ਵੱਧ ਫੰਡ ਅਲਾਟ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਲਈ ਕੁੱਲ 25,237 ਕਰੋੜ ਰੁਪਏ ਦੇ ਵੰਡ ਬੁਨਿਆਦੀ ਢਾਂਚੇ ਦੇ ਕੰਮਾਂ ਵਾਲੀ ਆਰਡੀਐਸਐਸ ਨੂੰ ਮਨਜ਼ੂਰੀ ਦਿੱਤੀ ਗਈ ਹੈ।ਬਿਜਲੀ ਮੰਤਰੀ  ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਰਾਜਸਥਾਨ ਦੇ ਉਦੈਪੁਰ ਵਿਖੇ ਕਰਵਾਈ ਗਈ ‘ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀਆਂ’ ਦੀ ਦੋ-ਰੋਜ਼ਾ ਕਾਨਫਰੰਸ ਵਿੱਚ ਸੰਬੋਧਨ ਕਰ ਰਹੇ ਸਨ।
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਾਨਫਰੰਸ ਵਿੱਚ ਪੰਜਾਬ ਵੱਲੋਂ ਭੇਜੇ ਪੈਨਲ ਵਿੱਚੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਵਿੱਚ ਮੈਂਬਰ/ਪਾਵਰ ਨਿਯੁਕਤ ਨਾ ਕੀਤੇ ਜਾਣ ਦਾ ਮੁੱਦਾ ਵੀ ਉਠਾਇਆ।
ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਹਿੱਸੇਦਾਰ ਹੋਣ ਦੇ ਨਾਤੇ ਬੀਬੀਐਮਬੀ ਵਿੱਚ ਹੁਣ ਤੱਕ ਸਾਰੇ ਮੈਂਬਰ/ਪਾਵਰ ਪੰਜਾਬ ‘ਚੋਂ ਚੁਣੇ ਜਾਂਦੇ ਰਹੇ ਹਨ, ਪਰ ਅਜੇ ਤੱਕ ਕੇਂਦਰੀ ਬਿਜਲੀ ਮੰਤਰੀ ਵੱਲੋਂ ਪੰਜਾਬ ਦੁਆਰਾ ਭੇਜੇ ਗਏ ਪੈਨਲ ਵਿੱਚੋਂ ਕਿਸੇ ਵੀ ਮੈਂਬਰ ਦੀ ਨਿਯੁਕਤੀ ਨਹੀਂ ਕੀਤੀ ਹੈ। ਉਨ੍ਹਾਂ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਨੂੰ ਮਿਤੀ 23.02.2022 ਨੂੰ ਜਾਰੀ ਨੋਟੀਫਿਕੇਸ਼ਨ 145 ਨੂੰ ਤੁਰੰਤ ਵਾਪਸ ਲੈਣ ਦੀ ਬੇਨਤੀ ਕਰਦਿਆਂ ਪੰਜਾਬ ‘ਚੋਂ ਮੈਂਬਰ/ਪਾਵਰ ਦੀ ਨਿਯੁਕਤੀ ਦੀ ਪੁਰਾਣੀ ਰੀਤ ਨੂੰ ਜਾਰੀ ਰੱਖਣ ਲਈ ਕਿਹਾ।ਉਨ੍ਹਾਂ ਨੇ ਲੇਟ ਪੇਮੈਂਟ ਸਰਚਾਰਜ (ਐਲਪੀਐਸ) ਰੂਲਜ਼ 2022, ਡਰਾਫਟ ਬਿਜਲੀ ਸੋਧ ਨਿਯਮ 2022 ਅਤੇ ਹੋਰ ਨਿਯਮਾਂ ਨੂੰ ਵਿਚਾਰਚਰਚਾ ਤੋਂ ਬਾਅਦ ਰਾਜਾਂ ਦੀ ਸਲਾਹ ਅਤੇ ਸਹਿਮਤੀ ਜ਼ਰੀਏ ਲਾਗੂ ਕਰਨ ਜਿਹੇ ਮੁੱਦੇ ਵੀ ਉਠਾਏ। ਉਨ੍ਹਾਂ ਕਿਹਾ ਕਿ ਉਹ ਬਿਜਲੀ ਮੰਤਰੀ ਨੂੰ ਬੇਨਤੀ ਕਰਦੇ ਹਨ ਕਿ ਉਹ 19 ਅਗਸਤ ਨੂੰ ਨਵੇਂ ਲੇਟ ਪੇਮੈਂਟ ਸਰਚਾਰਜ ਰੂਲਜ਼ 2022 ਤੋਂ ਦੁਵੱਲੀ ਸ਼੍ਰੇਣੀ ਦੇ ਤਹਿਤ ਬੈਂਕਿੰਗ ‘ਤੇ ਲਗਾਈਆਂ ਪਾਬੰਦੀਆਂ ਦੀ ਛੋਟ ਦੇਣ ਕਿਉਂਕਿ ਡਿਸਕਾਮ, ਪੰਜਾਬ ਦੁਆਰਾ ਕੋਈ ਡਿਫਾਲਟ ਨਹੀਂ ਕੀਤਾ ਗਿਆ।
 ਉਨ੍ਹਾਂ ਨੇ ਬਿਜਲੀ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਅਤੇ ਪਾਵਰ ਫਾਈਨਾਂਸ ਕਾਰਪੋਰੇਸ਼ਨ (ਪੀਐਫਸੀ) ਨੂੰ ਉਨ੍ਹਾਂ ਦੇ ਮੌਜੂਦਾ ਕਰਜ਼ਿਆਂ ਦੇ ਨਾਲ-ਨਾਲ ਭਵਿੱਖ ਦੇ ਕਰਜ਼ਿਆਂ ‘ਤੇ ਵਿਆਜ ਦਰ ਘਟਾਉਣ ਲਈ ਕਹਿਣ ਤਾਂ ਜੋ ਘੱਟ ਲਾਗਤ ਵਾਲੇ ਕਰਜ਼ਿਆਂ ਦਾ ਲਾਭ ਖਪਤਕਾਰਾਂ ਤੱਕ ਪਹੁੰਚਾਇਆ ਜਾ ਸਕੇ।ਬਿਜਲੀ ਮੰਤਰੀ ਨੇ ਦੱਸਿਆ ਕਿ ਇਸ ਸਾਲ ਦੇਸ਼ ਭਰ ਵਿੱਚ ਕੋਲਾ ਸੰਕਟ ਦੇ ਬਾਵਜੂਦ ਵੀ ਪੰਜਾਬ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 14,311 ਮੈਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮੰਗ ਨੂੰ ਪੂਰਾ ਕੀਤਾ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ ਤੋਂ ਸਤੰਬਰ 2022 ਤੱਕ ਊਰਜਾ ਦੀ ਰਿਕਾਰਡ ਮੰਗ ਪੂਰੀ ਕੀਤੀ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 13 ਫੀਸਦ ਵੱਧ ਹੈ।ਉਨ੍ਹਾਂ ਕਿਹਾ ਕਿ ਪੰਜਾਬ ਆਪਣੇ ਟਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ (ਟੀ ਐਂਡ ਡੀ) ਘਾਟੇ ਨੂੰ 14.46 ਫੀਸਦ (2022 ਵਿੱਚ) ਤੱਕ ਘਟਾਉਣ ਵਿੱਚ ਵੀ ਕਾਮਯਾਬ ਰਿਹਾ ਹੈ ਅਤੇ ਟੀ ਐਂਡ ਡੀ ਘਾਟੇ ਨੂੰ ਘੱਟ ਤੋਂ ਘੱਟ ਕਰਨ ਲਈ ਹੋਰ ਯਤਨ ਕੀਤੇ ਜਾ ਰਹੇ ਹਨ।ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰ ਘਰ ਨੂੰ 600 ਯੂਨਿਟ ਬਿਜਲੀ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ। ਸੂਬਾ ਸਰਕਾਰ ਵੱਲੋਂ ਡਿਸਕੌਮ ਨੂੰ ਸਮੇਂ ਸਿਰ ਸਬਸਿਡੀ ਦਾ ਭੁਗਤਾਨ ਕੀਤਾ ਜਾ ਰਿਹਾ ਹੈ ਅਤੇ ਡਿਸਕੌਮ ਵੱਲ ਉਤਪਾਦਨ ਕਰਨ ਵਾਲੀ ਕੰਪਨੀ ਦਾ ਕੋਈ ਭੁਗਤਾਨ ਬਕਾਇਆ ਨਹੀਂ  ਹੈ।

ਨਾਟਕ ਰਾਹੀਂ ਮਨੁੱਖ ਦਾ ਸੁੰਦਰਤਾ ਤੇ ਪੈਸੇ ਵੱਲ ਆਕਰਸ਼ਣ ਵਰਗੀਆਂ ਚੁਣੌਤੀਆਂ ਨੂੰ ਦਿਖਾਇਆ

ਨਾਟਕ ਮੇਲੇ ਦੀ 14ਵੀਂ ਸ਼ਾਮ ਮੰਤਰੀ ਡਾ. ਬਲਜੀਤ ਕੌਰ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
ਸੁਖਜਿੰਦਰ ਮਾਨ
ਬਠਿੰਡਾ, 15 ਅਕਤੂਬਰ- ਬਠਿੰਡਾ ਦੇ ਐੱਮ.ਆਰ.ਐੱਸ.ਪੀ.ਟੀ.ਯੂ. ਕੈਂਪਸ ਵਿਖੇ ਨਾਟਿਅਮ ਪੰਜਾਬ ਵੱਲੋਂ ਕਰਵਾਏ ਜਾ ਰਹੇ 15 ਰੋਜ਼ਾ 11ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ 14ਵੀਂ ਸ਼ਾਮ ਨੂੰ ਸਮਾਜਿਕ ਕਲਿਆਣ, ਮਹਿਲਾ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆ ਮੰਤਰੀ ਪੰਜਾਬ ਸਰਕਾਰ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਵੱਲੋਂ ਨਾਟਕ ਮੇਲੇ ਦੇ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਪੰਜਾਬ ਸਰਕਾਰ ਵੱਲੋਂ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸ਼ਦ ਅਤੇ ਸੰਗੀਤ ਨਾਟਕ ਅਕਾਦਮੀ, ਦਿੱਲੀ ਦੇ ਸਹਿਯੋਗ ਨਾਲ ਹੋ ਰਹੇ ਇਸ ਨਾਟਕ ਮੇਲੇ ਵਿਚ ਅੱਜ ਭੋਪਾਲ ਤੋਂ ਥਰਡ ਬੈੱਲ ਕਲਚਰਲ ਸੋਸਾਇਟੀ ਦੀ ਟੀਮ ਵੱਲੋਂ ਅਨੂਪ ਜੋਸ਼ੀ ਦੇ ਨਿਰਦੇਸ਼ਨ ਵਿਚ ਵਿਜੇ ਤੇਂਦੁਲਕਰ ਦਾ ਲਿਖਿਆ ਹਿੰਦੀ ਨਾਟਕ ‘ਪਲੀਜ਼ ਮਤ ਜਾਓ’ ਪੇਸ਼ ਕੀਤਾ ਗਿਆ। ਜਿਸ ਵਿੱਚ ਇੱਕ ਪਾਤਰ ਦੇ ਵੱਖੋ-ਵੱਖ ਮਹਿਲਾਵਾਂ ਨਾਲ ਸਬੰਧਾਂ ਅਤੇ ਮੁਲਾਕਾਤਾਂ ਰਾਹੀਂ ਮਨੁੱਖ ਦਾ ਸੁੰਦਰਤਾ ‘ਤੇ ਪੈਸੇ ਵੱਲ ਆਕਰਸ਼ਣ ਅਤੇ ਅੰਦਰੂਨੀ ਖਾਲੀਪਨ ‘ਤੇ ਇਕੱਲਤਾ ਵਰਗੀਆਂ ਚੁਣੌਤੀਆਂ ਨੂੰ ਦਿਖਾਇਆ ਗਿਆ। ਪ੍ਰੋਗਰਾਮ ਦੌਰਾਨ ਰਾਜੀਵ ਅਰੋੜਾ, ਡਾਇਰੈਕਟਰ ਐਫਐਮ ਬਠਿੰਡਾ, ਇੰਜ ਰਾਜੀਵ ਢੀਂਗਰਾ, ਈਈ ਇਰਰੀਗੇਸ਼ਨ, ਅਤੇ ਭੁਪਿੰਦਰ ਬਾਂਸਲ ਸੀਏ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਪ੍ਰੋਗਰਾਮ ਦੀ ਰੌਣਕ ਵਿੱਚ ਵਾਧਾ ਕੀਤਾ ਗਿਆ।

ਬਾਬਾ ਫ਼ਰੀਦ ਕਾਲਜ ਵਲੋਂ ਇੱਕ ਹਫ਼ਤੇ ਦਾ ਟੀਚਰ ਟਰੇਨਿੰਗ ਪ੍ਰੋਗਰਾਮ ਆਯੋਜਿਤ

0
ਸੁਖਜਿੰਦਰ ਮਾਨ
ਬਠਿੰਡਾ, 15 ਅਕਤੂਬਰ: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਬਠਿੰਡਾ (ਇੱਕ ਮੋਹਰੀ ਬੀ-ਸਕੂਲ) ਦੇ ਬਿਜ਼ਨਸ ਸਟੱਡੀਜ਼ ਵਿਭਾਗ ਨੇ ਫੈਕਲਟੀ ਲਈ ‘ਇੱਕ ਹਫ਼ਤੇ ਦੇ ਟੀਚਰ ਟਰੇਨਿੰਗ ਪ੍ਰੋਗਰਾਮ’ ਦਾ ਆਯੋਜਨ ਕੀਤਾ। ਕਾਲਜ ਦੇ ਸਾਰੇ ਫੈਕਲਟੀ ਮੈਂਬਰਾਂ ਨੇ ਇਸ ਵਿੱਚ ਸਰਗਰਮੀ ਨਾਲ ਹਿੱਸਾ ਲਿਆ।ਸੈਸ਼ਨ ਨੂੰ ਦਿਨ-ਵਾਰ ਸਬ-ਸੈਸ਼ਨਾਂ ਵਿੱਚ ਵੰਡਿਆ ਗਿਆ ਸੀ ਜਿੱਥੇ ਫੈਕਲਟੀ ਮੈਂਬਰਾਂ ਦਾ ਗਿਆਨ ਵਧਾਉਣ ਲਈ ਵੱਖ-ਵੱਖ ਡੋਮੇਨ ਨਾਲ ਹਰ ਸੈਸ਼ਨ ਆਯੋਜਿਤ ਕੀਤਾ ਗਿਆ। ਸੈਸ਼ਨ ਦੀ ਸ਼ੁਰੂਆਤ ਕਾਲਜ ਦੇ ਪਿ੍ਰੰਸੀਪਲ ਡਾ. ਸਚਿਨ ਦੇਵ ਦੇ ਪ੍ਰੇਰਨਾਦਾਇਕ ਭਾਸ਼ਣ ਨਾਲ ਕੀਤੀ ਗਈ ਅਤੇ ਇਸ ਨੂੰ ਅੱਗੇ ਡੀਨ (ਅਕਾਦਮਿਕ ਮਾਮਲੇ) ਸ਼੍ਰੀਮਤੀ ਨੀਤੂ ਸਿੰਘ ਦੁਆਰਾ ਜਾਰੀ ਰੱਖਿਆ ਗਿਆ। ਪਹਿਲੇ ਦਿਨ ਸਾਰੇ ਸੀਨੀਅਰ ਅਤੇ ਸਹਿਯੋਗੀਆਂ ਨਾਲ ਭਰਪੂਰ ਗੱਲਬਾਤ ਕੀਤੀ ਗਈ ਜਿੱਥੇ ਡਾ. ਸਚਿਨ ਦੇਵ ਨੇ ਸਾਰੇ ਫੈਕਲਟੀ ਮੈਂਬਰਾਂ ਨੂੰ ਪ੍ਰਭਾਵਸ਼ਾਲੀ ਅਧਿਆਪਨ ਵਿਧੀਆਂ ਅਪਣਾਉਣ ਲਈ ਮਾਰਗ ਦਰਸ਼ਨ ਕੀਤਾ ਜੋ ਵਿਦਿਆਰਥੀਆਂ ਨੂੰ ਹੋਰ ਸੰਤੁਸ਼ਟ ਕਰਨਗੀਆਂ ਅਤੇ ਭਵਿੱਖ ਲਈ ਉਨ੍ਹਾਂ ਨੂੰ ਬਿਹਤਰ ਆਗੂ ਬਣਾਉਣਗੀਆਂ। ਵਰਕਸ਼ਾਪ ਦੇ ਦੂਜੇ ਦਿਨ ਫੈਕਲਟੀ ਨੂੰ ਸਾਫ਼ਟਵੇਅਰ ਮਾਹਿਰਾਂ ਵੱਲੋਂ ਐਮ.ਐਸ ਟੀਮ ਸਾਫ਼ਟਵੇਅਰ ਦੀ ਵਰਤੋਂ ਬਾਰੇ ਮਾਰਗ ਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਐਮ.ਐਸ. ਟੀਮਜ਼ ਨੂੰ ਆਸਾਨ ਤਰੀਕੇ ਨਾਲ ਵਰਤਣ ਲਈ ਫੈਕਲਟੀ ਨੂੰ ਵਿਹਾਰਕ ਜਾਣਕਾਰੀ ਪ੍ਰਦਾਨ ਕੀਤੀ। ਵਰਕਸ਼ਾਪ ਦਾ ਤੀਜਾ ਦਿਨ ਫੈਕਲਟੀ ਮੈਂਬਰਾਂ ਦੇ ਸੰਚਾਰ ਹੁਨਰ ਨੂੰ ਵਧਾਉਣ ‘ਤੇ ਆਧਾਰਿਤ ਸੀ।  ਸੈਸ਼ਨ ਦਾ ਚੌਥਾ ਦਿਨ ਮਾਈਕਰੋਸਾਫ਼ਟ ਆਫ਼ਿਸ ਅਤੇ ਐਮ.ਐਸ. ਐਕਸਲ ‘ਤੇ ਆਧਾਰਤ ਹੁਨਰ ਨੂੰ ਵਧਾਉਣ ਵਾਲਾ ਸੀ। ਕਾਮਰਸ ਵਿਭਾਗ ਦੀ ਸਹਾਇਕ ਪ੍ਰੋਫੈਸਰ ਗੁਰਮੀਤ ਕੌਰ ਨੇ ਐਮ.ਐਸ.ਐਕਸਲ ਦੇ ਪ੍ਰੈਕਟੀਕਲ ਸਵਾਲਾਂ ਦਾ ਹੱਲ ਕੀਤਾ।  ਸੈਸ਼ਨ ਦੇ ਆਖ਼ਰੀ ਦਿਨ ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਤੋਂ ਬਿਜ਼ਨਸ ਸਟੱਡੀਜ਼ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਵਿਕਾਸ ਦੀਪ ਨੇ ਫੈਕਲਟੀ ਨੂੰ ਖੋਜ ਦੀ ਲੋੜ ਅਤੇ ਮਹੱਤਤਾ, ਲਾਈਵ ਪ੍ਰੋਜੈਕਟ ਅਤੇ ਵੱਡੇ ਪ੍ਰੋਜੈਕਟ ਵਿੱਚ ਅੰਤਰ ਬਾਰੇ ਮਾਰਗ ਦਰਸ਼ਨ ਕੀਤਾ। ਸ਼੍ਰੀਮਤੀ ਨੀਤੂ ਸਿੰਘ (ਡੀਨ ਅਕਾਦਮਿਕ ਮਾਮਲੇ, ਬੀ.ਐਫ.ਸੀ.ਐਮ.ਟੀ.), ਡਾ. ਅਮਨਪ੍ਰੀਤ (ਮੁਖੀ, ਕਾਮਰਸ ਵਿਭਾਗ ਅਤੇ ਡਾ. ਸੋਨੀਆ (ਕੋ-ਕੋਆਰਡੀਨੇਟਰ, ਰਿਸਰਚ ਐਂਡ ਇਨੋਵੇਸ਼ਨ) ਨੇ ਮਹਿਮਾਨ ਬੁਲਾਰੇ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਸੈਸ਼ਨ ਵਿੱਚ ਮਾਹਿਰ ਵਜੋਂ ਆਉਣ ਲਈ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ।

ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਇਕ ਬੂੰਦ ਵੀ ਪਾਣੀ ਨਹੀਂ: ਮੁੱਖ ਮੰਤਰੀ

0

ਐਸ.ਵਾਈ.ਐਲ. ਨਹਿਰ ਦੇ ਨਿਰਮਾਣ ਬਾਰੇ ਹਰਿਆਣਾ ਸਰਕਾਰ ਦੀ ਮੰਗ ਮੁੱਢੋਂ ਰੱਦ*

*ਹਰਿਆਣਾ ਨੂੰ ਪਹਿਲਾਂ ਹੀ ਪੰਜਾਬ ਨਾਲੋਂ ਵੱਧ ਪਾਣੀ ਮਿਲ ਰਿਹੈ*

*ਗੰਗਾ ਤੇ ਯਮੁਨਾ ਦੇ ਪਾਣੀਆਂ ਦੀ ਵੰਡ ਲਈ ਪੰਜਾਬ ਤੇ ਹਰਿਆਣਾ ਨੂੰ ਪ੍ਰਧਾਨ ਮੰਤਰੀ ਕੋਲ ਪਹੁੰਚ ਕਰਨੀ ਚਾਹੀਦੀ ਹੈ: ਭਗਵੰਤ ਮਾਨ*

*ਐਸ.ਵਾਈ.ਐਲ. ਨਹਿਰ ਕਦੇ ਵੀ ਹਕੀਕੀ ਰੂਪ ਅਖਤਿਆਰ ਨਹੀਂ ਕਰੇਗੀ*

*ਪੰਜਾਬ ਦੇ ਹੱਕ ’ਤੇ ਪਏ ਡਾਕੇ ਲਈ ਅਕਾਲੀ ਤੇ ਕਾਂਗਰਸੀ ਬਰਾਬਰ ਜ਼ਿੰਮੇਵਾਰ

ਪੰਜਾਬੀ ਖਬਰਸਾਰ ਬਿਉਰੋ 

ਚੰਡੀਗੜ੍ਹ, 14 ਅਕਤੂਬਰ:ਤਲੁਜ-ਯਮੁਨਾ ਲਿੰਕ (ਐਸ.ਵਾਈ.ਐਲ.) ਨਹਿਰ ਦਾ ਨਿਰਮਾਣ ਸ਼ੁਰੂ ਕਰਨ ਲਈ ਹਰਿਆਣਾ ਸਰਕਾਰ ਦੀ ਤਜਵੀਜ਼ ਨੂੰ ਮੁੱਢੋਂ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਪੱਸ਼ਟ ਕਿਹਾ ਕਿ ਨਹਿਰ ਦਾ ਕੰਮ ਸ਼ੁਰੂ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਇਕ ਬੂੰਦ ਵੀ ਪਾਣੀ ਨਹੀਂ ਹੈ। ਅੇਸ.ਵਾਈ.ਐਲ. ਦੇ ਮੁੱਦੇ ਉਤੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਇੱਥੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ “ਜਦੋਂ ਇਸ ਨਹਿਰ ਲਈ ਸਮਝੌਤਾ ਹੋਇਆ ਸੀ, ਉਦੋਂ ਪੰਜਾਬ ਨੂੰ 18.56 ਮਿਲੀਅਨ ਏਕੜ ਫੁੱਟ (ਐਮ.ਏ.ਐਫ.) ਪਾਣੀ ਮਿਲ ਰਿਹਾ ਸੀ, ਜਿਹੜਾ ਹੁਣ ਘਟ ਕੇ 12.63 ਐਮ.ਏ.ਐਫ. ਰਹਿ ਗਿਆ ਹੈ, ਜਿਸ ਤੋਂ ਸਾਫ਼ ਹੈ ਕਿ ਪੰਜਾਬ ਕੋਲ ਕਿਸੇ ਵੀ ਰਾਜ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ।”ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਸਤਲੁਜ, ਯਮੁਨਾ ਤੇ ਹੋਰ ਨਹਿਰਾਂ ਤੋਂ 14.10 ਐਮ.ਏ.ਐਫ. ਪਾਣੀ ਮਿਲ ਰਿਹਾ ਹੈ, ਜਦੋਂ ਕਿ ਪੰਜਾਬ ਨੂੰ ਸਿਰਫ਼ 12.63 ਐਮ.ਏ.ਐਫ. ਪਾਣੀ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਕੋਲ ਘੱਟ ਰਕਬਾ ਹੋਣ ਦੇ ਬਾਵਜੂਦ ਪੰਜਾਬ ਨਾਲੋਂ ਵੱਧ ਪਾਣੀ ਮਿਲ ਰਿਹਾ ਹੈ ਪਰ ਫੇਰ ਵੀ ਉਹ ਪੰਜਾਬ ਤੋਂ ਹੋਰ ਪਾਣੀ ਦੀ ਮੰਗ ਕਰ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਤੱਥ ਦੀ ਰੌਸ਼ਨੀ ਵਿੱਚ ਹਰਿਆਣਾ ਨੂੰ ਪਾਣੀ ਕਿਵੇਂ ਦਿੱਤਾ ਜਾ ਸਕਦਾ ਹੈ, ਜਦੋਂ ਕਿ ਸਾਡੇ ਕੋਲ ਆਪਣੇ ਖੇਤਾਂ ਲਈ ਪਾਣੀ ਨਹੀਂ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ 1400 ਕਿਲੋਮੀਟਰ ਨਦੀਆਂ, ਨਹਿਰਾਂ ਤੇ ਨਾਲੇ ਸੁੱਕ ਚੁੱਕੇ ਹਨ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦੀ ਵਰਤੋਂ ਵਧੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਨੂੰ ਖੇਤੀਬਾੜੀ ਜ਼ਰੂਰਤਾਂ ਲਈ ਸਿਰਫ਼ 27 ਫੀਸਦੀ ਨਹਿਰੀ ਪਾਣੀ ਮਿਲਦਾ ਹੈ, ਬਾਕੀ 73 ਫੀਸਦੀ ਲੋੜ ਧਰਤੀ ਹੇਠਲੇ ਪਾਣੀ ਤੋਂ ਪੂਰੀ ਕੀਤੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ ਅਤੇ ਰਾਜ ਦੇ ਜ਼ਿਆਦਾਤਰ ਬਲਾਕ ਡਾਰਕ ਜ਼ੋਨ ਵਿੱਚ ਆ ਚੁੱਕੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੋਂ ਪਾਣੀ ਮੰਗਣ ਦੀ ਬਜਾਏ ਹਰਿਆਣਾ ਨੂੰ ਯਮੁਨਾ ਦਾ ਪਾਣੀ ਪੰਜਾਬ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਅਤੇ ਪੁਨਰਗਠਨ ਤੋਂ ਪਹਿਲਾਂ ਪੰਜਾਬ ਨੂੰ ਯਮੁਨਾ ਦਾ ਪਾਣੀ ਮਿਲਦਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੁਨਰਗਠਨ ਮਗਰੋਂ ਪੰਜਾਬ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਇਸ ਹੱਕ ਤੋਂ ਵਾਂਝਾ ਕੀਤਾ ਗਿਆ ਸੀ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜੇਕਰ ਹਰਿਆਣਾ ਨੂੰ ਸੱਚਮੁੱਚ ਪਾਣੀ ਦੀ ਲੋੜ ਹੈ ਤਾਂ ਉਹ ਇਸ ਮਸਲੇ ਦੇ ਹੱਲ ਲਈ ਆਪਣੇ ਹਰਿਆਣਾ ਦੇ ਹਮਰੁਤਬਾ ਨਾਲ ਪ੍ਰਧਾਨ ਮੰਤਰੀ ਕੋਲ ਜਾਣ ਲਈ ਤਿਆਰ ਹਨ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਕੋਲ ਵੀ ਸੂਬਾ ਸਰਕਾਰ ਆਪਣਾ ਰੁਖ ਸਾਫ ਕਰੇਗੀ ਕਿ ਪੰਜਾਬ ਕੋਲ ਹਰਿਆਣਾ ਨੂੰ ਇਕ ਤੁਪਕਾ ਵੀ ਪਾਣੀ ਦੇਣ ਲਈ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਨੂੰ ਤਾਂ ਸਗੋਂ ਪ੍ਰਧਾਨ ਮੰਤਰੀ ਅੱਗੇ ਗੰਗਾ ਤੇ ਯਮੁਨਾ ਦੇ ਕੇਸ ਦੀ ਜ਼ੋਰਦਾਰ ਢੰਗ ਨਾਲ ਪੈਰਵੀ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਦੁੱਖ ਨਾਲ ਕਿਹਾ ਕਿ ਦੁਨੀਆ ਭਰ ਦੇ ਸਾਰੇ ਜਲ ਸਮਝੌਤਿਆਂ ਵਿਚ ਇਹ ਧਾਰਾ ਸ਼ਾਮਲ ਹੁੰਦੀ ਹੈ ਕਿ ਵਾਤਾਵਰਣ ਦੀ ਤਬਦੀਲੀ ਦੇ ਮੱਦੇਨਜ਼ਰ 25 ਸਾਲਾਂ ਬਾਅਦ ਸਮਝੌਤੇ ਦਾ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਐਸ.ਵਾਈ.ਐਲ. ਸਮਝੌਤਾ ਹੀ ਇਕ ਅਜਿਹਾ ਸਮਝੌਤਾ ਹੈ ਜਿਸ ਵਿਚ ਇਸ ਧਾਰਾ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨਾਲ ਇਹ ਸਰਾਸਰ ਬੇਇਨਸਾਫੀ ਹੈ ਅਤੇ ਇਸ ਘਿਨਾਉਣੇ ਪਾਪ ਲਈ ਕੇਂਦਰ ਤੇ ਪੰਜਾਬ ਦੀਆਂ ਤਤਕਾਲੀ ਸਰਕਾਰਾਂ ਜ਼ਿੰਮੇਵਾਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਹਰਿਆਣਾ ਸਾਨੂੰ ਨਹਿਰ ਦੀ ਉਸਾਰੀ ਦਾ ਕੰਮ ਮੁਕੰਮਲ ਕਰਨ ਲਈ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਡੇ ਕੋਲ ਵਾਧੂ ਪਾਣੀ ਹੀ ਨਹੀਂ ਹੈ ਤਾਂ ਅਸੀਂ ਨਹਿਰ ਦੀ ਉਸਾਰੀ ਕਿਵੇਂ ਕਰ ਸਕਦੇ ਹਾਂ। ਭਗਵੰਤ ਮਾਨ ਨੇ ਕਿਹਾ ਕਿ ਸਮੇਂ ਦੀ ਲੋੜ ਮੁਤਾਬਕ ਪੰਜਾਬ ਨੂੰ ਉਸ ਦੇ ਪਾਣੀ ਦਾ ਪੂਰਾ ਹਿੱਸਾ ਮਿਲਣਾ ਚਾਹੀਦਾ ਹੈ।ਕਾਂਗਰਸ ਤੇ ਅਕਾਲੀਆਂ ਉਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਨਾਲ ਹੋਈ ਬੇਇਨਸਾਫੀ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਤੇ ਪੰਜਾਬੀਆਂ ਦੇ ਵਿਰੁੱਧ ਸਾਜ਼ਿਸ਼ ਘੜਨ ਲਈ ਇਕ-ਦੂਜੇ ਦੀ ਸੁਰ ਵਿਚ ਸੁਰ ਮਿਲਾਉਂਦੀਆਂ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਲੀਡਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮਿੱਤਰ ਅਤੇ ਹਰਿਆਣਾ ਦੇ ਨੇਤਾ ਦੇਵੀ ਲਾਲ ਨੂੰ ਖੁਸ਼ ਕਰਨ ਲਈ ਨਹਿਰ ਦੇ ਸਰਵੇ ਦਾ ਹੁਕਮ ਦਿੱਤਾ ਸੀ।ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਰਿਆਸਤ ਦੇ ਵਾਰਸ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਉਸ ਵੇਲੇ ਸੰਸਦ ਮੈਂਬਰ ਸਨ, ਨੇ ਵੀ ਇਸ ਨਹਿਰ ਦਾ ਟੱਕ ਲਾਉਣ ਲਈ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਵੇ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਨੇਤਾਵਾਂ ਦਾ ਹਰੇਕ ਕਦਮ ਸਾਬਤ ਕਰਦਾ ਹੈ ਕਿ ਇਨ੍ਹਾਂ ਨੇ ਪੰਜਾਬ ਤੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ। ਭਗਵੰਤ ਮਾਨ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਕਿ ਇਸ ਫੈਸਲੇ ਦਾ ਸਵਾਗਤ ਕਰਨ ਵਾਲੇ ਲੋਕ ਹੁਣ ਇਸ ਮੁੱਦੇ ਉਤੇ ਸਰਬ ਪਾਰਟੀ ਮੀਟਿੰਗ ਸੱਦਣ ਜਾਂ ਉਨ੍ਹਾਂ ਕੋਲੋਂ ਸਲਾਹ ਲੈਣ ਦਾ ਸੁਝਾਅ ਦੇ ਰਹੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਅਜਿਹੇ ਕਦਮਾਂ ਰਾਹੀਂ ਪੰਜਾਬ ਤੇ ਪੰਜਾਬੀਆਂ ਦੇ ਅੱਗੇ ਕੰਡੇ ਬੀਜੇ ਹਨ। ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਮੁਫਾਦ ਲਈ ਇਨ੍ਹਾਂ ਖੁਦਗਰਜ਼ ਸਿਆਸੀ ਲੀਡਰਾਂ ਨੇ ਸੂਬੇ ਨੂੰ ਸੰਕਟ ਵਿਚ ਧੱਕ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਦੇ ਹੱਥ ਇਸ ਜੁਰਮ ਨਾਲ ਰੰਗੇ ਹੋਏ ਹਨ ਅਤੇ ਪੰਜਾਬ ਦੀ ਪਿੱਠ ਵਿਚ ਛੁਰਾ ਮਾਰਨ ਵਾਲਿਆਂ ਨੂੰ ਇਤਿਹਾਸ ਕਦੇ ਵੀ ਮੁਆਫ ਨਹੀਂ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਵਾਦਪੂਰਨ ਸਮਝੌਤਾ ਹੋਣ ਤਾਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਨੇ ਆਪਣਾ ਪੱਖ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਮੀਟਿੰਗ ਵਿਚ ਜਾਣ ਲਈ ਪੂਰੀ ਤਿਆਰੀ ਕਰਨ ਵਾਸਤੇ ਅਧਿਕਾਰੀਆਂ, ਮਾਹਿਰਾਂ, ਸੀਨੀਅਰ ਪੱਤਰਕਾਰਾਂ ਅਤੇ ਕਾਨੂੰਨੀ ਮਾਹਿਰਾਂ ਨਾਲ ਡੂੰਘਾ ਸਲਾਹ-ਮਸ਼ਵਰਾ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਮੁੱਦੇ ਉਤੇ ਪੰਜਾਬ ਤੇ ਪੰਜਾਬੀਆਂ ਦੇ ਹਿੱਤ ਮਹਿਫੂਜ਼ ਰੱਖਣ ਲਈ ਦ੍ਰਿੜ੍ਹ ਹੈ। ਇਸ ਮੌਕੇ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ ਅਤੇ ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ ਤੇ ਹੋਰ ਹਾਜ਼ਰ ਸਨ।

ਨਾਸਤਿਕ ਸ਼ਹੀਦ’ ਰਾਹੀਂ ਸ਼ਹੀਦ ਭਗਤ ਸਿੰਘ ਦੀ ਸੋਚ ਅਤੇ ਜਜ਼ਬੇ ਨਾਲ ਕਰਾਇਆ ਜਾਣੂੰ

15 ਰੋਜ਼ਾ 11ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ 13ਵੀਂ ਸ਼ਾਮ ਦਿੱਲੀ ਦੇ ਕਲਾਕਾਰ ਹੋਏ ਪੇਸ਼  

ਸੁਖਜਿੰਦਰ ਮਾਨ

ਬਠਿੰਡਾ, 14 ਅਕਤੂਬਰ- ਨਾਟਿਅਮ ਪੰਜਾਬ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸ਼ਦ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਬਠਿੰਡਾ ਦੇ ਐੱਮ.ਆਰ.ਐੱਸ.ਪੀ.ਟੀ.ਯੂ. ਕੈਂਪਸ ਵਿਖੇ ਕਰਵਾਏ ਜਾ ਰਹੇ 15 ਰੋਜ਼ਾ 11ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ 13ਵੀਂ ਸ਼ਾਮ ਕਾਲਜੀਏਟ ਡਰਾਮਾ ਸੋਸਾਇਟੀ, ਦਿੱਲੀ ਦੇ ਕਲਾਕਾਰਾਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਡਾ. ਚਰਨਦਾਸ ਸਿੱਧੂ ਦੇ ਲਿਖੇ ਨਾਟਕ ‘ਨਾਸਤਿਕ ਸ਼ਹੀਦ’ ਨੂੰ ਰਵੀ ਤਨੇਜਾ ਦੀ ਨਿਰਦੇਸ਼ਨਾ ਹੇਠ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਸੰਗੀਤ ਨਾਟਕ ਅਕਾਦਮੀ, ਦਿੱਲੀ ਦੀ ਟੀਮ ਵੱਲੋਂ ਪੇਸ਼ ਇਸ ਹਿੰਦੀ ਨਾਟਕ ਵਿਚ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਦੀ ਜ਼ਿੰਦਗੀ ਦੇ ਅਖੀਰਲੇ 6 ਮਹੀਨਿਆਂ ਦੇ ਜੀਵਨ ਨੂੰ ਦਿਖਾਉਂਦੇ ਹੋਏ ਸ਼ਹੀਦ ਦੀ ਸੋਚ, ਜਜ਼ਬੇ ਅਤੇ ਧਰਮ-ਜਾਤ ਆਦਿ ਵਖਰੇਵਿਆਂ ਵਿਚ ਵੰਡੇ ਸਾਡੇ ਸਮਾਜ ਪ੍ਰਤੀ ਉਹਨਾਂ ਦੇ ਨਜ਼ਰੀਏ ਅਤੇ ਨਿਰਾਸ਼ਾ ਨੂੰ ਦਰਸ਼ਕਾਂ ਅੱਗੇ ਰੱਖਿਆ ਗਿਆ, ਜਿਸਨੂੰ ਖੂਬ ਪਸੰਦ ਕੀਤਾ। ਨਾਟਕ ਮੇਲੇ ਦੀ ਇਸ ਸ਼ਾਮ ਦੌਰਾਨ ਪਹੁੰਚੇ ਵਿਸ਼ੇਸ਼ ਮਹਿਮਾਨਾਂ ਸੀਗੁੱਲ ਥੀਏਟਰ ਗੁਵਾਹਾਟੀ, ਆਸਾਮ ਤੋਂ ਡਾਇਰੈਕਟਰ ਭਾਗੀਰਥੀ ਬਾਈ ਅਤੇ ਥਰਡ ਬੈੱਲ ਕਲਚਰਲ ਸੋਸਾਇਟੀ, ਭੋਪਾਲ ਤੋਂ ਸੀਨੀਅਰ ਰੰਗਮੰਚੀ ਕਲਾਕਾਰ ਅਨੂਪ ਜੋਸ਼ੀ ਵੱਲੋਂ ਸ਼ਮਾ ਰੌਸ਼ਨ ਕਰਕੇ ਸ਼ਾਮ ਦੀ ਸ਼ੁਰੂਆਤ ਕੀਤੀ ਗਈ।

 

ਬਾਬਾ ਫਰੀਦ ਕਾਲਜ ‘ਚ ਕਰਵਚੌਥ ਮੌਕੇ ਮੁਕਾਬਲੇ ਆਯੋਜਿਤ 

0

ਸੁਖਜਿੰਦਰ ਮਾਨ

ਬਠਿੰਡਾ, 14 ਅਕਤੂਬਰ: ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਿਖੇ ਕਰਵਾ ਚੌਥ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਮਹਿੰਦੀ ਲਗਾਉਣ, ਨੇਲ਼ ਆਰਟ ਅਤੇ ਹੇਅਰ ਸਟਾਈਲ ਦੀ ਪ੍ਰਤੀਯੋਗਤਾ ਕਰਵਾਈ ਗਈ। ਇਸ ਪ੍ਰਤੀਯੋਗਤਾ ਵਿੱਚ ਬੀ.ਐਡ ਅਤੇ ਬੀ.ਏ.-ਬੀ.ਐਡ ਦੇ  ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਮੇਂ ਦੌਰਾਨ ਕੁੱਝ ਵਿਦਿਆਰਥਣਾਂ ਨੇ ਗੀਤ ਗਾ ਕੇ ਅਤੇ ਸੋਲੋ ਡਾਂਸ ਕਰ ਕੇ ਭਰਪੂਰ ਮਨੋਰੰਜਨ ਕੀਤਾ। ਮਹਿੰਦੀ ਪ੍ਰਤੀਯੋਗਤਾ ਦੇ ਵਿੱਚ ਮਹਿੰਦੀ ਲਗਾਉਣ ਵਾਲੀਆਂ ਵਿਦਿਆਰਥਣਾਂ ਵਿੱਚ ਕਾਫ਼ੀ ਉਤਸ਼ਾਹ ਨਜ਼ਰ ਆ ਰਿਹਾ ਸੀ। ਇਸ ਪ੍ਰਤੀਯੋਗਤਾ ਦੀ ਕੋਆਰਡੀਨੇਟਰ ਸਹਾਇਕ ਪ੍ਰੋ. ਸੰਦੀਪ ਕੌਰ ਨੇ ਵਿਦਿਆਰਥਣਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਇਸ ਗਤੀਵਿਧੀ ਦੀ ਕਾਰਗੁਜ਼ਾਰੀ ਦੀ ਦੇਖ ਰੇਖ ਸਹਾਇਕ ਪ੍ਰੋ. ਡਾ. ਕੁਲਦੀਪ ਕੌਰ ਅਤੇ ਸਹਾਇਕ ਪ੍ਰੋ. ਸੁਖਵੀਰ ਕੌਰ ਦੁਆਰਾ ਕੀਤੀ ਗਈ। ਇਸ ਸਮੇਂ ਡਾ. ਕੁਲਦੀਪ ਕੌਰ ਦੁਆਰਾ ਵਿਦਿਆਰਥਣਾਂ ਨੂੰ ਕਰਵਾ ਚੌਥ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸ ਸਮੇਂ ਜੱਜ ਸਾਹਿਬਾਨ ਦੀ ਭੂਮਿਕਾ ਸਹਾਇਕ ਪ੍ਰੋ. ਜਸਵਿੰਦਰ ਕੌਰ ਦੁਆਰਾ ਨਿਭਾਈ ਗਈ। ਮਹਿੰਦੀ ਲਗਾਉਣ ਮੁਕਾਬਲੇ ਵਿੱਚੋਂ ਸੰਦੀਪ ਕੌਰ (ਬੀ.ਐਡ.-ਸਮੈਸਟਰ ਪਹਿਲਾ) ਨੇ ਪਹਿਲਾ ਸਥਾਨ, ਅਰਸ਼ਜੋਤ ਕੌਰ (ਬੀ.ਏ.-ਬੀ.ਐਡ. ਸਮੈਸਟਰ ਪਹਿਲਾ)  ਨੇ ਦੂਸਰਾ ਸਥਾਨ ਅਤੇ ਮਨਪ੍ਰੀਤ ਕੌਰ (ਬੀ.ਏ.-ਬੀ.ਐਡ. ਸਮੈਸਟਰ ਤੀਜਾ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਨੇਲ਼ ਆਰਟ ਮੁਕਾਬਲੇ ਵਿੱਚੋਂ ਪੂਜਾ (ਬੀ.ਏ.-ਬੀ.ਐਡ. ਸਮੈਸਟਰ ਪੰਜਵਾਂ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹੇਅਰ ਸਟਾਈਲ ਵਿੱਚੋਂ ਸੁਪ੍ਰੀਤ (ਬੀ.ਐਡ. ਸਮੈਸਟਰ ਪਹਿਲਾ) ਨੇ ਪਹਿਲਾ ਸਥਾਨ ਅਤੇ ਰੀਤੂ (ਬੀ.ਐਡ. ਸਮੈਸਟਰ ਪਹਿਲਾ) ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਵਿਭਾਗ ਮੁਖੀ ਡਾ. ਮੰਗਲ ਸਿੰਘ ਦੁਆਰਾ ਵਿਦਿਆਰਥਣਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਸਮੇਂ ਸਮੂਹ ਕਾਲਜ ਸਟਾਫ਼ ਮੌਜੂਦ ਸੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਐਜੂਕੇਸ਼ਨ ਕਾਲਜ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਜੇਤੂ ਵਿਦਿਆਰਥਣਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ। 

ਖੇਤੀਬਾਡ਼ੀ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਦੀ ਸੰਭਾਲ ਸਬੰਧੀ ਪਿੰਡ ਭੋਖੜਾ ਵਿਖੇ ਲਗਾਇਆ ਕਿਸਾਨ ਸਿਖਲਾਈ ਕੈਂਪ

ਸੁਖਜਿੰਦਰ ਮਾਨ

ਬਠਿੰਡਾ, 14 ਅਕਤੂਬਰ: ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਅਤੇ ਪਰਾਲੀ ਨੂੰ ਜ਼ਮੀਨ ਵਿੱਚ ਦਬਾ ਕੇ ਕਣਕ ਦੀ ਬਿਜਾਈ ਨੂੰ ਪ੍ਰਫੁੱਲਤ ਕਰਨ ਲਈ ਮੁੱਖ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਬਲਾਕ ਖੇਤੀਬਾਡ਼ੀ ਅਫ਼ਸਰ ਡਾ. ਜਗਦੀਸ਼ ਸਿੰਘ ਦੀ ਅਗਵਾਈ ਹੇਠ ਪਿੰਡ ਭੋਖੜਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਕੈਂਪ ਦੀ ਸ਼ੁਰੂਆਤ ਕਰਦਿਆਂ ਡਾ. ਸਰਬਜੀਤ ਸਿੰਘ ਖੇਤੀਬਾਡ਼ੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਦਬਾਉਣ ਨਾਲ ਧਰਤੀ ਵਿੱਚ ਜੈਵਿਕ ਕਾਰਬਨ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਉਣ ਨਾਲ ਮਿੱਟੀ ਵਿਚਲੇ 17 ਖ਼ੁਰਾਕੀ ਤੱਤਾਂ ਦੀ ਘਾਟ ਪੂਰੀ ਹੁੰਦੀ ਹੈ ਅਤੇ ਇਸਦੇ ਨਾਲ ਹੀ ਗੁਣਕਾਰੀ ਸੂਖਮ ਜੀਵਾਂ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਹੈ । ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਨਾ ਸਾੜਿਆ ਜਾਵੇ ਕਿਉਂਕਿ ਜਿੱਥੇ ਇਸ ਨਾਲ ਹਵਾ ਪ੍ਰਦੂਸ਼ਣ ਵਧਦਾ ਹੈ ਉੱਥੇ ਮਨੁੱਖੀ ਸਿਹਤ ਉਪਰ ਮਾੜੇ ਪ੍ਰਭਾਵ ਪੈਂਦੇ ਹਨ । ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਦਬਾ ਕੇ ਕਣਕ ਦੀ ਬਿਜਾਈ ਕਰਨ ਵਾਸਤੇ ਵਰਤੀਆਂ ਜਾਂਦੀਆਂ ਮਸ਼ੀਨਾਂ ਜਿਵੇਂ ਸੁਪਰ ਸੀਡਰ , ਹੈਪੀਸੀਡਰ ਅਤੇ ਪਲਟਾਵੇਂ ਹਲ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ ਡਾ. ਜਸਵਿੰਦਰ ਕੁਮਾਰ ਖੇਤੀਬਾਡ਼ੀ ਵਿਕਾਸ ਅਫਸਰ ਨੇ ਹਾੜ੍ਹੀ ਦੀਆਂ ਫ਼ਸਲਾਂ ਕਣਕ, ਸਰ੍ਹੋਂ ਦੀਆਂ ਕਿਸਮਾਂ ਅਤੇ ਕਾਸ਼ਤਕਾਰੀ ਦੇ ਸਫ਼ਲ ਢੰਗਾਂ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ।    ਕੈਂਪ ਦੌਰਾਨ ਸ੍ਰੀ ਤਾਰਾ ਸਿੰਘ , ਸ੍ਰੀ ਸਵਰਨਜੀਤ ਸਿੰਘ ਖੇਤੀਬਾਡ਼ੀ ਸਬ ਇੰਸਪੈਕਟਰ ਅਤੇ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ ।

ਕਲਾਂ ਦਾ ਪ੍ਰਦਰਸ਼ਨ ਦਿਖਾਉਣ ਲਈ ਸਹਾਈ ਸਿੱਧ ਹੋਵੇਗਾ “ਰੰਗ ਪੰਜਾਬ ਦੇ ਟੂਰਿਜ਼ਮ ਮੇਲਾ” : ਡਿਪਟੀ ਕਮਿਸ਼ਨਰ

ਆਈਐਚਐਮ ਵਿਖੇ ਦੋ ਰੋਜ਼ਾ ਮੇਲੇ ਦਾ ਹੋਇਆ ਆਗਾਜ਼

ਮੇਲੇ ਦੇ ਦੂਸਰੇ ਦਿਨ ਸੋਲੋ ਡਾਂਸ, ਪੋਸਟਰ ਮੇਕਿੰਗ ਤੇ ਨੁਕੜ ਨਾਟਕ ਦੇ ਹੋਣਗੇ ਮੁਕਾਬਲੇ

ਸੁਖਜਿੰਦਰ ਮਾਨ

ਬਠਿੰਡਾ 14, ਅਕਤੂਬਰ : ਸਥਾਨਕ ਇੰਸਟੀਚਿਊਟ ਆਫ ਹੋਟਲ ਮਨੈਜਮੈਂਟ (ਆਈਐਚਐਮ) ਵਿਖੇ ਦੋ ਰੋਜ਼ਾ “ਰੰਗ ਪੰਜਾਬ ਦੇ ਟੂਰਿਜ਼ਮ ਮੇਲੇ” ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਹੋਟਲ ਰੈਸਟੋਰੈਂਟ ਐਂਡ ਰਿਜੋਰਟ ਐਸੋਸ਼ੀਏਸ਼ਨ ਪੰਜਾਬ ਦੇ ਪ੍ਰਧਾਨ ਸ਼੍ਰੀ ਸਤੀਸ਼ ਅਰੌੜਾ, ਇੰਸਟੀਚਿਊਟ ਦੇ ਪ੍ਰਿੰਸੀਪਲ ਮੈਡਮ ਰਾਜਨੀਤ ਕੋਹਲੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸੰਬੋਧਨ ਕਰਦਿਆਂ ਇੰਸਟੀਚਿਊਟ ਵਲੋਂ ਕੀਤੇ ਗਏ ਇਸ ਪਲੇਠੇ ਮੇਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਦੀ ਕਲਾਂ ਨੂੰ ਨਿਖਾਰਨ ਲਈ ਸਹਾਈ ਸਿੱਧ ਹੁੰਦੇ ਹਨ। ਉਨ੍ਹਾਂ ਵਿਦਿਆਰਥੀਆਂ ਦੀ ਹੌਂਸਲਾ-ਅਫ਼ਜਾਈ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹੇ ਮੇਲਿਆਂ ਚ ਵੱਧ-ਚੜ੍ਹ ਕੇ ਹਿੱਸਾ ਲੈਣ ਤੇ ਆਪਣੀ ਕਲਾਂ ਨੂੰ ਬੇਹਤਰ ਬਣਾਉਣ ਲਈ ਪ੍ਰੇਰਿਤ ਕੀਤਾ।ਟੂਰਿਜ਼ਮ ਮੇਲੇ ਦੇ ਪਹਿਲੇ ਦਿਨ ਵੱਖ-ਵੱਖ ਸਕੂਲਾਂ ਤੇ ਕਾਲਜ ਦੇ ਵਿਦਿਆਰਥੀਆਂ ਦੇ ਪੰਜਾਬੀ ਸੱਭਿਆਚਾਰ ਨੂੰ ਪ੍ਰਗਟਾਉਂਦੇ ਹੋਏ ਗਰੁੱਪ ਗੀਤ, ਗਰੁੱਪ ਡਾਂਸ, ਰੰਗੋਲੀ ਅਤੇ ਗਿੱਧੇ ਆਦਿ ਦੇ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਮੈਡਮ ਹਰਜੀਤ ਕੌਰ, ਮੈਡਮ ਸ਼ਰਨਜੀਤ ਕੌਰ ਅਤੇ ਮੈਡਮ ਪਰਮਿੰਦਰ ਕੌਰ ਵਲੋਂ ਕੀਤੀ ਗਈ। ਮੁਕਾਬਲਿਆਂ ਦੌਰਾਨ ਰੰਗੋਲੀ ਬਣਾਉਣ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਕੂਲ ਬਠਿੰਡਾ ਪਹਿਲੇ, ਲਾਰਡ ਰਾਮਾਂ ਸਕੂਲ ਦੂਸਰੇ ਅਤੇ ਆਈਐਚਐਮ ਗੁਰਦਾਰਪੁਰ ਤੀਸਰੇ ਸਥਾਨ ਤੇ ਰਹੇ। ਇਸੇ ਤਰ੍ਹਾਂ ਗਰੁੱਪ ਡਾਂਸ ਅਤੇ ਗਿੱਧੇ ਚ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਕੂਲ ਨਥਾਣਾ ਪਹਿਲੇ, ਪੁਲਿਸ ਪਬਲਿਕ ਸਕੂਲ ਦੂਸਰੇ, ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਸਕੂਲ ਭਾਈਰੂਪਾ ਅਤੇ ਡੂਨ ਪਬਲਿਕ ਸਕੂਲ ਕਰਾੜਵਾਲਾ ਤੀਸਰੇ ਸਥਾਨ ਤੇ ਰਹੇ। ਇਸੇ ਤਰ੍ਹਾਂ ਸੋਲੋ ਗੀਤਾਂ ਵਿੱਚ ਸੇਂਟ ਜੇਵੀਅਰ ਵਰਲਡ ਸਕੂਲ ਐਨਐਫ਼ਐਲ ਪਹਿਲੇ, ਐਸਐਸਡੀ ਗਰਲਜ਼ ਕਾਲਜ ਦੂਸਰੇ ਅਤੇ ਸਰਕਾਰੀ ਹਾਈ ਸਕੂਲ ਨਹੀਆਂ ਵਾਲਾ ਤੀਸਰੇ ਸਥਾਨ ਤੇ ਰਿਹਾ।ਸਮਾਗਮ ਦੌਰਾਨ ਜੇਤੂ ਰਹੇ ਵਿਦਿਆਰਥੀਆਂ ਨੂੰ ਐਮਆਰਐਸਪੀਟੀਯੂ ਦੇ ਰਜਿਸਟਰਾਰ ਸ. ਗੁਰਇੰਦਰ ਪਾਲ ਸਿੰਘ ਬਰਾੜ ਵਲੋਂ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪਾਈ ਐਂਡ ਵੀਜ਼ਾ ਦੇ ਐਮਡੀ ਰੂਪੀ ਧਾਲੀਵਾਲ, ਆਈਡੀਬੀਆਈ ਦੇ ਮੈਨੇਜ਼ਰ ਸ਼੍ਰੀ ਮਨਰਾਜ ਬਰਾੜ, ਐਸਐਸਡੀ ਗਰਲਜ਼ ਕਾਲਜ ਦੇ ਪ੍ਰਿੰਸੀਪਲ ਨੀਰੂ ਗਰਗ ਅਤੇ ਪੁਲਿਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਮਾਲ ਵਿਭਾਗ ਨਾਲ ਸਬੰਧਤ ਕਾਰਜਾਂ ਨੂੰ ਪਹਿਲ ਦੇ ਆਧਾਰ’ ਤੇ ਕੀਤਾ ਜਾਵੇ: ਡੀ ਸੀ

0

ਰਾਜਿੰਦਰਾ ਕਾਲਜ ਵਿਖੇ ਮਾਲ ਵਿਭਾਗ ਦੀ ਰੈਵੇਨਿਊ ਕਾਨਫਰੰਸ ਆਯੋਜਿਤ

*ਅਧਿਕਾਰੀਆਂ ਨੂੰ ਆਮ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਨ ਦੇ ਦਿੱਤੇ  ਨਿਰਦੇਸ਼

ਸੁਖਜਿੰਦਰ ਮਾਨ

ਬਠਿੰਡਾ, 14 ਅਕਤੂਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਹੇਠ ਸਥਾਨਕ ਰਾਜਿੰਦਰਾ ਕਾਲਜ ਵਿਖੇ ਮਾਲ ਵਿਭਾਗ ਦੀ ਰੈਵੇਨਿਊ ਕਾਨਫਰੰਸ ਹੋਈ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਮਾਲ ਵਿਭਾਗ ਨਾਲ ਸਬੰਧਤ ਕਾਰਜਾਂ ਨੂੰ ਪਹਿਲ ਦੇ ਆਧਾਰ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਾਰੇ ਬੁਲਾਰਿਆਂ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਨੂੰ ਧਿਆਨ ਨਾਲ ਸੁਣਿਆ ਅਤੇ ਹੋਰਨਾਂ ਅਫ਼ਸਰਾਂ ਤੇ ਬੁਲਾਰਿਆਂ ਵੱਲੋਂ ਕੀਤੇ ਗਏ ਸਵਾਲਾਂ ਤੇ ਸ਼ੰਕਿਆਂ ਦੇ ਤਸੱਲੀਬਖ਼ਸ਼ ਜਵਾਬ ਦਿੱਤੇ। ਇਸ ਕਾਨਫਰੰਸ ਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਤੋਂ ਇਲਾਵਾ ਜ਼ਿਲ੍ਹੇ ਭਰ ਦੇ ਐਸ.ਡੀ.ਐਮਜ਼, ਸੀ.ਆਰ.ਓ., ਪਟਵਾਰੀ ਅਤੇ ਕਾਨੂੰਗੋ ਤੋਂ ਇਲਾਵਾ ਵੱਖ-ਵੱਖ ਅਫ਼ਸਰਾਂ ਨਾਲ ਤਾਇਨਾਤ ਦਫ਼ਤਰੀ ਅਮਲੇ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਬਲਕਰਨ ਸਿੰਘ ਵੱਲੋਂ ਮਾਲ ਵਿਭਾਗ ਨਾਲ ਸਬੰਧਤ ਇੰਤਕਾਲਾਂ ਦੀ ਭੂਮਿਕਾ ਬਾਰੇ ਖੁੱਲ੍ਹ ਕੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ  ।ਸ੍ਰੀ ਵਿਨੋਦ ਕੁਮਾਰ ਬਾਂਸਲ (ਸੇਵਾ ਮੁਕਤ ਪੀਸੀਐਸ ਅਧਿਕਾਰੀ) ਨੇ ਇਸ ਮੌਕੇ ਮਾਲ ਵਿਭਾਗ ਸਬੰਧੀ ਤਕਸੀਮ ਦੇ ਕੇਸਾਂ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ ਗਈ ਤੇ ਪ੍ਰਿੰਸੀਪਲ ਪਟਵਾਰ ਸਕੂਲ ਸ੍ਰੀ ਗੁਰਮੇਲ ਸਿੰਘ ਵੱਲੋਂ ਮਾਲ ਵਿਭਾਗ ਦੇ ਮੁੱਦਿਆ ਬਾਰੇ ਚਾਨਣਾ ਪਾਇਆ ਗਿਆ।

ਐਸਵਾਈਐਲ ‘ਤੇ ਹਰਿਆਣਾ ਅਤੇ ਪੰਜਾਬ ਦੀ ਨਹੀਂ ਬਣੀ ਸਹਿਮਤੀ

0

ਪੰਜਾਬੀ ਖਬਰਸਾਰ ਬਿਉਰੋ

ਚੰਡੀਗੜ੍ਹ, 14 ਅਕਤੂਬਰ : ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਦੇ ਮੁੱਦੇ ‘ਤੇ ਸ਼ੁਕਰਵਾਰ ਨੂੰ ਚੰਡੀਗੜ੍ਹ ਵਿਚ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ। ਮੀਟਿੰਗ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ਅਨੁਸਾਰ ਹੋਈ ਇਸ ਮੀਟਿੰਗ ਵਿਚ ਐਸਵਾਈਐਲ ਨੂੰ ਲੈ ਕੇ ਪੰਜਾਬ ਦੇ ਨਾਲ ਕੋਈ ਸਹਿਮਤੀ ਨਹੀਂ ਬਣੀ। ਸੁਪਰੀਮ ਕੋਰਟ ਨੇ ਐਸਵਾਈਐਲ ਦੇ ਨਿਰਮਾਣ ਲਈ ਕਿਹਾ ਹੈ, ਉਸ ‘ਤੇ ਪੰਜਾਬ ਸਹਿਮਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਐਸਵਾਈਐਲ ਦਾ ਨਿਰਮਾਣ ਸਾਡੇ ਲਈ ਜੀਵਨ -ਮਰਣ ਦਾ ਸੁਆਲ ਹੈ। ਹੁਣ ਮੁੱਖ ਮੰਤਰੀ ਇਸ ਵਿਸ਼ਾ ਨੂੰ ਲੈ ਕੇ ਕੇਂਦਰੀ ਜਲ ਸੰਸਾਧਨ ਮੰਤਰੀ ਸ੍ਰੀ ਗਜੇਂਦਰ ਸ਼ੇਖਾਵਤ ਨਾਲ ਗੱਲ ਕਰਣਗੇ।ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦੇ ਲਈ ਪਹਿਲਾਂ ਵੀ ਟ੍ਰਿਬਿਊਨਲ ਬਣਾਇਆ ਗਿਆ ਸੀ, ਊਸ ਦੇ ਬਾਅਦ 3 ਜੱਜਾਂ ਦਾ ਨਵਾਂ ਟ੍ਰਿਬਿਊਨਲ ਬਣਾਇਆ ਗਿਆ ਪਰ ਟ੍ਰਿਬਿਊਨਲ ਦੇ ਫੈਸਲੇ ਅਨੁਸਾਰ ਪਾਣੀ ਲਈ ਵੀ ਐਸਵਾਈਐਲ ਦਾ ਨਿਰਮਾਣ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕੁੱਝ ਹੋਰ ਜਰੂਰੀ ਮੁਦਿਆਂ ‘ਤੇ ਵੀ ਗੱਲਬਾਤ ਹੋਈ ਹੈ। ਘੱਗਰ ਨਦੀ ਦੇ ਪਾਣੀ ਨੂੰ ਸਾਫ ਕਰਨ ਲਈ ਦੋਵਾਂ ਸੂਬਿਆਂ ਦੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੀ ਕਮੇਟੀ ਬਣਾਈ ਗਈ ਹੈ।ਇਸ ਮੀਟਿੰਗ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਪੰਜਾਬ ਦੇ ਮੁੱਤਰੀ ਸ੍ਰੀ ਭਗਵੰਤ ਮਾਨ ਸਮੇਤ ਦੋਵਾਂ ਸੂਬਿਆਂ ਦੇ ਕਈ ਅਧਿਕਾਰੀ ਮੌਜੂਦ ਰਹੇ।

Our Visitor

1906417